21

May 2018
Article

ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ--ਹਰਬੰਸ ਲੈਮਬਰ/ ਪ੍ਰੀਤਮ ਲੁਧਿਆਣਵੀ

July 15, 2017 10:13 PM
ਹਰਬੰਸ ਲੈਂਮਬਰ

ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ--ਹਰਬੰਸ ਲੈਮਬਰ


 ਜਿਲਾ ਲੁਧਿਆਣਾ ਦੇ ਪਿੰਡ ਮਹਿਮਾ ਸਿੰਘ ਵਾਲਾ ਵਿਚ ਜਨਵਰੀ 1951 ਨੂੰ ਜਨਮੇ ਹਰਬੰਸ ਲੈਂਮਬਰ ਨੂੰ ਆਪਣੇ ਪਿੰਡ ਦੀ ਜਨਮ-ਭੂਮੀ ਉਤੇ ਇਸ ਗੱਲ ਦਾ ਵਿਸ਼ੇਸ਼ ਗੌਰਵ ਹੈ ਕਿ ਇਹ ਪਿੰਡ 'ਬਿਆਸ ਵਾਲੇ' ਮਹਾਂਰਾਜ ਸਾਵਣ ਸਿੰਘ ਅਤੇ ਮਹਾਂਰਾਜ ਚਰਨ ਸਿੰਘ ਜੀ ਦਾ ਜੱਦੀ ਪਿੰਡ ਹੈ।


ਇਵੇਂ ਹੀ ਬੰਨੇ-ਚੰਨੇ  'ਤੇ ਘੁੱਗ ਵਸਦੇ ਪਿੰਡ ਨਾਰੰਗਵਾਲ ਦੀ ਭੂਮੀ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜਸਟਿਸ ਗੁਰਨਾਮ ਸਿੰਘ, ਸਾਬਕਾ ਤੇ ਸਵ: ਮੁੱਖ ਮੰਤਰੀ, ਪੰਜਾਬ ਜੀ ਅਤੇ ਗੀਤਕਾਰ  ਸ੍ਰ. ਲਾਲ ਸਿੰਘ ਲਾਲੀ ਵਰਗੀਆਂ ਹਸਤੀਆਂ ਦੀ ਜਨਮ-ਭੂਮੀ ਹੋਣ ਦਾ ਗੌਰਵ ਹਾਸਲ ਹੈ। ਇਹ ਐਸੀਆਂ ਧਾਰਮਿਕ, ਵਿਦਵਾਨ, ਸਿਆਸੀ ਅਤੇ ਸੱਭਿਆਚਾਰਕ ਖੇਤਰ ਦੀਆਂ ਸਖਸ਼ੀਅਤਾਂ ਹੋ ਨਿੱਬੜੀਆਂ ਹਨ, ਜਿਨਾਂ ਨੂੰ ਕਿ ਦੁਨੀਆਂ ਭਰ ਵਿਚ ਪ੍ਰਸਿੱਧੀ ਪ੍ਰਾਪਤ ਹੋਣ ਸਦਕਾ ਸਿਰਫ ਪੰਜਾਬ ਦੇ ਇਤਿਹਾਸ ਵਿਚ ਹੀ ਨਹੀ ਬਲਕਿ ਪੂਰੇ ਭਾਰਤ ਭਰ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਜਿਕਰ ਕੀਤਾ ਜਾਣਾ ਬਣਦਾ ਹੈ।

 


 ਬਾਪੂ ਦੀ ਕਬੀਲਦਾਰੀ ਦੇ ਝੰਬੇ ਹੋਏ ਅਤੇ ਵੱਡੇ ਭਰਾ ਦੇ ਪਰਿਵਾਰ ਨੂੰ ਪਾਲਣ ਦੀਆਂ ਜਿੰਮੇਵਾਰੀਆਂ ਨਿਭਾਉਣ ਵਾਲੇ ਹਰਬੰਸ ਨੇ ਦੱਸਿਆ ਕਿ ਉਹ ਹਮੇਸ਼ਾਂ ਓਦਰਿਆ ਓਦਰਿਆ ਜਿਹਾ ਹੀ ਰਹਿੰਦਾ ਸੀ। ਕਦੀ ਵੀ ਮਨ ਵਿਚ ਖੁਸ਼ੀ ਜਾਂ ਚਾਅ ਮਹਿਸੂਸ ਨਾ ਹੁੰਦਾ। ਆਰਥਿਕ ਤੰਗੀਆਂ-ਤੁਰਸ਼ੀਆਂ ਦੀ ਮਾਰ ਝੱਲਦਾ ਹੋਇਆ ਉਹ ਸਕੂਲ ਦੀ ਸਿੱਖਿਆ ਪੂਰੀ ਕਰਨ ਉਪਰੰਤ ਜਿਵੇਂ-ਕਿਵੇਂ ਕਾਲਜ ਪੜਨ ਜਾ ਲੱਗਾ।  ਕਲਮੀ-ਸ਼ੌਕ ਬਚਪਨ ਤੋਂ ਹੀ ਸੀ, ਜਿਹੜਾ ਕਿ ਕਾਲਿਜ ਵਿਚ ਜਾ ਕੇ ਹੋਰ ਵੀ ਵਧ ਗਿਆ।  ਫਿਰ, ਵਧੀਆ ਸਾਹਿਤ ਪੜਨਾ ਅਤੇ ਕਲਮ ਚਲਾਉਣਾ ਨਾਲ-ਨਾਲ ਚੱਲਣ ਲੱਗੇ। ਮਿਹਨਤ, ਲਗਨ ਅਤੇ ਸ਼ੌਕ ਨਾਲ ਜੋ ਪਲੇਠੀ ਰਚਨਾ ਲਿਖੀ, ਉਹ ਸੀ-


     'ਦਿਲ ਬਾਗ ਉਜਾੜ ਵੈਰਾਨ ਕੀਤਾ,
      ਲਾਉਣੀ ਪੰਛੀਆਂ ਵਿਚ ਗੁਲਜਾਰ ਕਿੱਥੋਂ।
      ਫੁੱਲ ਭੋਂਇ ਡਿੱਗੇ, ਫਲ ਪੱਕਣੇ ਕੀ,
      ਵਿਚ ਪਤਝੜ ਦੇ ਆਉਣੀ ਬਹਾਰ ਕਿਥੋਂ।

 


ਇਹ ਰਚਨਾ ਗੋਬਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੇ ਸਲਾਨਾ ਛਪਦੇ ਮੈਗਜੀਨ ਦਾ ਸ਼ਿੰਗਾਰ ਬਣੀ।  ਜਵਾਨ ਉਮਰ ਨਾਲ ਟੱਕਰ ਲੈਂਦੀ ਹੋਈ ਰਚਨਾ ਨੇ ਖੂਬ ਵਾਹ-ਵਾਹ ਖੱਟੀ, ਜਿਸ ਸਦਕਾ ਹਰਬੰਸ ਦੇ ਵੀ ਹੌਸਲੇ ਬੁਲੰਦ ਹੋ ਗਏ ਅਤੇ ਉਸਦੀ ਕਲਮ ਦੇ ਵੀ। ਮਨ ਵਿਚ ਤਰੰਗਾਂ ਉਠਣ ਲੱਗੀਆਂ ਕਿ ਇਕ ਤੋਂ ਬਾਅਦ ਹੋਰ ਇਕ ਵਧੀਆ ਚੀਜ ਲਿਖੀ ਜਾਵੇ। ਜਿਵੇਂ-ਜਿਵੇਂ ਮਨ 'ਚ ਵਲਵਲੇ ਉਠਦੇ, ਉਹ ਉਨਾਂ ਨੂੰ ਕਲਮ-ਬੰਦ ਕਰਨ ਵੱਲ ਨੂੰ ਹੋ ਤੁਰਿਆ।

 


 ਫਿਰ 'ਮੈਨੂੰ ਰੇਸ਼ਮੀ ਰੁਮਾਲ ਵਾਂਗ ਰੱਖ ਮੁੰਡਿਆ' ਅਤੇ 'ਮੁੰਡਾ ਲੰਬੜਾਂ ਦਾ ਬੋਲੀ ਨੀ ਉਹ ਹੋਰ ਬੋਲਦਾ' ਵਰਗੇ ਲਾ-ਜੁਵਾਬ ਸੱਭਿਆਚਾਰਕ ਗੀਤ ਜਦ ਉਸ ਨੇ ਪਿੰਡਾਂ ਦੇ ਬਨੇਰਿਆਂ ਉਤੇ ਜਾਂ ਸ਼ਹਿਰ ਦੀਆਂ ਗਲੀਆਂ- ਬਜਾਰਾਂ ਵਿਚ ਗੂੰਜਦੇ ਸੁਣਨੇ ਤਾਂ ਉਸ ਦੇ ਕਲਮੀ ਵਲਵਲੇ ਹੋਰ ਵੀ ਕਹਿਰਾਂ ਦਾ ਜੋਸ਼ ਭਰ ਕੇ ਰੱਖ ਦਿੰਦੇ। ਆਖਰ ਉਹ ਸੁਭਾਗੀ ਘੜੀ ਵੀ ਆ ਗਈ, ਜਦ ਉਹ ਇਨਾਂ ਗੀਤਾਂ ਦੇ ਰਚੇਤਾ ਦੇ ਰੂ-ਬ-ਰੂ ਜਾ ਹੋਇਆ।  ਉਹ ਉਸਦੀ ਮਨ-ਪਸੰਦ ਚਹੇਤੀ ਹਸਤੀ ਸੀ-- ਗੀਤਕਾਰ  ਸ੍ਰ.ਲਾਲ ਸਿੰਘ ਲਾਲੀ। ਹਰਬੰਸ ਨੇ ਲਾਲੀ ਜੀ ਦੇ ਦਰਸ਼ਨ ਕੀਤੇ ਤਾਂ ਜਾਣੋ ਬਾਗੋ-ਬਾਗ ਹੋ ਗਿਆ। ਉਸ ਨੇ ਆਪਣੇ ਲਿਖਣ ਦਾ ਸ਼ੌਕ ਲਾਲੀ ਸਾਹਿਬ ਜੀ ਅੱਗੇ ਰੱਖਿਆ ਅਤੇ ਇਕ ਸ਼ਗਿਰਦ ਵਾਂਗ ਉਨਾਂ ਦੇ ਕਦਮੀ ਜਾ ਵਿਛਿਆ। ਅੱਗੋਂ ਲਾਲੀ ਜੀ ਨੇ ਵੀ ਖਿੜੇ ਮੱਥੇ ਹਰਬੰਸ ਲੈਮਬਰ ਨੂੰ ਥਾਪਨਾ ਦਿੱਤੀ। ਉਸ ਦਿਨ ਤੋਂ ਬਾਅਦ ਹਰਬੰਸ ਲੈਮਬਰ ਤਾ ਜਾਣੋ ਬਸ ਲਾਲੀ ਜੀ ਦਾ ਹੀ ਹੋ ਕੇ ਗਿਆ। ਜਿੰਨੀ ਰੂਹ ਅਤੇ ਲਗਨ ਨਾਲ ਕਲਮੀ ਬਾਰੀਕੀਆਂ ਸਿੱਖਣ ਦੀ ਹਰਬੰਸ ਨੇ ਇੱਛਾ ਦਰਸਾਈ, ਅੱਗੋਂ ਕਲਮ ਦੇ ਸ਼ਹਿਨਸ਼ਾਹ ਲਾਲੀ ਹੋਰਾਂ ਨੇ ਵੀ ਉਸ ਤੋਂ ਕੁਝ ਨਾ ਛੁਪਾਇਆ।


ਗੀਤਕਾਰੀ ਦਾ ਵਜਨ-ਤੋਲ ਅਤੇ ਲਿਖਣ-ਤਰੀਕਾ ਸਮਝਾਉਣ ਦੀ ਕੋਈ ਕਸਰ ਬਾਕੀ ਨਾ ਛੱਡੀ। ਹਰਬੰਸ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਦਿਨ ਤੋਂ ਲੈਕੇ ਅੱਜ ਤੱਕ ਵੱਡੇ ਭਰਾਵਾਂ ਅਤੇ ਉਸਤਾਦਾਂ ਵਾਂਗ ਲਾਲੀ ਜੀ ਦਾ ਅਸ਼ੀਰਵਾਦ ਭਰਿਆ ਹੱਥ ਉਨਾਂ ਦੇ ਸਿਰ ਤੇ ਚਲਿਆ ਆ ਰਿਹਾ ਹੈ। ਗੱਲ ਜਾਰੀ ਰੱਖਦਿਆਂ ਹਰਬੰਸ ਨੇ ਕਿਹਾ, 'ਫਿਰ ਮੇਰੀ ਉਂਗਲ ਫੜਕੇ ਉਸਤਾਦ ਜੀ ਨੇ ਮੈਨੂੰ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਵਿਚ ਲਿਜਾ ਸ਼ਾਮਲ ਕੀਤਾ। ਇਹ ਇਕ ਐਸਾ ਪਲੇਟਫਾਰਮ ਸੀ ਜਿਸ ਵਿਚ ਨਵੀਆਂ ਕਲਮਾਂ ਲਈ ਸਿੱਖਣ ਦੇ ਬਹੁਤ ਮੌਕੇ ਮਿਲਦੇ ਸਨ। ਮੈਨੂੰ ਵੀ ਸਿੱਖਣ ਦੇ ਮੌਕੇ ਮਿਲਣ ਲੱਗੇ। ਜਿੱਥੇ ਮੇਰੀਆਂ ਰਚਨਾਵਾਂ ਪਹਿਲੇ ਅਖਬਾਰਾਂ-ਮੈਗਜੀਨਾਂ ਵਿਚ ਹੀ ਛਪਦੀਆਂ ਸਨ, ਹੁਣ ਉਥੇ ਇਸ ਸੰਸਥਾ ਦੀਆਂ ਸੈਕੜਿਆਂ ਕਲਮਾਂ ਦੀ ਗਿਣਤੀ ਵਾਲੀਆਂ ਭਾਰੀਆਂ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਵੀ ਛਪਣ ਲੱਗੀਆਂ। ਨਤੀਜੇ ਵਜੋ ਮੇਰੀ ਕਲਮ ਨੂੰ ਇਸ ਸੰਸਥਾਂ ਦੇ ਕਾਵਿ-ਸੰਗ੍ਰਹਿ, 'ਸਾਂਝੀਆਂ ਲਹਿਰਾਂ', 'ਮਹਿਕਦੀਆਂ ਕਲਮਾਂ', 'ਕਲਮਾਂ ਦੇ ਵਣਜਾਰੇ', 'ਕਲਮਾਂ ਦੀ ਪਰਵਾਜ', 'ਕਲਮਾਂ ਦੇ ਸਿਰਨਾਂਵੇ' ਅਤੇ 'ਕਲਮਾਂ ਦਾ ਸਫਰ' ਆਦਿ ਦੇ ਨਾਲ-ਨਾਲ ਇਸ ਸੰਸਥਾ ਵਲੋਂ ਸਾਹਿਤਕਾਰਾਂ ਦੀ ਕੱਢੀ ਗਈ ਟੈਲੀਫੂਨ ਡਾਇਰੈਕਟਰੀ ਅਤੇ ਸਮੇਂ-ਸਮੇਂ ਤੇ ਕੱਢੇ ਗਏ ਅਨੇਕਾਂ ਸੋਵੀਨਰਾਂ ਵਿਚ ਛਪਣ ਦਾ ਮਾਣ ਹਾਸਲ ਹੋਇਆ।'
          ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਹਰਬੰਸ ਨੇ ਕਿਹਾ, 'ਇਸ ਮੁਕਾਮ ਨੂੰ ਹਾਸਲ ਕਰਨ ਦਾ ਸਿਹਰਾ ਜਿੱਥੇ ਮੈਂ ਆਪਣੇ ਉਸਤਾਦਾਂ ਵਰਗੀ ਹਸਤੀ ਲਾਲ ਸਿੰਘ ਲਾਲੀ ਜੀ ਦੇ ਨਾਲ-ਨਾਲ ਮੇਰਾ ਉਤਸ਼ਾਹ ਅਤੇ ਹੌਸਲਾ ਵਧਾਉਣ ਵਾਲੇ ਆਪਣੇ ਪਰਿਵਾਰ ਸਿਰ ਦਿੰਦਾ ਹਾਂ, ਉਥੇ ਇਸ ਸਫਰ ਦੌਰਾਨ ਜਿਨਾਂ ਦੀ ਸੰਗਤ ਨੇ ਮੇਰੀ ਕਲਮ ਨੂੰ ਹੱਲਾ-ਸ਼ੇਰੀ ਦਿੰਦਿਆਂ ਤੁਰਨ ਦਾ ਬੱਲ ਬਖਸ਼ਿਆਂ ਉਨਾਂ ਨੂੰ ਵੀ ਹਮੇਸ਼ਾਂ ਯਾਦ ਰੱਖਦਾ ਹਾਂ, ਜਿਨਾਂ ਵਿਚ ਕ੍ਰਿਸ਼ਨ ਰਾਹੀ, ਪਿਆਰਾ ਸਿੰਘ ਰਾਹੀ, ਪ੍ਰਿੰ: ਨਸੀਬ ਸਿੰਘ ਸੇਵਕ, ਜਸਪਾਲ ਸਿੰਘ ਕੰਵਲ, ਜਰਨੈਲ ਹਸਨਪੁਰੀ, ਸ਼ਮਸ਼ੇਰ ਸਿੰਘ ਪਾਲ, ਸੁਖਵੰਤ ਜੜਤੌਲੀ, ਅਨੋਖ ਸਿੰਘ ਪਵਾਰ, ਅਮੋਲਕ ਸਿੰਘ, ਧਰਮਿੰਦਰ ਸਿੰਘ, ਕੁਲਵਿੰਦਰ ਕੌਰ ਮਹਿਕ ਅਤੇ ਵਰਿੰਦਰ ਕੌਰ ਰੰਧਾਵਾ ਆਦਿ ਦਾ ਵਿਸ਼ੇਸ਼ ਜਿਕਰ ਕੀਤੇ ਬਗੈਰ ਰਿਹਾ ਨਹੀ ਜਾ ਸਕਦਾ।'
          ਲੈਮਬਰ ਇਨਾਂ ਵਿਚਾਰਾਂ ਦਾ ਹੈ ਕਿ, ਸਮਾਂ ਅਤੇ ਸੋਚ ਬਦਲਦੇ ਰਹਿੰਦੇ ਹਨ। ਮਾੜਾ ਸਮਾਂ ਆਉਣ ਤੇ ਇਨਸਾਨ ਬੱਲ-ਹੀਣ ਅਤੇ ਬੁੱਧੀ-ਹੀਣ ਹੋ ਜਾਂਦਾ  ਹੈ, ਜਿਸ ਕਾਰਨ ਉਸਦੀ ਸੋਚ ਵੀ ਮਾੜੀ ਹੋ ਜਾਂਦੀ ਹੈ। 23 ਮਾਰਚ, 2010 ਦਾ ਉਸ ਦੇ ਅਤੇ ਉਸਦੇ ਪਰਿਵਾਰ ਦੇ ਲਈ ਵੀ ਇਕ ਮਾੜਾ ਅਤੇ ਕਾਲਾ ਦਿਨ ਆਇਆ। ਮਾਨੋ ਦੁੱਖਾਂ ਦਾ ਪਹਾੜ ਹੀ ਆ ਡਿੱਗਾ। ਜਿਵੇਂ ਨਿਵੇਕਲੇ ਖੜੇ ਬੂਟੇ ਨੂੰ ਤੇਜ ਤੂਫਾਨ ਜੜੋਂ ਹਿਲਾ ਕੇ ਧਰਤੀ ਉਤੇ ਪਟਕਾ ਮਾਰਦਾ ਹੈ, ਇਵੇਂ ਹੀ 23 ਮਾਰਚ ਦਾ ਆਇਆ ਕਾਲਾ ਤੂਫਾਨ ਉਸਦੇ ਪਲੇਠੀ ਦੇ 29 ਸਾਲਾ ਨੌਜਵਾਨ ਲਾਡਲੇ ਪੁੱਤਰ ਨੂੰ ਪਰਿਵਾਰਕ-ਬਾਗ ਵਿਚੋਂ ਪੁੱਟ ਉਲੱਦਕੇ ਮੂਧੇ ਮੂੰਹ ਪਾ ਗਿਆ।  ਪੁੱਤਰ ਦੀ ਲੰਬੀ ਬੀਮਾਰੀ ਪਿੱਛੋਂ ਵਾਪਰਿਆ ਇਹ ਹਾਦਸਾ ਪਰਿਵਾਰ ਨੂੰ ਬੁਰੀ ਤਰਾਂ ਝੰਜੜਕੇ ਰੱਖ ਗਿਆ। ਪੱਲੇ, ਨਾ ਪੁੱਤਰ ਰਿਹਾ ਅਤੇ ਨਾ ਹੀ ਪੈਸਾ। ਸੁੱਧ ਵੀ ਮਾਰੀ ਗਈ ਅਤੇ ਬੁੱਧ ਵੀ ਮਾਰੀ ਗਈ। 
         ਹਰਬੰਸ ਨੇ ਕਿਹਾ, 'ਫਿਰ ਕਾਫੀ ਦੇਰ ਬਾਦ ਉਸ ਨੇ ਦੂਜੇ ਪੁੱਤਰ ਦੇ ਯਰੀਏ ਪੋਤਰੇ ਦਾ ਮੂੰਹ ਦੇਖਿਆ ਤਾਂ ਇੰਝ ਮਹਿਸੂਸ ਹੋਇਆ ਜਿਵੇਂ ਜਾਣ ਵਾਲਾ, ਛੋਟੇ ਪੈਰੀਂ ਪਰਿਵਾਰ 'ਚ ਵਾਪਿਸ ਆ ਗਿਆ ਹੋਵੇ।'
         ਹਰਬੰਸ ਲੈਂਮਬਰ  ਦੇ ਮਾਨ-ਸਨਮਾਨਾਂ ਦੀ ਗੱਲ ਚੱਲੀ ਤਾਂ ਉਸ ਕਿਹਾ, 'ਅਪ੍ਰੈਲ, 1989 ਨੂੰ ਚੰਡੀਗੜ ਦੇ ਟੈਗੋਰ ਥੀਏਟਰ ਵਿਚ ਜਨਾਬ ਜੇ. ਆਰ. ਕੁੰਡਲ, ਆਈ. ਏ. ਐਸ. ਜੀ ਦੇ ਕਰ-ਕਮਲਾਂ ਦੁਆਰਾ ਮੈਨੂੰ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੁਆਰਾ ਪਹਿਲਾ ਸਨਮਾਨ 'ਸਾਂਝੀਆਂ ਲਹਿਰਾਂ' ਪੁਸਤਕ ਵਿਚ ਸ਼ਾਮਲ ਹੋਣ ਬਦਲੇ ਮਿਲਿਆ ਸੀ। ਉਸ ਉਪਰੰਤ ਤਾਂ ਇਸ ਸੰਸਥਾ ਨੇ ਸਮੇਂ-ਸਮੇਂ ਤੇ ਸਨਮਾਨ-ਪੱਤਰਾਂ ਅਤੇ ਯਾਦਗਾਰੀ ਚਿੰਨਾਂ ਦੀ ਬਸ ਜਾਣੋ ਝੜੀ ਹੀ ਲਗਾ ਦਿੱਤੀ।'
        ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਰ ਡਾਕਟਰ ਰਮੇਸ਼ ਐਮ. ਡੀ. (ਸਟੇਟ ਅਵਾਰਡੀ), ਮੰਨਸੂਰਾਂ ਵਾਲੇ ਦੇ ਹਸਪਤਾਲ, ਮੰਨਸੂਰਾਂ ਵਿਖੇ ਮਰੀਜਾਂ ਦੀ ਸੇਵਾ ਕਰ ਰਹੇ ਹਰਬੰਸ ਲੈਂਮਬਰ ਨੇ ਦੱਸਿਆ ਕਿ ਡਾਕਟਰ ਸਾਹਿਬ ਵਲੋਂ, 'ਪੁਨਰਜੋਤ ਗੁਲਦਸਤਾ', ਮੈਗਜੀਨ ਕੱਢਿਆ ਜਾ ਰਿਹਾ ਹੈ, ਜਿਸ ਦੇ ਕਿਸੇ-ਨਾ-ਕਿਸੇ ਪੰਨੇ ਉਤੇ ਹਰਬੰਸ ਲੈਂਮਬਰ ਦਾ ਜਿਕਰ ਵੀ ਹੁੰਦਾ ਹੈ।  ਉਨਾਂ ਨੇ ਸਮੂਹ ਲਿਖਾਰੀ-ਵਰਗ ਨੂੰ ਬੇਨਤੀ ਕੀਤੀ ਹੈ ਕਿ ਉਨਾਂ ਦੇ ਇਸ ਮੈਗਜੀਨ ਵਿਚ ਉਹ ਵੀ ਆਪਣਾ ਵੱਧ-ਤੋਂ-ਵੱਧ ਕਲਮੀ-ਯੋਗਦਾਨ ਪਾਉਣ। ਆਪਣੇ ਦੋ-ਸ਼ਬਦੀ ਸੰਦੇਸ਼ ਵਿਚ ਹਰਬੰਸ ਲੈਂਮਬਰ ਨੇ ਸਮਾਜ-ਸੇਵੀ ਸੰਸਥਾਵਾਂ, ਸਮਾਜ-ਸੇਵੀ ਸੱਜਣਾਂ ਅਤੇ ਸਾਹਿਤਕ-ਸੰਸਥਾਵਾਂ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰ ਅਤੇ ਆਪਣੇ ਲਈ ਤਾਂ ਸਾਰੇ ਹੀ ਕਰਦੇ ਹਨ, ਪਰ ਦੂਜਿਆਂ ਲੋੜਵੰਦਾਂ ਦੇ ਦਰਦਾਂ ਨੂੰ ਸਮਝਦਿਆਂ, ਉਨਾਂ ਦੇ ਦਰਦਾਂ ਦੇ ਭਾਈਵਾਲ ਬਣ ਕੇ ਲੋੜਵੰਦ ਨੇਤਰਹੀਣਾਂ ਨੂੰ ਨੇਤਰ ਅਤੇ ਖੂਨ ਦਾਨ ਕਰਨ ਲਈ ਵੱਧ ਤੋਂ-ਵੱਧ ਪ੍ਰੇਰਿਤ ਕਰਨ, ਤਾਂ ਜੋ ਅਸੀਂ ਆਪਣਾ ਜੀਵਨ ਸਫਲਾ ਕਰਨ ਦੇ ਨਾਲ-ਨਾਲ ਦੂਜਿਆਂ ਦੇ ਕੰਮ ਵੀ ਆ ਸਕੀਏ।'
        ਸਲਾਮ ਕਰਦਾ ਹਾਂ, ਹਰਬੰਸ ਲੈਂਮਬਰ ਦੀ ਉਚੀ-ਸੁੱਚੀ ਅਤੇ ਸਰਬੱਤ ਦੇ ਭਲੇ ਵਾਲੀ ਨਿੱਗਰ ਸੋਚ ਨੂੰ।  ਮਾਲਕ ਉਨਾਂ ਦੇ ਕਲਮੀ-ਸ਼ੌਕ, ਮਿਹਨਤ  ਅਤੇ ਲਗਨ ਨੂੰ ਭਰਵਾਂ ਬੂਰ ਪਾਵੇ ! ਆਮੀਨ !

 


ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਹਰਬੰਸ ਲੈਂਮਬਰ, 

ਮਹਿਮਾ ਸਿੰਘ ਵਾਲਾ, (ਲੁਧਿਆਣਾ) , (9872822058)

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech