20

October 2018
Article

ਨਹੀਂ ਹੁੰਦੇ ਹੁਣ ਕਿਧਰੇ ਸਾਦੇ ਵਿਆਹ ਤੇ ਨਾ ਸਾਦੇ ਭੋਗ/ਬੇਅੰਤ ਸਿੰਘ ਬਾਜਵਾ

July 15, 2017 10:18 PM
ਬੇਅੰਤ ਸਿੰਘ ਬਾਜਵਾ

ਨਹੀਂ ਹੁੰਦੇ ਹੁਣ ਕਿਧਰੇ ਸਾਦੇ ਵਿਆਹ ਤੇ ਨਾ ਸਾਦੇ ਭੋਗ


  ਖੁਸ਼ੀ ਅਤੇ ਗ਼ਮੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਹਨ । ਹਰ ਮਨੁੱਖ ਆਪਣੀ ਜ਼ਿੰਦਗੀ ਵਿਚ ਇਨਾਂ ਦੋਵਾਂ ਨੂੰ ਹੰਢਾਉਂਦਾ ਹੈ । ਪਰ ਅਜੋਕੇ ਪੱਛਮੀ ਸੱਭਿਆਚਾਰ ਦੀ ਹਨੇਰੀ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ ਗ਼ਮੀਆਂ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ ।


ਪੰਜਾਬੀ ਸੱਭਿਆਚਾਰ ਦੇ ਹਰ ਰੀਤੀ ਰਿਵਾਜ ਵਿਚ ਭਾਰੀ ਬਦਲਾਅ ਆ ਗਿਆ ਹੈ । ਪੁਰਾਣੇ ਸਮਿਆਂ ਵਾਲਾ ਅੱਜ ਕਿਧਰੇ ਕੁੱਝ ਨਹੀਂ ਦੇਖਣ ਨੂੰ ਮਿਲਦਾ , ਜੇ ਕੋਈ ਰੀਤੀ ਰਿਵਾਜ ਜਾਂ ਚੀਜ਼ ਹੈ ਉਸ ਵਿਚ ਕੁਝ ਬਣਾਉਟੀਪਣ ਹੈ । ਪਹਿਲਾਂ ਵਿਆਹ ਅਤੇ ਭੋਗਾਂ ਦੇ ਸਮਾਗਮ ਬਹੁਤ ਹੀ ਸਾਦੇ ਢੰਗ ਅਤੇ ਘੱਟ ਖਰਚੇ ਵਿਚ ਹੁੰਦੇ ਸਨ । ਜੇਕਰ ਵਿਆਹ ਦੇ ਸਮਾਗਮ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਵਿਚ ਵਿਆਹ ਕਈ ਕਈ ਦਿਨ ਚੱਲਦੇ ਸਨ ਅਤੇ ਖਰਚਾ ਨਾ ਮਾਤਰ ਹੀ ਹੁੰਦਾ ਸੀ । ਸਭ ਤੋਂ ਪਹਿਲਾਂ ਮੁੰਡਾ ਕੁੜੀ ਦੇਖਣ ਜਾਂਦਾ ਸੀ ਤਾਂ ਕੁੜੀ ਦਾ ਮੂੰਹ ਪੂਰਾ ਘੁੰਢ ਵਿਚ ਹੀ ਲੁਕਿਆ ਹੁੰਦਾ ਸੀ।ਸਿਰਫ ਇਸ ਤਰਾਂ ਹੀ ਦੇਖ ਦਿਖਾਈ ਦੀ ਰਸਮ ਹੁੰਦੀ ਸੀ ਤੇ ਅੱਗੇ ਵਿਆਹ ਦੀ ਰਸਮ ਤੇ ਗੱਲ ਜਾ ਪੈਂਦੀ ।


ਪਰ ਅੱਜ ਕੱਲ ਤਾਂ ਮੰਗਣੇ ਦੇ ਪ੍ਰੋਗਰਾਮ ਤੇ ਲੱਖਾਂ ਰੁਪਏ ਖਰਚ ਦਿੰਦੇ ਹਨ ਲੋਕ । ਮੰਗਣੇ ਦੇ ਸਮਾਗਮ ਵਿਚ ਮਹਿੰਗੀ ਸਰਾਬ, ਸੋਨੇ ਦਾ ਲੈਣ ਦੇਣ, ਡੀ ਜੇ, ਆਰਕੈਸਟਰਾ ਵਗੈਰਾ ਆਦਿ ਚੱਲਦਾ ਹੈ । ਪਹਿਲੇ ਸਮਿਆਂ ਵਿਚ ਜੰਝ ਉੱਠ ਗੱਡੀਆਂ, ਗੱਡਿਆਂ ਜਾਂ ਸਾਈਕਲਾਂ ਤੇ ਜਾਂਦੀ ਸੀ । ਜੰਝ ਦੇ ਖਾਣ ਵਿਚ ਲੱਡੂ ਜਲੇਬੀਆਂ, ਸ਼ੱਕਰਪਾਰੇ ਪਕੌੜੀਆਂ ਆਦਿ ਤਰਾਂ ਦੀ ਮਿਠਾਈ ਹੁੰਦੀ ਸੀ ।


ਜੰਝ ਦੇ ਰੁਕਣ ਦਾ ਪ੍ਰਬੰਧ ਪਿੰਡ ਦੀ ਹਥਾਈ ਵਿਚ ਕੀਤਾ ਜਾਂਦਾ ਸੀ । ਅਮੀਰ ਵਿਰਸੇ ਦਾ ਸਰਮਾਇਆ ਸਿੱਠਣੀਆਂ ਦੇ ਰੀਤੀ ਰਿਵਾਜ ਨਾਲ ਜੰਝ ਨੂੰ ਬੰਨ ਦਿੱਤਾ ਸੀ । ਜਿਨਾਂ ਸਮਾਂ ਕੋਈ ਜਾਝੀ ਅੱਗੋਂ ਸਿੱਠਣੀ ਦਾ ਜਵਾਬ ਨਾ ਦਿੰਦਾ ਤਾਂ ਜੰਝ ਨੂੰ ਉਨੇ ਦਿਨ ਹੀ ਠਹਿਰਾ ਕਰਨਾ ਪੈਂਦਾ । ਪਰ ਅੱਜ ਦੇ ਵਿਆਹ ਤਾਂ ਘੰਟਿਆਂ ਵਿਚ ਖਤਮ ਹੋ ਜਾਂਦੇ ਹਨ । ਅਜੋਕੇ ਵਿਆਹ ਮਹਿੰਗੇ ਪੈਲੇਸਾਂ ਵਿਚ ਕੀਤੇ ਜਾਂਦੇ ਹਨ । ਜ਼ਿਨਾਂ ਦਾ ਲੱਖਾਂ ਵਿਚ ਕਿਰਾਇਆ ਹੈ ਇੱਕ ਦਿਨ

ਦਾ । ਭਾਂਤ ਭਾਂਤ ਦੀਆਂ ਮਿਠਾਈਆਂ ਤੇ ਸ਼ਰਾਬ ਵਰਤਾਉਣ ਨੂੰ ਕੁੜੀਆਂ ਰੱਖਦੇ ਹਨ । ਦਾਜ ਦੀ ਭੈੜੀ ਪ੍ਰਥਾ ਅੱਜ ਵੀ ਬਹੁਤ ਭਾਰੂ ਹੈ । ਪੰਜਾਬ ਵਿਚ ਹਰ ਇਲਾਕੇ ਵਿਚ ਆਪਣਾ ਆਪਣਾ ਮੁੱਲ ਹੈ । ਜਿਸ ਤਰਾਂ ਮਾਲਵੇ ਵਿਚ ਕੁੜੀਆਂ ਵਾਲਿਆਂ ਤੋਂ ਇੱਕ ਲੱਖ ਪ੍ਰਤੀ ਏਕੜ ਤੇ ਮਹਿੰਗੀ ਗੱਡੀ ਲਈ ਜਾਂਦੀ ਹੈ । ਕਈ ਅਖਬਾਰਾਂ ਵਿਚ ਅਸੀਂ ਪੜਿਆ ਹੋਵੇਗਾ ਕਿ ਫਲਾਨੇ ਨੇ ਆਪਣੀ ਕੁੜੀ ਨੂੰ ਦਾਜ ਵਿਚ ਕੰਬਾਈਨ ਤੱਕ ਦੇ ਦਿੱਤੀ । ਕਿਸੇ ਨੇ ਲੱਖਾਂ ਰੁਪਏ ਕਿਰਾਇਆ ਦੇ ਕੇ ਹੈਲੀਕਾਪਟਰ ਵਿਚ ਕੁੜੀ ਨਾਲ ਵਿਆਹ ਕੀਤਾ । ਇਸੇ ਤਰਾਂ ਪੁਰਾਣੇ ਸਮਿਆਂ ਵਿਚ ਮਰਨੇ ਤੇ ਭੋਗ ਦੀ ਰਸਮ ਵੀ ਬਹੁਤ ਹੀ ਸਾਦੀ ਹੁੰਦੀ ਸੀ । ਲੋਕਾਂ ਨੂੰ ਦਿਲ ਤੋਂ ਦੁੱਖ ਹੁੰਦਾ ਸੀ ਤੁਰ ਜਾਣ ਵਾਲੇ ਦਾ ।


ਪਰ ਅਜੋਕੇ ਭੋਗ ਵੀ ਸ਼ੋਸੇਬਾਜੀ ਬਣ ਗਏ । ਲੋਕ ਭੋਗਾਂ ਤੇ ਵਿਆਹਾਂ ਜਿੰਨਾਂ ਖਰਚ ਕਰਨ ਲੱਗ ਗਏ ਹਨ । ਭੋਗ ਦੇ ਸਮਾਗਮਾਂ ਤੇ ਮਹਿੰਗੀਆਂ ਮਠਿਆਈਆਂ ਬਣਦੀਆਂ ਹਨ । ਸਿਆਸੀ ਲੀਡਰਾਂ ਦੀ ਭੀੜ ਮਰਨ ਵਾਲੇ ਦਾ ਘੱਟ ਅਫਸੋਸ ਤੇ ਪਾਰਟੀ ਪ੍ਰਚਾਰ ਹੀ ਕਰਦੀ ਹੈ । ਸੋਚਿਆ ਜਾਵੇ ਤਾਂ ਇਹ ਵਤੀਰਾ ਬਹੁਤ ਮਾੜਾ ਚੱਲ ਪਿਆ ਹੈ । ਇਹ ਕਾਰਨ ਵੀ ਖੁਦਕੁਸ਼ੀਆਂ ਦੇ ਕਾਰਨ ਹਨ । ਲੋਕ ਵਿਖਾਵੇ ਅਤੇ ਫੋਕੀ ਸ਼ੋਹਰਤ ਲਈ ਚਾਦਰ ਤੋਂ ਵੱਧ ਪੈਰ ਪਸਾਰੇ ਜਾ ਰਹੇ ਹਨ । ਜਿਸ ਦੇ ਨਤੀਜਾ ਖਤਰਨਾਕ ਨਿਕਲ ਰਹੇ ਹਨ । ਸੰਭਲ ਜਾਉ ਪੰਜਾਬੀਓ ਤੇ ਪੁਰਾਣੇ ਰੀਤੀ ਰਿਵਾਜਾਂ ਨੂੰ ਦੁਬਾਰਾ ਅਪਣਾ ਲਉ ਨਹੀਂ ਤਾਂ ਆਉਣ ਵਾਲੀ ਪੀੜੀ ਦਾ ਭਵਿੱਖ ਧੁੰਦਲਾ ਹੋ ਜਾਵੇਗਾ ।

 


ਬੇਅੰਤ ਸਿੰਘ ਬਾਜਵਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech