Punjabi

ਪੁਲਿਸ ਅਫਸਰ ਲਵਲੀਨ ਕੌਰ ਦੀ ਬਹਾਦਰੀ ਨੇ ਘਟਨਾ ਤੋਂ ਪਹਿਲਾਂ ਬਚਾ ਲਈ ਸੀ ਕਿਸੀ ਦੀ ਜਾਨ

July 15, 2017 10:37 PM

ਅਪਰਾਧੀ ਲਿਆ ਬੰਨ੍ਹ ਤੇ ਨਿਊਜ਼ੀਲੈਂਡ ਪੁਲਿਸ ਪ੍ਰਸੰਨ


ਪੁਲਿਸ ਅਫਸਰ ਲਵਲੀਨ ਕੌਰ ਦੀ ਬਹਾਦਰੀ ਨੇ ਘਟਨਾ ਤੋਂ ਪਹਿਲਾਂ ਬਚਾ ਲਈ ਸੀ ਕਿਸੀ ਦੀ ਜਾਨ


ਔਕਲੈਂਡ 15 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਪੁਲਿਸ ਦੀ ਡਿਊਟੀ ਭਾਵੇਂ ਖਤਰਿਆਂ ਸੰਗ ਖੇਡਦਿਆਂ ਸਥਾਨਕ ਭਾਈਚਾਰੇ ਦੀ ਸੁਰੱਖਿਆ ਕਰਨਾ ਸੁਭਾਵਿਕ ਹੁੰਦਾ ਹੈ, ਪਰ ਅਪਰਾਧ ਕਰਨ ਵਾਸਤੇ ਨਿਕਲੇ ਕਿਸੇ ਅਪਰਾਧੀ ਨੂੰ ਘਟਨਾ ਕਰਨ ਤੋਂ ਚੰਦ ਮਿੰਟ ਪਹਿਲਾਂ ਦਬੋਚ ਲੈਣਾ ਅਤੇ ਕਿਸੀ ਦੀ ਜਾਨ ਬਚਾ ਲੈਣਾ ਸੱਚਮੁੱਚ ਬਹਾਦਰੀ ਵਾਲਾ ਕੰਮ ਕਿਹਾ ਜਾ ਸਕਦੈ, ਉਹ ਵੀ ਉਦੋਂ ਜਦੋਂ ਉਹ ਕਿਸੀ ਨੂੰ ਮਾਰਨ ਵਾਸਤੇ ਉਸਦੇ ਘਰ ਵੱਲ ਭੱਜ ਰਿਹਾ ਹੋਵੇ। ਇਸੀ ਤਰ੍ਹਾਂ ਦੀ ਇਕ ਘਟਨਾ ਵਿਚ ਜਦੋਂ ਇਕ ਜਾਨੀ ਨੁਕਸਾਨ ਕਰਨ ਜਾ ਰਹੇ ਅਪਰਾਧੀ ਨੂੰ ਦਬੋਚ ਲੈਣ 'ਤੇ 24 ਸਾਲਾ ਪੁਲਿਸ ਅਫਸਰ ਪੰਜਾਬੀ ਕੁੜੀ ਲਵਲੀਨ ਕੌਰ ਨੂੰ ਉਸਦੇ ਅਧਿਕਾਰੀਆਂ ਨੇ ਸ਼ਲਾਘਾ ਪੱਤਰ ਦੇ ਕੇ ਸਰਾਹਿਆ ਹੈ ਅਤੇ ਵਿਭਾਗ ਨੇ ਪ੍ਰਸੰਨਤਾ ਜ਼ਾਹਿਰ ਕੀਤੀ ਹੈ। ਘਟਨਾ ਪਿਛਲੇ ਸਾਲ 8 ਜੁਲਾਈ ਦੀ ਹੈ ਔਕਲੈਂਡ ਲਾਗੇ ਵਸੇ ਸ਼ਹਿਰ ਪਾਪਾਟੋਏਟੋਏ ਵਿਖੇ ਇਕ ਅਪਰਾਧੀ ਬਿਰਤੀ ਵਾਲਾ ਆਦਮੀ ਕਿਸੀ ਨੂੰ ਮਾਰਨ ਵਾਸਤੇ ਚਾਕੂ ਲੈ ਕੇ ਉਸਦੇ ਘਰ ਵੱਲ ਨਿਕਲਿਆ ਹੋਇਆ ਸੀ। ਇੰਟੈਲੀਜੈਂਸ ਦੀ ਗੁਪਤ ਸੂਚਨਾ ਵੀ ਪੁਲਿਸ ਕੋਲ ਸੀ, ਪਰ ਉਹ ਲੱਭ ਨਹੀਂ ਸੀ ਰਿਹਾ ਐਨੇ ਨੂੰ ਉਹ ਪੁਲਿਸ ਅਫਸਰ ਲਵਲੀਨ ਕੌਰ ਨੂੰ ਨਜ਼ਰ ਆ ਪਿਆ ਜੋ ਕਿ ਪਹਿਲਾਂ ਹੀ ਉਸਦਾ ਪਿੱਛਾ ਕਰ ਰਹੀ ਸੀ। ਉਹ ਰੋਕਣ ਉਤੇ ਵੀ ਨਹੀਂ ਸੀ ਰੁੱਕ ਰਿਹਾ ਅਤੇ ਫਿਰ ਉਹ ਅਪਰਾਧੀ ਅੱਗੇ ਜਾ ਕੇ ਆਪਣੀ ਕਾਰ ਖੜ੍ਹੀ ਕਰਕੇ ਜਦੋਂ ਕਿਸੀ ਨੂੰ ਮਾਰਨ ਉਸਦੇ ਘਰ ਵੱਲ ਦੌੜਿਆ ਤਾਂ ਪੁਲਿਸ ਅਫਸਰ ਲਵਲੀਨ ਕੌਰ ਨੇ ਉਸਨੂੰ ਲਲਕਾਰਿਆ ਅਤੇ ਟੇਜ਼ਰ ਗੰਨ ਦੇ ਸਹਾਰੇ ਉਸਨੂੰ ਉਥੇ ਹੀ ਰੋਕ ਕੇ ਆਤਮ ਸਮਰਪਣ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ। ਉਸ ਅਪਰਾਧੀ ਦੇ ਕੋਲੋਂ ਇਕ ਵੱਡਾ ਚਾਕੂ ਬਰਾਮਦ ਕੀਤਾ ਗਿਆ ਤੇ ਪੁਲਿਸ ਨੇ ਇਸ ਅਪਰਾਧੀ ਨੂੰ ਫਿਰ ਅਦਾਲਤ ਦੇ ਵਿਚ ਪੇਸ਼ ਕੀਤਾ।  ਏਰੀਆ ਕਮਾਂਡਰ ਸ੍ਰੀ ਬਰੂਸ ਓ ਬੈਰਿਨ ਨੇ ਇਸ ਸਾਰੀ ਘਟਨਾ ਨੂੰ ਬੜੀ ਗੰਭੀਰਤਾ ਨਾਲ ਵਿਚਾਰਦਿਆਂ ਪੁਲਿਸ ਅਫਸਰ ਲਵਲੀਨ ਕੋਰ ਦੀ ਪ੍ਰਸੰਸ਼ਾ ਕੀਤੀ ਅਤੇ ਪੁਲਿਸ ਵਿਭਾਗ ਵੱਲੋਂ 'ਸ਼ਲਾਘਾ ਪੱਤਰ' ਦੇਣ ਦੀ ਸਿਫਾਰਸ਼ ਕੀਤੀ ਜੋ ਕਿ ਬੀਤੇ ਦਿਨੀਂ ਉਸਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਦਿੱਤਾ ਗਿਆ। ਪੁਲਿਸ ਅਫਸਰ ਲਵਲੀਨ ਕੌਰ ਇਨ੍ਹੀਂ ਦਿਨੀਂ ਉਟਾਹੂਹੂ ਪੁਲਿਸ ਸਟੇਸ਼ਨ ਵਿਖੇ 'ਕਮਿਊਨਿਟੀ ਪੁਲਿਸ ਕਾਂਸਟੇਬਲ' ਦੇ ਤੌਰ 'ਤੇ ਭਾਰਤੀ ਲੋਕਾਂ ਦੀ ਇਕ ਕਦਮ ਹੋਰ ਵਧ ਕੇ ਮਦਦ ਕਰ ਰਹੀ ਹੈ। ਪੂਰੇ ਭਾਈਚਾਰੇ ਨੂੰ ਉਸ ਉਤੇ ਮਾਣ ਰਹੇਗਾ।
ਗੋਆ ਜਨਮੀ ਪਰ ਪੰਜਾਬੀ ਪਰਿਵਾਰ ਸ. ਸਤਪਾਲ ਸਿੰਘ-ਸ੍ਰੀਮਤੀ ਸਤਵੰਤ ਕੌਰ ਦੀ ਇਹ ਲਾਡਲੀ ਧੀ 2007 ਦੇ ਵਿਚ ਆਪਣੇ ਮਾਮਾ ਸ. ਸਤਨਾਮ ਸਿੰਘ ਮੁਸ਼ਾਇਨਾ ਦੇ ਸੱਦੇ ਉਤੇ ਨਿਊਜ਼ੀਲੈਂਡ ਪਹੁੰਚੀ ਸੀ। ਇਸਦੇ ਨਾਨਾ-ਨਾਨੀ ਤੇ ਮਾਮਾ ਜੀ ਪਿਛਲੇ 30 ਸਾਲਾਂ ਤੋਂ ਇਥੇ ਹਨ। ਗੜ੍ਹਦੀਵਾਲਾ (ਜ਼ਿਲ੍ਹਾ ਹੁਸ਼ਿਆਰਪੁਰ) ਨਾਲ ਸਬੰਧ ਰੱਖਦੇ ਸ. ਸਤਪਾਲ ਸਿੰਘ (ਪਿਤਾ) ਭਾਰਤੀ ਨੇਵੀ ਵਿਚ  ਸ਼ਿੱਪ ਬਿਲਡਿੰਗ ਦਾ ਕੰਮ ਕਰਦੇ ਰਹੇ ਹਨ। ਲਵਲੀਨ ਕੌਰ ਸੰਨ 2013 ਤੋਂ ਪੁਲਿਸ ਅਫਸਰ ਦੇ ਤੌਰ 'ਤੇ ਇਥੇ ਕੰਮ ਕਰ ਰਹੀ ਹੈ ਉਸਨੇ ਪੰਜਾਬੀ ਕੁੜੀਆਂ ਨੂੰ ਪੁਲਿਸ ਵਿਭਾਗ ਦੇ ਵਿਚ ਆਉਣ ਦੀ ਅਪੀਲ ਕੀਤੀ ਹੈ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech