19

August 2018
Article

ਬੇਰੀ ਬਾਬਾ ਬੁੱਢਾ ਜੀ -ਅੰਮ੍ਰਿਤਸਰ / ਸਤਨਾਮ ਸਿੰਘ ਮੱਟੂ

November 29, 2017 03:40 PM

ਬੇਰੀ ਬਾਬਾ ਬੁੱਢਾ ਜੀ -ਅੰਮ੍ਰਿਤਸਰ

ਪੰਜਾਬ ਯਾਨੀ ਪੰਜ ਦਰਿਆਵਾਂ ਦੀ ਧਰਤੀ ।ਇਸ ਧਰਤੀ ਦੀ ਖ਼ੁਸ਼-ਨਸੀਬੀ ਹੈ ਕਿ ਇਸਨੂੰ ਦਸ ਸਿੱਖ ਗੁਰੂ ਸਾਹਿਬਾਨ,ਪੀਰਾਂ-ਫਕੀਰਾਂ,ਸੰਤਾਂ ਅਤੇ ਮਹਾਨ ਧਾਰਮਿਕ ਸ਼ਖ਼ਸੀਅਤਾਂ ਦੀ ਚਰਨ ਛੋਹ ਪ੍ਰਾਪਤ ਹੈ।ਸਾਡੇ ਗੁਰੂ ਸਾਹਿਬਾਨ ਅਤੇ ਇਹਨਾਂ ਮਹਾਨ ਹਸਤੀਆਂ ਦੀ ਜਿਸ ਵੀ ਅਸਥਾਨ ਨੂੰ ਚਰਨ ਛੋਹ ਪ੍ਰਾਪਤ ਹੋਈ, ਉਹ ਗੌਰਵਮਈ ਇਤਿਹਾਸ ਅਤੇ ਸਾਡੇ ਪੂਜਣਯੋਗ ਅਸਥਾਨ ਬਣ ਗਏ ਅਤੇ ਅਮਰ ਹੋ ਗਏ ਅਤੇ ਜਿਸ ਬਿਰਖ ,ਬੂਟੇ ਜਾਂ ਦਰੱਖਤ ਨੂੰ ਗੁਰੂਆਂ ਦੀ ਛੋਹ ਪ੍ਰਾਪਤ ਹੋਈ ,ਉਹ ਵੀ ਪੂਜਣਯੋਗ ਹੋ ਗਏ।

        ਗੂਰੂ ਕੀ ਨਗਰੀ ਅੰਮ੍ਰਿਤਸਰ ਉੱਤੇ ਗੁਰੂ ਸਾਹਿਬਾਨਾਂ ਦੀ ਅਦੁੱਤੀ ਅਤੇ ਵੱਡੀ ਰਹਿਮਤ ਹੋਈ ਹੈ।ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਵਰੋਸਾਇਆ ਸ਼ਹਿਰ ਸਿੱਖ ਇਤਿਹਾਸ ਦੀਆਂ ਅਦੁੱਤੀ ਅਤੇ ਮਹਾਨ ਯਾਦਗਾਰਾਂ ਨਾਲ ਭਰਿਆ ਪਿਆ ਹੈ।ਸ੍ਰੀ ਦਰਬਾਰ ਸਾਹਿਬ "ਦਾ ਗੋਲਡਨ ਟੈਪਲ" ਦੁਨੀਆਂ ਵਿੱਚ ਇੱਕ ਵਿਲੱਖਣ ਅਤੇ ਅਹਿਮ ਸਥਾਨਰੱਖਦਾ ਹੈ।ਜਲ੍ਹਿਆਂ ਵਾਲੇ ਬਾਗ ਵਾਲੇ ਪਾਸਿਉਂ ਦਰਬਾਰ ਸਾਹਿਬ ਚ ਦਾਖਿਲ ਹੁੰਦਿਆਂ ਦਰਸ਼ਨੀ ਡਿਊੜੀ ਦੇ ਸੱਜੇ ਪਾਸੇ ਪਰਿਕਰਮਾ ਵਿੱਚ ਬੇਰੀ ਦਾ ਇਤਿਹਾਸਕ ਬੂਟਾ ਨਜ਼ਰੀਂ ਪੈਂਦਾ ਹੈ। ਬੇਰ ਬਾਬਾ ਬੁੱਢਾ ਜੀ ਦੇ ਨਾਂ ਨਾਲ ਇਹ ਬੇਰੀ ਦਾ ਬੂਟਾ ਬਡਮੁੱਲਾ ਇਤਿਹਾਸ ਸਮੋਈ ਬੈਠਾ ਹੈ।ਇਹ ਬੇਰੀ ਦੇ ਬੂਟੇ ਦਾ ਇਤਿਹਾਸ ਬਾਬਾ ਬੁੱਢਾ ਜੀ ਨਾਲ ਸੰਬੰਧਿਤ ਹੈ।
 


      ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੀ ਸੰਪਾਦਨਾ ਕਰਕੇ  ਸੰਮਤ 1661(1604ਈ:) ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪ੍ਰਕਾਸ਼ ਕੀਤਾ ਤਾਂ ਗੁਰੂ ਜੀ ਉਹਨਾਂ ਨੂੰ ਪਹਿਲੇ ਮੁੱਖ ਗ੍ਰੰਥੀ ਵਜੋਂ ਸੇਵਾ ਬਖਸ਼ਿਸ਼ ਕੀਤੀ ਸੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਮੁੱਕ ਵਾਕ " ਸੰਤਾਂ ਦੇ  ਕਾਰਜ ਆਪ ਖਲੋਇਆ ,ਹਰ ਕੰਮ ਕਰਾਵਨ ਆਇਆ ਰਾਮ।" ਵੀ ਬਾਬਾ ਬੁੱਢਾ ਜੀ ਨੇ ਹੀ ਲਿਆ ਸੀ ।


     ਉਹਨਾਂ ਦਾ ਜਨਮ ਪਿੰਡ ਕੱਥੂਨੰਗਲ ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਭਾਈ ਸੁੱਘਾ ਰੰਧਾਵਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ 7ਕੱਤਕ ਸੰਮਤ 1563 (1506ਈਸਵੀ) ਨੂੰ ਹੋਇਆ ਸੀ।ਮਾਤਾ ਪਿਤਾ ਵੱਲੋਂ ਉਹਨਾਂ ਦਾ ਨਾਮ ਬੂੜਾ ਰੱਖਿਆ ਗਿਆ।


ਜਗਤ ਕਲਿਆਣਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੀ ਯਾਤਰਾ ਕਰਦੇ ਹੋਏ ਰਾਮਦਾਸ ਨਗਰ ਦੀ ਜੂਹ ਵਿੱਚ ਪਧਾਰੇ ਤਾਂ ਪਸ਼ੂ ਚਾਰਦੇ 12 ਸਾਲਾਂ ਬਾਲਕ ਬੂੜਾ ਪ੍ਰੇਮ ਭਾਵ ਨਾਲ. ਗੁਰੂ ਜੀ ਲਈ ਦੁੱਧ ਲੈ ਕੇ ਹਾਜ਼ਰ ਹੋਏ ਸਨ ਅਤੇ ਗੁਰੂ ਸਾਹਿਬ ਨਾਲ ਬੇਬਾਕ ਵੈਰਾਗ ਦੀਆਂ ਗੱਲਾਂ ਕੀਤੀਆਂ ਸਨ। ਇਸ ਤੇ ਗੂਰੂ ਸਾਹਿਬ ਨੇ ਫੁਰਮਾਇਆ ਕਿ ਬੇਸ਼ੱਕ ਤੇਰੀ ਉਮਰ ਛੋਟੀ ਹੈ,ਪਰ ਤੈਨੂੰ ਸਮਝ ਬੁੱਢਿਆਂ ਵਾਲੀ ਹੈ।ਉਸ ਤੋਂ ਬਾਅਦ ਇਹ ਬਾਬਾ ਬੁੱਢਾ ਜੀ ਦੇ ਨਾਂ ਨਾਲ ਜਾਣੇ ਜਾਣ ਲੱਗ ਪਏ ।


      ਉਹਨਾਂ ਨੂੰ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਗੱਦੀ ਦੀਆਂ ਰਸਮਾਂ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ ਇਸ ਬੇਰੀ ਦੇ ਬੂਟੇ ਹੇਠ ਥੜ੍ਹੇ ਉੱਪਰ ਬੈਠ ਕੇ ਪਵਿੱਤਰ ਸਰੋਵਰ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ ਅਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਕਰਦੇ ਸਨ। ਗੁਰੂ ਸਾਹਿਬਾਨ ਇਹਨਾਂ ਦੀਆਂ ਗੁਰੂ ਘਰ ਨੂੰ ਸਮਰਪਿਤ ਸੇਵਾਵਾਂ ਤੋਂ ਅਤਿਅੰਤ ਖੁਸ਼ ਸਨ।ਉਹਨਾਂ ਅੱਠਵੇਂ ਗੁਰੂ ਹਰਿ ਕ੍ਰਿਸ਼ਨ ਜੀ ਤੋਂ ਇਲਾਵਾ ਨੌ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਸਨ।ਅੰਤ ਗੁਰੂ ਘਰ ਦਾ ਇਹ ਅਨਿਨ ਸੇਵਕ 14ਮੱਘਰ ਸੰਮਤ1688(1631ਈ:) ਨੂੰ ਪਿੰਡ ਰਾਮਦਾਸ ਵਿਖੇ ਸਵਾਸਾਂ ਬਖਸ਼ੀ ਪੂੰਜੀ ਨੂੰ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜਮਾਨ ਹੋਇਆ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਉਹਨਾਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਸੀ।


     ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਇਹ ਬੇਰੀ ਦਾ ਬੂਟਾ ਉਹਨਾਂ ਦੀ ਹਮੇਸ਼ਾ ਯਾਦਗਾਰ ਲਈ ਸਾਂਭ ਕੇ ਰੱਖਿਆ ਜਾ ਰਿਹਾ ਹੈ।ਬਿਰਧ ਅਵਸਥਾ ਵਿੱਚ ਇਸ ਬੇਰੀ ਦੇ ਟਾਹਣ ਗਾਰਡਰਾਂ ਦੀ ਸਹਾਇਤਾ ਨਾਲ ਬਰਕਰਾਰ ਰੱਖੇ ਜਾ ਰਹੇ ਹਨ ।ਇਸਦੀ ਲਾਈਫ ਨੂੰ ਹੋਰ ਲੰਮੇਰਾ ਰੱਖਣ ਲਈ ਹੌਰਟੀਕਲਚਰ ਵਿਭਾਗ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਗੌਰਵਮਈ ਇਤਿਹਾਸ ਤੋਂ ਜਾਣੂ ਰਹਿ ਸਕਣ।ਅੱਜ ਵੀ ਸਾਨੂੰ ਮਾਣ ਹੈ ਅਤੇ ਹਮੇਸ਼ਾ ਰਹੇਗਾ।

    ਸਤਨਾਮ ਸਿੰਘ ਮੱਟੂ
9779708257

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech