19

August 2018
Article

ਮਾਲਟਾ ਕਿਸ਼ਤੀ ਕਾਂਡ ਨੂੰ ਯਾਦ ਕਰਦਿਆਂ- ਨਰਪਾਲ ਸਿੰਘ ਸ਼ੇਰਗਿੱਲ

November 29, 2017 03:51 PM


ਮਾਲਟਾ ਕਿਸ਼ਤੀ ਕਾਂਡ ਨੂੰ ਯਾਦ ਕਰਦਿਆਂ-   

ਕਿਸ਼ਤੀਆਂ ਰਾਹੀਂ ਗ਼ੈਰ-ਕਾਨੂੰਨੀ ਪ੍ਰਵਾਸ ਵੇਲੇ ਪੰਜਾਬੀਆਂ ਸਮੇਤ 34000 ਪ੍ਰਵਾਸੀ ਡੁੱਬ ਕੇ ਮਰ ਗਏ

ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ


ਬੇਸ਼ੱਕ ਇਸ ਪੱਤਰਕਾਰ ਵੱਲੋਂ ਪਿਛਲੇ 32 ਵਰ੍ਹਿਆਂ ਤੋਂ ਹੋਰ ਵਿਸ਼ਿਆਂ ਦੇ ਨਾਲ-ਨਾਲ ਪੰਜਾਬੀਆਂ ਸਮੇਤ ਏਸ਼ੀਆਈ ਦੇਸ਼ਾਂ ਦੇ ਨਾਗਰਿਕਾਂ ਵੱਲੋਂ ਯੂਰਪ ਅਤੇ ਉੱਤਰੀ ਅਮਰੀਕਾ ਦੇ ਅਮੀਰ ਸਮਝੇ ਅਤੇ ਪ੍ਰਚਾਰੇ ਜਾਂਦੇ ਦੇਸ਼ਾਂ ਵੱਲ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਪ੍ਰਵਾਸ ਬਾਰੇ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਪਰ ਇਨ੍ਹਾਂ ਵਿਚੋਂ ਵਧੇਰੇ ਪ੍ਰਵਾਸੀ ਸਾਬਕਾ ਸਾਮਰਾਜੀ ਬਰਤਾਨਵੀ ਸਰਕਾਰ ਦੀਆਂ ਭਾਰਤ ਸਮੇਤ ਏਸ਼ੀਆਈ ਅਤੇ ਅਫ਼ਰੀਕੀ ਨਵ-ਸੁਤੰਤਰ ਬਸਤੀਆਂ ਤੋਂ ਅੰਗਰੇਜ਼ੀ ਬੋਲਦੇ ਬਰਤਾਨੀਆ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਨੂੰ ਆਪਣੀ ਮੰਜ਼ਿਲ ਬਣਾ ਕੇ ਜਾਂ ਸਮਝ ਕੇ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ 1956 ਤੋਂ ਪੁੱਜਦੇ ਆ ਰਹੇ ਹਨ। ਯੂਰਪ ਦੀਆਂ ਅਫ਼ਰੀਕੀ ਬਸਤੀਆਂ ਅਤੇ ਦੇਸ਼ਾਂ ਤੋਂ ਇਹ ਲੋਕ ਵਧੇਰੇ ਗਿਣਤੀ ਵਿਚ 1963 ਤੋਂ ਪੁੱਜਣ ਲੱਗੇ। ਇਨ੍ਹਾਂ ਵਿਚੋਂ ਅਨੇਕਾਂ ਅਫ਼ਰੀਕੀ ਪ੍ਰਵਾਸੀ ਫ਼ਰਾਂਸ ਅਤੇ ਜਰਮਨੀ ਦੀਆਂ ਬਸਤੀਆਂ ਤੋਂ ਯੂਰਪੀ ਖ਼ਿੱਤੇ ਦੇ ਇਨ੍ਹਾਂ ਦੇਸ਼ਾਂ ਵਿਚ ਪੁੱਜਣ ਵਿਚ ਸਫਲ ਹੋਏ ਅਤੇ ਅਨੇਕ ਪ੍ਰਵਾਸੀ ਗ਼ੈਰ-ਕਾਨੂੰਨੀ ਢੰਗ ਨਾਲ ਮੱਧ ਸਾਗਰ ਰਾਹੀਂ ਕਿਸ਼ਤੀਆਂ ਵਿਚ ਪੁੱਜਦੇ-ਪੁੱਜਦੇ ਲਿਬੀਆ, ਇਟਲੀ, ਤੁਰਕੀ, ਬੁਲਗਾਰੀਆ, ਗਰੀਸ ਆਦਿ ਦੇਸ਼ਾਂ ਦੇ ਸਮੁੰਦਰੀ ਕੰਢਿਆਂ ਤੇ ਪੁੱਜਣ ਤੋਂ ਪਹਿਲਾਂ ਹੀ 1996 ਵਿਚ ਬਹੁਗਿਣਤੀ ਪੰਜਾਬੀਆਂ ਵਾਲੇ ਮਾਲਟਾ ਟਾਪੂ ਵਿਚ ਵਾਪਰੇ ''ਮਾਲਟਾ ਕਿਸ਼ਤੀ ਕਾਂਡ'' ਵਾਂਗ ਡੁੱਬ ਕੇ ਮਰ ਗਏ। ਇਹ ਗਿਣਤੀ ਸੈਂਕੜਿਆਂ ਵਿਚ ਨਹੀਂ, ਹਜ਼ਾਰਾਂ ਵਿਚ ਹੈ ਅਤੇ ਲਗਾਤਾਰ ਵੱਧਦੀ ਜਾ ਰਹੀ ਹੈ।


ਬੀਤੇ ਦਿਨੀਂ 9 ਨਵੰਬਰ ਦੇ ਜਰਮਨੀ ਤੋਂ ਪ੍ਰਕਾਸ਼ਿਤ ਹੁੰਦੇ ਰੋਜ਼ਾਨਾ ਟੈਗਸਪੀਗਲ (ਡੇਰ ਟੈਗਸਪੀਗਲ) ਵੱਲੋਂ ਇੱਕ 46 ਸਫ਼ਿਆਂ ਦੀ ਵਿਸ਼ੇਸ਼ ਰਿਪੋਰਟ ਰਾਹੀਂ 33, 293 ਬਦਕਿਸਮਤ ਮਰ ਚੁੱਕੇ ਉਨ੍ਹਾਂ ਪ੍ਰਵਾਸੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ, ਜੋ ਪਿਛਲੇ 25 ਵਰ੍ਹਿਆਂ ਦੌਰਾਨ 1993 ਤੋਂ ਹੁਣ ਤੱਕ ਯੂਰਪ ਵਿਚ ਪੁੱਜਦੇ ਹੋਏ ਰਸਤਿਆਂ ਵਿਚ ਹੀ ਮਰ ਚੁੱਕੇ ਹਨ।


ਇਸ ਰਿਪੋਰਟ ਵਿਚ ਮਰਨ ਵਾਲਿਆਂ ਦੇ ਨਾਉਂ, ਉਮਰ ਅਤੇ ਉਨ੍ਹਾਂ ਦੇ ਮਿਲੇ ਵੇਰਵਿਆਂ ਅਨੁਸਾਰ ਉਨ੍ਹਾਂ ਦੇ ਜਨਮ-ਅਸਥਾਨ ਜਾਂ ਜਨਮ-ਭੂਮੀ ਦਾ ਨਾਉਂ ਪ੍ਰਕਾਸ਼ਿਤ ਕੀਤਾ ਦੱਸਿਆ ਗਿਆ ਹੈ। ਅਖ਼ਬਾਰ ਅਨੁਸਾਰ ਇਸ ਲੰਮੀ ਸੂਚੀ ਵਿਚ ਬਹੁਗਿਣਤੀ ਉਨ੍ਹਾਂ ਪ੍ਰਵਾਸੀਆਂ ਦੀ ਹੈ, ਜੋ ਭੂਮੱਧ ਸਾਗਰ ਰਾਹੀਂ ਯੂਰਪੀ ਖ਼ਿੱਤੇ ਦੇ ਦੇਸ਼ਾਂ ਵਿਚ ਪੁੱਜਦੇ-ਪੁੱਜਦੇ ਮਰ ਚੁੱਕੇ ਹਨ।


ਸਮੁੰਦਰੀ ਜਾਨਲੇਵਾ ਹਾਦਸੇ : ਗ਼ੈਰ-ਕਾਨੂੰਨੀ ਪ੍ਰਵਾਸ ਦੌਰਾਨ ਕਿਸ਼ਤੀਆਂ ਰਾਹੀਂ ਡੁੱਬਦੇ ਆ ਰਹੇ ਏਸ਼ੀਆਈ ਅਤੇ ਅਫ਼ਰੀਕੀ ਪ੍ਰਵਾਸੀਆਂ ਦੀਆਂ ਅਫ਼ਸੋਸਨਾਕ ਘਟਨਾਵਾਂ ਵੇਲੇ ਸਭ ਤੋਂ ਪਹਿਲਾਂ ਅਸੀਂ ਆਪਣੇ ਪੰਜਾਬੀ ਭਰਾਵਾਂ ਦੀ ਗੱਲ ਕਰਾਂਗੇ, ਜੋ ਮੱਧ ਸਾਗਰ ਵਿਚ ਸਿਸਲੀ ਦੇ ਟਾਪੂ ਕੋਲ 60 ਫੁੱਟ ਲੰਮੀ ਅਤੇ 13 ਫੁੱਟ ਚੌੜੀ ਸਮੁੰਦਰੀ ਕਿਸ਼ਤੀ ਵਿਚ 283 ਮੁਸਾਫ਼ਰਾਂ ਵਿਚ ਸਭ ਤੋਂ ਵੱਧ ਲਗਪਗ ਪੌਣੇ ਦੋ ਸੌ ਪੰਜਾਬੀਆਂ ਸਮੇਤ ਬਾਕੀ ਹੋਰ ਭਾਰਤੀ, ਪਾਕਿਸਤਾਨੀ ਅਤੇ ਸ੍ਰੀਲੰਕਾ ਨਿਵਾਸੀ ਬੰਦੇ ਇਟਲੀ ਨੂੰ ਢੋਏ ਜਾ ਰਹੇ ਸਨ। ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਇਹ ਢੋਆ-ਢੁਆਈ ਦਾ ਇਹ ਧੰਦਾ ਤੁਰਕੀ ਅਤੇ ਕੁਰਦਿਸਤਾਨ ਆਧਾਰਤ ਵਪਾਰੀ ਏਸ਼ੀਆਈ ਸਾਥੀ ਦਲਾਲਾਂ ਨਾਲ ਮਿਲ ਕੇ ਮਿਸਰ ਵਿਚ ਕਾਹਿਰਾ ਅਤੇ ਅਲੈਗਜ਼ੈਂਡਰੀਆ ਵਿਚ ਇਕੱਠੇ ਕਰ ਕੇ ਮੱਧ ਯੂਰਪੀ ਸਾਗਰ ਜਾਂ ਸਮੁੰਦਰੀ ਕੰਢਿਆਂ ਦੇ ਨਾਲ ਵੱਡੇ ਅਤੇ ਛੋਟੇ ਸਾਮਾਨ ਢੋਣ ਵਾਲੇ ਵਪਾਰੀਆਂ ਰਾਹੀਂ ਯੂਰਪ ਵਿਚ ਗਰੀਸ, ਇਟਲੀ ਦੀ ਬੰਦਰਗਾਹਾਂ ਜਾਂ ਪਾਣੀ ਵਿਚਲੇ ਮਾਲਟਾ ਟਾਪੂਆਂ ਤੱਕ ਪਹੁੰਚਾਉਂਦੇ ਰਹੇ ਹਨ।


ਉਸ ਮਨਹੂਸ ਦਿਨ ਇਹ ਮੁਸਾਫ਼ਰ 470 ਸਵਾਰੀਆਂ ਵਾਲੇ ਜਹਾਜ਼ ਭਰ ਜਾਣ ਲਈ ਕਈ ਦਿਨ ਉਡੀਕਦੇ ਰਹੇ, ਜਿਨ੍ਹਾਂ ਨੂੰ ਫਿਰ ਇਕ ਛੋਟੇ ਸਮੁੰਦਰੀ ਕਿਸ਼ਤੀਨੁਮਾ ਜਹਾਜ਼ ਵਿਚ ਲੱਦ ਦਿੱਤਾ ਗਿਆ ਜਿਸ ਦਾ ਕੋਡ-ਨਾਉਂ ਐਫ-174 ਦੱਸਿਆ ਜਾਂ ਧਰਿਆ ਗਿਆ ਸੀ, ਜਿਸ ਉੱਤੇ ਹੋਨਾਲੂਲੂ ਦਾ ਝੰਡਾ ਲਹਿਰਾਇਆ ਗਿਆ ਅਤੇ ਅਲਹਲਾਲ ਦਾ ਨਾਉਂ ਵੀ ਲੈਂਦਾ ਰਿਹਾ ਦੱਸਿਆ ਜਾਂਦਾ ਹੈ। ਕੇਵਲ 170 ਮੁਸਾਫ਼ਰ ਢੋਣ ਵਾਲੀ ਇਸ ਜਹਾਜ਼ੀ ਕਿਸ਼ਤੀ ਵਿਚ 283 ਸਵਾਰ ਤੁੰਨੇ ਹੋਏ ਸਨ।


24 ਦਸੰਬਰ ਨੂੰ ਚੱਲਿਆ ਇਹ ਮੁਸਾਫ਼ਰੀ ਕਿਸ਼ਤੀਨੁਮਾ ਜਹਾਜ਼ 25 ਅਤੇ 26 ਦਸੰਬਰ ਦੀ ਰਾਤ ਨੂੰ ਉਲਟ ਗਿਆ, ਜਾਂ ਜਾਣ ਬੁੱਝ ਕੇ ਡਬੋਣ ਦੀ ਕੋਸ਼ਿਸ਼ ਨੂੰ ਹੰਢਾਉਂਦਾ ਹੋਇਆ ਮਾਲਟਾ ਦੇ ਨੇੜੇ 283 ਮੁਸਾਫ਼ਰਾਂ ਨਾਲ ਉਲਟ ਗਿਆ, ਜਿਸ ਵਿਚ ਘੱਟੋ-ਘੱਟ 170 ਭਾਰਤੀ ਮੁਸਾਫ਼ਰ ਡੁੱਬ ਕੇ ਮਰ ਗਏ ਦੱਸੇ ਜਾਂਦੇ ਹਨ।


ਪਨਾਮਾ ਕਿਸ਼ਤੀ ਹਾਦਸਾ : ਭਾਰਤ ਵਿਚੋਂ ਕਿਸ਼ਤੀਆਂ ਰਾਹੀਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਢੋਆ-ਢੁਆਈ ਅੱਜ ਵੀ ਹਾਲੀਆ ਤੌਰ 'ਤੇ ਪੰਜਾਬ ਅਤੇ ਦਿੱਲੀ ਦੇ ਭਾਰਤੀ ਦਲਾਲਾਂ ਦੇ ਸਹਿਯੋਗ ਅਤੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਰਾਹੀਂ ਜਾਰੀ ਹੈ। ਪਿਛਲੇ ਸਾਲ ਪੰਜਾਬ ਤੋਂ ਅਮਰੀਕਾ ਪਹੁੰਚਾਉਣ ਲਈ ਦੱਖਣੀ ਅਮਰੀਕਾ ਦੇ ਪਨਾਮਾ ਦਰਿਆ ਵਿਚ ਲਗਪਗ 25 ਨੌਜਵਾਨਾਂ ਵਾਲੀ ਕਿਸ਼ਤੀ ਡੁੱਬ ਜਾਣ ਜਾਂ ਜਾਣ-ਬੁੱਝ ਕੇ ਡਬੋਣ ਦੀ ਕੋਸ਼ਿਸ਼ ਵੇਲੇ ਲਗਪਗ 20 ਨੌਜਵਾਨਾ ਦੇ ਮਰ ਜਾਣ ਦੀਆਂ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਵੇਖੀਆਂ ਗਈਆਂ ਹਨ, ਜਿਨ੍ਹਾਂ ਵਿਚ ਪੰਜਾਬ ਦੇ ਰਾਜਨੀਤਕ ਆਗੂਆਂ ਵੱਲੋਂ ਬਿਆਨਬਾਜ਼ੀ ਨਾਲ ਹਮਦਰਦੀ ਦੇ ਹੰਝੂ ਵਹਾਉਣ ਦੇ ਨਾਲ ਪੰਜਾਬੀ ਅਤੇ ਦਿੱਲੀ ਦੇ ਚਾਰ ਦਲਾਲ ਵੀ ਗ੍ਰਿਫ਼ਤਾਰ ਕੀਤੇ ਗਏ ਹਨ।
ਇਨ੍ਹਾਂ ਦੋ ਕਿਸ਼ਤੀ ਹਾਦਸਿਆਂ ਵਿਚ ਜਿੱਥੇ ਲਗਪਗ 200 ਪੰਜਾਬੀ ਪਰਿਵਾਰ ਯੂਰਪ ਅਤੇ ਅਮਰੀਕਾ ਦੇ ਮਨਹੂਸ ਪਾਣੀਆਂ ਵਿਚ ਅਫ਼ਸੋਸਨਾਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ, ਉੱਥੇ ਹੋਰ ਤਰੀਕਿਆਂ ਰਾਹੀਂ ਜਹਾਜ਼ਾਂ, ਜੰਗਲਾਂ ਅਤੇ ਜੇਲ੍ਹਾਂ ਵਿਚ ਕਈ ਭਾਰਤੀ ਪੰਜਾਬੀ ਆਪਣੀ ਵਿਦੇਸ਼ੀ ਮੰਜ਼ਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਮਰ ਚੁੱਕੇ ਹਨ।


ਲੈਂਪੀਡੂਸਾ ਕਿਸ਼ਤੀ ਹਾਦਸਾ : ਬੀਤੇ ਦਿਨੀਂ ਇਟਲੀ ਨੇ 2013 ਵਿਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਾਲੇ ਇੱਕ ਭਿਆਨਕ ਹਾਦਸੇ ਦੀ ਚੌਥੀ ਵਰ੍ਹੇਗੰਢ ਤੇ ਅਫ਼ਸੋਸ ਪ੍ਰਗਟ ਕੀਤਾ ਹੈ, ਜਿਸ ਅਨੁਸਾਰ 3 ਅਕਤੂਬਰ 2013 ਨੂੰ ਲਿਬੀਆ ਦੇ ਸਮੁੰਦਰੀ ਤਟ ਤੋਂ ਇਟਲੀ ਦੇ ਸਮੁੰਦਰੀ ਤਟ ਨੂੰ ਸੈਂਕੜੇ ਮੁਸਾਫ਼ਰ ਢੋਂਦੇ ਹੋਏ ਲੈਂਪੀਡੂਸਾ ਦੇ ਟਾਪੂ ਕੋਲ ਡੁੱਬ ਗਈ, ਜਿਸ ਵਿਚ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਘੱਟੋ-ਘੱਟ 360 ਪ੍ਰਵਾਸੀ ਮਰ ਗਏ ਸਨ, ਜੋ ਅਫ਼ਰੀਕਾ ਦੇ ਐਰੀਟਰਿਆ, ਘਾਣਾਂ ਅਤੇ ਸੋਮਾਲੀਆ ਦੇ ਨਾਗਰਿਕ ਸਨ।
ਇਸ ਤੋਂ ਕੁੱਝ ਦਿਨਾਂ ਬਾਅਦ 11 ਅਕਤੂਬਰ ਨੂੰ ਇਨ੍ਹਾਂ ਪਾਣੀਆਂ ਵਿਚ ਇੱਕ ਹੋਰ ਸਮੁੰਦਰੀ ਕਿਸ਼ਤੀ ਦੇ ਡੁੱਬਣ ਦੀਆਂ ਖ਼ਬਰਾਂ ਜਾਰੀ ਹੋਈਆਂ ਜਿਸ ਵਿਚ ਸੀਰੀਆ ਨਿਵਾਸੀ ਪ੍ਰਵਾਸੀ ਸਵਾਰ ਸਨ। ਬਾਅਦ ਵਿਚ 34 ਲੋਕਾਂ ਦੇ ਮਾਰੇ ਜਾਣ ਦੀਆਂ ਪ੍ਰਕਾਸ਼ਿਤ ਰਿਪੋਰਟਾਂ ਵੇਖੀਆਂ ਗਈਆਂ ਜਿਨ੍ਹਾਂ ਅਨੁਸਾਰ ਮਰਨ ਵਾਲਿਆਂ ਵਿਚ ਫ਼ਲਸਤੀਨੀ ਪ੍ਰਵਾਸੀ ਵੀ ਸ਼ਾਮਿਲ ਦੱਸੇ ਗਏ ਹਨ।


ਯੂਨਾਨੀ ਟਾਪੂਆਂ ਵਿਚ ਹਾਦਸੇ : ਪਿਛਲੇ 3 ਸਾਲਾਂ ਦੌਰਾਨ ਲਿਬੀਆ ਦੇ ਸਮੁੰਦਰੀ ਤਟ ਦੇ ਨਾਲ ਬੈਂਗਾਜ਼ੀ ਤੋਂ ਤਰਿਪਲੀ ਦੀ ਬੰਦਰਗਾਹ ਤੱਕ ਅਤੇ ਭੂਮੱਧ ਸਾਗਰ ਦੇ ਮਨਹੂਸ ਪਾਣੀਆਂ ਵਿਚ ਇਟਲੀ ਦੇ ਸਿਸਲੀ, ਗਰੀਸ ਦੀ ਏਥਨਜ਼ ਸਮੁੰਦਰੀ ਬੰਦਰਗਾਹ ਦੇ ਵਿਸ਼ਾਲ ਪਾਣੀਆਂ ਲੈਂਪੀਡੂਸਾ, ਮਾਲਟਾ ਅਤੇ ਹੋਰ ਡੰਗ ਟਪਾਊ ਸਮੁੰਦਰੀ ਟਿਕਾਣਿਆਂ ਤੋਂ ਪੱਛਮੀ ਯੂਰਪ ਦੇ ਬਰਤਾਨੀਆ, ਫਰਾਂਸ, ਜਰਮਨੀ, ਸਪੇਨ, ਬੈਲਜੀਅਮ, ਇਟਲੀ ਅਤੇ ਸਪੇਨ ਤੱਕ ਪਹੁੰਚਦੇ ਹੋਏ ਹਜ਼ਾਰਾਂ ਗ਼ੈਰ-ਕਾਨੂੰਨੀ ਪ੍ਰਵਾਸੀ ਹਜ਼ਾਰਾਂ ਦੀ ਗਿਣਤੀ ਵਿਚ ਡੁੱਬ ਕੇ ਮਰੇ ਹਨ। ਜਿਨ੍ਹਾਂ ਵਿਚੋਂ ਹੇਠਲੇ ਵਰਣਨ ਕੀਤੇ ਹਾਦਸੇ ਗੰਭੀਰ ਅਤੇ ਜਾਨਲੇਵਾ ਵੇਖੇ ਜਾ ਸਕਦੇ ਹਨ :

 2009 ਵਿਚ ਲਿਬੀਆ ਦੇ ਸਮੁੰਦਰੀ ਤਟ ਤੇ ਢਾਈ-ਢਾਈ ਸੌ ਪ੍ਰਵਾਸੀਆਂ ਵਾਲੀਆਂ ਕਿਸ਼ਤੀਆਂ ਡੁੱਬ ਜਾਣ ਵੇਲੇ 98 ਮੁਸਾਫ਼ਰ ਮਰ ਗਏ।

 ਅਪ੍ਰੈਲ 2011 ਵਿਚ ਲੈਂਪੀਡੂਸਾ ਨੇੜੇ ਵਾਪਰੀ ਘਟਨਾ ਵੇਲੇ 20 ਵਿਅਕਤੀ ਮਰ ਗਏ, ਪਰ 51 ਬਚ ਗਏ ਸਨ।

 ਅਕਤੂਬਰ 2013 ਵਿਚ ਵਾਪਰੇ ਇਸੇ ਥਾਂ ਦੇ ਆਲੇ-ਦੁਆਲੇ ਦੋ ਹਾਦਸਿਆਂ ਵਿਚ 700 ਮੁਸਾਫ਼ਰਾਂ ਵਿਚੋਂ 379 ਮਰ ਗਏ ਅਤੇ 156 ਬਚ ਗਏ ਜਾਂ ਬਚਾ ਲਏ ਗਏ, ਬਾਕੀਆਂ ਦਾ ਕੋਈ ਪਤਾ ਨਹੀਂ।

 ਅਪ੍ਰੈਲ 2015 ਵਿਚ ਵਾਪਰੇ ਤਿੰਨ ਹਾਦਸਿਆਂ ਵਿਚ 36 ਮੁਸਾਫ਼ਰ ਮਰੇ ਦੱਸੇ ਗਏ ਹਨ।

 ਮਈ 2015 ਤੋਂ ਸਤੰਬਰ 2015 ਤੱਕ ਲਿਬੀਆ, ਕਟਾਨੀਆ, ਲੈਂਪੀਡੂਸਾ ਅਤੇ ਤੁਰਕੀ ਦੇ ਤਟ ਨੇੜੇ ਵਾਪਰੇ ਹਾਦਸਿਆਂ ਵਿਚ 524 ਮੁਸਾਫ਼ਰਾਂ ਦੀ ਮੌਤ ਬਾਰੇ ਸਪਸ਼ਟ ਵਰਣਨ ਕੀਤਾ ਗਿਆ ਹੈ।


2015 ਅਤੇ 2016 ਦੇ ਗ਼ੈਰ-ਕਾਨੂੰਨੀ ਪ੍ਰਵਾਸ ਨਾਲੋਂ 2017 ਵਿਚ ਗ਼ੈਰ-ਕਾਨੂੰਨੀ ਪ੍ਰਵਾਸ ਵਿਚ ਕਿਸ਼ਤੀਆਂ ਰਾਹੀਂ ਘੱਟ ਮੁਸਾਫ਼ਰ ਯੂਰਪ ਪੁੱਜੇ ਹਨ, ਜੋ 2016 ਵਿਚ 300767 ਦੇ ਮੁਕਾਬਲੇ ਸਤੰਬਰ 2017 ਤੱਕ 133640 ਪ੍ਰਵਾਸੀ ਅਤੇ ਸ਼ਰਨਾਰਥੀ ਯੂਰਪੀ ਦੇਸ਼ਾਂ ਵਿਚ ਪੁੱਜੇ ਹਨ, ਜਿਨ੍ਹਾਂ ਵਿਚੋਂ 75 ਫ਼ੀਸਦੀ ਇਕੱਲੇ ਇਟਲੀ ਵਿਚ ਅਤੇ ਬਾਕੀ 25 ਫ਼ੀਸਦੀ ਪ੍ਰਵਾਸੀ ਗਰੀਸ, ਸਾਈਪਰਸ ਅਤੇ ਸਪੇਨ ਵਿਚ ਪਹਿਲਾ ਕਦਮ ਰੱਖ ਕੇ ਅੱਗੇ ਤੁਰੇ ਜਾ ਪੁੱਜੇ ਹਨ। ਆਵਾਸ-ਪ੍ਰਵਾਸ ਬਾਰੇ ਸੰਸਥਾ, ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫ਼ਾਰ ਮਾਈਗਰੇਸ਼ਨ, ਦੀ 22 ਸਤੰਬਰ 2017 ਦੀ ਰਿਪੋਰਟ ਅਨੁਸਾਰ ਇਸ ਵਰ੍ਹੇ ਵਿਚ 2556 ਮੁਸਾਫ਼ਰ ਉਕਤ ਮਨਹੂਸ ਪਾਣੀਆਂ ਰਾਹੀਂ ਸਫ਼ਰ ਕਰਦੇ ਹੋਏ ਡੁੱਬ ਕੇ ਮਰੇ ਹਨ। ਇਸ ਤੋਂ ਪਹਿਲਾਂ 2016 ਦੌਰਾਨ ਕੁੱਲ ਮਰਨ ਵਾਲਿਆਂ ਜਾਂ ਲਾਪਤਾ ਹੋ ਜਾਣ ਵਾਲੇ ਸਾਰੇ ਪ੍ਰਵਾਸੀਆਂ ਦੀ ਗਿਣਤੀ 5143 ਦੱਸੀ ਗਈ ਹੈ। ਬੀਤੇ ਦਿਨੀਂ ਇਟਲੀ ਦੀ ਪੁਲਿਸ ਵੱਲੋਂ ਭੂਮੱਧ ਸਾਗਰ ਵਿਚ 14 ਤੋਂ 18 ਸਾਲ ਉਮਰ ਦੀਆਂ ਨਾਈਜੀਰੀਅਨ 26 ਕੁੜੀਆਂ ਦੇ ਡੁੱਬ ਕੇ ਮਰ ਜਾਣ ਦੀ ਵੀ ਜਾਂਚ ਕੀਤੀ ਗਈ ਹੈ।
2017 ਵਿਚ ਕਿਸ਼ਤੀਆਂ ਰਾਹੀਂ ਪਹੁੰਚਣ ਵਾਲੇ ਪ੍ਰਵਾਸੀਆਂ ਵਿਚ ਇਟਲੀ ਰਾਹੀਂ ਨਾਈਜੀਰੀਆ, ਆਈਵਰੀ ਕੋਸਟ, ਗਿਨੀ, ਮਾਲੀ ਅਤੇ ਬੰਗਲਾਦੇਸ਼ ਦੇ ਨਾਗਰਿਕ ਦਾਖ਼ਲ ਹੋਏ ਹਨ। ਗਰੀਸ ਵਿਚ ਸਿਰੀਆ, ਇਰਾਕ, ਅਫ਼ਗ਼ਾਨਿਸਤਾਨ, ਪਾਕਿਸਤਾਨ, ਅਲਜੀਰੀਆ ਦੇ ਨਾਗਰਿਕ ਅਤੇ ਇਸੇ ਤਰ੍ਹਾਂ ਬਲਗਾਰੀਆ ਰਾਹੀਂ ਯੂਰਪ ਵਿਚ ਪਹਿਲਾ ਪੈਰ ਧਰਨ ਵਾਲਿਆਂ ਵਿਚ ਅਫ਼ਗ਼ਾਨਿਸਤਾਨ, ਇਰਾਕ, ਪਾਕਿਸਤਾਨ, ਸਿਰੀਆ ਅਤੇ ਤੁਰਕੀ ਦੇ ਜੰਮਪਲ ਪ੍ਰਵਾਸੀ ਦਾਖ਼ਲ ਹੋ ਰਹੇ ਹਨ............ਕਿਸ਼ਤੀਆਂ ਅਤੇ ਟਰੱਕਾਂ ਰਾਹੀਂ ਯੂਰਪੀ ਦੇਸ਼ਾਂ ਨੂੰ ਗ਼ੈਰ-ਕਾਨੂੰਨੀ ਪ੍ਰਵਾਸ ਲਗਾਤਾਰ ਜਾਰੀ ਹੈ!!


ਨਰਪਾਲ ਸਿੰਘ ਸ਼ੇਰਗਿੱਲ
ਟੈਲੀਫ਼ੋਨ : +91-94171-04002 (ਇੰਡੀਆ), 07903-190 838
mail : shergill0journalist.com

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech