13

November 2018
Patiala Rattan award to Mr Ujagar Singh Former Disstt Public Relations officerਪਟਿਆਲਾ ਰਤਨ ਅਵਾਰਡ ਦੇ ਕੇ ਸਨਮਾਨਤ ਕੀਤਾ ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੂੰਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ ਵੀ ਪੇਸ਼ਕਾਰਾ ਐਵਾਰਡFlyAmritsarInitiative Impact: Amritsar Airport Gets Six New Air Routes Under UDAN-III SCHEMEਸਿੱਖ ਫੌਜੀਆਂ ਦੀ ਬਹਾਦਰੀ ਦੇ ਪ੍ਰਤੀਕ ਬੁੱਤ ਦੀ ਬੇਅਦਬੀ ਗਹਿਰੀ ਸਾਜ਼ਿਸ਼ ਦਾ ਹਿੱਸਾ-ਯੂਨਾਈਟਿਡ ਖਾਲਸਾ ਦਲ ਯੂ ਕੇ 'ਲਾਟੂ' ਨਾਲ ਅਦਿੱਤੀ ਸ਼ਰਮਾਂ ਦੀ ਮੁੜ ਵਾਪਸੀ ਪਿੰਡ ਮੇਰਾ ਪੁਰਾਣਾ//ਮੱਖਣ ਸ਼ੇਰੋਂ ਵਾਲਾਫੌਜ ਮੁਖੀ ਰਾਵਤ ਦੇ ਬਿਆਨ ਚੋਂ ਸਿੱਖਾਂ ਪ੍ਰਤੀ ਨਫਰਤ ਦੀ ਬੋ ਆਉਂਦੀ ਹੈ// ਬਘੇਲ ਸਿੰਘ ਧਾਲੀਵਾਲਕੌਮ ਦੀ ਲੱਥੀ ਪੱਗ ਮੁੱੜ ਕੌਮ ਦੇ ਸਿਰ 'ਤੇ ਰੱਖਣ ਵਾਲੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੇ 34ਵੇਂ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼//ਮੇਜਰ ਸਿੰਘਕਦੋਂ ਤੱਕ ਲੋਕਾਂ ਨੂੰ ਜ਼ਹਿਰ ਖਲਾਇਆ ਜਾਏਗਾ//ਪ੍ਰਭਜੋਤ ਕੌਰ ਢਿੱਲੋਂ
Article

ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਟਰੱਕ ਡਰਾਈਵਰ / ਬੇਅੰਤ ਕੌਰ ਗਿੱਲ ਮੋਗਾ

November 29, 2017 03:57 PM
ਬੇਅੰਤ ਕੌਰ ਗਿੱਲ ਮੋਗਾ

ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਟਰੱਕ ਡਰਾਈਵਰ


       ਟਰੱਕ ਡਰਾਈਵਰਾਂ ਬਾਰੇ ਵੱਧ ਤੋ ਵੱਧ ਜਾਨਣ ਦੀ ਇੱਛਾ ਮੇਰੀ ਬਚਪਨ ਤੋ ਹੀ ਰਹੀ ਹੈ ਕਿਉਕਿ ਇਹ ਇੱਕ ਸ਼ਹਿਰ ਤੋ ਦੂਸਰੇ ਸ਼ਹਿਰ , ਇੱਕ ਸਟੇਟ ਤੋ ਦੂਸਰੀ ਸਟੇਟ ਜਾਂਦੇ ਇਹ ਰਾਹੀ ਮੈਨੂੰ ਅਸਲ ਵਿੱਚ ਸ਼ਾਂਤੀ ਦੇ ਪ੍ਰਤੀਕ ਲੱਗਦੇ ਹਨ। ਦੋ ਸਟੇਟਾਂ ਦੇ ਆਪਸੀ ਸੰਬੰਧ ਭਾਵੇ ਕਿਹੋ ਜਿਹੇ ਵੀ ਹੋਣ । ਪਰ ਇਹ ਲੋਕ ਹਮੇਸ਼ਾ ਸ਼ਾਂਤੀ ਬਣਾਈ ਰੱਖਦੇ ਹਨ। ਕੋਈ ਡਰਾਈਵਰ ਪੰਜਾਬੀ, ਬੰਗਾਲੀ, ਬਿਹਾਰੀ, ਮਰਾਠੀ ਜਾਂ ਹਰਿਆਣਵੀ ਹੋਵੇ ਇਹਨਾਂ ਦੇ ਹੱਸਦੇ ਚਿਹਰੇ ਸਾਨੂੰ ਕਈ ਸਵਾਲ ਕਰਦੇ ਜਾਪਦੇ ਹਨ । ਜਦ ਇਹ ਸਭ ਰਲਕੇ ਕਿਸੇ ਹੋਟਲ ਜਾਂ ਸੜਕ ਕਿਨਾਰੇ ਘਾਹ ਤੇ ਮਹਿਫਲਾਂ ਜਮਾਈ ਬੈਠੇ ਹੁੰਦੇ ਹਨ ਤਾਂ ਕਿਸੇ ਸਤਰੰਗੀ ਪੀਂਘ ਦਾ ਭੁਲੇਖਾ ਪਾਉਂਦੇ ਹਨ । ਭਾਵਂੇ ਸਾਡੀ ਸੋਚ ਇਹਨਾਂ ਲੋਕਾਂ ਪ੍ਰਤੀ ਹਾਂ ਪੱਖੀ ਨਹੀ । ਅਸੀ ਹਮੇਸ਼ਾ ਇਹਨਾਂ ਨੁੰ ਨਫ਼ਰਤ ਦੀ ਨਿਗਾ ਨਾਲ ਹੀ ਦੇਖਦੇ ਹਾਂ।ਪਰ ਇਹਨਾਂ ਲੋਕਾਂ ਨੂੰ ਬਿਲਕੁਲ ਵੀ ਫਰਕ ਨਹੀ ਪੈਦਾ। ਇਹ ਕਰਮਯੋਗੀ ਲੋਕ ਹਨ ਜੋ ਸਿਰਫ ਕਰਮ ਕਰਦੇ ਰਹਿਣ ਵਿੱਚ ਵਿਸ਼ਵਾਸ਼ ਰੱਖਦੇ ਹਨ। ਅੱਜ ਭਾਵਂੇ ਅਸੀ ਕੁਝ ਵੀ ਕਹੀਏ , ਏਡਜ ਵਰਗੀ ਭਿਆਨਕ ਬਿਮਾਰੀ ਦੀ ਗੱਲ ਹੋਵੇ ਜਾਂ ਫਿਰ ਬਲਾਤਕਾਰ ਦੀ ਅਸੀ ਇਹਨਾਂ ਨੂੰ ਦੋਸ਼ੀ ਕਹਿੰਦੇ ਹਾਂ । ਪਰ ਸੱਚ ਤਾਂ ਇਹ ਹੈ ਕਿ ਜਿੰਨਾ ਖਤਰਾ ਅੱਜ ਸਾਨੂੰ ਪੜ੍ਹੇ ਲਿਖੇ ਲੋਕਾਂ ਕੋਲੋ ਹੈ । ਓਨਾ ਇਹਨਾਂ ਲੋਕਾਂ ਕੋਲੋ ਨਹੀ। ਇੱਕ ਔਰਤ ਸੜਕ ਦੇ ਕਿਨਾਰੇ ਤੇ ਇਕੱਲਿਆਂ ਜਾਂਦਿਆਂ ਏਨੀ ਅਸੁਰੱਖਿਅਤ ਮਹਿਸੂਸ ਨਹੀਂ ਕਰਦੀ। ਜਿੰਨੀ ਦਫਤਰਾਂ ਵਿੱਚ ਅੱਜ ਔਰਤਾਂ ਇਹਨਾਂ ਸੜਕਾਂ ਦੇ ਸਿਕੰਦਰਾਂ ਤੋ ਏਨਾ ਨਹੀ ਡਰਦੀਆਂ ਜਿੰਨਾਂ ਦਫਤਰਾਂ ਅਤੇ ਵੱਡੀਆਂ ਵੱਡੀਆਂ ਕਂਪਨੀਆਂ ਦੇ ਅਧਿਕਾਰੀਆਂ ਅਤੇ ਬਾਬੂਆਂ ਤੋ  ।


              ਡਰਾਈਵਰਾਂ ਬਾਰੇ ਜਾਨਣ ਦੀ ਮੇਰੀ ਇੱਛਾ ਅੱਜ ਹੋਰ ਵੀ ਪ੍ਰਬਲ ਹੋ ਗਈ, ਜਦ ਮੈ ਦੇਖਿਆ ਦੋ-ਚਾਰ ਮਨਚਲੇ ਮੁੰਡਿਆਂ ਨੇ ਇੱਕ ਮੋੜ ਤੇ ਆਪਣੀ ਗੱਡੀ (ਕਾਰ) ਇੱਕ ਟਰੱਕ ਨੂੰ ਖੱਬੇ ਪਾਸੇ ਤੋਂ ਪਾਸ ਕਰਦਿਆਂ (ਓਵਰਟੇਕ) ਟਰੱਕ ਵਿੱਚ ਮਾਰੀ। ਟਰੱਕ ਵਾਲੇ ਦੀ ਕੋਈ ਗਲਤੀ ਨਹੀ ਸੀ । ਖੁਦ ਗਲਤੀ ਕਰਕੇ ਕਾਰ ਵਾਲੇ ਮੁੰਡਿਆਂ ਨੇ ਅੱਗੇ ਹੋ ਕੇ ਟਰੱਕ ਨੂੰ ਰੋਕਿਆ । ਅਤੇ ਡਰਾਈਵਰ ਨੁੰ ਗਾਲੀ ਗਲੋਚ ਕਰਨ ਲੱਗੇ ਕਿ ਸਾਡਾ ਨੁਕਸਾਨ ਕਰ ਦਿੱਤਾ। ਡਰਾਈਵਰ ਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ । ਪੈਸੇ ਕਾਰ ਵਾਲਿਆਂ ਦੇ ਹੱਥ ਫੜਾ ਉਹਨਾਂ ਤੋ ਖਹਿੜਾ ਛੁਡਾਇਆ। ਤੇ ਅੱਗੇ ਚੱਲ ਪਿਆ।ਮੈ ਉਸਦੀ ਗੱਡੀ(ਟਰੱਕ) ਦਾ ਨੰਬਰ ਨੋਟ ਕੀਤਾ ਤੇ ਟਰੱਕ ਯੂਨੀਅਨ ਰਾਹੀ ਉਸ ਟਰੱਕ ਡਰਾਈਵਰ ਨੁੰ ਲੱਭ ਲਿਆ । ਮੈ ਜਦ ਉਸ ਮੁੰਡੇ ਨਾਲ ਉਸ ਐਕਸੀਡੈਟ ਬਾਰੇ ਗੱਲ ਕੀਤੀ ਕਿ ਵੀਰ ਤੇਰੀ ਗਲਤੀ ਵੀ ਨਹੀ ਸੀ , ਫਿਰ ਵੀ ਪੈਸੇ ਕਿਉ ਦਿੱਤੇ? ਤਾਂ ਉਸਨੇ ਕਿਹਾ ਕਿ ਜੇ ਮੈ ਉਹਨਾਂ ਨਾਲ ਬਹਿਸ ਕਰਦਾ ਤਾਂ ਵੀ ਮੇਰਾ ਕੁਝ ਨਹੀ ਸੀ ਬਣਨਾ ।ਅੱਠ ਦਸ ਹਜਾਰ ਦੇ ਚੱਕਰ ਵਿੱਚ ਮੈ ਟਰੱਕ ਵਿੱਚ ਲੱਦਿਆ ਲੱਖਾਂ ਦਾ ਫਲ ਖਰਾਬ ਕਰਵਾ ਲੈਣਾ ਸੀ । ਸੋ ਆਪੇ ਪ੍ਰਮਾਤਮਾ ਹੀ ਉਹਨਾਂ ਨੁੰ ਸੁਮੱਤ ਬਖਸ਼ੂ  ਇਹ ਲੋਕ ਸਾਡੀਆ ਮਜਬੂਰੀਆਂ ਕੀ ਸਮਝਣ,  ਕਹਿ ਕੇ ਲੰਬਾ ਹਉਕਾ ਲੈਦਿਆਂ, ਉਸਨੇ ਮਸਕਰਾਉਣ ਦਾ ਯਤਨ ਕਰਦਿਆਂ ਕਿਹਾ ਸਮਝ ਲਵਾਂਗੇ ਕਿ ਗੱਡੀ ਨੁੰ ਇੱਕ ਟੈਕਸ ਵੱਧ ਲੱਗ ਗਿਆ । ਮੇਰੀਆਂ ਅੱਖਾਂ ਵਿੱਚ ਹਜਾਰਾਂ ਸਵਾਲ ਦੇਖ ਉਸ ਮੁੰਡੇ ਨੇ ਅੱਗੇ ਕਹਿਣਾ ਸ਼ੁਰੂ ਕੀਤਾ ਕਿ "ਦੇਖੋ ਜੀ ਦੇਸ਼ ਦੀ ਰੀੜ੍ਹ ਦੀ ਹੱਡੀ ਅਖਵਾਉਂਦੀ ਟਰਾਂਸਪੋਰਟ ਅੱਜ ਕਿਸ ਮੋੜ ਤੇ ਖੜੀ ਹੈ ਇਸ ਬਾਰੇ ਲੋਕਾਂ ਨੇ ਤਾਂ ਕੀ ਸਾਡੀਆਂ ਸਰਕਾਰਾਂ ਨੇ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ । ਔਰਤਾਂ ਦੀ ਲਿਪਸਟਿਕ ਤੋਂ ਲੈਕੇ ਜਹਾਜਾਂ ਤੱਕ ਨੂੰ ਢੋਂਹਦੀ ਇਸ ਟਰਾਂਸਪੋਰਟ ਦੇ ਮਾਲਕਾਂ ਦੀ ਹਾਲਤ ਅਨਾਥ ਬੱਚੇ ਵਰਗੀ ਹੋ ਗਈ ਹੈ । ਸ਼ੌਕ ਨਾਲ ਵੀ ਇਸ ਧੰਦੇ ਵਿੱਚ ਆਏ ਲੋਕਾਂ ਲਈ ਹੁਣ ਵਾਪਿਸ ਜਾਣਾ  " ਖਾਵੇ ਤਾਂ ਕੋਹੜੀ ਛੱਡੇ ਤਾਂ ਕਲੰਕੀ ਵਾਂਗ ਹੈ।  ਕਿਉਕਿ ਥੋੜ੍ਹੀ ਬਹੁਤੀ ਜਮੀਨ ਵੇਚਕੇ ਲਏ ਟਰੱਕ ਜਾਂ ਟਰਾਲੇ ਦੇ ਟੈਕਸ ਚਕਾਉਂਦਿਆਂ ਉਹਨਾਂ ਦੇ ਸਾਧਨ ਹੁਣ ਦੁੱਗਣੇ ਕਰਜੇ ਹੇਠ ਹਨ । ਉਹਨਾਂ ਨੁੰ ਆਪਣੇ ਹੀ ਦੇਸ਼ ਦੇ ਟੈਕਸਾਂ ਨੇ ਖਾ ਲਿਆ ਹੈ। ਰੋਟੀ ਖਾਣ ਲਈ ਜੇਬ ਵਿੱਚ ਪੰਜੀ ਹੋਵੇ ਨਾ ਹੋਵੇ ਟੈਕਸ ਤਾਂ ਦੇਣਾ ਹੀ ਪੈਦਾ ਹੈ। ਕਦੇ ਟੋਲ ਟੈਕਸ, ਰੋਡ ਟੈਕਸ,ਸੇਲ ਟੈਕਸ , ਆਰ.ਸੀ. ਟੈਕਸ,ਗੁੱਡ ਟੈਕਸ ਕਦੇ ਪਰਮਿਟ ਟੈਕਸ। ਆਰ.ਸੀ. ਤੇ ਪੈਸੇ ਲਗਾਉਣ ਦੇ ਬਾਵਜੂਦ ਵੀ ਨੈਸ਼ਨਲ ਪਰਮਿਟ ਲਈ ਟੈਕਸ ਚੁਕਾਉਣਾ ਪੈਦਾ ਹੈ।ਇਹਨਾਂ ਟੈਕਸਾਂ ਤੋ ਇਲਾਵਾ ਦਿਨ ਰਾਤ ਹੁੰਦੀ ਲੁੱਟ ਵੀ ਕਿਸੇ ਤੋਂ ਛੁਪੀ ਨਹੀਂ। ਪੂੰਜੀਪਤੀ ਵਰਗ ਵੱਲੋ ਨਵੇਂ-ਨਵੇਂ ਬਹਾਨੇ ਜਿਵੇਂ ਮਾਲ ਲੇਟ ਹੋ ਗਿਆ,ਡੈਮੇਜ ਹੋ ਗਿਆ ਜਾਂ ਸਿੱਲ੍ਹਾ ਹੈ ਕਹਿਕੇ ਬਲੇਲਮੇਲ ਕੀਤਾ ਜਾਂਦਾ ਹੈ। ਬਿਨਾਂ ਵਜ੍ਹਾ ਗੱਦੀ ਖਰਚਾ ਵਪਾਰੀਆਂ ਵੱਲੋ ਲਿਆ ਜਾਂਦਾ ਹੈ ਸਮਾਨ ਸਹੀ ਜਗ੍ਹਾ ਸਹੀ ਸਮੇ ਤੇ ਪਹੁੰਚਾਉਣ ਦੇ ਬਾਵਜੂਦ ਵੀ ਕਿਰਾਏ ਲਈ ਇੰਤਜਾਰ ਕਰਨਾ ਪੈਦਾ ਹੈ । ਭੁੱਖੇ ਤਿਹਾਏ ਜਾਂ ਤਾਂ ਕਿਰਾਏ ਲਈ ਇੰਤਜਾਰ ਕਰਦੇ ਹਨ ਜਾਂ ਵਪਾਰੀ ਨੂੰ ਆਪਣਾ ਖਾਤਾ ਨੰਬਰ ਦੇ ਮਹੀਨਿਆਂ ਤੋ ਵਿਛੜੇ ਪਰਿਵਾਰ ਨੂੰ ਮਿਲਣ ਚਲੇ ਜਾਂਦੇ ਹਨ ਪਰ ਸਦਮਾਂ ਇਹਨਾਂ ਨੂੰ ਉਦੋਂ ਲੱਗਦਾ ਹੈ ਜਦੋਂ ਕਈ-ਕਈ ਦਿਨ ਵਪਾਰੀਆਂ ਵੱਲੋ ਇਹਨਾਂ ਨੂੰ ਪੈਸੇ ਨਹੀ ਭੇਜੇ ਜਾਂਦੇ ਜਿੰਨੀ ਦੇਰ ਇਹਨਾਂ ਨੁੰ ਪਿਛਲਾ ਕਿਰਾਇਆ ਨਹੀ ਮਿਲਦਾ ਓਨੀ ਦੇਰ ਇਹ ਆਪਣੇ ਸਾਧਨ ਦੁਬਾਰਾ ਨਹੀ ਚਲਾ ਸਕਦੇ ਕਿਉਕਿ ਇਹਨਾਂ ਨੇ ਹਜਾਰਾਂ ਦਾ ਤੇਲ ਪਵਾਉਣਾ ਹੁੰਦਾ ਹੈ ।
 


      ਫਿਰ ਰਸਤੇ ਵਿਚ ਆਉਦੀਆਂ ਮੁਸ਼ਕਿਲਾਂ ਵੀ ਘੱਟ ਨਹੀ ਕਈ ਵਾਰ ਬੱਝਵੇ ਸਮੇ ਦਾ ਮਾਲ ਜਿਵੇ ਸਬਜੀਆਂ,ਫਲ, ਆਦਿ ਸਹੀ ਸਮੇ ਵਿੱਚ ਪਹੁੰਚਾਉਣੇ ਹੁੰਦੇ ਹਨ। ਪਰ ਸਰਕਾਰੀ ਅਫਸਰ ਉਹਨਾਂ ਦੀਆਂ ਗੱਡੀਆਂ ਦਿਨੇ ਚੱਲਣ ਨਹੀ ਦਿੰਦੇ । ਜਦ ਰਾਤ ਨੂੰ ਗੱਡੀਆਂ ਚਲਾਉਦੇ ਹਨ ਤਾਂ ਕਾਫੀ ਟਰੈਫਿਕ ਜਾਮ ਵੀ ਲੱਗਦੇ ਹਨ । ਕਿਸੇ ਟਰੈਫਿਕ ਜਾਮ ਜਾਂ ਅਫਸਰਸ਼ਾਹੀ ਦੇ ਅਣਉਚਿੱਤ ਵਤੀਰੇ ਕਾਰਨ ਮਾਲ ਲੇਟ ਪਹੁੰਚਦਾ ਹੈ ਤਾਂ ਉਸਤੋਂ ਬੁਰਾ ਦਿਨ ਇਹਨਾਂ ਲਈ ਹੋਰ ਕੋਈ ਵੀ ਨਹੀ ਹੁੰਦਾ ।ਕਿਉਕਿ ਮਾਲ ਖ਼ਰਾਬ ਹੋ ਜਾਂਦਾ ਹੈ। ਤਾਂ ਉਸ ਖਰਾਬ ਹੋਏ ਮਾਲ ਦੀ ਭਰਪਾਈ ਕਰਨੀ ਪੈਂਦੀ  ਹੈ। ਬੱਝਵੇਂ ਸਮੇਂ ਵਿੱਚ ਮਾਲ ਪਹੁੰਚਾਉਣਾ ਖਤਰੇ ਤੋ ਖਾਲੀ ਨਹੀ ਹੁੰਦਾ ਕਿਉਕਿ ਇਸ ਨਾਲ ਰੋਡ ਐਕਸੀਡੈਂਟ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਰਸਤਿਆਂ ਅਤੇ ਖਾਣਾ ਖਾਣ ਸਮੇ ਡੀਜਲ ਚੋਰੀ ਵਰਗੀਆਂ ਘਟਨਾਵਾਂ ਆਮ ਹੀ ਵਰਤਦੀਆਂ ਰਹਿੰਦੀਆਂ ਹਨ। ਚੋਰੀ ਹੋਏ ਡੀਜਲ ਜਾਂ ਸਮਾਨ ਦੀ ਰਿਪੋਰਟ ਵੀ ਪੁਲਿਸ ਦਰਜ ਨਹੀ ਕਰਦੀ । ਅਫਸਰਾਂ ਦੇ ਕਹਿਣ ਮੁਤਾਬਿਕ ਦਸੰਬਰ ਮਹੀਨੇ ਵਿੱਚ ਬਣਦਾ ਟਾਰਗਿਟ ਪੂਰਾ ਕਰਨ ਲਈ ਵੱਧ ਤੋਂ ਵੱਧ ਚਲਾਣ ਕੱਟੇ ਜਾਂਦੇ ਹਨ।ਦਸੰਬਰ ਮਹੀਨੇ ਦੀ ਸਰਦ ਰੁੱਤ ਵਿੱਚ ਘਰੋਂ ਬਾਹਰ ਰਹਿਣਾ ਤੇ ਦੂਸਰਾ ਨਜਾਇਜ ਚਲਾਣ ਇਹਨਾਂ ਲੋਕਾਂ ਦੇ ਹੌਸਲੇ ਤੋੜ ਕੇ ਰੱਖ ਦਿੰਦੇ ਹਨ।ਕਾਫੀ ਸੇਲ ਟੈਕਸ ਵਪਾਰੀਆਂ ਰਾਹੀ ਡਰਾਈਵਰਾਂ ਨੂੰ ਭੁਗਤਣੇ ਪੈਦੇ ਹਨ। ਸਰਕਾਰੀ ਏਜੰਸੀਆਂ ਦੇ ਸਮਾਨ ਦੀ ਹੁੰਦੀ ਢੋਆ ਢੁਆਈ ਦਾ ਖਰਚ ਪੱਲਿਉ ਕਰਕੇ ਛੇ ਜਾਂ ਅੱਠ-ਅੱਠ ਮਹੀਨੇ ਪੇਮੈਂਟ ਦੀ ਉਡੀਕ ਕਰਨੀ ਪੈਦੀ ਹੈ।


     ਇੱਕ ਬੋਝ ਹੋਰ ਜੋ ਟਰੱਕ ਯੂਨੀਅਨਾਂ ਰਾਹੀ ਇਹਨਾਂ ਰਾਹੀਆਂ ਤੇ ਪਾਇਆ ਜਾਂਦਾ ਹੈ ਉਹ ਹੈ ਅਫਸਰਾਂ ਤੇ ਲੀਡਰਾਂ ਦੀਆਂ ਵੰਗਾਰਾਂ ਦਾ ਬੋਝ।ਕਿਸੇ ਨੇ ਘਰ ਪਾਉਣਾ ਹੋਵੇ,ਉਸ ਲਈ ਸਰੀਆ, ਰੇਤਾ, ਇੱਟਾਂ ਆਦਿ ਇਹਨਾਂ ਨੁੰ ਬਿਨਾਂ ਕਿਰਾਇਆ ਢੋਹਣੀਆਂ ਪੈਦੀਆਂ ਹਨ।ਕਿਸੇ ਅਫਸਰ ਜਾਂ ਲੀਡਰ ਨੇ ਇੱਕ ਸ਼ਹਿਰ ਤੋ ਦੂਸਰੇ ਸ਼ਹਿਰ ਰਿਹਾਇਸ਼ ਕਰਨੀ ਹੋਵੇ ਤਾਂ ਟਰੱਕ ਜਾਂ ਟਰਾਲੇ ਵੰਗਾਰ ਤੇ ਲਿਜਾਂਦੇ ਹਨ।ਜਿਸ ਲਈ ਕਿਰਾਇਆ ਤਾਂ ਦੂਰ ਦੀ ਗੱਲ ਤੇਲ ਵੀ ਨਹੀ ਪਵਾਕੇ ਦਿੱਤਾ ਜਾਂਦਾ। ਸਰਕਾਰੀ ਰੈਲੀਆਂ ਹੋਣ ਜਾਂ ਵੋਟਾਂ ਸਭ ਤੋ ਸਖਤ ਡਿਊਟੀ ਇਹਨਾਂ ਦੀ ਹੀ ਹੁੰਦੀ ਹੈ।ਭਾਵੇ ਸਟੇਟ ਸਰਕਾਰ ਜਾਂ ਕੇਦਰ ਸਰਕਾਰ ਕੋਈ ਵੀ ਆਵੇ ਇਹਨਾਂ ਲਈ ਕਦੇ ਕੋਈ ਪੈਕੇਜ ਨਹੀ ਮਿਲਦੇ।
  


        ਮੈਂ ਇਹ ਸਭ ਕੁਝ ਪੱਥਰ ਬਣ ਸੁਣ ਰਹੀ ਸੀ ਤੇ ਸੋਚ ਰਹੀ ਸੀ ਸੱਚਮੁੱਚ ਸਾਡੀਆਂ ਸਰਕਾਰਾਂ ਨੁੰ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ । ਸਮਾਜ ਸੇਵੀ ਸੰਸਥਾਵਾਂ ਵੱਲੋ ਵੀ ਇਹਨਾਂ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਵਾਉਣੇ ਚਾਹੀਦੇ ਹਨ।ਇਹਨਾਂ ਦੇ ਲੋੜੀਦੇ ਟੈਸਟ "ਪ੍ਰਦੂਸ਼ਣ ਰੋਕੂ ਐਕਟ" ਵਾਂਗ ਇਹਨਾਂ ਦੇ ਲਾਇਸੰਸ ਤੇ ਫਰੀ ਹੋਣੇ ਚਾਹੀਦੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਸ਼ਹਿਰ ਜਾਂ ਤਹਿਸੀਲ ਪੱਧਰ ਤੇ ਇੱਕ ਇੱਕ ਡਿਸਪੈਸਰੀ ਸਿਰਫ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਫਰੀ ਚੈੱਕਅੱਪ ਅਤੇ ਰਿਆਇਤੀ ਦਰਾਂ ਤੇ ਦਵਾਈਆਂ ਦੇਣ ਲਈ ਬਣਾਵੇ।ਇਹਨਾਂ ਲਈ ਹਰ ਸੌ ਜਾਂ ਦੋ ਸੌ ਕਿਲੋਮੀਟਰ ਤੇ ਅਜਿਹੀਆਂ ਬਿਲਡਿੰਗਾਂ ਬਣਵਾਈਆਂ ਜਾਣ। ਜਿੰਨ੍ਹਾਂ ਵਿੱਚ ਇਹਨਾਂ ਦੇ ਸੌਣ ਦੇ ਪ੍ਰਬੰਧ ਦੇ ਨਾਲ ਬਿਜਲੀ ਅਤੇ ਖਾਣ ਪੀਣ ਦੇ ਸਾਮਾਨ ਨੁੰ ਰਿਆਇਤੀ ਦਰਾਂ ਤੇ ਮੁਹੱਈਆ ਕਰਵਾਇਆ ਜਾਵੇ। ਜਿੰਨੀ ਦੇਰ ਇਹ ਰੁਕਣ ਸਬ ਮੀਟਰਾਂ ਦੇ ਯੂਨਿਟਾਂ ਦੇ ਹਿਸਾਬ ਦੇ ਨਾਲ ਪੱਖਿਆਂ (ਬਿਜਲੀ) ਦਾ ਖਰਚਾ ਲਿਆ ਜਾਵੇ। ਤਾਂ ਜੋ ਇਹ ਆਪਣੇ ਆਪ ਨੂੰ ਅਤੇ ਆਪਣੇ ਸਾਧਨਾਂ ਨੂੰ ਸੁਰੱਖਿਅਤ ਸਮਝ ਆਰਾਮ ਕਰ ਸਕਣ ਤਾਂ ਜੋ ਐਕਸੀਡੈਟ ਦੀ ਦਰ ਘਟ ਸਕੇ। ਇਹਨਾਂ ਲਈ ਸਰਕਾਰ ਇੱਕ ਹੈਲਪਲਾਈਨ ਨੰਬਰ ਦੇਵੇ ਤਾਂ ਜੋ ਇਹ ਲੋਕ ਕਿਸੇ ਬਿਪਤਾ ਸਮੇ ਸਲਾਹ ਜਾਂ ਮੱਦਦ ਲੈ ਸਕਣ।
 


        ਜੇਕਰ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰਾਂ ਇਹਨਾਂ ਵੱਲ ਏਨਾ ਕੁ ਧਿਆਨ ਦੇਣ ਤਾਂ ਇਹਨਾਂ ਨੂੰ ਕਾਫੀ ਖੁਸ਼ੀ ਹੋਵੇਗੀ। ਅਸੀਂ ਇਸ ਤਬਕੇ ਨਾਲ ਚੰਗਾ ਵਿਵਹਾਰ ਕਰਕੇ ਸਮਾਜ ਨੂੰ ਵਿਕਾਸਸ਼ੀਲ ਬਣਾ ਸਕਦੇ ਹਾਂ। ਕਿਉਕਿ ਮਹਿੰਗਾਈ ਵਧਣ ਦੇ ਨਾਲ ਡੀਜਲ ਅਤੇ ਟੈਕਸਾਂ ਦੇ ਭਾਅ ਵਧਦੇ ਰਹਿੰਦੇ ਹਨ ਪਰ ਇਹਨਾਂ ਦਾ ਸਫ਼ਰ ਕਦੇ ਨਹੀਂ ਘਟਦਾ । ਜੇ ਦੇਖਿਆ ਅਤੇ ਵਿਚਾਰਿਆ ਜਾਵੇ ਤਾਂ ਇਹ ਸਾਡੇ ਸਮਾਜ ਦਾ ਬਹੁਤ ਹੀ ਜਿੰਮੇਵਾਰ ਤਬਕਾ ਹੈ ਜੋ ਆਪਣੀਆਂ ਲੋੜਾਂ ਂਨੂੰ ਸੰਕੋਚਦੇ ਹੋਏ ਜਿਊਦਾ ਹੈ। ਦੋ ਘੰਟੇ ਦਾ ਸਫ਼ਰ ਸਾਨੂੰ ਥਕਾ ਦਿੰਦਾ ਹੈ ਪਰ ਇਹ ਲੋਕ ਹਮੇਸ਼ਾ ਸਫ਼ਰ ਵਿੱਚ ਰਹਿੰਦੇ ਹਨ।ਸਾਨੂੰ ਇਹਨਾਂ ਦੀਆਂ ਲੋੜਾਂ ਤੇ ਮਜਬ੍ਰੂਰੀਆਂ ਦੇ ਹੱਲ ਕੱਢਣੇ ਚਾਹੀਦੇ ਹਨ । ਜੇ ਇਹ ਲੋਕ ਚਾਹੁੰਣ ਤਾਂ ਦੋ ਦਿਨ ਹੜਤਾਲ ਕਰਕੇ ਆਪਣੀਆਂ ਮੰਗਾਂ ਮੰਨਵਾ ਸਕਦੇ ਹਨ।ਤੇ ਸਾਨੂੰ ਪਤਾ ਹੈ ਇਹਨਾਂ ਦੀ ਦੋ ਦਿਨਾਂ ਦੀ ਹੜਤਾਲ ਨਾਲ ਦੇਸ਼ ਵਿੱਚ ਹਾਹਾਕਾਰ ਮੱਚ ਸਕਦੀ ਹੈ।ਕਿਉਕਿ ਵਪਾਰਕ ਦੁਨੀਆਂ ਦਾ ਧੁਰਾ ਹਨ ਇਹ ਲੋਕ ਅਤੇ ਅਸਲ ਸ਼ਾਂਤੀ ਦੇ ਪ੍ਰਤੀਕ। ਵਪਾਰੀ ਵਰਗ ਨੂੰ ਵੀ ਇਹਨਾਂ ਨਾਲ ਚੰਗਾ ਵਿਵਹਾਰ ਕਰਕੇ ਇਹਨਾਂ ਦੇ ਹੌਸਲੇ ਵਧਾਉਣੇ ਚਾਹੀਦੇ ਹਨ।ਮੈ ਤਾਂ ਹਮੇਸ਼ਾ ਇਹਨਾਂ ਨੂੰ ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਕਹਿਣਾ ਪਸੰਦ ਕਰਦੀ ਹਾਂ ਕਿਉਕਿ ਅਸੀ ਭਾਵੇ ਇਹਨਾਂ ਨੂੰ ਇੱਕ ਵੀ ਮੁਸਕਰਾਹਟ ਨਾ ਦੇਈਏ , ਪਰ ਫਿਰ ਵੀ ਇਹ ਲੋਕ ਹਮੇਸ਼ਾ ਮੁਸਕਰਾaੁਂਦੇ ਨਜਰ ਆaੁਂਦੇ ਹਨ ਅਸੀ ਇਹਨਾਂ ਨਾਲ ਕਿੰਨੀ ਵੀ ਬਦੀ ਕਰੀਏ ਫਿਰ ਵੀ ਇਹ ਸਾਗਰਾਂ ਵਾਂਗ ਸਾਡੇ ਗੁਣਾਂ ਨੂੰ ਛੁਪਾ ਲੈਦੇ ਹਨ ਤੇ ਦਰਿਆਵਾਂ ਵਾਂਗ ਚੱਲਦੇ ਰਹਿੰਦੇ ਹਨ

      ਬੇਅੰਤ ਕੌਰ ਗਿੱਲ ਮੋਗਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech