13

November 2018
Patiala Rattan award to Mr Ujagar Singh Former Disstt Public Relations officerਪਟਿਆਲਾ ਰਤਨ ਅਵਾਰਡ ਦੇ ਕੇ ਸਨਮਾਨਤ ਕੀਤਾ ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੂੰਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ ਵੀ ਪੇਸ਼ਕਾਰਾ ਐਵਾਰਡFlyAmritsarInitiative Impact: Amritsar Airport Gets Six New Air Routes Under UDAN-III SCHEMEਸਿੱਖ ਫੌਜੀਆਂ ਦੀ ਬਹਾਦਰੀ ਦੇ ਪ੍ਰਤੀਕ ਬੁੱਤ ਦੀ ਬੇਅਦਬੀ ਗਹਿਰੀ ਸਾਜ਼ਿਸ਼ ਦਾ ਹਿੱਸਾ-ਯੂਨਾਈਟਿਡ ਖਾਲਸਾ ਦਲ ਯੂ ਕੇ 'ਲਾਟੂ' ਨਾਲ ਅਦਿੱਤੀ ਸ਼ਰਮਾਂ ਦੀ ਮੁੜ ਵਾਪਸੀ ਪਿੰਡ ਮੇਰਾ ਪੁਰਾਣਾ//ਮੱਖਣ ਸ਼ੇਰੋਂ ਵਾਲਾਫੌਜ ਮੁਖੀ ਰਾਵਤ ਦੇ ਬਿਆਨ ਚੋਂ ਸਿੱਖਾਂ ਪ੍ਰਤੀ ਨਫਰਤ ਦੀ ਬੋ ਆਉਂਦੀ ਹੈ// ਬਘੇਲ ਸਿੰਘ ਧਾਲੀਵਾਲਕੌਮ ਦੀ ਲੱਥੀ ਪੱਗ ਮੁੱੜ ਕੌਮ ਦੇ ਸਿਰ 'ਤੇ ਰੱਖਣ ਵਾਲੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੇ 34ਵੇਂ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼//ਮੇਜਰ ਸਿੰਘਕਦੋਂ ਤੱਕ ਲੋਕਾਂ ਨੂੰ ਜ਼ਹਿਰ ਖਲਾਇਆ ਜਾਏਗਾ//ਪ੍ਰਭਜੋਤ ਕੌਰ ਢਿੱਲੋਂ
Article

ਆਰ.ਐਸ.ਐਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਉਪਰ ਭਾਰੂ ਰਿਹਾ , ਉਜਾਗਰ ਸਿੰਘ

November 29, 2017 04:21 PM
ਉਜਾਗਰ ਸਿੰਘ

ਆਰ.ਐਸ.ਐਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ  ਪ੍ਰਧਾਨਗੀ ਉਪਰ ਭਾਰੂ ਰਿਹਾ
                                                                   ਉਜਾਗਰ ਸਿੰਘ
     


ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਆਰ.ਐਸ.ਐਸ. ਭਾਰੂ ਰਿਹਾ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਰਾਸ਼ਟਰੀ ਸਿੱਖ ਸੰਗਤ ਦੀਆਂ ਸਰਗਰਮੀਆਂ ਦੇ ਵਿਰੁਧ ਬੋਲਣਾ ਮਹਿੰਗਾ ਪਿਆ।  ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਵਿਚ ਹਮੇਸ਼ਾ ਦੀ ਤਰ੍ਹਾਂ ਪ੍ਰਧਾਨ ਦੀ ਚੋਣ ਦੀ ਪਰਚੀ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਵਿਚੋਂ ਹੀ ਨਿਕਲੀ ਹੈ ਫਰਕ ਸਿਰਫ ਇਤਨਾ ਹੈ ਕਿ ਇਹ ਪਰਚੀ ਪਰਕਾਸ਼ ਸਿੰਘ ਬਾਦਲ ਦੀ ਥਾਂ ਤੇ ਸੁਖਬੀਰ ਸਿੰਘ ਬਾਦਲ ਦੀ ਜੇਬ ਵਿਚੋਂ ਨਿਕਲੀ ਹੈ। ਇਸ ਪਰਚੀ ਅਨੁਸਾਰ ਸ੍ਰ.ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਵਿਧਾਇਕ,  ਸ੍ਰ.ਸੁਰਜੀਤ ਸਿੰਘ ਬਰਨਾਲਾ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਜ਼ਦੀਕੀ ਰਹੇ ਹਨ ਪ੍ਰਧਾਨ ਬਣ ਗਏ ਹਨ। ਸ੍ਰ.ਗੋਬਿੰਦ ਸਿੰਘ ਲੌਂਗੋਵਾਲ ਇਕ ਸਾਧਾਰਨ, ਸ਼ਰੀਫ, ਇਮਾਨਦਾਰ, ਸਲੀਕੇ ਵਾਲੇ ਅਤੇ ਨਮਰਤਾ ਦੇ ਪੁੰਜ ਹਨ ਪ੍ਰੰਤੂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਜ ਸੂਲਾਂ ਉਪਰ ਤੁਰਨ ਦੇ ਬਰਾਬਰ ਹੈ। ਉਹ ਗੁਰਬਾਣੀ ਦੇ ਗੂੜ੍ਹ ਗਿਆਤਾ ਵੀ ਨਹੀਂ ਹਨ ਅਤੇ ਨਾ ਹੀ ਪ੍ਰਬੰਧਕੀ ਤਜਰਬਾ ਹੈ। ਧਾਰਮਿਕ ਫ਼ੈਸਲੇ ਕਰਨ ਲਈ ਉਨ੍ਹਾਂ ਨੂੰ ਆਪਣੇ ਆਕਾਵਾਂ ਤੇ ਨਿਰਭਰ ਰਹਿਣਾ ਪਵੇਗਾ। ਪਰਮਾਤਮਾ ਉਨ੍ਹਾਂ ਨੂੰ ਸਫਲਤਾ ਨਾਲ ਕੰਮ ਕਰਨ ਦੀ ਤੌਫੀਕ ਦੇਵੇ।ਪਿਛਲੇ ਕਈ ਦਿਨਾ ਤੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੀ ਥਾਂ ਤੇ ਨਵਾਂ ਪ੍ਰਧਾਨ ਬਣਾਇਆ ਜਾਵੇਗਾ ਕਿਉਂਕਿ ਉਹ ਸ੍ਰ.ਸੁਖਬੀਰ ਸਿੰਘ ਬਾਦਲ ਦੀ ਇਛਾ ਅਨੁਸਾਰ ਕੰਮ ਨਹੀਂ ਕਰ ਰਹੇ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀਆਂ ਜੜ੍ਹਾਂ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਅਹੁਦੇ ਤੋਂ ਮੁਕਤ ਕਰਨਾ, ਖਾਲਿਸਤਾਨ ਦੇ ਨਾਹਰੇ ਨੂੰ ਜਾਇਜ ਠਹਿਰਾਉਣਾ, ਰਾਸ਼ਟਰੀ ਸਿੱਖ ਸੰਗਤ ਦੇ ਦਿੱਲੀ ਵਿਚ ਆਯੋਜਤ ਕੀਤੇ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਸੰਬੰਧੀ ਸਮਾਗਮ ਵਿਚ ਸਿੱਖਾਂ ਨੂੰ ਸ਼ਾਮਲ ਹੋਣ ਤੋਂ ਰੋਕਣਾ, ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਸ੍ਰੀ ਅਨਸਾਰੀ ਦੇ ਬਿਆਨ ਦਾ ਸਮਰਥਨ ਕਰਨਾ ਕਿ ਭਾਰਤ ਵਿਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਨੂੰ 26 ਦਸੰਬਰ ਦੀ ਥਾਂ 5 ਜਨਵਰੀ ਨੂੰ ਮਨਾਉਣਾ, ਸ਼ਰੋਮਣੀ ਕਮਟੀ ਦੇ ਸਕੂਲਾਂ ਕਾਲਜਾਂ ਦਾ ਆਡਿਟ ਕਰਵਾਉਣਾ ਅਤੇ ਗੁਰਦੁਆਰਾ ਪ੍ਰਬੰਧ ਵਿਚ ਪਾਰਦਰਸ਼ਤਾ ਲਿਆਉਣਾ ਆਦਿ ਬੈਠੇ ਹਨ।


      ਪ੍ਰੋ.ਕਿਰਪਾਲ ਸਿੰਘ ਬਡੂੰਗਰ ਦਾ ਪੜ੍ਹੇ ਲਿਖੇ ਹੋਣਾ ਅਤੇ ਪਾਰਟੀ  ਦੀ  ਲਾਈਨ  ਅਨੁਸਾਰ ਨਾ ਚਲਣਾ ਵੀ  ਤੀਜੀ ਵਾਰ ਪ੍ਰਧਾਨਗੀ ਦੇ ਰਾਹ ਵਿਚ ਰੋੜਾ ਬਣੇ ਹਨ ਕਿਉਂਕਿ ਅਕਾਲੀ ਦਲ ਇਸ ਸਮੇਂ ਆਰ.ਐਸ.ਐਸ. ਦੀ ਅਨੁਸਾਰ ਕੰਮ ਕਰ ਰਿਹਾ ਹੈ। ਪੜ੍ਹੇ ਲਿਖੇ ਹੋਣ ਕਰਕੇ ਪਾਰਟੀ ਦੇ ਹਰ ਫ਼ੈਸਲੇ ਲਈ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦਲੀਲ ਨਾਲ ਗੱਲ ਕਰਦੇ ਸਨ। ਜਦੋਂ ਜੀ.ਐਸ.ਟੀ. ਲਾਗੂ ਹੋਇਆ ਤਾਂ ਕੁਝ ਚੋਣਵੇਂ ਧਰਮਿਕ ਸਥਾਨਾ ਨੂੰ ਉਸ ਤੋਂ ਛੋਟ ਦਿੱਤੀ ਗਈ ਪ੍ਰੰਤੂ ਸ੍ਰੀ ਹਰਿਮੰਦਰ ਸਾਹਿਬ ਨੂੰ ਛੋਟ ਨਹੀਂ ਦਿੱਤੀ ਗਈ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੇ ਜੀ.ਐਸ.ਟੀ.ਤੋ ਹਰਿਮੰਦਰ ਸਹਿਬ ਨੂੰ ਛੋਟ ਦੇਣ ਲਈ ਪੁਰਜ਼ੋਰ ਵਕਾਲਤ ਕੀਤੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਰਾਸ਼ਟਰੀ ਸਿੰਘ ਸੰਗਤ ਨੇ ਚੰਗਾ ਨਹੀਂ ਸਮਝਿਆ। ਸ਼ਰੋਮਣੀ ਅਕਾਲੀ ਦਲ ਜਿਸਦੇ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਹਨ, ਉਨ੍ਹਾਂ ਦੀ ਪਤਨੀ ਕੇਂਦਰ ਸਰਕਾਰ ਵਿਚ ਮੰਤਰੀ ਹਨ, ਇਸ ਲਈ ਕੇਂਦਰ ਸਰਕਾਰ ਨੂੰ ਨਾਰਾਜ਼ ਕਰਨਾ ਉਨ੍ਹਾਂ ਠੀਕ ਨਹੀਂ ਸਮਝਿਆ ਅਤੇ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੀ ਬਲੀ ਦੇ ਦਿੱਤੀ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਹੋਂਦ ਵਿਚ ਆਉਣ ਤੋਂ ਬਾਅਦ ਜਿਤਨੇ ਵੀ ਇਸਦੇ ਪ੍ਰਧਾਨ ਰਹੇ ਉਨ੍ਹਾਂ ਵਿਚ ਜੱਟ ਸਿੱਖਾਂ ਦੀ ਹੀ ਬਹੁਤਾਤ ਰਹੀ ਹੈ। ਇੱਕਾ ਦੁੱਕਾ ਨੂੰ ਛੱਡਕੇ ਜੱਟ ਸਿੱਖ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਰਹੇ। ਜਿਤਨੇ ਵੀ ਪ੍ਰਧਾਨ ਰਹੇ ਉਨ੍ਹਾਂ ਵਿਚ ਪੜ੍ਹੇ ਲਿਖੇ ਵੀ ਨਾਮਾਤਰ ਹੀ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਸਭ ਤੋਂ ਜ਼ਿਆਦਾ ਲੰਮਾ ਸਮਾ 27 ਸਾਲ ਪ੍ਰਧਾਨ ਰਹੇ ਭਾਵੇਂ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਆਪਣਾ ਕਾਰਜ ਭਾਗ ਬੜੇ ਸੁਚੱਜੇ ਢੰਗ ਨਾਲ ਚਲਾਉਂਦੇ ਰਹੇ। ਧੜੇਬੰਦੀ ਹਮੇਸ਼ਾ ਹੀ ਕਾਰਗੁਜ਼ਾਰੀ ਨੂੰ ਪ੍ਰਭਾਵਤ ਕਰਦੀ ਰਹੀ। ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਬੀਬੀ ਜਾਗੀਰ ਕੌਰ, ਅਵਤਾਰ ਸਿੰਘ ਮੱਕੜ ਅਤੇ ਪ੍ਰੋ.ਕਿਰਪਾਲ ਸਿੰਘ ਬਡੂੰਗਰ ਹੀ ਗ਼ੈਰ ਜੱਟ ਸਿੱਖ ਪ੍ਰਧਾਨ ਰਹੇ ਹਨ। ਗ਼ੈਰ ਜੱਟ ਸਿੱਖਾਂ ਵਿਚੋਂ ਸਭ ਤੋਂ ਵੱਧ ਸਫਲ ਪ੍ਰੋ.ਕਿਰਪਾਲ ਸਿੰਘ ਬਡੂੰਗਰ ਹੀ ਰਹੇ ਹਨ ਕਿਉਂਕਿ ਉਨ੍ਹਾਂ ਦਾ ਨਮਰਤਾ ਵਾਲਾ ਸੁਭਾਅ ਕਾਰਗਰ ਸਾਬਤ ਹੋਇਆ ਹੈ। ਰਾਜਨੀਤੀ ਵਿਚ ਤਾਂ ਭਰਿਸ਼ਟਾਚਾਰ ਦਾ ਭਾਰੂ ਹੋਣਾ ਆਮ ਜਿਹੀ ਗੱਲ ਬਣ ਗਈ ਹੈ ਪ੍ਰੰਤੂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਿਆਸਤ ਅਤੇ ਭਰਿਸ਼ਟਾਚਾਰ ਦਾ ਭਾਰੂ ਹੋਣਾ ਅਜੀਬ ਜਿਹੀ ਗੱਲ ਹੈ ਕਿਉਂਕਿ ਧਾਰਮਿਕ ਪ੍ਰਬੰਧ ਵਿਚ ਤਾਂ ਸਿਆਸਤ ਅਤੇ ਭਰਿਸ਼ਟਾਚਾਰ ਹੋਣਾ ਅਖੜਦਾ ਹੈ। ਉਨ੍ਹਾਂ ਨੇ ਤਾਂ ਧਾਰਮਿਕ ਅਗਵਾਈ ਹੀ ਦੇਣੀ ਹੁੰਦੀ ਹੈ ਪ੍ਰੰਤੂ ਕੁਰਸੀ ਬਰਕਰਾਰ ਰੱਖਣ ਲਈ ਅਜਿਹਾ ਹੋਣ ਲੱਗ ਪਿਆ ਸੀ।


      ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਵਿਚ ਪਾਰਦਰਸ਼ਤਾ ਤਾਂ ਰਹੀ ਪ੍ਰੰਤੂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਨਾਲ ਜੋੜਨ ਲਈ ਉਨ੍ਹਾਂ ਦੀ ਮਰਜੀ ਅਨੁਸਾਰ ਮੁਲਾਜ਼ਮਾ ਦੀ ਭਰਤੀ ਕੀਤੀ ਜਾਂਦੀ ਰਹੀ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਗਈਆਂ ਪ੍ਰੰਤੂ ਉਨ੍ਹਾਂ ਤੋਂ ਬਾਅਦ ਭਰਿਸ਼ਟਾਚਾਰ ਹੱਦ ਬੰਨ੍ਹੇ ਹੀ ਟੱਪ ਗਿਆ। ਜੇਕਰ ਕਿਸੇ ਪ੍ਰਧਾਨ ਨੇ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਨਤੀਜੇ ਭੁਗਤਣੇ ਪਏ ਕਿਉਂਕਿ ਗੁਰਦੁਆਰਾ ਪ੍ਰਬੰਧ ਵਿਚ ਸਿਆਸਤ ਭਾਰੂ ਪੈਣ ਲੱਗ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਾਜ਼ ਵਿਚ ਪਾਰਦਰਸ਼ਤਾ ਲਿਆਉਣ ਦਾ ਸਿਹਰਾ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਜਾਂਦਾ ਹੈ ਜਿਨ੍ਹਾਂ ਕਮੇਟੀ ਦੀ ਕਾਰਜਕੁਸ਼ਲਤਾ ਵਧਾਉਣ ਲਈ ਸਾਰਥਿਕ ਉਪਰਾਲੇ ਕਰਕੇ ਭਾਈ ਭਤੀਜਾਵਾਦ ਨੂੰ ਨੱਥ ਪਾਈ ਹੈ। ਸ਼ਰੋਮਣੀ ਕਮੇਟੀ ਦੇ ਇਤਿਹਾਸ ਵਿਚ ਪੜ੍ਹੇ ਲਿਖੇ ਵਿਦਵਾਨ ਵਿਅਕਤੀ ਦੇ ਤੌਰ ਇਮਾਨਦਾਰੀ ਨਾਲ ਕੰਮ ਕਰਕੇ ਆਪਣੀ ਛਾਪ ਛੱਡ ਦਿੱਤੀ ਹੈ। ਭਾਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਬੇਹੱਦ ਇਮਾਨਦਾਰ ਸਨ ਪ੍ਰੰਤੂ ਕਈ ਵਾਰ ਉਨ੍ਹਾਂ ਨੂੰ ਵੀ ਸਿਆਸੀ ਮਜ਼ਬਰੀਆਂ ਕਰਕੇ ਹਾਲਾਤ ਮੁਤਾਬਕ ਬਦਲਣਾ ਪੈਂਦਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਾਦਲ ਪਰਿਵਾਰ ਦੀ ਜੇਬ ਵਿਚੋਂ ਨਿਕਲਦਾ ਹੈ, ਇਸ ਕਰਕੇ ਉਹ ਆਪਣੀ ਮਰਜੀ ਅਤੇ ਲਿਆਕਤ ਅਨੁਸਾਰ ਕੰਮ ਨਹੀਂ ਕਰ ਸਕਦਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਇਲਾਵਾ ਬਾਕੀ ਪ੍ਰਧਾਨਾ ਬਾਰੇ ਕਾਫੀ ਹੱਦ ਤੱਕ ਇਹ ਸਹੀ ਵੀ ਸਾਬਤ ਹੁੰਦਾ ਰਿਹਾ ਹੈ। ਜਦੋਂ ਜਥੇਦਾਰ ਟੌਹੜਾ ਆਪਣੀ ਮਰਜੀ ਕਰਦੇ ਸਨ ਤਾਂ ਉਦੋਂ ਵੀ ਕਲੇਸ਼ ਪੈਂਦਾ ਰਿਹਾ ਹੈ। ਜਿਸ ਕਰਕੇ ਉਨ੍ਹਾਂ ਨੂੰ ਆਪਣੇ ਔਹਦੇ ਤੋਂ ਅਸਤੀਫਾ ਵੀ ਦੇਣਾ ਪਿਆ ਸੀ। ਇਕ ਸਮਾਂ ਐਸਾ ਵੀ ਆਇਆ ਕਿ ਪਰਿਵਾਰਿਕ ਮਜ਼ਬੂਰੀਆਂ ਕਰਕੇ ਜਥੇਦਾਰ ਟੌਹੜਾ ਨੂੰ ਮੁੜਕੇ ਅਕਾਲੀ ਦਲ ਦੀ ਸ਼ਰਨ ਵਿਚ ਆਉਣਾ ਪਿਆ।


       ਪ੍ਰੋ.ਕਿਰਪਾਲ ਸਿੰਘ ਬਡੂੰਗਰ ਤਿੰਨ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਨ, ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸ਼ਰੋਮਣੀ ਪ੍ਰਬੰਧਕ ਕਮੇਟੀ ਦੀ ਕਾਰਜ ਪ੍ਰਣਾਲੀ ਵਿਚ ਕਈ ਵਿਲੱਖਣ ਤਬਦੀਲੀਆਂ ਕੀਤੀਆਂ ਹਨ, ਭਾਵੇਂ ਉਹ ਇਹ ਤਬਦੀਲੀਆਂ ਆਪਣੀ ਮਰਜੀ ਨਾਲ ਕਰਦੇ ਰਹੇ ਹਨ ਪ੍ਰੰਤੂ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਨਾਲ ਸਿੱਧਾ ਆਹਡਾ ਨਹੀਂ ਲਾਇਆ ਸਗੋਂ ਆਪਣੀ ਲਿਆਕਤ ਅਤੇ ਦਲੀਲ ਨਾਲ ਉਨ੍ਹਾਂ ਨੂੰ ਆਪਣੀ ਗੱਲ ਮਨਵਾਉਣ ਵਿਚ ਸਫਲ ਰਹੇ ਹਨ ਕਿਉਂਕਿ ਉਨ੍ਹਾਂ ਨਮਰਤਾ ਦਾ ਪੱਲਾ ਨਹੀਂ ਛੱਡਿਆ। ਉਹ ਜ਼ਮੀਨੀ ਪੱਧਰ ਦੇ ਹਲੀਮੀ ਵਾਲੇ ਇਨਸਾਨ ਹਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਤਨੇ ਵੀ ਪ੍ਰਧਾਨ ਰਹੇ ਹਨ, ਉਹ ਆਪਣੀਆਂ ਸਿਆਸੀ ਮਜ਼ਬੂਰੀਆਂ ਕਰਕੇ ਹਾਲਾਤ ਨਾਲ ਸਮਝੌਤੇ ਕਰਦੇ ਰਹੇ ਹਨ, ਪ੍ਰੋ.ਬਡੂੰਗਰ ਨੇ ਵੀ ਕੀਤੇ ਹੋਣਗੇ ਪ੍ਰੰਤੂ ਉਨ੍ਹਾਂ ਇਮਾਨਦਾਰੀ ਅਤੇ ਸਚਾਈ ਉਪਰ ਪਹਿਰਾ ਦੇਣ ਤੋਂ ਪਾਸਾ ਨਹੀਂ ਵੱਟਿਆ। ਸ਼ਰੋਮਣੀ ਕਮੇਟੀ ਬਦਇੰਤਜ਼ਾਮੀ, ਕੁਨਬਾਪਰਬਰੀ, ਭਰਿਸ਼ਟਾਚਾਰ, ਕਾਰ ਸੇਵਾ, ਸਿਆਸੀ ਦਖ਼ਲ ਅੰਦਾਜੀ ਨਾਲ ਭਰਤੀ, ਚਹੇਤਿਆਂ ਨੂੰ ਗੱਫ਼ੇ, ਨਵੇਂ ਅਹੁਦੇ ਬਣਾਕੇ ਨਿਵਾਜਣਾ ਅਤੇ ਸੰਗਤ ਦੀ ਦਸਾਂ ਨਹੁੰਾਂ ਦੀ ਕਮਾਈ ਵਿਚੋਂ ਵਿਦੇਸ਼ਾਂ ਦੀ ਸੈਰ ਅਤੇ ਕਾਰਾਂ ਦੇ ਝੂਟੇ ਲੈਣਾ ਆਮ ਜਹੀ ਗੱਲ ਹੋ ਗਈ ਸੀ, ਜਿਸਨੂੰ ਵਿਰਾਮ ਚਿੰਨ੍ਹ ਪ੍ਰੋ. ਬਡੂੰਗਰ ਲਗਾਉਣ ਵਿਚ ਸਫਲ ਹੋਏ ਹਨ। ਮੈਡੀਕਲ ਕਾਲਜ ਦੀ ਵਰਕਿੰਗ, ਉਸਦੀ ਕਾਰਜ਼ਕੁਸ਼ਲਾ ਵਿਚ ਵਾਧਾ ਕਰਨ ਲਈ ਮਾਹਿਰਾਂ ਦੀਆਂ ਨਿਯੁਕਤੀਆਂ ਵਿਚ ਪਾਰਦਰਸ਼ਤਾ ਲਿਆਉਣ ਲਈ ਪੀ.ਜੀ.ਆਈ.ਦੇ ਸਾਬਕਾ ਡਾਇਰੈਕਟਰ ਕੇ.ਕੇ.ਤਲਵਾੜ ਦੀ ਅਗਵਾਈ ਵਿਚ ਮਾਹਿਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ, ਜਿਸਦੇ ਮੈਂਬਰ ਦਿਲ ਦੇ ਰੋਗਾਂ ਦੇ ਮਾਹਿਰ ਡਾ.ਸੁਧੀਰ ਵਰਮਾ, ਡਾ.ਜੀ.ਐਸ.ਵਾਂਡਰ ਅਤੇ ਹੱਡੀਆਂ ਦੇ ਮਾਹਿਰ ਡਾ.ਹਰਦਾਸ ਸਿੰਘ ਹਨ। ਇਹ ਕਮੇਟੀ ਡਾਕਟਰਾਂ ਦੀ ਭਰਤੀ ਵੀ ਕਰੇਗੀ ਤਾਂ ਜੋ ਸ੍ਰੀ ਰਾਮ ਦਾਸ ਮੈਡੀਕਲ ਕਾਲਜ ਦੀ ਭਰੋਸੇਯੋਗਤਾ ਵਿਚ ਵਾਧਾ ਕੀਤਾ ਜਾ ਸਕੇ। ਇਸ ਕਮੇਟੀ ਨੇ ਇਸ ਕਾਲਜ ਦੇ ਪ੍ਰਿੰਸੀਪਲ ਡਾ.ਬਲਜਿੰਦਰ ਸਿੰਘ ਬਲ ਦੀ ਚੋਣ ਮੈਰਿਟ ਉਪਰ ਕੀਤੀ ਹੈ। ਇਸੇ ਤਰ੍ਹਾਂ ਸ਼ਰੋਮਣੀ ਕਮੇਟੀ ਦੇ ਉਸਾਰੀ ਦੇ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਸੇਵਾ ਮੁਕਤ ਮੁੱਖ ਇੰਜਿਨੀਅਰ ਕੁਲਬੀਰ ਸਿੰਘ ਸ਼ੇਰਗਿਲ ਦੀ ਅਗਵਾਈ ਵਿਚ ਕਮੇਟੀ ਬਣਾਈ ਗਈ ਹੈ, ਸ੍ਰੀ ਅਮਰਜੀਤ ਸਿੰਘ ਦੁਲੱਟ ਸੇਵਾ ਮੁਕਤ ਮੁੱਖ ਇੰਜਨੀਅਰ ਮੈਂਬਰ ਹੋਣਗੇ। ਸ਼ਰੋਮਣੀ ਕਮੇਟੀ ਦੇ ਸਕੂਲਾਂ ਅਤੇ ਕਾਲਜਾਂ ਦੇ ਲੇਖੇ ਜੋਖੇ ਦੀ ਆਡਿਟ ਕਰਨ ਲਈ ਇਕ ਆਡਿਟ ਕਮੇਟੀ ਬਣਾ ਦਿੱਤੀ ਗਈ ਹੈ। ਇਨ੍ਹਾਂ ਕਮੇਟੀਆਂ ਦੇ ਬਣਨ ਨਾਲ ਭਰਿਸ਼ਟਾਚਾਰ ਨੂੰ ਰੋਕਿਆ ਜਾ ਸਕੇਗਾ। 4 ਲੱਖ ਰੁਪਏ ਮਹੀਨਾ ਤਨਖ਼ਾਹ ਲੈਣ ਵਾਲੇ ਮੁੱਖ ਸਕੱਤਰ ਉਪਰ ਕੁਝ ਪਾਬੰਦੀਆਂ ਲਾਈਆਂ ਜਿਸ ਕਰਕੇ ਉਸਨੂੰ ਆਪਣਾ ਅਹੁਦਾ ਛੱਡਣ ਲਈ ਮਜ਼ਬੂਰ ਹੋਣਾ ਪਿਆ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੇ ਇਤਿਹਾਸਕ ਫ਼ੈਸਲੇ ਹੀ  ਉਸਦੇ ਦੁਬਾਰਾ ਪ੍ਰਧਾਨ ਬਣਨ ਦੇ ਰਾਹ ਵਿਚ ਅੜਿਕਾ ਬਣੇ ਹਨ।

                                    

  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
                                      

   ਮਕਾਨ ਨੰਬਰ 3078, ਫੇਜ-2,
                                        

  ਅਰਬਨ ਅਸਟੇਟ

ਮੋਬਾਈਲ-94178 13072

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech