16

October 2018
Article

ਨਵੇਂ ਸਾਲ ਦੀ ਘੁੰਡ ਚੁਕਾਈ ,,,,,,,,,,,, ਬੇਅੰਤ ਕੌਰ ਗਿੱਲ ਮੋਗਾ

December 04, 2017 09:02 PM

ਨਵੇਂ ਸਾਲ ਦੀ ਘੁੰਡ ਚੁਕਾਈ  
        
ਨਵਾਂ ਸਾਲ ਆਉਣ ਲਈ ਕਾਹਲਾ ਹੈ। ਹਰ ਕੋਈ ਨਵੇਂ ਸਾਲ ਦੀ ਉਡੀਕ ਬੇਸਬਰੀ ਨਾਲ ਕਰ ਰਿਹਾ ਹੈ। ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਇੱਕ ਮਹੀਨਾ ਪਹਿਲਾਂ ਹੀ 'ਨਵਾਂ ਸਾਲ ਮੁਬਾਰਕ ਹੋਵੇ' ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਹਨ। ਆਖਿਰ ਨਵਾਂ ਸਾਲ ਸਾਡੇ ਲਈ ਢੇਰਾਂ ਸਾਰੇ ਤੋਹਫੇ ਵੀ ਲਿਆ ਸਕਦਾ ਹੈ। ਪਤਾ ਨਹੀਂ ਨਵਾਂ ਸਾਲ ਆਪਣੀ ਪਟਾਰੀ ਵਿੱਚ ਕਿਹੜੇ-ਕਿਹੜੇ ਤੋਹਫ਼ੇ ਤੇ ਕਿੰਨੀਆਂ ਖ਼ੁਸ਼ੀਆਂ ਸਮੋਈ ਬੈਠਾ ਹੋਵੇਗਾ? ਉਸਦੇ ਲਈ ਵੀ ਤਾਂ ਅਸੀਂ ਨਵੇਂ ਹੀ ਹਾਂ। ਬੱਚੇ ਘਰ ਨੂੰ ਸਜਾ ਰਹੇ ਹਨ ਅਤੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਜਦ ਉਹ ਹਰ ਚੀਜ਼ ਨੂੰ ਨਵੇਂ ਤਰੀਕੇ ਨਾਲ ਸਜਾ ਰਹੇ ਹਨ ਤਾਂ ਇੱਕ ਦੂਜੇ ਨੂੰ ਨਸੀਹਤਾਂ ਵੀ ਦੇ ਰਹੇ ਹਨ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਅਤੀਤ ਵਿੱਚ ਗੁਆਚ ਗਈ ਹਾਂ। ਵੀਹ ਸਾਲ ਪਹਿਲਾਂ ਵਾਲਾ ਅਤੀਤ, ਜਦ ਵੀਰ ਦੇ ਵਿਆਹ ਦੀ ਤਿਆਰੀ ਹੋ ਰਹੀ ਸੀ। ਭਾਬੋਂ ਰਾਣੀ ਨਵੇਂ ਘਰ ਵਿੱਚ ਆਉਣ ਵਾਲੀ ਸੀ। ਘਰ ਨੂੰ ਸਜਾਇਆ ਜਾ ਰਿਹਾ ਸੀ। ਭਾਬੀ ਦੇ ਆਉਣ ਤੋਂ ਪਹਿਲਾਂ ਹੀ ਭਾਬੀ ਦੀ ਹੋਂਦ ਦਾ ਅਹਿਸਾਸ ਘਰ ਵਿੱਚ ਹੋਣ ਲੱਗਾ ਸੀ। ਘਰ ਦਾ ਹਰ ਕਨਾ ਮਹਿਕਦਾ ਮਹਿਸੂਸ ਹੁੰਦਾ ਸੀ, ਹਵਾ ਨਾਲ ਹਿਲਦੇ ਫੁੱਲ ਪੱਤੇ ਭਾਬੀ ਦੀਆਂ ਚੂੜੀਆਂ ਅਤੇ ਪੰਜੇਬਾਂ ਦੀ ਛਣਕਾਰ ਦਾ ਭੁਲੇਖਾ ਪਾਉਂਦੇ। ਘਰ ਦਾ ਹਰ ਕੋਨਾ ਸਾਫ ਸੁਥਰਾ ਕਰਨ ਤੋਂ ਬਾਅਦ, ਹੁਣ ਵਾਰੀ ਸੀ ਘਰ ਦੇ ਜੀਆਂ ਨੂੰ ਆਪਣੇ ਮਨ ਸਾਫ਼ ਕਰਨ ਦੀ। ਘਰ ਦੇ ਬਜ਼ੁਰਗਾਂ ਵੱਲੋਂ ਹਰ ਰੋਜ਼ ਪਰਿਵਾਰ ਦੀ ਕਲਾਸ ਲੱਗਦੀ ਸੀ ਕਿ ਨਵੇਂ ਜੀਅ(ਭਾਬੀ) ਨੂੰ ਘਰ ਵਿੱਚ ਕਿਵੇਂ ਰੱਖਣਾ ਹੈ? ਉਸਨੂੰ ਕੋਈ ਤਕਲੀਫ਼ ਨਾ ਹੋਵੇ ਆਦਿ। ਸਾਡੇ ਬਹੁਤ ਹੀ ਪੁਰਾਣੇ ਅਤੇ ਵਫ਼ਾਦਾਰ ਸਾਂਝੀ(ਸੀਰੀ) ਨੇ ਹੱਸ ਕੇ ਕਹਿਣਾ ਕਿ ਨਵੇਂ ਜੀਅ ਨੂੰ ਕੌਣ ਸਿਖਾਊ ਇਹ ਗੱਲਾਂ? ਤਾਂ ਅੱਗੋਂ ਬਜ਼ੁਰਗਾਂ ਨੇ ਕਹਿਣਾ, "ਭਾਈ ਜੇ ਸ਼ੀਸ਼ਾ ਸਾਫ਼ ਹੋਊ ਤਾਂ ਦੇਖਣ ਵਾਲੇ ਨੂੰ ਮੂੰਹ ਧੁੰਧਲਾ ਨਹੀਂ ਦਿਸਦਾ, ਇੱਕ ਜੀਅ ਬਾਕੀ ਜੀਆਂ ਨੂੰ ਦੇਖ ਆਪੇ ਸਮਝਦਾਰ ਹੋ ਜਾਊ, ਜਮੀਨ ਚੰਗੀ ਹੋਵੇ ਤਾਂ ਬੀਜ਼ ਨੂੰ ਉੱਗਣ ਵਿੱਚ ਤਕਲੀਫ਼ ਘੱਟ ਹੁੰਦੀ ਹੈ।" ਸੱਚਮੁੱਚ ਬਜ਼ੁਰਗਾਂ ਦਾ ਤਜ਼ਰਬਾਂ ਲੋਹੇ ਤੇ ਲਕੀਰ ਸਾਬਿਤ ਹੋਇਆ। ਅੱਜ ਵੀ ਸਾਰਾ ਪਰਿਵਾਰ ਭਾਬੋ ਦੀ ਮਹਿਕ ਵਿੱਚ ਮਹਿਕਦਾ ਹੈ। ਮੈਂ ਸੋਚਦੀ ਹਾਂ ਕਿ ਸਾਨੂੰ ਵੀ ਬਾਹਰੀ ਦਿਖਾਵੇ, ਸਾਫ-ਸਫਾਈ ਦੇ ਨਾਲ ਨਾਲ ਮਨ-ਅੰਦਰ ਵੀ ਬੱਤੀ ਜਗਾਉਣੀ ਚਾਹੀਦੀ ਹੈ। ਹਰ ਨਵੇਂ ਸਾਲ ਦੀ ਆਮਦ ਤੇ ਅਸੀਂ ਢੇਰਾਂ ਪਟਾਕੇ ਚਲਾਉਂਦੇ ਹਾਂ ਪਰ ਆਪਣੇ ਅੰਦਰ ਜਾਤੀਵਾਦ, ਨਸਲਵਾਦ, ਛੂਤ-ਛਾਤ, ਗਰੀਬੀ ਅਮੀਰੀ ਦੇ ਭੇਦਭਾਵ ਦੇ ਬਾਰੂਦ ਨੂੰ ਕਦੇ ਸਾੜਨ ਦੀ ਕੋਸ਼ਿਸ ਨਹੀਂ ਕਰਦੇ। ਨਾਂ ਤਾਂ ਅਸੀਂ ਮੈਲੇ ਕੱਪੜਿਆਂ ਵਿੱਚ ਬੈਠੇ ਕਿਸੇ ਰਾਜਕੁਮਾਰ ਦਾ ਦਰਦ ਸਮਝਦੇ ਹਾਂ ਅਤੇ ਨਾਂ ਹੀ ਮਹਿਕਦੇ ਕੱਪੜਿਆਂ ਵਿੱਚ ਲੁਕੇ ਮੈਲੇ ਮਨਾਂ ਨੂੰ ਪਛਾਣ ਸਕੇ ਹਾਂ। ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਲੱਖਾਂ ਰੁਪਇਆਂ ਦੀ ਨਵੀਆਂ ਸਕੀਮਾਂ ਬਣਾਉਂਦੇ ਹਾਂ। ਪਰ ਬੀਤ ਚੁੱਕੇ ਸਾਲ ਵਿੱਚ ਸਾਡੇ ਕਰਕੇ ਬਰਬਾਦ ਹੋਈਆ ਜ਼ਿੰਦਗੀਆਂ ਤੇ ਬਨਸਪਤੀ ਨੂੰ ਭੁੱਲ ਜਾਂਦੇ ਹਾਂ। ਕਦੇ-ਕਦੇ ਲਗਦਾ ਹੈ ਕਿ ਨਵਾਂ ਸਾਲ ਵੀ ਉਸ ਧੂਮ-ਧੜੱਕੇ ਨਾਲ ਵਿਆਹੀ ਕੁੜੀ ਵਰਗਾ ਹੀ ਹੈ ਜਿਸਨੂੰ ਵਿਆਹੁਣ ਤੋਂ ਕੁਝ ਮਹੀਨੇ ਬਾਅਦ ਹੀ ਘਰੋਂ ਕੱਢ ਦਿੱਤਾ ਜਾਂਦਾ ਹੈ ਜਾਂ ਬਦਸਲੂਕੀਆਂ ਕੀਤੀ ਜਾਂਦੀਆਂ ਹਨ। ਚਾਹੁੰਦੇ ਹਾਂ ਅਸੀਂ ਕਿ ਨਵਾ ਸਾਲ ਸਾਡੇ ਲਈ ਖੁਸ਼ੀਆਂ ਅਤੇ ਤੋਹਫੇ ਲੈ ਕੇ ਆਵੇ। ਪਰ ਦੋਸਤੋ ਇਸ ਤੋਂ ਪਹਿਲਾਂ ਅਸੀਂ ਵੀ ਨਵੇਂ ਸਾਲ ਉਪਰ ਇੱਕ ਅਹਿਸਾਨ ਕਰ ਦਈਏ। ਕਿਉਂ ਨਾ ਅਸੀਂ ਇੱਕ ਇੱਕ ਬੱਚੇ ਨੂੰ ਪੜ੍ਹਾਉਣ ਦਾ ਜੁੰਮਾ ਲੈ ਲਈਏ?  ਕਿਉਂ ਨਾ ਅਸੀਂ ਕਿਸੇ ਬੇਘਰ ਨੂੰ ਘਰ ਜਾਂ ਆਪਣੀ ਪਹੁੰਚ ਅਨੁਸਾਰ ਉਸਦੇ ਘਰ ਦਾ ਸਾਲ ਜਾਂ ਛੇ ਮਹੀਨੇ ਦਾ ਕਿਰਾਇਆ ਦੇ ਦਈਏ? ਕਿਉਂ ਨਾ ਅਸੀਂ ਕਿਸੇ ਬੇਸਹਾਰਾ ਬਜ਼ੁਰਗਾਂ, ਲਾਚਾਰ ਤੇ ਮਜ਼ਬੂਰ ਲੋਕਾਂ ਨੂੰ ਸਹਾਰਾ ਦੇ ਕੇ ਇੱਕ ਇੱਕ ਅਸੀਸ ਲੈ ਲਈਏ? ਕਿਉਂ ਨਾ ਅਸੀਂ ਦੋ ਚਾਹੁਣ ਵਾਲੇ ਦਿਲਾਂ ਨੂੰ ਜਾਤੀਵਾਦ ਤੇ ਨਸਲਵਾਦ ਤੋਂ ਉੱਪਰ ਉਠ ਕੇ ਇੱਕ ਮਾਲ਼ਾ ਵਿੱਚ ਪਰੋ ਦੇਈਏ? ਕਿਉਂ ਨਾ ਅਸੀਂ ਧਰਮਾਂ ਦੇ ਨਾਂ ਤੇ ਉਸਰਦੀਆਂ ਨੀਹਾਂ ਨੂੰ ਤੋੜ ਮੁਹੱਬਤਾਂ ਦੀ ਖੇਤੀ ਕਰੀਏ?

        ਬੇਅੰਤ ਕੌਰ ਗਿੱਲ ਮੋਗਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech