20

October 2018
Article

ਡਾ.ਤੇਜਵੰਤ ਮਾਨ ਦੀ ਪੁਸਤਕ ਸਾਬਣਦਾਨੀ ਯਥਾਰਥਵਾਦੀ ਸੱਚ ਦਾ ਪ੍ਰਤੀਕ,,,,,,,, ਉਜਾਗਰ ਸਿੰਘ

December 06, 2017 09:30 PM

 ਡਾ.ਤੇਜਵੰਤ ਮਾਨ ਦੀ ਪੁਸਤਕ ਸਾਬਣਦਾਨੀ ਯਥਾਰਥਵਾਦੀ ਸੱਚ ਦਾ ਪ੍ਰਤੀਕ
                                                              
 ਡਾ.ਤੇਜਵੰਤ ਮਾਨ ਪੰਜਾਬੀ ਦਾ ਬਹੁਪੱਖੀ, ਪ੍ਰਗਤੀਸ਼ੀਲ, ਇਨਕਲਾਬੀ ਅਤੇ ਯਥਾਰਥਵਾਦੀ ਸਾਹਿਤਕਾਰ ਹੈ। ਉਸਨੇ ਹੁਣ ਤੱਕ 14 ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਉਸਨੇ ਸਾਹਿਤ ਦੇ ਹਰ ਰੂਪ ਤੇ ਬੜੀ ਸਫਲਤਾ ਨਾਲ ਆਪਣੀ ਕਲਮ ਅਜਮਾਈ ਕੀਤੀ ਹੈ। ਉਹ ਸੱਚ ਉਪਰ ਪਹਿਰਾ ਦੇਣ ਵਾਲਾ ਲੇਖਕ ਹੈ। ਉਸ ਦੀ ਕਹੀ ਜਾਂ ਲਿਖੀ ਗੱਲ ਭਾਵੇਂ ਕਿਸੇ ਦੇ ਗੋਡੇ ਤੇ ਗਿੱਟੇ ਲੱਗੇ, ਉਹ ਨਿਧੱੜਕ ਹੋ ਕੇ ਬਾਖੂਬੀ ਨਾਲ ਆਪਣੀ ਕਲਮ ਅਜਮਾਈ ਕਰਦਾ ਜਾ ਰਿਹਾ ਹੈ। ਅਨੇਕਾਂ ਸਾਹਿਤਕ ਝੱਖੜ ਝੁਲੇ ਅਤੇ ਕਈ ਸਾਹਿਤਕ ਲਹਿਰਾਂ ਚਲੀਆਂ ਪ੍ਰੰਤੂ ਉਹ ਡਾ.ਤੇਜਵੰਤ ਮਾਨ ਦੀ ਵਿਚਾਰਧਾਰਾ ਅਤੇ ਲੇਖਣੀ ਉਪਰ ਕੋਈ ਪ੍ਰਭਾਵ ਨਹੀਂ ਪਾ ਸਕੀਆਂ, ਉਹ ਆਪਣੀ ਧੁਨ ਨਾਲ ਚਲਦਾ ਰਿਹਾ। ਜਿਸ ਵਿਚਾਰਧਾਰਾ ਉਪਰ ਉਹ ਵਿਸ਼ਵਾਸ਼ ਕਰਦਾ ਹੈ, ਉਸ ਉਪਰ ਲਗਾਤਾਰ ਪਹਿਰਾ ਦੇ ਰਿਹਾ ਹੈ। ਸਮਾਜ ਵਿਚ ਜੋ ਵਾਪਰ ਰਿਹਾ ਹੈ, ਉਸਨੂੰ ਉਹ ਹੂਬਹੂ ਲਿਖ ਦਿੰਦਾ ਹੈ। ਉਸਦੀ ਕਮਾਲ ਇਸ ਗੱਲ ਵਿਚ ਹੈ ਕਿ ਕਈ ਵਾਰ ਉਹ ਇੱਕ ਵਾਕ ਵਿਚ ਹੀ ਸਾਰੀ ਕਹਾਣੀ ਕਹਿ ਦਿੰਦਾ ਹੈ ਅਤੇ ਕਈ ਵਾਰ ਇਕ ਕਹਾਣੀ ਵਿਚ ਅਨੇਕਾਂ ਵਿਸ਼ਿਆਂ ਉਪਰ ਗੱਲ ਕਰਦਾ ਹੋਇਆ ਕਈ ਕਹਾਣੀਆਂ ਲਿਖ ਦਿੰਦਾ ਹੈ। ਵਿਸ਼ੇ ਵੀ ਅਜਿਹੇ ਚੁੱਣਦਾ ਹੈ ਜੋ ਵਿਲੱਖਣ ਕਿਸਮ ਦੇ ਹੁੰਦੇ ਹਨ। ਉਹ ਆਪਣੀਆਂ ਕਹਾਣੀਆਂ ਨੂੰ ਰੌਚਕ ਬਣਾਉਣ ਲਈ ਕੋਈ ਮੁਲੰਮਾ ਨਹੀਂ ਚਾੜਦਾ ਪ੍ਰੰਤੂ ਜਿਹੜੀ ਗੱਲ ਉਹ ਕਹਿਣੀ ਚਾਹੁੰਦਾ ਹੈ ਬੇਝਿਜਕ ਹੋ ਕੇ ਲਿਖ ਦਿੰਦਾ ਹੈ। ਅਜਿਹੀ ਦਲੇਰੀ ਬਹੁਤ ਘੱਟ ਲੇਖਕਾਂ ਵਿਚ ਹੁੰਦੀ ਹੈ। ਸਮਾਜਕ ਘਟਨਾਵਾਂ ਨੂੰ ਵੇਖਕੇ ਇਨਾਮ ਲੈਣ ਦੇ ਮੰਤਵ ਨਾਲ ਉਹ ਅੱਖਾਂ ਨਹੀਂ ਮੀਟਦਾ ਅਤੇ ਨਾ ਹੀ ਕਲਪਨਾ ਦਾ ਮੁਲੰਮਾ ਚਾੜਦਾ ਹੈ।  ਸਮਾਜਕ ਤਾਣਾ ਬਾਣਾ, ਇਸ ਸਮੇਂ ਜਿਹੜੀਆਂ ਸਮੱਸਿਆਵਾਂ ਕਰਕੇ ਪ੍ਰਭਾਵਤ ਹੋ ਰਿਹਾ ਹੈ, ਉਹ ਉਨਾਂ ਬਾਰੇ ਬੜੀ ਦਲੇਰੀ ਨਾਲ ਵਿਅੰਗ ਹੀ ਨਹੀਂ ਕਰਦਾ ਸਗੋਂ ਅਜਿਹੀ ਟਕੋਰ ਮਾਰਦਾ ਹੈ ਕਿ ਪੜਨ ਵਾਲੇ ਨੂੰ ਕੁਰੇਦ ਕੇ ਸੋਚਣ ਲਈ ਮਜ਼ਬੂਰ ਕਰ ਦਿੰਦਾ ਹੈ।  ਉਸ ਦੀਆਂ ਸਾਰੀਆਂ ਕਹਾਣੀਆਂ ਹੀ ਵਿਅੰਗਾਤਮਕ ਹਨ। ਇਤਨਾ ਦਲੇਰ ਲੇਖਕ ਅੱਜ ਕਲ ਵੇਖਣ ਨੂੰ ਵੀ ਨਹੀਂ ਮਿਲਦਾ। ਵਿਰਲਾ ਕੰਮ ਡਾ.ਤੇਜਵੰਤ ਮਾਨ ਦੇ ਹਿੱਸੇ ਹੀ ਆਇਆ ਹੈ। ਕਈ ਆਲੋਚਕ ਉਸਦੇ ਯਥਾਰਥਵਾਦੀ ਢੰਗ ਨੂੰ ਚੰਗਾ ਨਹੀਂ ਸਮਝਦੇ ਕਿਉਂਕਿ ਉਹ ਕਲਪਨਾ ਦਾ ਪੱਲਾ ਨਹੀਂ ਫੜਕੇ ਸਹਾਰਾ ਨਹੀਂ ਲੈਂਦਾ, ਪ੍ਰੰਤੂ ਤੇਜਵੰਤ ਮਾਨ ਦੀ ਸਾਹਿਤਕ ਸਿਹਤ ਉਪਰ ਕੋਈ ਅਸਰ ਨਹੀਂ ਪੈਂਦਾ। ਵੈਸੇ ਮੇਰੇ ਵਰਗੇ ਸਾਹਿਤ ਦੇ ਵਿਦਿਆਰਥੀ ਲਈ ਡਾ.ਤੇਜਵੰਤ ਮਾਨ ਵਰਗੇ ਬਹੁਪੱਖੀ ਸਰਬਕਲਾ ਸੰਪੂਰਨ ਵਿਦਵਾਨ ਸਾਹਿਤਕਾਰ ਦੇ ਸਾਹਿਤਕ ਯੋਗਦਾਨ ਬਾਰੇ ਲਿਖਣਾ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ ਪ੍ਰੰਤੂ ਫਿਰ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਉਨਾਂ ਦੀ ਲੇਖਣੀ ਦੀ ਕਾਬਲੀਅਤ ਬਾਰੇ ਪੜਕੇ ਅਤੇ ਲਿਖਕੇ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।

 ਜਦੋਂ ਸਾਅਦਤ ਹਸਨ ਮੰਟੋ ਸਮਾਜ ਵਿਚ ਵਾਪਰ ਰਹੇ ਚਿਕੜ ਬਾਰੇ ਹੂਬਹੂ ਲਿਖਦਾ ਸੀ ਤਾਂ ਉਸਨੂੰ ਗੰਦ ਮੰਦ ਲਿਖਣ ਵਾਲਾ ਲੇਖਕ ਕਿਹਾ ਜਾਂਦਾ ਸੀ ਪ੍ਰੰਤੂ ਅੱਜ ਉਸੇ ਮੰਟੋ ਨੂੰ ਸਰਵੋਤਮ ਕਹਾਣੀਕਾਰ ਕਿਹਾ ਜਾਂਦਾ ਹੈ। ਇਸ ਪੁਸਤਕ ਦੀਆਂ ਕਹਾਣੀਆਂ ਪੜਕੇ ਮਹਿਸੂਸ ਹੁੰਦਾ ਹੈ ਕਿ ਡਾ.ਤੇਜਵੰਤ ਮਾਨ ਦੀ ਲੇਖਣੀ ਵੀ ਮੰਟੋ ਨਾਲ ਮਿਲਦੀ ਜੁਲਦੀ ਹੈ। ਡਾ.ਤੇਜਵੰਤ ਮਾਨ ਦੀ ਕਹਾਣੀਆਂ ਦੀ ਪੁਸਤਕ ਸਾਬਣਦਾਨੀ ਵਿਚ ਕੁਲ ਸਿਰਲੇਖਾਂ ਦੇ ਹਿਸਾਬ ਨਾਲ 33 ਕਹਾਣੀਆਂ ਹਨ ਪ੍ਰੰਤੂ ਅਸਲ ਵਿਚ  ਇਕ-ਇਕ ਕਹਾਣੀ ਵਿਚ ਅਨੇਕਾਂ ਕਹਾਣੀਆਂ ਹਨ। ਇਨਾਂ ਵਿਚੋਂ 23 ਛੋਟੀਆਂ ਕਹਾਣੀਆਂ ਹਨ ਪ੍ਰੰਤੂ ਅਖ਼ੀਰ ਵਾਲੀਆਂ 10 ਵੱਡੀਆਂ ਕਹਾਣੀਆਂ ਹਨ। ਇਹ 104 ਪੰਨਿਆਂ ਦੀ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਇਸਦੀ ਪਹਿਲੀ ਹੀ ਕਹਾਣੀ ਸਾਬਣਦਾਨੀ ਵਿਚ 6 ਘਟਨਾਵਾਂ ਨੂੰ ਲੈ ਕੇ 6 ਵਿਸ਼ਿਆਂ ਬਾਰੇ ਬੜੀ ਦਲੇਰੀ ਨਾਲ ਵਿਅੰਗ ਕੀਤਾ ਗਿਆ ਹੈ ਕਿ ਕਿਸ ਤਰਾਂ ਸਮਾਜ ਵਿਚ ਲੋਕ ਵਿਚਰਦੇ ਅਤੇ ਸੋਚਦੇ ਹਨ। ਅਸੰਭਵ ਭੋਗ, ਖੋਲ, ਪਿਸਤੌਲ, ਪਰਿਵਰਤਨ, ਇਹ ਤਾਂ ਲਾਸ਼ ਹੈ, ਹੈਮਲਟ, ਬੁਲਬੁਲ ਦਾ ਗੀਤ, ਚੌਥੀ ਦੀਵਾਰ ਉਤੇ ਲਟਕਦਾ ਚਿਤ੍ਰ, ਸ਼ਰਾਰਤ ਪਸੰਦ ਅਤੇ ਕੰਟੈਂਪਟ ਆਫ ਕੋਰਟ ਕਹਾਣੀਆਂ ਵੀ ਸਮਾਜਿਕ ਕੁਰੀਤੀਆਂ ਉਪਰ ਤਿੱਖਾ ਵਿਅੰਗ ਕਰਦੀਆਂ ਹਨ। ਸੱਚੋ ਸੱਚ ਲਿਖਣਾ ਔਖਾ ਤਾਂ ਹੈ ਹੀ ਪੜਨ ਵਾਲੇ ਨੂੰ ਪਚਾਉਣਾ ਵੀ ਮੁਸ਼ਕਲ ਲੱਗਦਾ ਹੈ। ਕਮੀਨੇ ਲੋਕਾਂ ਦੀਆਂ ਕਮੀਨਗੀਆਂ ਅਤੇ ਗ਼ਰੀਬ ਲੋਕਾਂ ਦੀ ਬੇਬਸੀ ਦਾ ਲਾਭ ਉਠਾਉਣ ਵਾਲੇ ਅਖੌਤੀ ਅਮੀਰਾਂ ਦੀਆਂ ਦੁਰਾਚਾਰੀਆਂ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਅਣਜੋੜ ਵਿਆਹ, ਅਨੈਤਿਕਤਾ, ਨਜ਼ਾਇਜ ਸਰੀਰਕ ਸੰਬੰਧ ਅਤੇ ਅਯਾਸ਼ੀ ਕਰਨ ਵਾਲੇ ਲੋਕ ਆਪਣੀਆਂ ਕਾਲੀਆਂ ਕਰਤੂਤਾਂ ਨੂੰ ਅਣਡਿਠ ਕਰਕੇ ਦੂਜਿਆਂ ਉਪਰ ਕਿੰਤੂ ਪ੍ਰੰਤੂ ਕਰਦੇ ਹਨ ਪ੍ਰੰਤੂ ਆਪਣੀਆਂ ਪੀੜੀਆਂ ਹੇਠ ਸੋਟਾ ਨਹੀਂ ਫੇਰਦੇ। ਕਿਸਾਨੀ ਕਰਜ਼ਾ, ਵਹਿਮ ਭਰਮ, ਪੁਲਿਸ ਦੀਆਂ ਕਰਤੂਤਾਂ,  ਪੁਲਿਸ ਵੱਲੋਂ ਝੂਠੇ ਕੇਸ ਬਣਾਉਣ, ਰਿਸ਼ਵਤਖ਼ੋਰੀ, ਧਰਮ ਦੀ ਆੜ ਵਿਚ ਗ਼ਲਤ ਕੰਮ, ਨੌਕਰੀਆਂ ਵਿਚ ਮੈਰਿਟ ਦੀ ਅਣਵੇਖੀ, ਸਿਆਸਤਦਾਨਾ ਦੀ ਵਿਧਾਨ ਸਭਾ ਵਿਚਲੀ ਕਾਰਗੁਜ਼ਾਰੀ, ਧਰਨੇ, ਜਲਸੇ, ਜਲੂਸ ਅਤੇ ਅਖ਼ਬਾਰਾਂ ਵੱਲੋਂ ਸਹੀ ਖ਼ਬਰਾਂ ਨੂੰ ਨਾ ਲਗਾਉਣਾ ਆਦਿ ਨੂੰ ਵਿਸ਼ੇ ਬਣਾਕੇ ਕਹਾਣੀਆਂ ਲਿਖੀਆਂ ਗਈਆਂ ਹਨ। ਉਹ ਤਾਂ ਨਿਆਇਕ ਪ੍ਰਣਾਲੀ ਨੂੰ ਵੀ ਨਹੀਂ ਬਖ਼ਸ਼ਦਾ। ਜੇਕਰ ਗੰਭੀਰਤਾ ਨਾਲ ਕਹਾਣੀਆਂ ਪੜੀਆਂ ਜਾਣ ਤਾਂ ਪਤਾ ਲੱਗਦਾ ਹੈ ਕਿ ਲੇਖਕ ਦੇ ਵਿਸ਼ੇ ਮਾਨਵਤਾ ਨੂੰ ਝੰਜੋੜਨ ਵਾਲੇ ਹਨ। ਅਜਿਹੇ ਪੱਖਾਂ ਉਪਰ ਕਹਾਣੀਆਂ ਲਿਖੀਆਂ ਗਈਆਂ ਹਨ, ਜਿਨਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਇਹ ਕਮਾਲ ਡਾ.ਤੇਜਵੰਤ ਮਾਨ ਦੀ ਹੀ ਹੈ ਕਿ ਵਰਤਮਾਨ ਧਾਰਮਿਕ ਕੱਟੜਤਾ ਵਾਲੇ ਵਰਤਾਰੇ ਨੂੰ ਸਾਫ਼ ਲਫ਼ਜਾਂ ਵਿਚ ਲਿਖਕੇ ਲੋਕਾਂ ਨੂੰ ਕੱਟੜਪੰਥੀਆਂ ਵਿਰੁਧ ਲਾਮਬੰਦ ਹੋਣ ਲਈ ਪ੍ਰੇਰਿਆ ਗਿਆ ਹੈ। ਕਈ ਸਾਹਿਤਕਾਰ ਇਸਨੂੰ ਪ੍ਰਚਾਰ ਵੀ ਕਹਿੰਦੇ ਹਨ ਪ੍ਰੰਤੂ ਜੇਕਰ ਸਰਕਾਰ ਦੀ ਸ਼ਹਿ ਉਪਰ ਹੋ ਰਹੀਆਂ ਜ਼ੋਰ ਜ਼ਬਰਦਸਤੀਆਂ ਬਾਰੇ ਲਿਖਣਾ ਹੈ ਤਾਂ ਅਜਿਹੇ ਦੋਸ਼ ਲੱਗਣਗੇ ਹੀ। ਸਿਆਸਤਦਾਨਾਂ ਦੀਆਂ ਆਪਹੁਦਰੀਆਂ ਬਾਰੇ ਨਿਧੱੜਕ ਹੋ ਕੇ ਲਿਖਣਾ ਦਲੇਰ ਸਾਹਿਤਕਾਰ ਦਾ ਹੀ ਕੰਮ ਹੁੰਦਾ ਹੈ, ਜਿਸਨੇ ਕਿਸੇ ਇਨਾਮ ਕਨਾਮ ਦੀ ਝਾਕ ਨਹੀਂ ਰੱਖਣੀ ਹੁੰਦੀ। ਵਿਦਿਅਕ ਪ੍ਰਣਾਲੀ ਦੀਆਂ ਤਰੁਟੀਆਂ ਕਰਕੇ ਹੀ ਬੇਰੋਜ਼ਗਾਰੀ ਬਣੀ ਹੋਈ ਹੈ। ਇਸ ਪ੍ਰਣਾਲੀ ਵਿਚ ਤਬਦੀਲੀ ਤੋਂ ਬਿਨਾ ਸਮਾਜਿਕ ਜਾਗ੍ਰਤੀ ਅਸੰਭਵ ਹੈ। ਗੁਪਤਚਰ ਏਜੰਸੀਆਂ ਦੀ ਕਾਰਗੁਜ਼ਾਰੀ ਉਪਰ ਵੀ ਸਵਾਲੀਆ ਨਿਸ਼ਾਨ ਲਗਾਇਆ ਗਿਆ ਹੈ। ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਪਿਆਰ ਦੀ ਆੜ ਵਿਚ ਜਿਨਸੀ ਸ਼ੋਸ਼ਣ ਦੇ ਨੰਗੇ ਨਾਚ ਤੋਂ ਪਰਦਾ ਉਠਾਇਆ ਗਿਆ ਹੈ। ਜਹਾਦ ਦੇ ਨਾਮ ਉਪਰ ਕੀਤੀ ਜਾਂਦੀ ਨਸਲਕੁਸ਼ੀ ਨੂੰ ਵੀ ਦਰਸਾਇਆ ਗਿਆ ਹੈ। ਰਜਵਾੜਿਆਂ ਦੀਆਂ ਕਰਤੂਤਾਂ ਨੂੰ ਵੀ ਨੰਗਿਆਂ ਕੀਤਾ ਗਿਆ ਹੈ। ਖ਼ੂਨ ਦਾ ਰਿਸ਼ਤਾ ਕਹਾਣੀ ਪ੍ਰਤੀਕਾਤਮਕ ਹੈ, ਜਿਸ ਵਿਚ ਬਾਬਿਆਂ, ਸਿਆਸਤਦਾਨਾ ਅਤੇ ਧਰਮ ਦੇ ਠੇਕਦਾਰਾਂ ਦੇ ਵਿਵਹਾਰ ਉਪਰ ਕਿੰਤੂ ਪ੍ਰੰਤੂ ਕਰਦਿਆਂ ਲਿਖਿਆ ਗਿਆ ਹੈ ਕਿ ਗੁਰੂ ਨਾਨਕ, ਰਾਮ ਅਤੇ ਬੁੱਧ ਦੀ ਵਿਚਾਰਧਾਰਾ ਤੋਂ ਕੁਝ ਤਾਂ ਸਿੱਖ ਲਵੋ। ਲੰਗਰ ਲਾ ਕੇ ਪ੍ਰਚਾਰ ਕਰਵਾਉਣ ਵਾਲਿਆਂ ਨੂੰ ਵੀ ਝੰਜੋੜਿਆ ਗਿਆ ਹੈ। ਤਵਾਇਫ਼ ਅਤੇ ਰਿਕਸ਼ਾ ਚਾਲਕ ਦੀ ਤੁਲਨਾ ਕਰਕੇ ਦੋਹਾਂ ਨੂੰ ਬਰਾਬਰ ਹੀ ਕਿਹਾ ਗਿਆ ਹੈ ਕਿਉਂਕਿ ਦੋਵੇਂ ਪੈਸੇ ਪਿੱਛੇ ਪੇਸ਼ਾ ਕਰਦੇ ਹਨ। ਕਾਲਾ ਤਿਲ ਕਹਾਣੀ ਵਿਚ ਪੁਲਿਸ ਦੇ ਝੂਠੇ ਮੁਕਾਬਲਿਆਂ, ਗ਼ਰੀਬ, ਵਿਧਵਾ ਅਤੇ ਬਸਹਾਰਾ ਔਰਤਾਂ ਦੀ ਮਜ਼ਬੂਰੀ ਦਾ ਪੁਲਿਸ ਲਾਭ ਉਠਾਉਂਦੀ ਦਾ ਵਿਵਰਣ ਦਿੱਤਾ ਗਿਆ ਹੈ। ਮਹਾਂਕਵੀ ਨਾਂ ਦੀ ਕਹਾਣੀ ਸਿਫਾਰਸ਼ੀ ਇਨਾਮ ਲੈਣ ਵਾਲੇ ਲੇਖਕਾਂ ਦੀ ਨੈਤਿਕਤਾ ਦਾ ਪ੍ਰਗਟਾਵਾ ਕਰਦੀ ਹੈ। ਕਹਾਣੀ ਦਾ ਚੌਥਾ ਹਿੱਸਾ ਅਮੀਰ ਲੋਕਾਂ ਦੇ ਚੋਜਾਂ ਦੀ ਜਾਣਕਾਰੀ ਦਿੰਦੀ ਹੋਈ ਗ਼ੈਰ ਇਖਲਾਕੀ ਕੰਮਾਂ ਨੂੰ ਵੇਖ ਕੇ ਅੱਖਾਂ, ਕੰਨ ਅਤੇ ਅੱਖਾਂ ਬੰਦ ਕਰਨ ਵਾਲੇ ਲੋਕਾਂ ਦੀ ਨੁਕਤਾਚੀਨੀ ਕਰਦੀ ਹੈ। ਰਾਣੀ ਖਾਂ ਦਾ ਸਾਲਾ ਸਾਡੇ ਸਮਾਜ ਵਿਚਲੇ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੈ। ਗੰਦਲਾਂ ਦਾ ਭਾਂਬੜ ਕਹਾਣੀ ਦੇਸ਼ ਦੀ ਵੰਡ ਸਮੇਂ ਆਪਸੀ ਸੰਬੰਧਾਂ ਵਿਚ ਆਈ ਖੜੋਤ ਦਾ ਵਾਸਤਾ ਪਾਉਂਦੀ ਹੈ। ਡਾ.ਤੇਜਵੰਤ ਮਾਨ ਦੀਆਂ ਸਾਰੀਆਂ ਕਹਾਣੀਆਂ ਦੇ ਵਿਸ਼ੇ ਲੱਗਪਗ ਆਪਸ ਵਿਚ ਮਿਲਦੇ ਜੁਲਦੇ ਹਨ।  ਕਹਾਣੀ ਦਾ ਚੌਥਾ ਹਿੱਸਾ ਅਤੇ ਮੇਰੇ ਕੰਨਾਂ 'ਚ ਮੋਮ ਢਲ ਗਈ ਦੋਵੇਂ ਕਹਾਣੀਆਂ ਆਪਸ ਵਿਚ ਰਲਗਡ ਹਨ, ਦੋਹਾਂ ਵਿਚ ਦੁਹਰਾਓ ਹੈ। ਅਨੈਤਿਕ ਸੰਬੰਧਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਹਨ, ਲਗਪਗ ਹਰ ਕਹਾਣੀ ਵਿਚ ਅਜਿਹਾ ਕੁਝ ਵਿਖਾਇਆ ਗਿਆ ਹੈ, ਜਿਸਤੋਂ ਪਤਾ ਲਗਦਾ ਹੈ ਸਮਾਜਿਕ ਤਾਣੇ ਬਾਣੇ ਵਿਚ ਗਿਰਾਵਟ ਆ ਗਈ ਹੈ, ਜਿਸ ਕਰਕੇ ਮਾਨਸਿਕ ਤਣਾਓ ਵੱਧ ਗਿਆ ਹੈ। ਹੋਟਲਾਂ ਅਤੇ ਦਫਤਰਾਂ ਵਿਚ ਅਨੈਤਿਕ ਕੰਮ ਆਮ ਹੋ ਰਹੇ ਹਨ। ਭਾਵਨਾਵਾਂ ਅਮੀਰ ਅਤੇ ਗ਼ਰੀਬ ਔਰਤਾਂ ਦੀਆਂ ਇਕੋ ਜਹੀਆਂ ਹੁੰਦੀਆਂ ਹਨ, ਹਾਰ ਸ਼ਿੰਗਾਰ ਲਾਉਣ ਅਤੇ ਘਰੋਂ ਭੱਜਣ ਵਿਚ ਬਰਾਬਰ ਹਨ, ਇਹ ਵਿਸ਼ਾ ਵੀ ਕਈ ਕਹਾਣੀਆਂ ਵਿਚ ਬਣਾਇਆ ਗਿਆ ਹੈ।
 ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਡਾ.ਤੇਜਵੰਤ ਮਾਨ ਪ੍ਰੌੜ ਵਿਦਵਾਨ ਸਾਹਿਤਕਾਰ ਹੈ। ਉਸਦੀ ਬੌਧਿਕਤਾ ਅਕਾਦਮਿਕ ਵੀ ਹੈ ਅਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਉਤਰਾਅ ਚੜਾਅ ਦਰਸਾਕੇ ਲੋਕਾਂ ਦੀ ਬੋਲੀ ਵਿਚ ਸ਼ਪਸ਼ਟ ਹੁੰਦੀ ਹੈ। ਉਸਦੀ ਕਾਬਲੀਅਤ ਇਸ ਗੱਲ ਵਿਚ ਹੈ ਕਿ ਉਹ ਆਪਣੀ ਗੱਲ ਬਹੁਤ ਥੋੜੇ ਸ਼ਬਦਾਂ ਵਿਚ ਸਿੱਧੀ ਹੀ ਲਿਖ ਦਿੰਦਾ ਹੈ। ਕੋਈ ਗੋਲ ਮੋਲ ਗੱਲ ਨਹੀਂ ਕਰਦਾ। ਉਸਦੀ ਇਹ ਕਹਾਣੀਆਂ ਦੀ ਪੁਸਤਕ ਆਮ ਰਵਾਇਤੀ ਕਹਾਣੀਆਂ ਵਰਗੀ ਨਹੀਂ ਸਗੋਂ ਵਿਲੱਖਣ ਤਰਾਂ ਦੀ ਹੈ, ਹੋ ਸਕਦਾ ਸਥਾਪਤ ਕਹਾਣੀਕਾਰ ਇਸ ਪੁਸਤਕ ਦੀਆਂ ਕਹਾਣੀਆਂ ਨੂੰ ਸਮਝ ਹੀ ਨਾ ਸਕਣ ਕਿਉਂਕਿ ਅਖੌਤੀ ਬੌਧਿਕਤਾ ਵਾਲੀਆਂ ਕਹਾਣੀਆਂ ਨਹੀਂ ਹਨ। ਉਮੀਦ ਕਰਦੇ ਹਾਂ ਕਿ ਲਵਂੀਂ ਪਿਰਤ ਤੋਂ ਉਭਰਦੇ ਕਹਾਣੀਕਾਰ ਅਗਵਾਈ ਲੈਣ ਦੀ ਕੋਸ਼ਿਸ਼ ਕਰਨਗੇ।


                               ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
                                    ਮੋਬਾਈਲ-94178 13072

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech