20

October 2018
Article

ਵਿਜੈ ਮਾਲੀਆ ਦਾ ਹਵਾਲਗੀ ਮਸਲਾ ਅਤੇ ਵਿਦੇਸ਼ੀ ਜੇਲਾਂ ਵਿਚ ਹਜ਼ਾਰਾਂ ਭਾਰਤੀ ਕੈਦੀ,,,,,,,,,,ਨਰਪਾਲ ਸਿੰਘ ਸ਼ੇਰਗਿੱਲ

December 06, 2017 09:50 PM

 ਵਿਜੈ ਮਾਲੀਆ ਦਾ ਹਵਾਲਗੀ ਮਸਲਾ ਅਤੇ ਵਿਦੇਸ਼ੀ ਜੇਲਾਂ ਵਿਚ ਹਜ਼ਾਰਾਂ ਭਾਰਤੀ ਕੈਦੀ


ਇੱਥੋਂ ਦੀ ਵੈਸਟਮਿਨਸਟਰ ਮੈਜਿਸਟਰੇਟ ਅਦਾਲਤ ਵਿਚ ਭਾਰਤੀ ਬੈਂਕਾਂ ਵੱਲੋਂ ਲਏ ਕਰਜ਼ੇ ਨਾ ਮੋੜਣ ਅਤੇ ਕਰੰਸੀ -ਜ਼ਖ਼ੀਰੇਬਾਜ਼ੀ ਦੇ ਦੋਸ਼ ਅਧੀਨ ਚੱਲ ਰਹੇ ਮੁਕੱਦਮੇ ਵਿਚ ਪੇਸ਼ੀਆਂ ਭੁਗਤ ਰਹੇ ਕਰੋੜਪਤੀ ਵਪਾਰੀ, ਵਿਜੈ ਮਾਲੀਆ, ਫਿਰ 4 ਦਸੰਬਰ ਤੋਂ ਮੁਕੱਦਮੇ ਵਿਚ ਹਾਜ਼ਰੀ ਭਰ ਰਹੇ ਹਨ, ਜੋ ਮੁਕੱਦਮਾ ਉਮੀਦ ਹੈ ਲਗਾਤਾਰ 10 ਦਿਨ 14 ਦਸੰਬਰ ਤੱਕ ਚੱਲੇਗਾ, ਜਿੱਥੇ ਮਾਣਯੋਗ ਅਦਾਲਤ ਇਹ ਫ਼ੈਸਲਾ ਕਰੇਗੀ ਕਿ ਕੀ ਵਿਜੈ ਮਾਲੀਆ ਭਾਰਤ ਦਾ ਕਥਿਤ ਦੋਸ਼ੀ ਹੋਣ ਦੇ ਨਾਤੇ ਭਾਰਤ-ਬਰਤਾਨਵੀ ਹਵਾਲਗੀ ਸੰਧੀਨਾਮੇ ਅਨੁਸਾਰ ਭਾਰਤ ਦੇ ਹਵਾਲੇ ਕੀਤਾ ਜਾਵੇਗਾ ਕਿ ਨਹੀਂ?


ਪਿਛਲੀ ਨਵੰਬਰ ਵਿਚ ਉਸ ਨੇ ਇਸ ਮੁਕੱਦਮੇ ਵਿਚ ਲੱਗੇ ਦੋਸ਼ਾਂ ਨੂੰ ਮਨਘੜਤ ਅਤੇ ਬੇ-ਬੁਨਿਆਦ ਕਹਿ ਕੇ ਨਕਾਰਿਆ ਹੈ। ਭਾਰਤੀ ਉੱਚ ਪਾਰਲੀਮੈਂਟ, ਰਾਜ-ਸਭਾ ਦਾ ਸਾਬਕਾ 61 ਸਾਲਾ ਮੈਂਬਰ ਵਿਜੈ ਮਾਲੀਆ ਪਿਛਲੇ ਵਰੇ ਮਾਰਚ 2016 ਤੋਂ ਬਰਤਾਨੀਆ ਵਿਚ ਰਹਿ ਰਿਹਾ ਹੈ। ਭਾਰਤੀ ਅਦਾਲਤ ਵੱਲੋਂ ਕਰੰਸੀ ਦੀ ਜ਼ਖ਼ੀਰੇਬਾਜ਼ੀ ਅਤੇ ਕਰਜ਼ੇ ਦੀ ਦੁਰਵਰਤੋਂ ਕਰਨ ਅਤੇ ਬੈਂਕਾਂ ਨੂੰ ਵਾਪਸ ਨਾ ਕਰਨ ਦੇ ਦੋਸ਼ ਵਿਚ ਭਾਰਤ ਵੱਲੋਂ ਮਾਲੀਆ ਨੂੰ ਭਗੌੜਾ ਕਰਾਰ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ ਬਰਤਾਨੀਆ ਵਿਚ ਦੜੇ ਹੋਏ ਭਾਰਤੀ ਨਾਗਰਿਕ ਵਿਜੈ ਮਾਲੀਆ ਦਾ ਪਾਸਪੋਰਟ ਰੱਦ ਕਰਕੇ ਉਸ ਨੂੰ ਭਾਰਤ ਦੇ ਹਵਾਲੇ ਕਰਨ ਲਈ ਬਰਤਾਨੀਆ ਸਰਕਾਰ ਨੂੰ ਭਾਰਤ ਨੇ ਕਿਹਾ ਹੋਇਆ ਹੈ ਜਿਸ ਦੇ ਅਧੀਨ 4 ਦਸੰਬਰ ਤੋਂ ਲਗਪਗ 10 ਦਿਨ ਇਸ ਮਾਮਲੇ 'ਤੇ ਬਰਤਾਨਵੀ ਅਦਾਲਤ ਵਿਚ ਭਾਰਤੀ ਪੱਖ ਅਤੇ ਸਾਢੇ 6 ਲੱਖ ਪੌਂਡ ਦੀ ਜ਼ਮਾਨਤ ਤੇ ਗ੍ਰਿਫ਼ਤਾਰੀ ਤੋਂ ਬਾਅਦ ਛੱਡੇ ਹੋਏ ਕਥਿਤ ਦੋਸ਼ੀ ਵਿਜੈ ਮਾਲੀਆ ਦੇ ਪੱਖ ਨੂੰ ਵਕੀਲਾਂ ਦੀਆਂ ਦਲੀਲਾਂ ਦੇ ਆਧਾਰ 'ਤੇ ਵਿਚਾਰਿਆ ਜਾ ਰਿਹਾ ਹੈ।


ਪਹਿਲੀ ਇੱਕ ਪੇਸ਼ੀ ਵੇਲੇ ਬਰਤਾਨਵੀ ਚੀਫ਼ ਮੈਜਿਸਟਰੇਟ, ਐਮਾ ਲੂਈ ਆਰਬੂਨਾਟ, ਦੀ ਅਦਾਲਤ ਵਿਚ ਇਹ ਗੱਲ ਉੱਭਰ ਕੇ ਆਈ ਸੀ ਕਿ ਵਿਜੈ ਮਾਲੀਆ ਨੂੰ ਜੇ ਭਾਰਤ ਵਾਪਸ ਕੀਤਾ ਗਿਆ ਤਾਂ ਉਸ ਨੂੰ ਭਾਰਤੀ ਜੇਲਾਂ ਦੀ ਦੁਰਦਸ਼ਾ ਅਤੇ ਨੀਮ-ਪ੍ਰਬੰਧਕੀ ਜੇਲ ਢਾਂਚਾ ਹੋਣ ਕਾਰਨ ਸੰਭਾਵੀ ਦੁਰਵਰਤਾਵਾ ਵੀ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਤੋਂ ਵਿਜੈ ਮਾਲੀਆ ਨੂੰ ਭਾਰਤ ਲੈ ਜਾ ਕੇ ਉਸ ਵਿਰੁੱਧ ਮੁਕੱਦਮਾ ਚਲਾਉਣ ਵਾਲੇ ਭਾਰਤੀ ਕਾਨੂੰਨਦਾਨ ਅਤੇ ਵਕੀਲ ਵੇਖਦੇ ਹਾਂ ਕਿ ਕਿਹੜੀਆਂ ਠੋਸ ਦਲੀਲਾਂ ਨਾਲ ਵਿਜੈ ਮਾਲੀਆ ਦੀ ਬਰਤਾਨੀਆ ਤੋਂ ਹਵਾਲਗੀ ਪ੍ਰਾਪਤ ਕਰਨ ਦਾ ਯਤਨ ਕਰਨਗੇ। ਵਿਜੈ ਮਾਲੀਆ ਦੀ ਵਕਾਲਤ ਬਰਤਾਨਵੀ ਮਾਹਿਰ ਵਕੀਲ, ਕਲੇਅਰ ਮਾਉਂਟਗੁਮਰੀ ਕਿਉਸੀ ਵੱਲੋਂ ਕੀਤੀ ਜਾ ਰਹੀ ਹੈ ਜਦਕਿ ਵਿਜੈ ਮਾਲੀਆ ਦੇ ਵਿਰੁੱਧ ਭਾਰਤ ਸਰਕਾਰ ਦਾ ਬਰਤਾਨਵੀ ਵਕੀਲ ਮਾਰਕ ਸਮਰਜ ਕਿਉਸੀ ਮੁਕੱਦਮਾ ਲੜ ਰਹੇ ਹਨ ਜਿਸ ਨੂੰ ਭਾਰਤ ਦੀ ਕੇਂਦਰੀ ਜਾਂਚ ਬਿਉਰੋ ਦੇ ਉੱਚ ਅਧਿਕਾਰੀਆਂ ਦੀ ਚਾਰ-ਮੈਂਬਰੀ ਟੀਮ ਸਹਿਯੋਗ ਦੇ ਰਹੀ ਹੈ।


ਜਿੱਥੇ ਭਾਰਤ ਦੇ ਕਰੋੜਾਂ ਨਾਗਰਿਕਾਂ ਨੇ, 25 ਫ਼ੀਸਦੀ ਪੰਜਾਬੀਆਂ ਅਤੇ ਗੁਜਰਾਤੀਆਂ ਸਮੇਤ, ਭਾਰਤ ਤੋਂ ਬਾਹਰਲੇ ਅਮੀਰ ਅਤੇ ਸੁਰੱਖਿਅਤ ਪ੍ਰਚਾਰੇ ਜਾਂ ਸਮਝੇ ਜਾਂਦੇ ਦੇਸ਼ਾਂ ਨੂੰ ਅਪਣਾਅ ਕੇ ਇਨਾਂ ਨਵ-ਅਪਣਾਏ ਦੇਸ਼ਾਂ ਵਿਚ ਰਾਜਨੀਤਕ, ਵਪਾਰਕ, ਵਿੱਦਿਅਕ ਅਤੇ ਧਾਰਮਿਕ ਖੇਤਰਾਂ ਵਿਚ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ, ਉੱਥੇ 9000 ਕਰੋੜ ਰੁਪਏ ਦੇ ਕਥਿਤ ਘਪਲੇ ਦੇ ਜੁਰਮ ਅਧੀਨ ਜ਼ਮਾਨਤੀ ਜੀਵਨ ਹੰਢਾ ਰਹੇ ਕਰੋੜਪਤੀ ਭਾਰਤੀ ਵਿਜੈ ਮਾਲੀਆ ਵਾਂਗ ਹਜ਼ਾਰਾਂ ਦੀ ਗਿਣਤੀ ਵਿਚ ਜ਼ੁਰਮਪੇਸ਼ਾ ਭਾਰਤੀਆਂ ਨੂੰ ਵਿਦੇਸ਼ੀ ਜੇਲਾਂ ਵਿਚ ਕੈਦੀ-ਜੀਵਨ ਹੰਢਾਉਂਦੇ ਹੋਏ ਵੇਖਿਆ ਜਾ ਰਿਹਾ ਹੈ। ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਲਗਪਗ 8000 ਭਾਰਤੀ ਨਾਗਰਿਕ ਇਸ ਵੇਲੇ 72 ਦੇਸ਼ਾਂ ਦੀਆਂ ਅਦਾਲਤਾਂ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਜੇਲਾਂ ਵਿਚ ਕੈਦ ਹਨ ਜਿਨਾਂ ਵਿਚੋਂ ਇੱਕ ਪੰਜਾਬੀ ਭਾਰਤੀ ਨੂੰ ਵੱਖੋ-ਵੱਖਰੇ ਗੰਭੀਰ ਜੁਰਮਾਂ ਅਧੀਨ 82 ਸਾਲ ਕੈਦ ਦੀ ਸਜ਼ਾ ਹੋਈ ਹੈ।


ਵਿਦੇਸ਼ੀ ਜੇਲਾਂ ਵਿਚ ਭਾਰਤੀ ਕੈਦੀ : ਇਸ ਵੇਲੇ ਲਗਪਗ 8000 ਭਾਰਤੀ ਨਾਗਰਿਕ 72 ਦੇਸ਼ਾਂ ਦੀਆਂ 86 ਜੇਲਾਂ ਵਿਚ ਕੈਦ ਕੱਟ ਰਹੇ ਹਨ। ਬੀਤੀ ਅਗਸਤ ਦੌਰਾਨ ਲੋਕ ਸਭਾ ਵਿਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਭਾਰਤ ਦੇ ਵਿਦੇਸ਼ੀ ਰਾਜ ਮੰਤਰੀ ਅਤੇ ਸਾਬਕਾ ਸੰਪਾਦਕ ਅਤੇ ਕਾਲਮਨਵੀਸ ਐਮ.ਜੇ. ਅਕਬਰ ਨੇ ਪ੍ਰਗਟਾਵਾ ਕੀਤਾ ਸੀ ਕਿ 86 ਜੇਲਾਂ ਵਿਚ ਤੋਂ ਬਾਹਰ 7620 ਭਾਰਤੀ ਵਿਦੇਸ਼ੀ ਜੇਲਾਂ ਵਿਚ ਸਨ। ਪਰ ਭਾਰਤ ਦੇ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਨਾਲ ਭਾਰਤੀ ਜ਼ੁਰਮਪੇਸ਼ਾਂ ਕੈਦੀਆਂ ਬਾਰੇ ਜਾਣਕਾਰੀ ਦੇਣ ਬਾਰੇ ਦੋ-ਦੇਸ਼ੀ ਦੋਸਤਾਨਾ ਸਬੰਧ ਨਹੀਂ ਹਨ। ਯੂਰਪ ਵਿਚ ਜਿੱਥੇ ਬਰਤਾਨੀਆ ਨਾਲ ਭਾਰਤ ਦਾ ਦੋ-ਦੇਸ਼ੀ ਹਵਾਲਗੀ ਸੰਧੀਨਾਮਾ ਹੈ, ਉੱਥੇ ਵਪਾਰਕ ਅਤੇ ਦੋ-ਦੇਸ਼ੀ ਰਾਜਦੂਤਕ ਸਬੰਧ ਹੋਣ ਦੇ ਬਾਵਜੂਦ ਇਟਲੀ, ਗਰੀਸ, ਜਰਮਨੀ ਅਤੇ ਫਰਾਂਸ ਆਦਿ ਦੇਸ਼ਾਂ ਦੀਆਂ ਸਰਕਾਰਾਂ ਦੇ ਗ੍ਰਹਿ ਜਾਂ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਭਾਰਤ ਸਰਕਾਰ ਨੂੰ ਭਾਰਤੀ ਕੈਦੀਆਂ ਬਾਰੇ ਜਾਣਕਾਰੀ ਦੇਣ ਲਈ ਤਿਆਰ ਨਹੀਂ ਹਨ।
ਉਕਤ ਦੱਸੇ 7620 ਭਾਰਤੀ ਕੈਦੀਆਂ ਵਿਚ ਲਗਪਗ 50 ਇਸਤਰੀਆਂ ਵੀ ਸ਼ਾਮਿਲ ਹਨ, ਜੋ ਧੁਰ ਪੱਛਮ ਵਿਚ ਅਮਰੀਕਾ, ਯੂ.ਕੇ., ਮੱਧ ਪੂਰਬੀ ਦੇਸ਼ਾਂ ਵਿਚ ਕੈਦ ਹਨ। ਮਰਦ ਕੈਦੀਆਂ ਵਿਚੋਂ ਜਿਹੜੇ ਦੇਸ਼ਾਂ ਵਿਚ 100 ਤੋਂ ਵੱਧ ਭਾਰਤੀ ਲੋਕ ਜੇਲਾਂ ਵਿਚ ਹਨ, ਉਨਾਂ ਵਿਚੋਂ ਸਭ ਤੋਂ ਵੱਧ ਇਸਲਾਮੀ ਸ਼ਾਹੀ-ਰਾਜ ਵਾਲੇ ਸਾਉਦੀ ਅਰਬ ਵਿਚ ਘੱਟੋ-ਘੱਟ 1696, ਸੰਯੁਕਤ ਅਰਬ ਐਮੀਰੇਟਸ ਵਿਚ 1143, ਨਿਪਾਲ ਵਿਚ 860, ਕੁਵੈਤ ਵਿਚ 434, ਮਲੇਸ਼ੀਆ ਵਿਚ 356, ਯੂ.ਕੇ. ਦੀਆਂ ਜੇਲਾਂ ਵਿਚ 356, ਪਾਕਿਸਤਾਨ ਵਿਚ 230, ਅਮਰੀਕਾ ਵਿਚ ਲਗਪਗ 200, ਚੀਨ ਵਿਚ 161, ਬੰਗਲਾਦੇਸ਼ ਵਿਚ 137 ਅਤੇ 100 ਤੋਂ 136 ਕੈਦੀਆਂ ਵਾਲੇ ਕਾਤਾਰ, ਸਿੰਗਾਪੁਰ, ਓਮਾਨ ਅਤੇ ਬਹਿਰੀਨ ਆਦਿ 14 ਦੇਸ਼ ਵਰਨਣਯੋਗ ਹਨ।


ਭਾਰਤ ਦੇ ਗੁਆਂਢੀ ਪਾਕਿਸਤਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚ ਕਈ ਵੇਰ ਭਾਰਤੀ ਮਛੇਰਿਆਂ ਨੂੰ ਜੇਲਾਂ ਵਿਚ ਡੱਕਿਆ ਜਾਂਦਾ ਹੈ, ਜਿੱਥੇ ਇਹ ਗਿਣਤੀ ਪਿਛਲੇ 3 ਸਾਲਾਂ ਦੌਰਾਨ ਕਦੇ-ਕਦੇ 1000 ਕੈਦੀਆਂ ਤੱਕ ਪੁੱਜਦੀ ਰਹੀ ਹੈ। ਕਈ ਵੇਰ ਧੱਕੇਸ਼ਾਹੀ ਕਰਨ ਵਾਲੇ ਭਾਰਤੀ ਮਛੇਰੇ ਵਿਦੇਸ਼ੀ ਪਾਣੀਆਂ ਵਿਚ ਮੱਛੀਆਂ ਦਾ ਸ਼ਿਕਾਰ ਕਰਦੇ ਕਰਦੇ ਖ਼ੁਦ ਬਰੂਨਾਏ, ਭੁਟਾਨ ਅਤੇ ਇਥੋਪੀਆ ਦੀਆਂ ਸਰਕਾਰਾਂ ਦਾ ਸ਼ਿਕਾਰ ਹੁੰਦੇ ਦੱਸੇ ਜਾਂਦੇ ਹਨ।
ਭਾਰਤੀ ਪ੍ਰਵਾਸ ਦੇ ਵੱਧ ਜਾਣ ਨਾਲ ਹੁਣ ਆਸਟ੍ਰੇਲੀਆ ਅਤੇ ਕੈਨੇਡਾ ਆਦਿ ਦੇਸ਼ਾਂ ਵਿਚ ਵੀ ਭਾਰਤੀ ਜ਼ੁਰਮਪੇਸ਼ਾਂ ਕੈਦੀਆਂ ਦੀ ਗਿਣਤੀ ਵਧਣ ਲੱਗ ਪਈ ਹੈ, ਜਿੱਥੇ ਇਹ ਮਨੁੱਖੀ ਤਸਕਰੀ, ਡਰੱਗ ਦੇ ਧੰਦੇ, ਕਰੰਸੀ ਜ਼ਖ਼ੀਰੇਬਾਜ਼ੀ ਅਤੇ ਘਰੇਲੂ ਝਗੜਿਆਂ ਆਦਿ ਜੁਰਮਾਂ ਕਾਰਨ ਜੇਲਾਂ ਵਿਚ ਕੈਦ ਭੁਗਤ ਰਹੇ ਹਨ।
ਬਰਤਾਨੀਆ ਵਿਚ ਕੈਦੀ ਅਤੇ ਧਰਮ : ਬੀਤੀ ਜਨਵਰੀ ਵਿਚ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਬਰਤਾਨਵੀ ਜੇਲਾਂ ਵਿਚ ਕੁੱਲ 84300 ਕੈਦੀਆਂ ਵਿਚੋਂ 40910 ਕੈਦੀ ਈਸਾਈ ਧਰਮ ਨਾਲ ਸਬੰਧਿਤ ਹਨ। ਇਸਲਾਮੀ ਧਰਮ ਨਾਲ ਸਬੰਧਿਤ ਮੁਸਲਮਾਨ ਕੈਦੀਆਂ ਦੀ ਗਿਣਤੀ 2016 ਨਾਲੋਂ 2017 ਵਿਚ 15 ਫ਼ੀਸਦੀ ਵੱਧ ਗਈ ਦੱਸੀ ਜਾਂਦੀ ਹੈ ਜਿਨਾਂ ਦੀ ਹੁਣ ਜੇਲਾਂ ਵਿਚ ਗਿਣਤੀ 12800 ਹੈ। ਇਸੇ ਤਰਾਂ ਬੋਧੀ 1528, ਭਾਰਤੀ ਅਤੇ ਅਫ਼ਗਾਨੀ ਸਿੱਖ 758, ਯਹੂਦੀ 458 ਅਤੇ ਹਿੰਦੂ 400 ਕੈਦੀ ਦੱਸੇ ਜਾਂਦੇ ਹਨ।
J ਬਰਤਾਨਵੀ ਜੇਲਾਂ ਵਿਚ 2016 ਦੇ ਅਖੀਰ ਵਿਚ ਭਾਰਤੀਆਂ ਸਮੇਤ ਵਿਦੇਸ਼ੀ ਕੈਦੀਆਂ ਦੀ ਗਿਣਤੀ 11,000 ਦੇ ਆਲੇ-ਦੁਆਲੇ ਘੁੰਮ ਰਹੀ ਸੀ, ਜੋ ਸੰਸਾਰ ਦੇ ਵੱਖੋ-ਵੱਖ 173 ਦੇਸ਼ਾਂ ਦੇ ਜ਼ੁਰਮਪੇਸ਼ਾ ਲੋਕ ਹਨ। ਭਾਰਤ ਦਾ ਨਾਓ ਵੀ ਸਭ ਤੋਂ ਵੱਧ ਕੈਦੀਆਂ ਵਾਲੇ 10 ਦੇਸ਼ਾਂ ਵਿਚ ਬੋਲਦਾ ਹੈ। ਹੋਰ ਸਭ ਤੋਂ ਵੱਧ ਵਿਦੇਸ਼ੀ ਕੈਦੀਆਂ ਵਿਚ ਪੋਲੈਂਡ ਦੇ 917, ਆਇਰਲੈਂਡ ਦੇ 746, ਰੁਮਾਨੀਆ ਦੇ 654, ਅਲਬਾਨੀਆ ਦੇ 572, ਜਮਾਇਕਾ ਦੇ 514, ਲਿਥੂਵੇਨੀਆ ਦੇ 430, ਪਾਕਿਸਤਾਨ ਦੇ 412, ਭਾਰਤ ਦੇ 373, ਸੋਮਾਲੀਆ ਦੇ 335 ਅਤੇ ਨਾਈਜੀਰੀਆ ਦੇ 320 ਕੈਦੀ ਵਰਨਣਯੋਗ ਹਨ।
J ਬਰਤਾਨੀਆ ਵਿਚ ਬੀਤੇ ਦਿਨੀਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇੱਕ 48 ਸਾਲਾ ਪੰਜਾਬੀ ਨੂੰ ਗ਼ੈਰ-ਕਾਨੂੰਨੀ ਢੰਗ ਰਾਹੀਂ 188 ਪ੍ਰਚਾਰਕਾਂ, ਰਾਗੀਆਂ ਅਤੇ ਧਾਰਮਿਕ ਖੇਤਰ ਦੇ ਕਾਮੇ ਬਣਾ ਕੇ ਜਾਂ ਕਹਿ ਕੇ ਲਿਆਉਣ ਦੇ ਦੋਸ਼ ਅਧੀਨ 9 ਸਾਲ ਦੀ ਕੈਦ ਹੋਈ ਹੈ। ਇਹ ਦੋਸ਼ੀ ਖ਼ੁਦ 1999 ਵਿਚ ਰਾਗੀ ਜਾਂ ਪ੍ਰਚਾਰਕ ਬਣ ਕੇ ਜਾਂ ਕਹਿ ਕੇ ਇੱਥੇ ਵਕਤੀ ਵੀਜ਼ਾ ਰਾਹੀਂ ਆਇਆ ਸੀ, ਪਰ ਵਾਪਸ ਨਹੀਂ ਪਰਤਿਆ। ਇਸ ਦੇ ਨਾਲ ਇਸ ਦੀ ਪਤਨੀ ਅਤੇ ਇਕ ਹੋਰ ਨਜ਼ਦੀਕੀ ਜਾਂ ਰਿਸ਼ਤੇਦਾਰ ਦੱਸੀ ਜਾਂਦੀ ਬੀਬੀ ਨੂੰ ਵੀ ਸਜ਼ਾ ਹੋਈ ਹੈ।
ਭਾਰਤ-ਬਰਤਾਨਵੀ ਹਵਾਲਗੀ ਸੰਧੀਨਾਮਾ : ਇੱਕ ਦੂਜੇ ਦੇਸ਼ ਦੇ ਮੁਜਰਮ ਜਾਂ ਭਗੌੜੇ ਕਥਿਤ ਦੋਸ਼ੀਆਂ ਨੂੰ ਉਨਾਂ ਦੇ ਦੇਸ਼ ਦੇ ਹਵਾਲੇ ਕਰਨ ਲਈ ਭਾਰਤ ਅਤੇ ਬਰਤਾਨੀਆ ਵਿਚਕਾਰ 1993 ਵਿਚ ਇੱਕ ''ਹਵਾਲਗੀ ਸੰਧੀਨਾਮਾ'' ਕੀਤਾ ਹੋਇਆ ਹੈ, ਜਿਸ ਅਨੁਸਾਰ ਪਿਛਲੇ ਵਰੇ ਭਾਰਤ ਵੱਲੋਂ 57 ਭਗੌੜਿਆਂ ਦੀ ਸੂਚੀ ਤਿਆਰ ਕਰਕੇ ਬਰਤਾਨਵੀ ਸਰਕਾਰ ਦੇ ਹਵਾਲੇ ਕੀਤੀ ਗਈ ਸੀ। ਪਿਛਲੇ 24 ਵਰਿਆਂ ਦੌਰਾਨ ਕੇਵਲ ਇੱਕ ਭਗੌੜਾ ਕਥਿਤ  ਦੋਸ਼ੀ 2002 ਦੇ ਗੁਜਰਾਤ ਦੰਗਿਆਂ ਅਧੀਨ ਬਰਤਾਨੀਆ ਤੋਂ ਭਾਰਤ ਦੇ ਹਵਾਲੇ ਕੀਤਾ ਗਿਆ ਹੈ, ਜਿਸ ਦਾ ਨਾਉਂ ਸਮੀਰ ਭਾਈ ਬੀਨੂ ਭਾਈ ਪਟੇਲ ਹੈ। ਇਸੇ ਤਰਾਂ ਭਾਰਤ ਵੱਲੋਂ ਬਰਤਾਨੀਆ ਦੇ ਹਵਾਲੇ ਇੱਕ ਦੋਸ਼ੀ ਮਨਿੰਦਰਪਾਲ ਸਿੰਘ ਕੋਹਲੀ ਸਾਊਥੈਂਪਟਨ ਵਿਖੇ ਹੈਨਾ ਫੌਸਟਰ ਕਤਲ ਮੁਕੱਦਮੇ ਅਨੁਸਾਰ 2008 ਵਿਚ ਲੋੜੀਂਦਾ ਬਰਤਾਨੀਆ ਵਾਪਸ ਸੌਂਪਿਆ ਗਿਆ ਸੀ।
ਬਰਤਾਨਵੀ ਪ੍ਰਧਾਨ ਮੰਤਰੀ ਥਰੀਸਾ ਮੇਅ ਦੇ ਪਿਛਲੇ ਦੌਰੇ ਵੇਲੇ ਦੋ-ਦੇਸ਼ੀ ਉੱਚ ਪੱਧਰੀ ਮੀਟਿੰਗ ਵੇਲੇ ਜਿਹੜੇ ਮੁੱਖ 7 ਮਸਲੇ ਵਿਚਾਰੇ ਗਏ ਸਨ, ਉਨਾਂ ਵਿਚ 9000 ਕਰੋੜ ਰੁਪਏ ਦੇ ਘਪਲਿਆਂ ਨਾਲ ਸਬੰਧਿਤ ਕਿੰਗਫਿਸ਼ਰ ਆਦਿ ਕੰਪਨੀਆਂ ਦੇ ਮਾਲਕ ਵਿਜੈ ਮਾਲੀਆ ਦੀ ਭਾਰਤ ਨੂੰ ਹਵਾਲਗੀ ਅਤੇ ਵਾਪਸੀ ਯਕੀਨੀ ਬਣਾਉਣ ਬਾਰੇ ਵੀ ਫ਼ੈਸਲਾ ਕੀਤਾ ਗਿਆ ਸੀ, ਪਰ ਪਿਛਲੇ ਸਾਲ ਤੋਂ ਭਾਰਤੀ ਕਾਨੂੰਨਾਂ ਦੇ ਮਾਹਿਰ ਅਤੇ ਰਾਖੇ ਹਾਕਮਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਇਹ ਮਾਮਲਾ ਫਿਲਹਾਲ ਉੱਥੇ ਦਾ ਉੱਥੇ ਹੀ ਹੈ। ''ਜਿਨਹੇਂ ਨਾਜ਼ ਹੈ ਹਿੰਦ ਪਰ ਵੋਹ ਕਹਾਂ ਹੈਂ?''

ਨਰਪਾਲ ਸਿੰਘ ਸ਼ੇਰਗਿੱਲ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech