20

October 2018
Article

ਨਹੀਂ ਦਿਸਦੇ ਪੰਜਾਬ 'ਚ ਅੱਜਕੱਲ• ਛੱਲੀਆਂ ਦੇ ਢੇਰ,,,,,ਜਸਵੀਰ ਸ਼ਰਮਾ ਦੱਦਾਹੂਰ

December 06, 2017 09:54 PM

ਨਹੀਂ ਦਿਸਦੇ ਪੰਜਾਬ 'ਚ ਅੱਜਕੱਲ ਛੱਲੀਆਂ ਦੇ ਢੇਰ

ਪੰਜਾਬ ਨੂੰ ਸਦਾ ਆਪਣੇ ਵਿਰਸੇ ਤੇ ਮਾਣ ਰਿਹਾ ਹੈ ਤੇ ਰਹੇਗਾ, ਕਿਉਂਕਿ ਸਾਡਾ ਅਮੀਰ ਵਿਰਸਾ ਆਪਣੇ ਆਪ ਵਿੱਚ ਬਹੁਤ ਕੁਝ ਸਮੋਈ ਬੈਠਾ ਹੈ। ਬੇਸ਼ੱਕ ਅਸੀ ਆਵਦੇ ਪਿਛੋਕੜ ਨੂੰ ਭੁੱਲਦੇ ਜਾ ਰਹੇ ਹਾਂ ਕਿਉਂਕਿ ਅਸੀ ਬਹੁਤ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਲਈਆਂ ਹਨ। ਇੱਕੀਵੀਂ ਸਦੀ ਵਾਲਾ ਵਰਾ ਸਾਰੀ ਹੀ ਕਾਇਨਾਤ ਨੂੰ ਬਹੁਤ ਤਰੱਕੀ ਤੇ ਲੈ ਕੇ ਗਿਆ ਹੈ ਤੇ ਲੈ ਕੇ ਜਾ ਰਿਹਾ ਹੈ ਪਰ ਇਹ ਕਹਾਵਤ ਵੀ ਝੂਠੀ ਨਹੀਂ ਹੋ ਸਕਦੀ ਕਿ ਜੋ ਇਨਸਾਨ ਆਪਣੇ ਪਿਛੋਕੜ ਨੂੰ ਭੁੱਲ ਜਾਵੇ ਉਹ ਇਨਸਾਨ, ਇਨਸਾਨ ਕਹਾਉਣ ਦਾ ਹੱਕਦਾਰ ਹੀ ਨਹੀਂ ਰਹਿੰਦਾ। ਏਸੇ ਕਰਕੇ ਹੀ ਉਮਰ ਦੇ ਤਜ਼ਰਬੇ ਜਾਂ ਅੱਖੀਂ ਵੇਖੇ  ਪੰਜਾਬ ਦੇ ਵਿਰਸੇ ਦੀ ਗੱਲ ਕਰਨੀ ਬਣਦੀ ਹੈ। ਸੋ, ਦੋਸਤੋ ਮੈਂ ਆਪਣੇ ਪਹਿਲੇ ਲੇਖਾਂ ਦੀ ਤਰਾਂ ਹੀ ਅੱਜ ਵੀ ਪੁਰਾਤਨ ਸਮੇਂ ਦੀ ਝਲਕ ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ।
ਪੰਜਾਬ ਦੇ ਤਿੰਨਾਂ ਖਿੱਤਿਆਂ (ਮਾਝਾ, ਮਾਲਵਾ ਤੇ ਦੁਆਬੇ) ਵਿੱਚ ਕਿਸੇ ਸਮੇਂ ਜੇਕਰ ਅੱਜ ਤੋਂ ਤਿੰਨ ਚਾਰ ਦਹਾਕੇ ਦੀ ਪਹਿਲਾਂ ਗੱਲ ਕਰੀਏ ਤਾਂ ਮੱਕੀ, ਜੌਂ, ਸਰੋਂ, ਤਾਰਾ ਮੀਰਾ, ਗਵਾਰਾ, ਅਰਹਰ, ਸਣ ਆਦਿ ਕੁ ਫ਼ਸਲਾਂ ਦਾ ਪੂਰਾ ਬੋਲਬਾਲਾ ਸੀ। ਛੋਲਿਆਂ ਦੀ ਫ਼ਸਲ ਵਿੱਚ ਵੀ ਪੰਜਾਬ ਮੋਹਰੀ ਸੂਬਿਆਂ ਵਿੱਚ ਗਿਣਿਆਂ ਜਾਂਦਾ ਰਿਹਾ ਹੈ। ਬਦਲੇ ਵਾਤਾਵਰਨ ਕਹੀਏ,  ਪਾਣੀ ਦੀ ਘਾਟ ਕਹੀਏ 'ਤੇ ਜਾਂ ਫਿਰ ਇਸਨੂੰ ਤਰੱਕੀ ਨਾਲ ਜੋੜ ਕੇ ਵੇਖੀਏ ਤਾਂ ਅੱਜਕੱਲ ਇਹ ਸਾਰੀਆਂ ਹੀ ਫ਼ਸਲਾਂ ਪੰਜਾਬ ਵਿੱਚੋਂ ਗਾਇਬ ਹੋ ਚੁੱਕੀਆਂ ਹਨ ਜਾਂ ਫ਼ਿਰ ਗਾਇਬ ਹੋਣ ਕਿਨਾਰੇ ਹਨ। ਅਜੋਕੇ ਬਦਲੇ ਮਹੌਲ ਵਿੱਚ ਝੋਨਾ ਤੇ ਕਣਕ ਦੋ ਹੀ ਪ੍ਰਧਾਨ ਫ਼ਸਲਾਂ ਰਹਿ ਗਈਆਂ ਹਨ ਜਦਕਿ ਮਾਹਿਰ ਝੋਨੇ ਲਈ ਪਾਣੀ ਦੀ ਘਾਟ ਦੀ ਦੁਹਾਈ ਪਾਉਂਦੇ ਰਹਿੰਦੇ ਹਨ ਤੇ ਬਦਲਵੀਆਂ ਫ਼ਸਲਾਂ ਬੀਜਣ ਦਾ ਸਦਾ ਹੀ ਸੁਝਾਅ ਦਿੰਦੇ ਰਹਿੰਦੇ ਹਨ। ਸਣ ਵੱਢ ਕੇ ਗਰਨ ਬੰਨ ਕੇ ਛੱਪੜਾਂ ਵਿੱਚ ਦੱਬੇ ਜਾਂਦੇ ਰਹੇ ਹਨ ਜੋ ਕਿ ਅੱਜ ਪਿੰਡਾਂ ਵਿੱਚੋਂ ਸਰਕਾਰਾਂ ਨੇ ਛੱਪੜਾਂ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਹੈ। ਬਾਕੀ ਸਾਰੀਆਂ ਉਪਰੋਕਤ ਫ਼ਸਲਾਂ ਜੇ ਕੋਈ ਕਿਰਸਾਨ ਬੀਜਦਾ ਵੀ ਹੈ ਤਾਂ ਸਿਰਫ਼ ਨਮੂਨੇ ਦੇ ਤੌਰ ਤੇ। ਕੋਈ ਸਮਾਂ ਸੀ ਮੱਕੀ ਦੀ ਭਰਪੂਰ ਫ਼ਸਲ ਪੰਜਾਬ ਵਿੱਚ ਹੁੰਦੀ ਸੀ ਜਿਵੇਂ ਕਣਕ ਦੇ ਬੋਹਲ ਲਗਦੇ ਸਨ ਪਿੜਾਂ 'ਚ। ਬਿਲਕੁਲ ਏਸੇ ਤਰਾਂ ਹੀ ਮੱਕੀ ਦੇ ਬੋਹਲ ਵੀ ਲਗਦੇ ਰਹੇ ਹਨ ਜੋ ਦਾਸ ਨੇ ਆਪ ਅੱਖੀਂ ਵੇਖੇ ਹਨ ਪਰ ਅੱਜ ਇਹ ਸਭ ਅਲੋਪ ਹਨ ਕਿਉਂਕਿ ਹੱਥੀਂ ਮਿਹਨਤ ਕਰਨ ਵਾਲੇ ਕਿਸਾਨਾਂ ਦਾ ਬਦਲਵੇਂ ਸਮੇਂ ਵਿੱਚ ਬਾਹਰਲੇ ਮੁਲਕਾਂ ਨੂੰ ਰੁਝਾਨ ਹੈ। ਆਪਣੇ ਹੱਥੀਂ ਕੋਈ ਵੀ ਕੰਮ ਕਰਕੇ ਰਾਜੀ ਨਹੀਂ, ਜਦਕਿ ਖੇਤੀ ਹੱਥੀਂ ਕਰਨ ਵਾਲਾ ਕਿੱਤਾ ਸੀ। ਜ਼ਹਿਰੀਲੇ ਪਾਣੀ ਕਾਰਨ ਜਾਂ ਤਰੱਕੀ ਨਾਲ ਜੋੜ ਕੇ ਵੇਖੀਏ ਦੋਸਤੋ ਇਹ ਆਪੋ ਆਪਣਾ ਨਜ਼ਰੀਆ ਹੈ ਪਰ ਆਮ ਕਿਸਾਨਾਂ ਦੇ ਮੂੰਹੋਂ ਇਹ ਵੀ ਸੁਣਿਆ ਗਿਆ ਹੈ ਕਿ ਹੁਣ ਪੰਜਾਬ ਦੀ ਜ਼ਮੀਨ ਇਨਾਂ ਫਸਲਾਂ ਨੂੰ ਮੰਨਣੋਂ ਹੀ ਹਟ ਗਈ ਹੈ ਜੋ ਕਿ ਇਹ ਗੱਲ ਮਨ ਹੀ ਨਹੀਂ ਮੰਨਦਾ ਕਿਉਂਕਿ ਉਹੀ ਜ਼ਮੀਨ ਹੈ, ਉਹੀ ਪੰਜਾਬ ਹੈ, ਉਹੀ ਪਾਣੀ ਹੈ (ਬੇਸ਼ੱਕ ਘੱਟ ਹੈ) ਫ਼ਿਰ ਇਹ ਫ਼ਸਲ ਦਾ ਨਾਂ ਹੋਣਾ ਹੀ ਸਾਡਾ ਵਿਰਸਾ ਬਣਕੇ ਰਹਿ ਗਿਆ ਹੈ। ਹੁਣ ਤਾਂ ਸਿਰਫ ਪਹਾੜੀ ਮੱਕੀ ਦਾ ਆਟਾ ਜਾਂ ਛੱਲੀਆਂ ਹੀ ਲੋਕੀ ਖੁਸ਼ ਹੋਕੇ ਖਾਂਦੇ ਹਨ 'ਤੇ ਉਧਰੋਂ ਹੀ ਆਟਾ ਲਿਆਉਂਦੇ ਹਨ। ਬੇਸ਼ੱਕ ਥੋੜਾ ਬਹੁਤਾ ਮੱਕੀ ਦਾ ਆਟਾ ਸੰਗਰੂਰ ਨੂੰ ਜਾਂਦਿਆਂ ਬਡਬਰ ਕੋਲੋਂ ਵੱਡੀ ਨਹਿਰ ਕੋਲ ਥੈਲੀਆਂ ਵਿੱਚ ਮਿਲਦਾ ਹੈ। ਆਮ ਲੋਕ ਉਥੋਂ ਲੈਂਦੇ ਵੀ ਹਨ ਪਰ ਪੰਜਾਬ ਵਿੱਚ ਮੱਕੀ ਦੀ ਫ਼ਸਲ ਪੂਰੀ ਤਰਾਂ ਲੁਪਤ ਹੋ ਚੁੱਕੀ ਹੈ ਅਤੇ ਮੱਕੀ ਦੇ ਢੇਰ ਬੀਤੇ ਦੀਆਂ ਬਾਤਾਂ ਬਣਕੇ ਰਹਿ ਗਏ ਹਨ ਜੋ ਕਿ ਸਾਡਾ ਨਾ ਭੁੱਲਣਯੋਗ ਵਿਰਸਾ ਸੀ।

ਜਸਵੀਰ ਸ਼ਰਮਾ ਦੱਦਾਹੂਰ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech