Article

ਨਰੋਏ ਸਮਾਜ ਦੀ ਉਸਾਰੀ ਵਿੱਚ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਦਾ ਯੋਗਦਾਨ//ਡਾ. ਜਤਿੰਦਰ ਸਿੰਘ,

January 10, 2018 09:26 PM
General

ਨਰੋਏ ਸਮਾਜ ਦੀ ਉਸਾਰੀ ਵਿੱਚ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਦਾ ਯੋਗਦਾਨ


 ਭਾਰਤ ਸਰਕਾਰ ਦੇ ਖੇਡਾਂ ਅਤੇ ਯੁਵਕ ਮਾਮਲੇ ਮੰਤਰਾਲੇ ਅਧੀਨ ਪ੍ਰਚਲਿਤ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ੦੨ ਅਕਤੂਬਰ, ੧੯੬੯ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਉੱਤੇ ਦੇਸ਼ ਦੀਆਂ ੩੭ ਯੂਨੀਵਰਸਿਟੀਆਂ ਵਿੱਚ ਲਾਗੂ ਕੀਤੀ ਗਈ। ਸਮਾਜਿਕ ਖੇਤਰ ਵਿੱਚ ਬਿਹਤਰੀ ਅਤੇ ਵਿਅਕਤੀਤਵ ਵਿਕਾਸ ਦੇ ਮਕਸਦ ਨਾਲ ਸ਼ੁਰੂ ਹੋਇਆ ਲਗਪਗ ੪੦ ਹਜ਼ਾਰ ਵਿਦਿਆਰਥੀਆਂ ਦਾ ਸ਼ੁਰੂਆਤੀ ਉਪਰਾਲਾ ਅੱਜ ੩.੨ ਲੱਖ ਵਲੰਟੀਅਰਾਂ ਦਾ ਵੱਡਾ ਕਾਫਲਾ ਬਣ ਚੁੱਕਿਆ ਹੈ ਅਤੇ ਭਾਰਤ ਦੀਆਂ ੨੯੮ ਯੂਨੀਵਰਸਿਟੀਆਂ ਅਤੇ ੪੨ ਸੀਨੀਅਰ ਸੈਕੰਡਰੀ ਅਤੇ ਵੋਕੇਸ਼ਨਲ ਸਿੱਖਿਆ ਦੇ ਵਿਦਿਅਰਥੀਆਂ ਨੂੰ ਤਰਾਸ਼ਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
 ਸ਼ੁਰੂਆਤੀ ਸਮੇਂ ਦੌਰਾਨ ਕੌਮੀ ਸੇਵਾ ਯੋਜਨਾ ਦੀ 'ਸਫ਼ਾਈ ਸੇਵਾ ਯੋਜਨਾ' ਵਾਲੀ ਤਸਵੀਰ ਉਸ ਦੁਆਰਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਫ਼-ਸਫ਼ਾਈ ਲਈ ਆਰੰਭੀ ਗਈ ਮੁਹਿੰਮ ਕਰਕੇ ਸਾਹਮਣੇ ਆਈ ਸੀ ਪਰੰਤੂ ਸਮਾਂ ਬੀਤਣ ਦੇ ਨਾਲ-ਨਾਲ ਇਸ ਦਾ ਦਾਇਰਾ ਵਿਸ਼ਾਲ ਹੁੰਦਾ ਗਿਆ। ਕੌਮੀ ਸੇਵਾ ਯੋਜਨਾ ਧਾਰਮਿਕ ਅਸਹਿਣਸ਼ੀਲਤਾ, ਜਾਤੀ ਵਿਤਕਰੇ, ਉਚ-ਨੀਚ ਦੇ ਵਖਰੇਵੇ, ਅਣਪੜ੍ਹਤਾ ਦੀ ਅਲਾਮਤ, ਅੱਤਵਾਦ ਅਤੇ ਵੱਖਵਾਦ ਦੇ ਅਜੌਕੇ ਦੌਰ ਦੌਰਾਨ ਆਪਣੇ ਵਲ਼ੰਟੀਅਰਾਂ ਰਾਹੀਂ ਨਰੋਏ ਅਤੇ ਉਸਾਰੂ ਸਮਾਜ ਦੀ ਸਿਰਜਨਾ ਲਈ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਖੇਤਰ ਵਿੱਚ ਆਪਣਾ ਰੋਲ ਅਦਾ ਕਰ ਰਹੀ ਹੈ। ਜੇਕਰ ਸਾਫ਼ ਸ਼ਬਦਾਂ ਵਿੱਚ ਇਹ ਕਿਹਾ ਜਾਵੇ ਕਿ ਕੌਮੀ ਸੇਵਾ ਯੋਜਨਾ ਗਲੀਆਂ ਮੁਹੱਲਿਆਂ ਦੀ ਸਫ਼ਾਈ ਨਾਲੋਂ ਦਿਮਾਗ਼ਾਂ ਦੀ ਸਫ਼ਾਈ ਵੱਲ ਵਧੇਰੇ ਕੇਂਦਰਿਤ ਹੋ ਰਹੀ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ।
 ਕਾਲਜ ਵਿੱਚ ਜਦੋਂ ਵਿਦਿਆਰਥੀ ਦਾਖ਼ਲਾ ਲੈਂਦਾ ਹੈ ਤਾਂ ਉਹ ਬੜੇ ਚਾਵਾਂ ਅਤੇ ਉਮੰਗਾਂ ਨਾਲ ਭਰਪੂਰ ਹੁੰਦਾ ਹੈ। ਉਸ ਦੇ ਇਹ ਚਾਅ ਅਤੇ ਉਮੰਗਾਂ ਦੇ ਖੰਭ ਉਸ ਨੂੰ ਕਈ ਵਾਰ ਇੰਨੀ ਜਿਆਦਾ ਉੱਪਰ ਉੱਡਾ ਦਿੰਦੇ ਹਨ ਜਿੱਥੋਂ ਉਸ ਨੂੰ ਜ਼ਮੀਨੀ ਹਕੀਕਤ ਮੱਧਮ ਨਜ਼ਰ ਆਉਂਣ ਲਗਦੀ ਹੈ। ਕੌਮੀ ਸੇਵਾ ਯੋਜਨਾ ਨਵ ਭਰਤੀ ਹੋਏ ਵਿਦਿਆਰਥੀਆਂ ਲਈ ਸਮਾਜ ਦੇ ਕਰੂਪ ਚਿਹਰੇ ਨੂੰ ਦੇਖਣ ਵਿੱਚ ਮੱਦਦਗਾਰ ਸਾਬਿਤ ਹੁੰਦੀ ਹੈ। ਵਲੰਟੀਅਰ ਦੇ ਤੌਰ 'ਤੇ ਵਿਦਿਆਰਥੀ ਲਗਾਤਾਰ ੩ ਤੋਂ ੫ ਸਾਲਾਂ ਦੇ ਸਮੇਂ ਦੌਰਾਨ ਸਮਾਜ ਦੇ ਅਜਿਹੇ ਖੇਤਰਾਂ, ਲੋਕਾਂ, ਅਲਾਮਤਾਂ ਅਤੇ ਅਜਿਹੀਆਂ ਬਿਪਤਾਵਾਂ ਨੂੰ ਆਪਣੇ ਦ੍ਰਿਸ਼ਟੀਗੋਚਰ ਕਰਦੇ ਹਨ ਜਿੰਨਾਂ ਨੂੰ ਸਾਧਾਰਨ ਵਿਦਿਆਰਥੀ ਇਸ ਉਮਰ ਵਿੱਚ ਅਕਸਰ ਅਣਗੋਲਿਆਂ ਕਰ ਦਿੰਦੇ ਹਨ। ਕੌਮੀ ਸੇਵਾ ਯੋਜਨਾ ਦੀਆਂ ਕੈਂਪ ਗਤੀਵਿਧੀਆਂ ਅਤੇ ਜਾਗਰੂਕ ਮਹਿੰਮਾਂ ਦੌਰਾਨ ਜਾਤੀਆਂ, ਧਰਮਾਂ ਅਤੇ ਸੀਨੀਆਰਤਾ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਅਲਾਟ ਹੋਏ ਪ੍ਰਾਜੈਕਟ ਟੀਚੇ ਨੂੰ ਪੂਰਾ ਕਰਨਾ ਆਪਣੇ ਆਪ ਵਿੱਚ ਸਹਿਣਸ਼ੀਲਤਾ ਦਾ ਅਜਿਹਾ ਪਾਠ ਹੈ ਜੋ ਵਲੰਟੀਅਰ ਅਮਲੀ ਜੀਵਨ ਵਿੱਚੋਂ ਗ੍ਰਹਿਣ ਕਰਦੇ ਹਨ। ਕੁਦਰਤੀ ਆਫ਼ਤਾਂ ਜਿਵੇਂ ਭੂਚਾਲ, ਹੜ੍ਹ ਅਤੇ ਮਾਰੂ ਬੀਮਾਰੀਆਂ ਦੇ ਸਮੇਂ ਵੀ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਦੀ ਪਹਿਲ ਕਦਮੀ ਅਕਸਰ ਨਜ਼ਰੀ ਪੈਂਦੀ ਹੈ। ਗੁਜਰਾਤ ਵਿੱਚ ਭੂਚਾਲ,  ਕਸ਼ਮੀਰ ਅਤੇ ਉਤਰਾਖੰਡ ਵਿੱਚ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਸਮੇਂ ਵਲੰਟੀਅਰਾਂ ਦੁਆਰਾ ਕੀਤੀ ਗਈ ਮਾਲੀ, ਰਸ਼ਦੀ, ਖੂਨ-ਦਾਨ ਅਤੇ ਬਚਾਅ ਕੰਮਾਂ ਵਿੱਚ ਮੱਦਦ ਨੇ ਦੇਸ਼ ਵਾਸੀਆਂ ਦਾ ਧਿਆਨ ਆਕਰਸ਼ਿਤ ਕੀਤਾ ਹੈ।
 ਕੌਮੀ ਸੇਵਾ ਯੋਜਨਾ ਵਲੰਟੀਅਰਾਂ ਨੂੰ ਅਲਾਟ ਕੀਤੇ ਟੀਚੇ ਪੂਰੇ ਕਰਨ ਅਤੇ ਪੇਸ਼ ਆ ਰਹੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਸਮੇਂ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਅਤੇ ਨਿਖ਼ਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਲੀਡਰਸ਼ਿਪ ਦੇ ਗੁਣ ਵੀ ਪ੍ਰਦਾਨ ਕਰਦਾ ਹੈ। ਦੇਸ਼ ਦੇ ਵੱਡੀ ਗਿਣਤੀ ਅਧਿਕਾਰੀ ਅਤੇ ਰਾਜ-ਨੇਤਾ ਆਪਣੇ ਵਿਦਿਆਰਥੀ ਸਮੇਂ ਦੌਰਾਨ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਰਹਿ ਚੁੱਕੇ ਹੁੰਦੇ ਹਨ। ਇਹ ਪਲੇਟਫਾਰਮ ਸਿੱਧੇ ਤੌਰ 'ਤੇ ਦੇਸ਼ ਨੂੰ ਚੰਗੇ ਲੀਡਰ ਪ੍ਰਦਾਨ ਕਰਦਾ ਹੈ। ਕੈਂਪਾਂ ਦੌਰਾਨ ਵੱਖ-ਵੱਖ ਵਿਸ਼ਿਆਂ ਉੱਤੇ ਹੁੰਦੀਆਂ ਸਾਰਥਕ ਬਹਿਸਾਂ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਦੇ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਅਤੇ ਉਨਾਂ ਦੀ ਆਪਣੀ ਸੋਚ ਵਿਕਸਿਤ ਕਰਨ ਵਿੱਚ ਮੱਦਦਗਾਰ ਸਾਬਿਤ ਹੁੰਦੀਆਂ ਹਨ।
 ਜਾਗਰੂਕਤਾ ਮੁਹਿੰਮਾਂ ਦੌਰਾਨ ਵਲੰਟੀਅਰ ਪਿੰਡਾਂ-ਸ਼ਹਿਰਾਂ ਇੱਥੋਂ ਤੱਕ ਕਿ ਘਰ-ਘਰ ਜਾ ਕੇ ਲੋਕਾਂ ਨੂੰ ਚੇਤੰਨ ਕਰਦੇ ਹਨ ਅਤੇ ਆਪ ਚੇਤੰਨ ਹੁੰਦੇ ਹਨ। ਕੌਮੀ ਪੱਧਰ ਦੀਆਂ ਬਹੁਤ ਸਾਰੀਆਂ ਜਿਵੇਂ ਪੋਲੀਓ, ਵੋਟਰ ਜਾਗਰੂਕਤਾ, ਸਾਖਰਤਾ, ਬਾਲਗ ਸਿੱਖਿਆ ਆਦਿ ਵਰਗੀਆਂ ਮੁਹਿੰਮਾਂ ਵਿੱਚ ਆਪਣੀ ਭਾਗੀਦਾਰੀ ਦਰਜ ਕਰਵਾਉਂਦੇ ਹਨ।
 ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ੦੨ ਅਕਤੂਬਰ, ੨੦੧੪ ਨੂੰ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਪਹਿਲਾ ਤੋਂ ਹੀ ਕੌਮੀ ਸੇਵਾ ਯੋਜਨਾ ਵਿੱਚ ਵਿਦਮਾਨ ਹੈ। ਵਲੰਟੀਅਰ ਆਲੇ ਦੁਆਲੇ ਦੀ ਸਫ਼ਾਈ ਕਰਨ ਦੇ ਨਾਲ-ਨਾਲ ਸਫ਼ਾਈ ਦੀ ਮਹੱਤਤਾ ਬਾਰੇ ਅਤੇ ਗੰਦਗੀ ਤੋਂ ਉਤਪੰਨ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੇ ਹਨ। ਕੈਂਪਾਂ ਦੌਰਾਨ ਜਿਆਦਾਤਰ ਇਹੋ ਜਿਹੇ ਇਲਾਕੇ ਜਾਂ ਬਸਤੀਆਂ ਕੰਮ ਲਈ ਚੁਣੀਆਂ ਜਾਂਦੀਆਂ ਹਨ ਜਿੱਥੇ ਸਿੱਖਿਆ, ਸਫ਼ਾਈ ਅਤੇ ਜਾਗਰੂਕਤਾ ਦੀ ਬਹੁਤ ਕਮੀ ਹੁੰਦੀ ਹੈ ਅਤੇ ਸਰਕਾਰਾਂ ਅਤੇ ਸਰਕਾਰੀ ਤੰਤਰ ਦੀ ਨਜ਼ਰ ਤੋਂ ਵੀ ਅਕਸਰ ਦੂਰ ਹੁੰਦੀਆਂ ਹਨ। ਵਲੰਟੀਅਰਾਂ ਨੂੰ ਇੰਨਾਂ ਇਲਾਕਿਆਂ ਵਿੱਚ ਜਾ ਕੇ ਹੀ ਦੇਸ਼ ਵਿੱਚ ਵੱਡੇ ਪੱਧਰ ਉੱਤੇ ਪਸਰੀ ਗ਼ਰੀਬੀ, ਅਣਪੜ੍ਹਤਾਂ ਅਤੇ ਅਗਿਆਨਤਾ ਦੀ ਅਸਲੀ ਤਸਵੀਰ ਨਜ਼ਰ ਆਉਂਦੀ ਹੈ ਜਿੱਥੋਂ ਉਹ ਨਿਸ਼ਚੇ ਹੀ ਸਮਾਜਿਕ ਬਰਾਬਰਤਾ, ਸਾਖਰਤਾ ਅਤੇ ਜਾਗਰੂਕਤਾ ਵੱੱਲ ਆਕਰਸ਼ਿਤ ਹੁੰਦੇ ਹਨ।
 ਭਾਰਤੀ ਧਰਮਾਂ ਵਿੱਚ ਸੇਵਾ ਨੂੰ ਮੂਲ ਰੂਪ ਵਿੱਚ ਉੱਤਮ ਸਮਝਿਆ ਗਿਆ ਹੈ। ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਜਾਂ ਹੋਰ ਧਾਰਮਿਕ ਸਥਾਨਾਂ ਉੱਤੇ ਸਾਫ਼-ਸਫ਼ਾਈ, ਜੋੜੇ ਝਾੜਨੇ ਅਤੇ ਭਾਂਡੇ ਮਾਂਜਣੇ ਆਦਿ ਭਾਰਤੀਆਂ ਦੀ ਫਿਤਰਤ ਬਣ ਕੇ ਰਹਿ ਗਿਆ ਹੈ। ਧਾਰਮਿਕ ਸਥਾਨਾਂ ਉੱਤੇ ਸੇਵਾ ਕਰਨ ਵਾਲੇ ਇਹ ਲੋਕ ਆਪਣੀ ਅਮਲੀ ਜ਼ਿੰਦਗੀ ਦੌਰਾਨ ਸਰਕਾਰੀ ਸੰਸਥਾਨਾਂ, ਹਸਪਤਾਲਾਂ, ਬੱਸ-ਸਟੈਡਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਸਥਾਨਾਂ 'ਤੇ ਅਕਸਰ ਗੰਦਗੀ ਖਿਲਾਰਦੇ ਨਜ਼ਰ ਆਉਂਦੇ ਹਨ। ਇਨਾਂ ਜਨਤਕ ਸਥਾਨਾਂ ਦੀ ਵੱਡੇ ਪੱਧਰ 'ਤੇ ਸਫ਼ਾਈ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਹੀ ਆਪਣੇ ਕੈਂਪਾਂ ਦੌਰਾਨ ਕਰਦੇ ਹਨ। ਕਈ ਵਾਰ ਤਾਂ ਵਲੰਟੀਅਰ ਉਹ ਸਥਾਨ ਵੀ ਇੰਨੀ ਚੰਗੀ ਤਰ੍ਹਾਂ ਸਾਫ਼ ਕਰਦੇ ਹਨ ਜਿੱਥੇਂ ਮਹੀਨੇਵਾਰ ਤਨਖ਼ਾਹ ਲੈਣ ਵਾਲਾ ਜਾਂ ਪੈਸੇ ਲੈ ਕੇ ਦਿਹਾੜੀ 'ਤੇ ਕੰਮ ਕਰਨ ਵਾਲਾ ਵਿਅਕਤੀ ਵੀ ਕੰਨੀ ਕਤਰਾਉਂਦਾ ਹੈ।
 ਅਜਿਹਾ ਵੀ ਨਹੀਂ ਹੈ ਕਿ ਹਰ ਜਗਾਂ ਸਫ਼ਾਈ ਅਤੇ ਜਾਗਰੂਕਤਾ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਦੁਆਰਾ ਹੀ ਕੀਤੀ ਜਾਂਦੀ ਹੈ ਪਰੰਤੂ ਇਹ ਗੱਲ ਤਾਂ ਸੱਚ ਹੈ ਕਿ ਉਹ ਆਪਣੀ ਨਿਸ਼ੁਲਕ ਅਤੇ ਨਿਰਸੁਆਰਥ ਸੇਵਾ ਭਾਵਨਾ ਕਰਕੇ ਲੋਕਾਂ ਦੀ ਬੁਰੀ ਮਾਨਸਿਕਤਾ ਬਦਲਣ ਵਿੱਚ ਇਹ ਜਰੂਰ ਸਹਾਈ ਹੁੰਦੇ ਹਨ। ਕੌਮੀ ਸੇਵਾ ਯੋਜਨਾ ਦਾ ਪਲੇਟਫਾਰਮ ਨੌਜਵਾਨਾਂ, ਜਿੰਨਾਂ ਦੀ ਭਾਰਤ ਵਿੱਚ ਆਬਾਦੀ ੬੫% ਦੇ ਲਗਪਗ ਹੈ, ਦੀ ਸ਼ਕਤੀ ਨੂੰ ਸਾਰਥਕ ਦਿਸ਼ਾ ਵੱਲ ਮੋੜਨ ਵਿੱਚ ਸਫਲ ਸਿੱਧ ਹੋ ਰਿਹਾ ਹੈ। ਇਹੀ ਨੌਜੁਆਨ ਸਾਡਾ ਆਉਂਣ ਵਾਲਾ ਸਮਾਜ ਹਨ। ਭਾਵੇਂ ਇੰਨਾਂ ਵਲੰਟੀਅਰਾਂ ਨੂੰ ਹੌਸਲਾ ਅਫਜਾਈ ਲਈ ਕੌਮੀ ਅਤੇ ਰਾਜ ਪੱਧਰ 'ਤੇ ਕਈ ਸਨਮਾਨ ਵੀ ਪ੍ਰਦਾਨ ਕੀਤੇ ਜਾਂਦੇ ਹਨ ਪਰੰਤੂ ਇਹ ਵਲੰਟੀਅਰ ਆਪਣੀ ਨਿਸ਼ੁਲਕ ਅਤੇ ਨਿਰਸੁਆਰਥਤਾ ਦੀ ਭਾਵਨਾ ਨਾਲ ਸਮਾਜ ਲਈ ਆਪਣੀ ਜ਼ਿੰਮੇਵਾਰੀ ਪ੍ਰਤੀ ਵਚਨਬੱਧ ਰਹਿੰਦੇ ਹਨ।

Have something to say? Post your comment