ਪਿੰਡ ਟੌਹੜਾ ਦੇ ਸਕੂਲ ਵਿਚਲੇ ਵਿਵਾਦ ਦੀ ਪੜਤਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਰੇਗੀ ਜਾਂਚ ਕਮੇਟੀ-ਸਾਧੂ ਸਿੰਘ ਧਰਮਸੋਤ
-ਚਾਰ ਮੈਂਬਰੀ ਕਮੇਟੀ ਦਾ ਗਠਨ, ਜਾਂਚ ਕਰਕੇ ਦੋ ਦਿਨਾਂ 'ਚ ਦੇਵੇਗੀ ਰਿਪੋਰਟ- ਧਰਮਸੋਤ
-ਕੈਬਨਿਟ ਮੰਤਰੀ ਤੇ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਟੌਹੜਾ ਦੇ ਸਰਕਾਰੀ ਸਕੂਲ ਦਾ ਦੌਰਾ
ਪਟਿਆਲਾ, 12 ਜਨਵਰੀ:(ਕੁਲਜੀਤ ਸਿੰਘ )
ਪੰਜਾਬ ਦੇ ਜੰਗਲਾਤ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪਿੰਡ ਟੌਹੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਨੁਸੂਚਿਤ ਜਾਤੀ ਦੀ ਇਕ ਵਿਦਿਆਰਥਣ ਨਾਲ ਪਿਛਲੇ ਸਮੇਂ 'ਚ ਕਿਸੇ ਅਧਿਆਪਕ ਵੱਲੋਂ ਕੀਤੇ ਗਏ ਕਿਸੇ ਤਰ੍ਹਾਂ ਦੇ ਭੇਦਭਾਵ ਕਾਰਨ ਪੈਦਾ ਹੋਏ ਵਿਵਾਦ ਦੀ ਪੜਤਾਲ ਸਬੰਧੀਂ ਗਠਿਤ ਕੀਤੀ ਗਈ ਚਾਰ ਮੈਂਬਰੀ ਕਮੇਟੀ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਾਂਚ ਕਰੇਗੀ। ਸ. ਧਰਮਸੋਤ ਨੇ ਅੱਜ ਇਸ ਸਕੂਲ ਦਾ ਦੌਰਾ ਕਰਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਕਮੇਟੀ ਦੋ ਦਿਨਾਂ 'ਚ ਜਾਂਚ ਕਰਕੇ ਰਿਪੋਰਟ ਦੇਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਐਸ.ਪੀ. ਟ੍ਰੈਫਿਕ ਸ. ਅਮਰਜੀਤ ਸਿੰਘ ਘੁੰਮਣ, ਐਸ.ਡੀ.ਐਮ. ਨਾਭਾ ਸ੍ਰੀ ਅਮਿਤ ਕੁਮਾਰ ਸਮੇਤ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਸੁਰਿੰਦਰ ਕੌਰ ਆਦਿ ਹਾਜਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਆਪਸੀ ਵਿਸ਼ਵਾਸ਼ ਅਤੇ ਗੁਰੂ-ਚੇਲੇ ਦਾ ਰਿਸ਼ਤਾ ਹੈ ਅਤੇ ਇਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਨਾ ਅਜਿਹੇ ਮਾਮਲੇ 'ਚ ਕਿਸੇ ਵਿਅਕਤੀ ਨੂੰ ਸਿਆਸਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਿੰਡ ਟੌਹੜਾ ਦੇ ਸਕੂਲ ਦੀ ਇਕ ਵਿਦਿਆਰਥਣ ਨਾਲ ਸਬੰਧਤ ਵਿਵਾਦ ਬਾਬਤ ਉਨ੍ਹਾਂ ਨੂੰ ਪਤਾ ਲੱਗਣ ਮਗਰੋਂ ਉਨ੍ਹਾਂ ਨੇ ਤੁਰੰਤ ਡਿਪਟੀ ਕਮਿਸ਼ਨਰ ਸਮੇਤ ਇਸ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ, ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਮਾਮਲੇ ਦੀ ਪੜਤਾਲ ਕਰਨ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਕੇ ਰਿਪੋਰਟ ਦੇਣ ਨੂੰ ਆਖਿਆ ਹੈ ਅਤੇ ਰਿਪੋਰਟ ਆਉਣ ਉਪਰੰਤ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰੰਤੂ ਕਿਸੇ ਨਾਲ ਵਧੀਕੀ ਵੀ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਮੌਜੂਦ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਇਸ ਕਮੇਟੀ 'ਚ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸਮੇਤ ਜ਼ਿਲ੍ਹਾ ਭਲਾਈ ਅਫ਼ਸਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਤਹਿਸੀਲਦਾਰ ਨਾਭਾ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਦੋ ਦਿਨਾਂ 'ਚ ਆਪਣੀ ਜਾਂਚ ਰਿਪੋਰਟ ਸੌਂਪ ਦੇਵੇਗੀ। ਇਸ ਮੌਕੇ ਮਹੰਤ ਹਰਵਿੰਦਰ ਸਿੰਘ ਖਨੌੜਾ, ਗੁਰਪ੍ਰੀਤ ਸਿੰਘ ਸੰਨੀ ਢੀਂਗੀ, ਡੀ.ਐਸ.ਪੀ. ਨਾਭਾ ਸ. ਚੰਦ ਸਿੰਘ, ਡੀ.ਐਸ.ਪੀ. ਟ੍ਰੈਫਿਕ ਜਸਕੀਰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਐਸ.ਸੀ., ਬੀ.ਸੀ. ਭਲਾਈ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।