Article

" ਛੱਲਾ ਹਾਕਮ ਸਿੰਘ ਮੀਤ ਬੌਂਦਲੀ

January 13, 2018 02:36 PM
General

”ਛੱਲਾ” ਇਕ ਪਿਓ ਪੁੱਤ ਦੀ ਦਾਸਤਾਨ ਹੈ | ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ, ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ | ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ | ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ | ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ | ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ | ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ, ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ ‘ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ |
ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ | ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ’ ਸਵਾਰ ਹੋਕੇ ਦਰਿਆ ‘ਚ ਚਲੇ ਗਏ | ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ | ਸਤਲੁਜ ਤੇ ਬਿਆਸ ‘ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ | ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ…”
” ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ,
ਮੱਲਿਆ ਮੁਲਕ ਪਰਾਇਆ ….
ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ, ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,”
”ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ……”
ਜੱਲਾ ਪਾਣੀ ਚ’ ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ…? ਤਾਂ ਜੱਲਾ ਕਹਿੰਦਾ…”
” ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ….
ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ”
”ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ,ਜਾਣਾ ਪਹਿਲੇ ਪੂਰ ਏ………”
ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ’ ਅਪਣੀ ਜਿੰਦਗੀ ਗੁਜ਼ਾਰਦਾ ਰਿਹਾ | ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ ­) ਚਲਾ ਗਿਆ | ਆਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ’ ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ|
ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ |"

                         ਹਾਕਮ ਸਿੰਘ ਮੀਤ ਬੌਂਦਲੀ

                          " ਮੰਡੀ ਗੋਬਿੰਦਗੜ੍ਹ "

Have something to say? Post your comment