Article

ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨਣ ਦੀ //ਜਸਵੀਰ ਸ਼ਰਮਾ ਦੱਦਾਹੂਰ

January 13, 2018 09:57 PM
General

ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨਣ ਦੀ


ਅਜੋਕੇ ਦੌਰ ਵਿੱਚ ਬੇਸ਼ੱਕ ਕਿਸਾਨੀ ਬਹੁਤੀ ਲਾਹੇਵੰਦ ਨਹੀਂ ਰਹੀ ਪਰ ਕੋਈ ਸਮਾਂ ਸੀ ਜਦ ਥੋੜੀ ਪੈਲੀ ਵਾਲੇ ਕਿਸਾਨ ਵੀ ਸੋਹਣਾ ਜੀਵਨ ਬਤੀਤ ਕਰਦੇ ਰਹੇ ਹਨ। ਅੱਜ ਅੰਤਾਂ ਦੀ ਮਹਿੰਗਾਈ ਵਿੱਚ ਹੱਦੋਂ ਵੱਧ ਮਹਿੰਗੇ ਬੀਜ, ਖੇਤੀਬਾੜੀ ਦੇ ਸੰਦ, ਮਹਿੰਗੀਆਂ ਖਾਦਾਂ ਤੇ ਸਪਰੇਆਂ ਕਰਕੇ ਅਜੋਕੀ ਕਿਰਸਾਨੀ ਹਾਸ਼ੀਏ ਉਪਰ ਜਾ ਚੁੱਕੀ ਹੈ। ਪੰਜਾਬ ਨੂੰ ਅੰਤਾਂ ਦੇ ਨਸ਼ਿਆਂ ਨੇ ਘੇਰਿਆ ਕਰਕੇ ਹੀ ਅੱਜ ਦੀ ਨੌਜਵਾਨੀ ਬਾਹਰ ਦਾ ਰੁਝਾਨ ਪਕੜ ਚੁੱਕੀ ਹੈ।

ਜਿਸ ਕਿਰਸਾਨ ਕੋਲ ਥੋੜੀ ਜਮੀਨ ਵੀ ਹੈ ਉਹ ਵੀ ਵੇਚ ਵੱਟ ਕੇ ਬੱਚਿਆਂ ਨੂੰ ਬਾਹਰ ਭੇਜਣ ਦੀ ਲਾਲਸਾ ਰੱਖਦੇ ਹਨ ਪਰ ਜਦੋਂ ਖੁਸ਼ਹਾਲ ਕਿਰਸਾਨੀ ਸੀ ਉਹਨਾਂ ਸਮਿਆਂ ਵਿੱਚ ਹੱਥੀਂ ਕੰਮ ਕਰਨ ਦਾ ਰੁਝਾਨ ਸੀ। ਫਲਿਆਂ ਨਾਲ ਗਹਾਈ ਕਰਦੇ, ਬਲਦਾਂ ਉਤੇ ਊਠ ਵਾਲੀ ਖੇਤੀ ਤੇ ਫਿਰ ਵੀ ਬਹੁਤ ਖੁਸ਼ਹਾਲੀ ਦੇ ਦਿਨ ਰਹੇ ਹਨ ਪੰਜਾਬ ਵਿੱਚ। ਤੂੜੀ ਬਣਾ ਕੇ ਖੇਤ ਦੇ ਵਿੱਚ ਹੀ ਇਕੋ ਜਗਾ ਇਕੱਠੀ ਕਰਕੇ ਕੁੱਪ ਬੰਨ ਦਿੰਦੇ ਸਨ। ਇਹ ਪਰਾਲੀ ਦੇ ਨਾੜ ਤੋਂ ਭਾਵ ਫੋਕ ਤੋਂ ਜਾਂ ਸਰ ਕਾਨਿਆਂ ਤੇ ਕਾਹੀਂ ਦੇ ਸੁੱਬੜਾਂ ਨਾਲ ਬੰਨਿਆਂ ਜਾਂਦਾ ਰਿਹਾ ਹੈ ਪਰ ਇਸ ਨੂੰ ਬੰਨਣ ਦੀ ਕਲਾ ਕਿਸੇ ਕਿਸੇ ਕੋਲ ਭਾਵ ਕੁਝ ਚੁਨਿੰਦਿਆਂ ਇਨਸਾਨਾਂ ਕੋਲ ਹੀ ਹੁੰਦੀ ਸੀ।


ਜੇਕਰ ਸੋਚੀਏ ਕਿ ਹਰ ਕਿਰਸਾਨ ਹੀ ਕੁੱਪ ਬੰਨ ਲੈਂਦਾ ਸੀ, ਇਸ ਤਰਾਂ ਨਹੀਂ ਸੀ। ਕੁੱਪ ਤਾਂ ਭਾਂਵੇ ਹਰ ਕਿਰਸਾਨ ਆਪਣੇ ਖੇਤੀਂ ਬੰਨਦੇ ਰਹੇ ਹਨ ਪਰ ਬੰਨਣ ਵਾਲੇ ਘੱਟ ਹੀ ਬੰਦੇ ਸਨ ਜਿੰਨਾਂ ਕੋਲ ਇਹ ਕਲਾ ਸੀ। ਕੁੱਪਾਂ ਨੂੰ ਬੰਨਣ ਸਮੇਂ ਸੁੱਬੜਾਂ ਦੀ ਅਤਿਅੰਤ ਲੋੜ ਸੀ ਕਿਉਂਕਿ ਹਰ ਗੇੜੇ ਵਿੱਚ ਘੁੱਟ ਕੇ ਸੁੱਬੜ ਬੰਨ ਕੇ ਅੰਦਰ ਤੂੜੀ ਪਾ ਕੇ ਉਸਨੂੰ ਲਿਤੜਿਆ ਜਾਂਦਾ ਸੀ। ਇਸੇ ਕਰਕੇ ਜਿਆਦਾ ਤੂੜੀ ਕੁੱਪ ਵਿੱਚ ਪੈਂਦੀ ਸੀ। ਜਦ ਕੁੱਪ ਬੱਝ ਜਾਂਦਾ ਸੀ ਤਾਂ ਇਸਨੂੰ ਵੇਖਣ ਵਾਲਿਆਂ ਦਾ ਵੀ ਤਾਂਤਾ ਲੱਗ ਜਾਂਦਾ ਸੀ ਕਿਉਂਕਿ ਪੂਰੀ ਤਰਾਂ ਮੜ ਕੇ ਪੂਰੀ ਗੋਲਾਈ ਦੇ ਵਿੱਚ ਸਹੀ ਦਾਇਰੇ ਵਿੱਚ ਹੀ ਵਧੀਆ ਕਲਾ ਨਾਲ ਬੰਨਿਆ ਜਾਂਦਾ ਕਰਕੇ ਲੋਕ ਖੜ-ਖੜ ਕੇ ਵੇਖਦੇ ਸਨ। ਟਰੈਕਟਰ ਬਹੁਤ ਘੱਟ ਆਏ ਸਨ ਤੇ ਬਲਦਾਂ ਨਾਲ ਤੇ ਊਠਾਂ ਨਾਲ ਹੀ ਖੇਤੀ ਹੁੰਦੀ ਰਹੀ ਹੈ ਤੇ ਗੱਡਿਆਂ ਨਾਲ ਤੂੜੀ ਕੁੱਪਾਂ ਦੇ ਵਿੱਚੋਂ ਢੋਈ ਜਾਂਦੀ ਸੀ। ਗੱਡਿਆਂ ਦੇ ਨਾਲ ਹੀ ਰੂੜੀ ਦੀ ਖਾਦ ਵੀ ਖੇਤਾਂ ਦੇ ਵਿੱਚ ਪਾਈ ਜਾਂਦੀ ਸੀ। ਛੋਟੀਆਂ ਛੋਟੀਆਂ ਢੇਰੀਆਂ ਬਣਾ ਕੇ ਖੇਤ ਕਤਾਰਾਂ ਦੇ ਵਿੱਚ ਲਾਹੀ ਜਾਣੀ ਤੇ ਫਿਰ ਕਹੀਆਂ ਨਾਲ ਖਿਲਾਰੀ ਜਾਂਦੀ ਸੀ। ਉਹਨਾਂ ਸਮਿਆਂ ਵਿੱਚ ਅੰਗਰੇਜ਼ੀ ਖਾਦਾਂ ਭਾਵ ਯੂਰੀਆ, ਫਾਸਫੇਟ ਅਤੇ ਡਾਈ ਵਗੈਰਾ ਹੁੰਦੀਆਂ ਹੀ ਨਹੀਂ ਸਨ। ਇਸੇ ਕਰਕੇ ਹਰ ਕਿਸਾਨ ਆਰਗੈਨਿਕ ਖੇਤੀ ਹੀ ਕਰਦਾ ਭਾਵ ਸਿਰਫ਼ ਤੇ ਸਿਰਫ਼ ਰੂੜੀ ਦੀ ਖਾਦ ਹੀ ਪਾਈ ਜਾਂਦੀ ਰਹੀ ਹੈ ਤੇ ਸਾਰੀਆਂ ਹੀ ਸਬਜ਼ੀਆਂ ਅੰਤਾਂ ਦੀਆਂ ਸਵਾਦ ਬਣੀਆਂ ਸਨ। ਅਜੋਕੇ ਦੌਰ ਵਿੱਚ ਤਾਂ ਸਬਜ਼ੀਆਂ ਅਤੇ ਸਾਗ ਵਿੱਚ ਉਹ ਪਹਿਲਾਂ ਜੈਸਾ ਸਵਾਦ ਹੀ ਨਹੀਂ ਹੈ। ਗਵਾਰੇ ਦੀਆਂ ਫਲੀਆਂ ਚਿੱਬੜ ਪਾ ਕੇ ਬਨਾਉਣੀਆਂ ਜੋ ਕਿ ਸਾਰੀਆਂ ਸਬਜ਼ੀਆਂ ਨੂੰ ਮਾਤ ਪਾਉਂਦੀਆਂ ਸਨ। ਹੱਦੋਂ ਵੱਧ ਸਵਾਦ ਬਣਦੀਆਂ ਸਨ। ਜੇਕਰ ਕਿਤੋਂ ਥੋੜਾ ਬਹੁਤਾ ਵਾਹਣ ਉਚਾ ਨੀਵਾਂ ਹੋਣਾਂ ਤਾਂ ਛੋਟੀਆਂ ਹੱਥਾਂ ਵਾਲੀਆਂ ਕਰਾਹੀਆਂ ਬਲਦਾਂ ਮਗਰ ਜਾਂ ਫ਼ਿਰ ਊਠ ਦੇ ਮਗਰ ਪਾ ਕੇ ਵਾਹਣ ਨੂੰ ਸਮਤਲ ਕਰ ਲੈਣਾ। ਉਹਨਾਂ ਸਮਿਆਂ ਵਿੱਚ ਖੂਹਾਂ ਨਾਲ ਪਾਣੀ ਲਾਉਣਾ ਜਾਂ ਫਿਰ ਥੋੜੀ ਬਹੁਤ ਨਹਿਰੀ ਪਾਣੀ ਦੀ ਵਾਰੀ ਨਾਲ ਜਮੀਨ ਸਿੰਜਣੀ। ਉਹਨਾਂ ਸਮਿਆਂ ਵਿੱਚ ਕਣਕ, ਕਪਾਹ, ਸਣ, ਛੋਲੇ, ਹਰਹਰ, ਜੌਂ, ਗਵਾਰਾ ਜਾਂ ਥੋੜਾ ਬਹੁਤਾ ਝੋਨਾ ਆਦਿ ਫ਼ਸਲਾਂ ਜਿਆਦਾ ਹੁੰਦੀਆਂ ਸਨ। ਬਰਾਨੀ ਜ਼ਮੀਨਾਂ ਵੀ ਹੁੰਦੀਆਂ ਸਨ ਜਿੰਨਾਂ ਦੀਆਂ ਫਸਲਾਂ ਸਿਰਫ਼ ਮੀਂਹ ਦੇ ਸਹਾਰੇ ਹੀ ਪਲਦੀਆਂ ਸਨ। ਸਮੇਂ ਦੇ ਬਦਲਆ ਅਤੇ ਮੌਸਮ ਦੇ ਵਿੱਚ ਆਈ ਤਬਦੀਲੀ ਕਰਕੇ ਕਹਿ ਲਈਏ ਜਾਂ ਜਿਆਦਾ ਤਰੱਕੀ ਤੇ ਹਰੀ ਕ੍ਰਾਂਤੀ ਜਾਂ ਚਿੱਟੀ ਕ੍ਰਾਂਤੀ ਕਹਿ ਲਈਏ ਅਜੋਕੀ ਜ਼ਮੀਨ ਵਿੱਚ ਸਭ ਕੁਝ ਆੱਰਗੈਨਿਕ ਬੀਜਣੋਂ ਹੀ ਹਟ ਗਏ ਹਾਂ ਜਾਂ ਹੋਣੋ ਹਟ ਗਿਆ ਹੈ। ਹੁਣ ਤਾਂ ਸਾਲ ਵਿੱਚ ਤਿੰਨ-ਤਿੰਨ ਜਾਂ ਚਾਰ-ਚਾਰ ਫ਼ਸਲਾਂ ਅਸੀ ਜ਼ਮੀਨਾਂ ਵਿੱਚੋਂ ਉਗਾ ਰਹੇ ਹਾਂ। ਅੰਤਾਂ ਦੀਆਂ ਖਾਦਾਂ ਅਤੇ ਸਪਰੇਆਂ ਕਰਕੇ ਸਾਰਾ ਕੁਝ ਜ਼ਹਿਰ ਉਗਾ ਰਹੇ ਹਾਂ ਅਤੇ ਉਹੀ ਖਾ ਰਹੇ ਹਾਂ ਅਤੇ ਬਿਮਾਰੀਆਂ ਵਿੱਚ ਲਿਪਤ ਹੋ ਰਹੇ ਹਾਂ। ਹੱਥੀਂ ਕੰਮ ਨਾ ਕਰਨ ਕਰਕੇ ਹੀ ਆਪਣੇ ਆਪ ਬਿਮਾਰੀਆਂ ਸਹੇੜ ਰਹੇ ਹਾਂ ਪਰ ਸਿਆਣੀ ਉਮਰ ਭਾਵ 70-80 ਸਾਲੇ ਸਾਡੇ ਸਤਿਕਾਰਤ ਬਜ਼ੁਰਗਾਂ ਨੂੰ ਅੱਜ ਵੀ ਉਹ ਤੇ ਹੱਥੀਂ ਕੰਮ ਕਰਨ ਵਾਲੇ ਸਮੇਂ ਯਾਦ ਨੇ ਤੇ ਉਹਨਾਂ ਦੀਆਂ ਸਿਹਤਾਂ ਵੀ ਅਜੋਕੀ ਨੌਜਵਾਨ ਪੀੜੀ ਤੋਂ ਕਈ ਗੁਣਾਂ ਵਧੀਆ ਪਈਆਂ ਹਨ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ

Have something to say? Post your comment