Article

ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)

January 14, 2018 10:00 PM
General

ਕੁਦਰਤ ਨੇ ਕਲਮ ਸੂਖਮ ਅਹਿਸਾਸਾਂ ਵਾਲੇ ਲੋਕਾਂ ਦੇ ਹੱਥ ਸੌਂਪੀ ਹੈ ।


ਲਿਖਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ।  ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਆਪਣੇ ਮਨ ਦੇ ਅਹਿਸਾਸਾਂ ਤੇ ਭਾਵਨਾਵਾਂ ਨੂੰ ਸ਼ਬਦਾਂ ਵਿਚ ਪਰੋ ਕੇ ਉਨਾਂ ਨੂੰ ਕਵਿਤਾ ਵਿਚ ਢਾਲ ਦਿੰਦੇ ਹਨ।   ਅਮਰਜੀਤ ਕੌਂਕੇ ਪੰਜਾਬੀ ਸ਼ਾਇਰੀ ਦਾ ਅਜਿਹਾ ਹੀ ਮਾਣਮੱਤਾ ਹਸਤਾਖ਼ਰ ਹੈ ਜਿਸਨੇ ਆਪਣੀ ਕਵਿਤਾ ਦੇ ਮਾਧਿਅਮ ਰਾਹੀਂ ਅਤੇ ਆਪਣੀ ਨਿਵੇਕਲੀ ਪ੍ਰਤਿਭਾ ਸਦਕਾ ਸਾਹਿਤ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ।   ਮੈਂ ਅਮਰਜੀਤ ਕੌਕੇ ਨੂੰ ਅੱਜ ਤੋਂ ਤੀਹ ਸਾਲ ਪਹਿਲਾਂ ਅੰਮ੍ਰਿਤਾ ਪ੍ਰੀਤਮ ਦੀ ਸੰਪਾਦਕੀ ਵਿਚ ਨਿਕਲਦੇ ਮੈਗਜ਼ੀਨ, 'ਨਾਗਮਣੀ' ਵਿਚ ਪੜਿਆ ਸੀ।   ਉਸਦੀਆਂ ਕਵਿਤਾਵਾਂ ਅੰਮ੍ਰਿਤਾ 'ਨਾਗਮਣੀ' ਦੇ ਟਾਈਟਲ ਪੇਜ਼ ਤੇ ਛਾਪਦੀ ਸੀ।   ਉਦੋਂ ਤੋਂ ਹੀ ਮੇਰੇ ਮਨ ਵਿਚ ਅਮਰਜੀਤ ਕੌਂਕੇ ਦੀ ਸ਼ਾਇਰੀ ਪ੍ਰਤੀ ਜਿਗਿਆਸਾ ਤੇ ਉਤਸੁਕਤਾ ਪੈਦਾ ਹੋਈ ਜੋ ਅੱਜ ਵੀ ਕਾਇਮ ਹੈ। 

   


ਅਮਰਜੀਤ ਕੌਂਕੇ ਨੇ ਆਪਣੇ ਜੀਵਨ ਵਿਚ ਬਹੁਤ ਉਤਰਾ- ਚੜਾਅ ਵੇਖੇ ਹਨ।   ਉਸਦਾ ਜਨਮ ਸਤਾਈ ਅਗਸਤ ਉੱਨੀ ਸੌ ਚੌਂਹਟ ਵਿਚ ਪਿਤਾ ਸਰਦਾਰ ਪ੍ਰੀਤਮ ਸਿੰਘ ਤੇ ਮਾਤਾ ਸ਼੍ਰੀਮਤੀ ਸਤਵੰਤ ਕੌਰ ਦੇ ਘਰ ਵਿਚ ਹੋਇਆ।   ਉਸਦੇ ਪਿਤਾ ਲੁਧਿਆਣਾ ਵਿਚ ਇਕ ਪ੍ਰਾਈਵੇਟ ਫੈਕਟਰੀ ਵਿਚ ਮਾਮੂਲੀ ਕਲਰਕ ਸਨ।   ਇਕ ਗਰੀਬ ਪਰਿਵਾਰ ਵਿਚ ਜਨਮੇ ਹੋਣ ਕਾਰਨ ਉਸ ਦਾ ਵਾਹ ਬਚਪਨ ਤੋਂ ਹੀ ਤੰਗੀਆਂ-ਤੁਰਸ਼ੀਆਂ ਨਾਲ ਪੈ ਗਿਆ।   ਇਹਨਾਂ ਦੇ ਚਲਦੇ ਉਹ ਆਪਣੀ ਪੜਾਈ ਗਿਆਰਵੀਂ ਤੱਕ ਹੀ ਸਕੂਲ ਵਿਚ ਰੈਗੂਲਰ ਕਰ ਸਕਿਆ।   ਭਾਵੇਂ ਉਸ ਤੋਂ ਬਾਅਦ ਉਸਨੇ ਪ੍ਰਾਈਵੇਟ ਤੌਰ ਤੇ ਗਿਆਨੀ, ਬੀ. ਏ., ਐਮ.ਏ.,ਬੀ., ਐੱਡ ਅਤੇ  ਪੀ. ਐਚ ਡੀ  ਦੀਆਂ ਡਿਗਰੀਆਂ ਹਾਸਿਲ ਕੀਤੀਆਂ।   ਬਚਪਨ ਦੇ ਇਸ ਦਰਦ ਦਾ ਵਰਨਣ ਉਸਦੀਆਂ ਕਵਿਤਾਵਾਂ ਵਿਚ ਥਾਂ -ਥਾਂ ਤੇ ਮਿਲਦਾ ਹੈ।  ਇਸੇ ਦਰਦ ਦੇ ਚਲਦਿਆਂ ਉਸ ਦਾ ਵਾਹ ਕਵਿਤਾ ਨਾਲ ਪੈ ਗਿਆ।   ਉਸਨੇ ਆਪਣੀ ਉਦਾਸੀ ਨੂੰ ਸ਼ਬਦਾਂ ਤੇ ਕਵਿਤਾ ਨਾਲ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ।   ਆਪਣੇ ਸਿਰਜਣਾ ਸਰੋਤ ਬਾਰੇ ਅਮਰਜੀਤ ਆਪਣੀ ਇਕ ਮੁਲਾਕਾਤ ਵਿਚ ਦੱਸਦਾ ਹੈ, 'ਮੇਰਾ ਬਚਪਨ ਇੱਕ ਕੈਕਟਸ ਵਾਂਗ ਸੀ ਜਿਸ ਦੀਆਂ ਜੜਾਂ ਨੂੰ ਪਾਣੀ ਨਸੀਬ ਨਹੀਂ ਹੁੰਦਾ, ਰੁੱਖੀ ਹਵਾ, ਬਲਦੀ ਦੁਪਹਿਰ, ਅਣਸੁਖਾਵਾਂ ਮੌਸਮ...ਪਰ ਫੇਰ ਵੀ  ਉਸ ਕੈਕਟਸ ਤੇ ਇੱਕ ਨਿੱਕਾ ਜਿਹਾ ਫੁੱਲ ਖਿੜ ਪੈਂਦਾ ਹੈ...ਕਵਿਤਾ ਦਾ ਫੁੱਲ।'
   


       ਅਮਰਜੀਤ ਕੌਂਕੇ  ਦੀਆਂ ਪਹਿਲੇ ਦੌਰ ਦੀਆਂ  ਕਵਿਤਾਵਾਂ ਗਹਿਰੀ ਉਦਾਸੀ ਦੀ ਬਾਤ ਪਾਉਂਦੀਆਂ ਹਨ। ਇਹਨਾਂ ਕਵਿਤਾਵਾਂ ਵਿੱਚ ਉਹ ਜਿੰਦਗੀ 'ਚ ਕਾਮਯਾਬ ਹੋਣ ਲਈ ਸ਼ੰਘਰਸ ਦੀ ਬਾਤ ਪਾਉਂਦਾ ਪ੍ਰਤੀਤ ਹੁੰਦਾ ਹੈ। ਉਸਦੇ ਮਾਂ-ਬਾਪ ਨੂੰ ਉਸਤੋਂ ਬਹੁਤ ਸਾਰੀਆਂ ਆਸਾਂ ਹਨ। ਪਰ ਨੌਜਵਾਨ ਸ਼ਾਇਰ ਦੇ ਆਪਣੇ ਸੁਪਨੇ ਹਨ। ਉਸਦੀ ਲੜਾਈ ਸਿਰਫ ਰੋਟੀ ਦੀ ਲੜਾਈ ਨਹੀਂ ਸੀ। ਉਹ ਤਾਂ ਆਪਣੀ ਜਿੰਦਗੀ ਨੂੰ ਸਵੈ-ਮਾਣ ਅਤੇ ਭਰਪੂਰਤਾ ਨਾਲ ਜਿਉਣਾ ਚਾਹੁੰਦਾ ਹੈ। ਉਹ ਹਨੇਰੇ ਵਰਤਮਾਨ 'ਚੋਂ ਬਾਹਰ ਨਿਕਲਣਾ ਚਾਹੁੰਦਾ ਹੈ। ਤੰਗੀਆਂ-ਤੁਰਸ਼ੀਆਂ, ਬੇ-ਰੋਜ਼ਗਾਰੀ, ਰਿਸ਼ਤਿਆਂ ਦੀ ਕੜਵਾਹਟ ਅਤੇ ਹੋਰ ਅਨੇਕਾਂ ਸਮਸਿਆਵਾਂ ਦਾ ਦੁੱਖ ਉਹ ਆਪਣੀਆਂ ਨਜ਼ਮਾਂ ਦੁਆਰਾ ਸੁਣਾਉਂਦਾ ਹੈ। ਨਜ਼ਮ ਕਵੀ ਨੂੰ ਕਦੇ ਮਾਂ, ਕਦੇ ਭੈਣ, ਕਦੇ ਮਹਿਬੂਬਾ ਲੱਗਦੀ ਹੈ। ਅਮਰਜੀਤ ਕੌਂਕੇ ਆਪਣੇ ਦੁੱਖ-ਸੁੱਖ ਨਜ਼ਮਾਂ ਨੂੰ ਸੁਣਾ ਕੇ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰਦਾ ਹੈ।


ਉਂਜ ਤਾਂ ਕੁਝ ਵੀ ਨਹੀਂ ਹੈ ਨਜ਼ਮ
ਫਿਰ ਵੀ ਜਦੋਂ ਉਦਾਸ ਹੁੰਦਾ ਹਾਂ
ਨਜ਼ਮ ਦਾ ਬੂਹਾ ਖੜਕਾਉਂਦਾ ਹਾਂ
ਅਲਖ ਜਗਾਉਂਦਾ ਹਾਂ......
     


     ਕਵੀ ਨੂੰ  ਕਵਿਤਾ ਦੀ ਸਿਰਜਣਾ ਲਈ ਇੱਕ ਉਦਾਸੀ, ਇੱਕ ਭਾਵਨਾ ਤੇ ਇੱਕ ਅੱਗ ਲੋੜੀਂਦੀ ਹੁੰਦੀ ਹੈ।   ਅਮਰਜੀਤ ਦੀਆਂ ਕਵਿਤਾਵਾਂ ਦੇ ਵਿਚ ਇਹ ਅੱਗ, ਵੇਦਨਾ ਤੇ ਬੇਚੈਨੀ, ਬਹੁਤ ਹੀ ਪ੍ਰਬਲ ਰੂਪ ਵਿਚ ਪ੍ਰਗਟ ਹੁੰਦੀ ਹੈ....
ਖੋਹ ਲਵੋ ਮੈਥੋਂ


ਮੇਰੀਆਂ  ਸਾਰੀਆਂ ਕਵਿਤਾਵਾਂ
ਤੇ ਮੈਨੂੰ ਉਹ ਬੇਚੈਨ ਅੱਗ ਦੇ ਦੇਵੋ
ਜੋ ਕਵਿਤਾ ਲਿਖਣ ਤੋਂ ਪਹਿਲਾਂ
ਮੇਰੇ ਅੰਦਰ ਸੁਲਘਦੀ ਹੈ.......
    

  

        ਅਮਰਜੀਤ ਨੂੰ ਜਦੋਂ ਵੀ ਉਦਾਸੀ ਘੇਰਦੀ ਹੈ ਤਾਂ ਉਹ ਸ਼ਬਦਾਂ ਦੀ ਗੋਦ ਵਿਚ ਪਨਾਹ ਭਾਲਦਾ ਹੈ ਅਤੇ ਕਵਿਤਾ ਵਿੱਚ ਆਪਣੇ ਦਰਦ ਨੂੰ ਬਿਆਨ ਕਰਦਾ ਹੈ।   ਕਵਿਤਾ ਉਸਦੀ ਰਾਹ-ਦਸੇਰੀ ਬਣ ਤੁਰਦੀ ਹੈ। ਉਹ ਬਿਗਾਨੇ ਸ਼ਹਿਰ ਬਿਗਾਨਿਆਂ ਸੜਕਾਂ ਤੇ ਭਟਕਦਾ ਹੈ। ਪਰਾਏ ਸ਼ਹਿਰ ਵਿੱਚ ਉਹ ਆਪਣੀ ਮਾਂ ਨੂੰ ਬੜੀ ਸ਼ਿਦਤ ਨਾਲ ਯਾਦ ਕਰਦਾ ਹੈ।  ਉਸਨੂੰ ਮਾਂ ਦੀ ਹਿੱਕ ਯਾਦ ਆਉਂਦੀ ਹੈ ਜਿਸ ਨਾਲ ਲੱਗ ਕੇ ਉਹ ਬਚਪਨ ਦੀ ਤਰਾਂ ਸਾਰੇ ਦੁੱਖ ਦਰਦ ਭੁੱਲ ਜਾਣਾ ਚਾਹੁੰਦਾ  ਹੈ।


      ਅਮਰਜੀਤ ਕੌਕੇ ਨੇ ਆਪਣੀ ਕਲਮ ਦੁਆਰਾ ਜਿੰਦਗੀ ਦਾ ਹਰ ਪਹਿਲੂ ਛੋਹਿਆ ਹੈ। ਉਸਨੇ ਹਰ ਰੰਗ ਦੀ ਪੂਣੀ ਕੱਤੀ ਹੈ ਉਸਦੀ ਕੱਤਣੀ 'ਚ ਹਰ ਰੰਗ ਦੀ ਪੂਣੀ ਮੌਜੂਦ ਰਹੀ ਹੈ। ਹੜ ਆਉਣ ਤੇ ਉਹ ਮਹਿਸੂਸ ਕਰਦਾ ਹੈ ਕਾਸ਼ !  ਉਸਦੀਆਂ ਸਾਰੀਆਂ ਕਵਿਤਾਵਾਂ ਜੋੜ ਕੇ  ਇੱਕ ਪੁਲ ਬਣ ਜਾਦਾ ਜੋ ਦਰਿਆ ਨੂੰ ਟੁੱਟਣ ਤੋਂ ਰੋਕ ਸਕਦਾ।    


      ਅਮਰਜੀਤ ਕੌਂਕੇ ਦੀਆਂ ਕਵਿਤਾਵਾਂ ਵਿਚ ਦੂਰ ਰਹਿ ਗਏ ਪਿੰਡ ਦੇ ਅਨੇਕ ਵੇਰਵੇ ਦੇਖਣ ਨੂੰ ਮਿਲਦੇ ਹਨ।   ਉਹ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਕਵੀ ਹੈ। ਉਹ ਆਪਣੇ ਪਿੰਡ ਨੂੰ ਪਿੰਡ ਦੇ ਲੋਕਾਂ ਨੂੰ, ਰਿਸ਼ਤਿਆਂ ਨੂੰ, ਦੂਰ ਰਹਿ ਗਏ ਘਰ ਨੂੰ, ਭੁਰਦੀਆਂ ਕੰਧਾਂ ਨੂੰ ਸ਼ਿਦਤ ਨਾਲ ਯਾਦ ਕਰਦਾ ਹੈ। ਜਦੋਂ ਰੋਟੀ ਰੋਜ਼ੀ ਦੀ ਲਈ ਉਨਾਂ ਨੂੰ ਪਿੰਡ ਛੱਡਣਾ ਪਿਆ ਤੇ ਪਿੰਡ ਦਾ ਘਰ ਤੇ ਸਮਾਨ ਵੇਚਣਾ ਪੈਂਦਾ ਹੈ ਤਾਂ ਉਹ ਇਹ ਦਰਦ ਬੜੀ ਸ਼ਿਦਤ ਨਾਲ ਆਪਣੀਆਂ ਕਵਿਤਾਵਾਂ ਦੁਆਰਾ ਪਾਠਕਾਂ ਨਾਲ ਵੀ ਸਾਂਝਾ ਕਰਦਾ ਹੈ। 
ਪਿੰਡ ਨਹੀਂ ਵਿਕ ਰਿਹਾ


  ਪਿੰਡ ਦੇ ਬਹਾਨੇ ਮੇਰੇ ਪੁਰਖੇ ਵਿਕ ਰਹੇ ਨੇ
ਪੁਰਖਿਆਂ ਬਹਾਨੇ ਮੇਰੇ ਸੰਸਕਾਰ ਵਿਕ ਰਹੇ ਨੇ
ਇਸ ਧਰਤੀ ਤੋਂ ਤੁਰ ਗਏ
ਮੇਰੇ ਪਿਤਰਾਂ ਦੇ ਪਰਿਵਾਰ ਵਿਕ ਰਹੇ ਨੇ


     ਉਸਦੀ ਨਵੀਂ  ਛਪੀ ਕਿਤਾਬ, 'ਪਿਆਸ' ਵਿਚ ਅਨੇਕ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ ਹਨ।   ਇਸ ਪੁਸਤਕ ਨੂੰ ਸਾਲ ਦੀ ਸਭ ਤੋਂ ਸਰਵੋਤਮ ਪੁਸਤਕ ਵਜੋਂ ਭਾਸ਼ਾ ਵਿਭਾਗ, ਪੰਜਾਬ ਵੱਲੋਂ  'ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ' ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ।   ਇਸ ਕਿਤਾਬ ਵਿਚ ਮਾਂ ਬਾਰੇ ਸੱਤ ਕਵਿਤਾਵਾਂ ਹਰ ਪਾਠਕ ਦੀ ਅੱਖ ਨਮ ਕਰਦੀਆਂ ਹਨ। ਮਾਂ ਦੇ ਮਰਨ ਤੋਂ ਬਾਅਦ ਉਸਨੂੰ ਲਗਦਾ ਹੈ ਕਿ ਉਸਦੇ ਸਿਰੋਂ ਛਾਂ ਮੁੱਕ ਗਈ ਹੈ, ਹੁਣ ਉਸਦੀ ਉਡੀਕ ਕਰਨ ਵਾਲਾ ਕੋਈ ਨਹੀਂ। ਉਸਦਾ ਦੁੱਖ ਸੁਣਨ ਵਾਲਾ ਕੋਈ ਨਹੀਂ ਰਿਹਾ। ਮੇਰੀ ਆਪਣੀ ਮਾਂ ਨਾ ਹੋਣ ਕਾਰਨ ਅਤੇ ਇਹ  ਮੇਰਾ ਨਿਜੀ ਅਨੁਭਵ ਹੋਣ ਕਰਕੇ ਮੈਨੂੰ ਇਹ ਕਵਿਤਾਵਾਂ ਆਪਣੇ ਬਹੁਤ ਨੇੜੇ ਮਹਿਸੂਸ ਹੁੰਦੀਆਂ ਹਨ.ਅਮਰਜੀਤ ਕੌਕੇ ਨੇ ਆਪਣੀਆਂ ਕਵਿਤਾਵਾਂ ਵਿਚ  ਨਾਰੀ-ਵੇਦਨਾ, ਸਮਾਜਿਕ ਕੁਰੀਤੀਆਂ, ਵਿਸ਼ਵੀਕਰਨ ਕਾਰਨ ਖੰਡਿਤ ਹੋ ਰਹੇ ਮਨੁੱਖ,  ਮੁਹੱਬਤ ਦੇ ਸੰਜੋਗ ਵਿਯੋਗ ਅਤੇ ਮਿਹਨਤਕਸ਼  ਲੋਕਾਂ ਦੇ ਸੰਘਰਸ਼ ਦੀ ਗਲ ਕੀਤੀ ਹੈ।

 


      ਅਮਰਜੀਤ ਕੌਂਕੇ ਨੇ ਹੁਣ ਤੱਕ 7 ਪੰਜਾਬੀ ਕਾਵਿ- ਸੰਗ੍ਰਹਿ ਦਾਇਰਿਆਂ ਦੀ ਕਬਰ 'ਚੋਂ, ਨਿਰਵਾਣ ਦੀ ਤਲਾਸ਼ 'ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ, ਅਤੇ ਪਿਆਸ,  ਤਿੰਨ ਹਿੰਦੀ ਕਾਵਿ ਸੰਗ੍ਰਹਿ ਵਿਚ ਤੇ ਪੰਜ  ਪੁਸਤਕਾਂ ਬੱਚਿਆਂ ਲਈ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ ਜਿਹਨਾਂ ਵਿਚ  'ਕੁੱਕੜੂੰ ਘੜੂੰ', 'ਕੁੜੀਆਂ ਚਿੜੀਆਂ', 'ਵਾਤਾਵਰਣ ਬਚਾਅ',  'ਲੱਕੜ ਦੀ ਕੁੜੀ', 'ਮਖਮਲ ਦੇ ਪੱਤੇ' ਸ਼ਾਮਿਲ ਹਨ।  'ਵਾਤਾਵਰਣ ਬਚਾਅ'  ਪੁਸਤਕ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀਹ ਹਜ਼ਾਰ ਤੋਂ ਵੱਧ ਕਾਪੀਆਂ ਛਾਪ ਕੇ ਪੰਜਾਬ ਦੇ ਸਕੂਲਾਂ ਵਿਚ ਮੁਫ਼ਤ ਭੇਜਿਆ ਗਿਆ ਹੈ ਤਾਕਿ ਬੱਚਿਆਂ ਦੇ ਵਿਚ ਵਾਤਾਵਰਣ ਸੰਬੰਧੀ ਚੇਤਨਤਾ ਦਾ ਪ੍ਰਸਾਰ ਕੀਤਾ ਜਾ ਸਕੇ।   ਅਮਰਜੀਤ ਕੌਂਕੇ ਨੇ ਹਿੰਦੀ ਤੋਂ ਪੰਜਾਬੀ ਵਿੱਚ ਅਤੇ ਪੰਜਾਬੀ ਤੋਂ ਹਿੰਦੀ ਵਿਚ ਪੱਚੀ ਦੇ ਕਰੀਬ  ਪੁਸਤਕਾਂ ਦਾ ਅਨੁਵਾਦ ਅਤੇ ਕਈ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ।


ਆਲੋਚਨਾ ਵਿਚ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਥੀਮਿਕ ਅਧਿਐਨ ਅਤੇ 1960 ਤੋਂ ਬਾਅਦ ਦੀ ਹਿੰਦੀ ਪੰਜਾਬੀ ਕਵਿਤਾ ਦਾ ਤੁਲਨਾਤਮਕ ਅਧਿਐਨ ਤੇ ਥੀਸਸ ਲਿਖੇ ਹਨ।  ਅਮਰਜੀਤ ਕੌਂਕੇ ਦੀਆਂ ਕਵਿਤਾ ਪੁਸਤਕਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ  ਵਲੋਂ ਮੋਹਨ ਸਿੰਘ ਮਾਹਿਰ ਪੁਰਸਕਾਰ, ਭਾਸ਼ਾ ਵਿਭਾਗ ਵੱਲੋਂ ਗਿਆਨੀ ਸੰਤ ਸਿੰਘ ਪੁਰਸਕਾਰ, ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ, ਇਆਪਾ ਕੈਨੇਡਾ ਪੁਰਸਕਾਰ, 1998 ਸਾਹਿਤ ਦੇ ਖੇਤਰ ਵਿਚ ਸਮੁੱਚੀ ਦੇਣ ਲਈ, ਲਾਭ ਸਿੰਘ ਚਾਤ੍ਰਿਕ ਪੁਰਸਕਾਰ, ਕਪੂਰ ਸਿੰਘ ਆਈ.ਸੀ.ਐਸ. ਪੁਰਸਕਾਰ,  ਨਿਰੰਜਨ ਸਿੰਘ ਨੂਰ ਪੁਰਸਕਾਰ, ਭਾਰਤ ਸਰਕਾਰ ਵੱਲੋਂ ਰਿਸਰਚ ਫੈਲੋਸ਼ਿਪ ਅਤੇ ਹੋਰ ਅਨੇਕ ਇਨਾਮ ਸਨਮਾਨਾਂ  ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।    ਦਸ ਤੋਂ ਵੱਧ ਵਿਦਿਆਰਥੀਆਂ ਨੇ ਅਮਰਜੀਤ ਦੀ ਕਵਿਤਾ ਉਪਰ ਐਮ.ਫਿਲ. ਅਤੇ ਪੀ. ਐਚ ਡੀ. ਲਈ ਖੋਜ ਕਾਰਜ ਵੀ ਕੀਤਾ ਅਤੇ ਹੁਣ ਵੀ ਕਰ ਰਹੇ ਹਨ। 


ਉਸ ਦੀ ਕਵਿਤਾ ਸੰਬੰਧੀ ਆਲੋਚਨਾ ਦੀਆਂ ਛੇ ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ ਜਿਹਨਾਂ ਵਿਚ ਡਾ.ਆਤਮ ਰੰਧਾਵਾ ਵੱਲੋਂ ਸੰਪਾਦਿਤ 'ਅਮਰਜੀਤ ਕੌਂਕੇ ਕਾਵਿ : ਸਿਰਜਣਾ ਤੇ ਸੰਵਾਦ', ਡਾ. ਲਖਵਿੰਦਰ ਜੀਤ ਕੌਰ ਦੁਆਰਾ ਸੰਪਾਦਿਤ 'ਅਮਰਜੀਤ ਕੌਂਕੇ ਦਾ ਕਾਵਿ ਪੈਰਾਡਾਈਮ', ਹਰਵਿੰਦਰ ਢਿਲੋਂ ਦੀ  'ਅਮਰਜੀਤ ਕੌਂਕੇ ਦੀ ਕਵਿਤਾ ਵਿਚ ਬੇਗਾਨਗੀ ਦਾ ਸੰਕਲਪ', ਡਾ. ਬਲਜੀਤ ਸਿੰਘ ਅਤੇ ਡਾ. ਮੁਖਤਿਆਰ ਸਿੰਘ ਦੁਆਰਾ ਸੰਪਾਦਿਤ 'ਅਮਰਜੀਤ ਕੌਂਕੇ ਕਾਵਿ : ਚਿੰਤਨ ਤੇ ਸਮੀਖਿਆ'  ਡਾ. ਭੁਪਿੰਦਰ ਕੌਰ ਅਤੇ ਸੋਨੀਆ ਵੱਲੋਂ ਸੰਪਾਦਿਤ 'ਅਮਰਜੀਤ ਕੌਂਕੇ ਕਾਵਿ : ਪੰਧ ਤੇ ਪ੍ਰਬੰਧ', ਅਤੇ ਡਾ. ਸੰਦੀਪ ਕੌਰ ਅਤੇ ਰਮਨਦੀਪ ਕੌਰ ਦੁਆਰਾ ਸੰਪਾਦਿਤ 'ਅਮਰਜੀਤ ਕੌਂਕੇ ਦੀ ਕਵਿਤਾ : ਸਵੈ ਚੇਤਨਾ ਤੋਂ ਯੁੱਗ ਚੇਤਨਾ ਤੱਕ' ਸ਼ਾਮਿਲ ਹਨ । 


ਇਹਨਾਂ ਪੁਸਤਕਾਂ ਵਿਚ ਦਰਜਨਾਂ ਵਿਦਵਾਨਾਂ ਦੇ ਲੇਖ ਅਮਰਜੀਤ ਕੌਂਕੇ ਦੀ ਕਵਿਤਾ ਵਿਚਲੀਆਂ ਵਿਭਿੰਨ ਪ੍ਰਵਿਰਤੀਆਂ ਸੰਬੰਧੀ ਸੰਵਾਦ ਸਿਰਜਦੇ ਹਨ।  ਅੱਜ ਕੱਲ ਅਮਰਜੀਤ ਕੌਂਕੇ ਆਪਣੀਆਂ ਸਮਾਜਿਕ, ਪਰਵਾਰਿਕ ਜਿੰਮੇਵਾਰੀਆਂ ਨਿਭਾਉਂਦਾ ਜਿਥੇ ਅਧਿਆਪਨ ਕਾਰਜ ਨਾਲ ਜੁੜ ਕੇ ਵਿਦਿਆਰਥੀਆਂ ਵਿਚ ਵਿਦਿਆ ਦਾ ਪਾਸਾਰ ਕਰ ਰਿਹਾ ਹੈ ਉਥੇ ਪਿਛਲੇ ਤੇਰਾਂ ਸਾਲ ਤੋਂ ਉਹ ਤ੍ਰੈਮਾਸਿਕ  ਮੈਗਜ਼ੀਨ  'ਪ੍ਰਤਿਮਾਨ' ਦਾ ਨਿਰੰਤਰ ਪ੍ਰਕਾਸ਼ਨ ਕਰ ਰਿਹਾ ਹੈ ਜਿਸ ਵਿਚ ਹਰ ਵਾਰ ਨਵੇਂ ਪੁਰਾਣੇ ਲੇਖਕਾਂ ਅਤੇ ਆਲੋਚਕਾਂ, ਖੋਜਾਰਥੀਆਂ ਦੀਆਂ ਰਚਨਾਵਾਂ ਵੇਖਣ ਨੂੰ ਮਿਲਦੀਆਂ ਹਨ।   ਇਹ ਮੈਗਜ਼ੀਨ ਬਹੁਤ ਸਾਰੇ ਨਵੇਂ ਲੇਖਕਾਂ, ਆਲੋਚਕਾਂ ਨੂੰ ਉਹਨਾਂ ਦੀ ਸਥਾਪਤੀ ਲਈ ਮੰਚ ਮੁਹਈਆ ਕਰਦਾ ਹੈ। 

 


    ਸਮੁੱਚੇ ਤੌਰ ਤੇ ਕਹੀਏ ਤਾਂ ਕਹਿ ਸਕਦੇ ਹਾਂ ਕਿ ਅਮਰਜੀਤ ਕੌਂਕੇ ਆਪਣੇ ਆਪ ਵਿਚ ਇਕ ਵਿਅਕਤੀ ਨਹੀਂ ਸਗੋਂ ਇੱਕ ਮੁਕੰਮਲ ਸੰਸਥਾ ਹੈ ਜੋ ਬਿਨਾਂ ਕਿਸੇ ਲਾਲਚ ਜਾਂ ਲਾਲਸਾ ਆਪਣੀ ਲਗਨ ਵਿਚ ਰੁਝਿਆ ਇਕੋ ਵੇਲੇ ਕਵਿਤਾ, ਅਨੁਵਾਦ, ਸੰਪਾਦਨ, ਬਾਲ ਸਾਹਿਤ, ਅਧਿਆਪਨ ਦੇ ਖੇਤਰ ਵਿਚ ਸਰਗਰਮ ਹੈ।  ਪਰਮਾਤਮਾ ਉਸਨੂੰ ਲੰਬੀ ਉਮਰ ਤੇ ਚੰਗੀ ਸਿਹਤ ਦੀ ਬਖਸ਼ਿਸ਼ ਕਰੇ! ਆਮੀਨ!

Have something to say? Post your comment