Poem

ਗ਼ਜ਼ਲ/ਅਵਤਾਰ ਸਿੰਘ ਆਨੰਦ

January 15, 2018 10:06 PM
General

ਹੱਸਦੀ ਵੱਸਦੀ ਉੱਚੀ  ਹਵੇਲੀ ਛੱਡ ਆਏ ਹਾਂ ।
ਲਾਹੌਰ ਸ਼ਹਿਰ ਸਰਗੋਦੇ ਬੇਲੀ ਛੱਡ ਆਏ ਹਾਂ ।

ਦੋ ਬਲਦਾਂ ਦੀਆਂ  ਜੋੜੀਆ ਪੋਠੋਹਾਰ ਦੀਆਂ ,
ਇਕ ਸਾਡਾ ਕਾਮਾ ਗੁਜ਼ਰ ਤੇਲੀ ਛੱਡ ਆਏ ਹਾਂ ।

ਇਕ ਪੀਰਾਂ ਵਾਲੀ ਗਲੀ ਚ ਸਾਡੀ ਬੇਲਣ ਸੀ ,
ਓਦੇ ਦੇਂਦੀ ਸੁਨੇਹੇ ਓਦੀ ਸਹੇਲੀ ਛੱਡ ਆਏ ਹਾਂ ।

ਤੇਲ ਸਰੋਂ ਦਾ ਮਲਿਆ ਜਾ ਕੇ ਅਖਾੜਿਆਂ 'ਚ ,
ਪਿੰਡੋਂ ਬਾਹਰ ਜਿਥੇ ਕੁਸ਼ਤੀ ਖੇਲੀ ਛੱਡ ਆਏ ਹਾਂ ।

ਜੋ ਟਮਟਮ ਲਈ ਸੀ ਪਿੰਡੋਂ ਲਾਹੌਰ ਨੂੰ ਜਾਣ ਲਈ,
ਮੁਲਤਾਨੀ ਘੋੜੀ  ਨਵੀ  ਨਵੇਲੀ ਛੱਡ ਆਏ ਹਾਂ ।

ਹੁਣ ਸਾਡੇ ਸੁਪਨਿਆਂ ਦੇ ਵਿਚ ਮੇਲੇ ਲਗਦੇ ਨੇ,
ਅਵਤਾਰ ਸਿਹਾ "ਪਿੱਛੇ ਰੋਂਦੇ ਮੇਲੀ ਛੱਡ ਆਏ ਹਾਂ ।

ਅਵਤਾਰ ਸਿੰਘ ਆਨੰਦ

Have something to say? Post your comment