Article

ਜਿਸ ਮੁਲਕ ਦੀ ਰਾਜਧਾਨੀ ਵਿੱਚ ਸ਼ਰੇਆਮ ਹੋਏ ਕਤਲੇਆਮ ਦੇ ਸਬੂਤ ਲੱਭਣ ਵਿੱਚ 34 ਸਾਲ ਬੀਤ ਗਏ ਹੋਣ// ਬਘੇਲ ਸਿੰਘ ਧਾਲੀਵਾਲ

February 07, 2018 11:06 PM
General

ਜਿਸ ਮੁਲਕ ਦੀ ਰਾਜਧਾਨੀ ਵਿੱਚ ਸ਼ਰੇਆਮ ਹੋਏ ਕਤਲੇਆਮ ਦੇ ਸਬੂਤ ਲੱਭਣ ਵਿੱਚ 34 ਸਾਲ ਬੀਤ ਗਏ ਹੋਣ


ਓਥੇ ਇਨਸਾਫ ਲੈਣ ਲਈ ਇੱਕ ਵੀਡੀਓ ਦਾ ਸਬੂਤ ਕੀ ਅਰਥ ਰੱਖਦਾ ਹੈ


ਪਿਛਲੇ ਦਿਨੀ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੇ ਪਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਪਰੈਸ ਕਾਨਫਰੰਸ ਕਰਕੇ ਜਾਰੀ ਕੀਤੇ ਗਏ ਅਜਿਹੇ ਵੀਡੀਓ ਕਲਿੱਪ ਜਿਹੜੇ ਜਗਦੀਸ਼ ਟਾਈਟਲਰ ਦੇ ਇਕਬਾਲੀਆ ਬਿਆਨ ਵਜੋਂ ਵੀ ਦੇਖੇ ਜਾ ਰਹੇ ਹਨ, ਜਿਸ ਵਿੱਚ ਜਗਦੀਸ ਟਾਈਟਲਰ ਸਾਫ ਸਾਫ ਸੌ ਸਿੱਖਾਂ ਨੂੰ ਮਾਰਨ ਦਾ ਇੱੰਕਸਾਫ ਕਰਦਾ ਸੁਣਾਈ ਦਿੰਦਾ ਹੈ। ਰਜੀਵ ਗਾਂਧੀ ਦੀ ਕਤਲੇਆਮ ਵਿੱਚ ਸ਼ਮੂਲੀਅਤ ਨੂੰ ਵੀ ਉਹ ਸਵੀਕਾਰਦਾ ਸੁਣਿਆ ਗਿਆ ਹੈ। ਜਗਦੀਸ ਟਾਈਟਲਰ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਕਾਫੀ ਹੋ ਹੱਲਾ ਵੀ ਸਿਆਸੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਪੰਜ ਸਾਲ ਪਹਿਲਾਂ ਦੀ ਵੀਡੀਓ ਦਾ ਹੁਣ ਇੱਕ ਦਮ ਪਰਗਟ ਹੋਣਾ ਆਪਣੇ ਆਪ ਵਿੱਚ ਇੱਕ ਬੁਝਾਰਤ ਵੀ ਹੈ ਤੇ ਕੁੱਝ ਸ਼ੰਕੇ ਵੀ ਪੈਦਾ ਹੋ ਰਹੇ ਹਨ, ਜਿੰਨਾਂ ਦੀ ਨਵਿਰਤੀ ਹੋਣੀ ਲਾਜਮੀ ਵੀ ਹੈ ਤੇ ਜਗਦੀਸ ਟਾਈਟਲਰ ਦੇ ਇਸ ਇਕਵਾਲੀਆ ਬਿਆਨ ਤੋ ਭਾਰਤੀ ਨਿਆ ਪਰਨਾਲੀ ਅਤੇ ਭਾਰਤੀ ਲੋਕਤੰਤਰ ਦੀ ਪਤਲੀ ਤੇ ਤਰਸਯੋਗ ਹਾਲਤ ਦਾ ਅੰਦਾਜਾ ਲਾਉਣਾ ਵੀ ਕੋਈ ਬਹੁਤਾ ਮੁਸ਼ਕਲ ਨਹੀ, ਕਿ ਕਿਵੇਂ ਇਹ ਭਾਰਤੀ ਤੰਤਰ ਦੇ ਹਿੱਸੇਦਾਰ ਇਸ ਸਾਰੇ ਸਿਸਟਮ ਨੂੰ ਅਪਣੀ ਮੁੱਠੀ ਵਿੱਚ ਸਮਝਦੇ ਹਨ। ਇੱਥੇ ਪਹਿਲਾਂ ਗੱਲ ਕਰਦੇ ਹਾਂ ਦਿਲੀ ਸਿੱਖ ਮੈਨੇਜਮੈਂਟ ਕਮੇਟੀ ਦੇ ਪਰਧਾਨ ਤੇ ਅਕਾਲੀ ਦਲ ਬਾਦਲ ਦੇ ਦਿੱਲੀ ਇਕਾਈ ਦੇ ਪਰਧਾਨ ਮਨਜੀਤ ਸਿੰਘ ਜੀ ਕੇ ਦੀ, ਜਿੰਨਾਂ ਨੇ ਇਹ ਵੀਡੀਓ ਜਾਰੀ ਕਰਨ ਦਾ ਉਪਰਾਲਾ ਕੀਤਾ ਹੈ।ਮਨਜੀਤ ਸਿੰਘ ਜੀ ਕੇ ਵੱਲੋਂ ਜਦੋ ਇਹ ਵੀਡੀਓ ਪੱਤਰਕਾਰਾਂ ਸਾਹਮਣੇ ਲਿਆਂਦੀ ਗਈ ਸੀ ਤਾਂ ਉਹਨਾਂ ਨੂੰ ਇਸ ਵੀਡੀਓ ਦੇ ਪੰਜ ਸਾਲਾਂ ਤੱਕ ਦਬਾ ਕੇ ਰੱਖਣ ਵਾਰੇ ਵੀ ਜਰੂਰ ਸਪੱਸਟ ਕਰਨਾ ਚਾਹੀਦਾ ਸੀ , ਕਿ ਅਕਸਰ ਉਹ ਕਿਹੜੇ ਕਾਰਨ ਸਨ ਜਿੰਨਾਂ ਕਰਕੇ ਇਹ ਵੀਡੀਓ ਨੂੰ ਪੰਜ ਸਾਲਾਂ ਤੱਕ ਜਨਤਕ ਕਰਨ ਤੋ ਰੋਕਿਆ ਗਿਆ, ਜਾਂ ਉਹਨਾਂ ਕੋਲ ਇਹ ਵੀਡੀਓ ਕਦੋਂ ਆਈ, ਆਦਿ ਆਦਿ। ਜਿਸ ਤਰਾਂ ਵੀਡੀਓ ਜਾਰੀ ਕਰਨ ਤੋਂ ਬਾਅਦ ਦਾ ਸਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਧਿਰਾਂ ਨੇ ਇਸ ਮਸਲੇ ਤੇ ਸਰਗਰਮੀ ਫੜੀ ਹੈ ਤੇ ਖੁਦ ਪਰਧਾਨ ਜੀ ਕੇ ਵੱਲੋਂ ਦਿੱਲੀ ਸਰਕਾਰ ਨੂੰ ਟਾਈਟਲ ਦੀ ਗਿਰਫਤਾਰੀ ਲਈ ਬਹੁਤ ਥੋੜੇ ਸਮੇ ਦਾ ਅਲਟੀਮੇਟਮ ਦਿੱਤਾ ਗਿਆ ਹੈ, ਉਸ ਤੋ ਸਪਸਟ ਝਲਕਦਾ ਹੈ ਕਿ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਤੋ ਲਗਾਤਾਰ 34 ਸਾਲ ਪਾਸਾ ਵੱਟ ਕੇ ਸਿਰਫ ਰੋਟੀਆਂ ਸੇਕਣ ਤੱਕ ਸੀਮਤ ਰੱਖਣ ਵਾਲੇ ਦਿੱਲੀ ਸਮੇਤ ਪੰਜਾਬ ਦੇ ਅਕਾਲੀਆਂ ਨੂੰ ਹੁਣ ਚਾਣਚੱਕ ਹਮਦਰਦੀ ਜਾਗਣ ਪਿੱਛੇ ਵੀ ਮੁੜ ਰੋਟੀਆਂ ਗਰਮ ਕਰਨ ਦੀ ਕਾਹਲ ਹੈ। ਜਰੂਰ ਇਸ ਪਿੱਛੇ ਵੀ ਸੌੜੀ ਸਿਆਸਤ ਦਾ ਬੋਲਬਾਲਾ ਹੈ। ਜਦੋ ਲੋਕ ਸਭਾ ਦੀਆਂ ਚੋਣਾਂ ਦੀ ਨੇੜੇ ਹੋਣ ਦੀ ਹਾਲ ਦੁਹਾਈ ਪੈ ਰਹੀ ਹੈ, ਤੇ ਅਕਾਲੀ ਦਲ ਦੀ ਸਾਂਝੀਦਾਰੀ ਵਾਲੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਅਪਣੇ ਸਿਤਾਰੇ ਕੋਈ ਬਹੁਤੇ ਚੰਗੇ ਦਿਖਾਈ ਨਹੀ ਦਿੰਦੇ, ਤਾਂ ਇਸ ਵੀਡੀਓ ਦਾ ਉਸ ਮੌਕੇ ਬਾਹਰ ਆਉਣਾ ਉਸ ਸ਼ੱਕ ਨੂੰ ਹੋਰ ਪੱਕਾ ਕਰ ਜਾਂਦਾ ਹੈ ਕਿ ਹੁਣ ਤੱਕ ਚੋਰਾਂ ਨਾਲ ਰਲੀ ਰਹੀ ਕੁੱਤੀ ਦਾ ਇੱਕਦਮ ਐਨਾ ਉੱਚੀ ਅਵਾਜ਼ ਵਿੱਚ ਭੌਂਕਣ ਦਾ ਮੁੱਖ ਮਕਸਦ ਨਵੰਬਰ 1984 ਦੇ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣਾ ਨਹੀ ਬਲਕਿ ਇੱਕ ਵਾਰ ਫਿਰ ਉਹਨਾਂ ਹਜਾਰਾਂ ਸਿੱਖਾਂ ਦੀਆਂ ਰੂਹਾਂ  ਨਾਲ ਵਿਸ਼ਵਾਸਘਾਤ ਕਰਨ ਦੀ ਸ਼ਾਜਿਸ਼ ਹੋ ਸਕਦੀ ਹੈ ਜਿਹੜੇ ਉਸ ਦਰਿੰਦਗੀ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗੁਆ ਚੱਕੇ ਸਨ। ਇਹ ਵੀਡੀਓ ਜਗਦੀਸ ਟਾਈਟਲਰ ਲਈ ਕਿੰਨੀ ਕੁ ਨੁਕਸਾਨਦੇਹ ਸਾਬਤ ਹੋਵੇਗੀ, ਇਹਦੇ ਵਾਰੇ ਬਾਅਦ ਵਿੱਚ ਗੱਲ ਕਰਦੇ ਹਾਂ ਪਰ ਇਹ ਗੱਲ ਯਕੀਕਨ ਕਹੀ ਜਾ ਸਕਦੀ ਹੈ ਕਿ ਇਸ ਦਾ ਲਾਹਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜਰੂਰ ਲੈਣ ਲਈ ਅਕਾਲੀ ਦਲ ਬਾਦਲ ਤਰਲੋਮੱਛੀ ਹੋਵੇਗਾ ਤਾਂ ਕਿ ਅਪਣੇ ਦਿੱਲੀ ਅਤੇ ਨਾਗਪੁਰ ਵਿੱਚ ਬੈਠੇ ਆਕਾਵਾਂ ਦੀਆਂ ਖੁਸ਼ੀਆਂ ਪਰਾਪਤ ਕੀਤੀਆਂ ਜਾ ਸਕਣ। ਇਹ ਕਿਸੇ ਤੋਂ ਵੀ ਲੁਕਿਆ ਛੁਪਿਆ ਨਹੀ ਹੈ ਕਿ ਹੁਣ ਤੱਕ ਦਿੱਲੀ ਕਤਲੇਆਮ ਪੀੜਤਾਂ ਨੇ ਕਿੰਨੇ ਕੁ ਧੱਕੇ ਖਾਹਦੇ ਹਨ ਤੇ ਕੌਣ ਕੌਣ ਲੋਕ ਉਹਨਾਂ ਦੇ ਦੁੱਖ ਦਰਦ ਨੂੰ ਕਿੰਨਾ ਕੁ ਮਹਿਸੂਸ ਕਰਕੇ ਉਹਨਾਂ ਦੇ ਨਾਲ ਖੜਦੇ  ਰਹੇ ਹਨ। ਇਹ ਜਰੂਰ ਹੋਇਆ ਹੋਵੇਗਾ ਕਿ ਪੀੜਤਾਂ ਵੱਲੋਂ ਇਨਸਾਫ ਲੈਣ ਲਈ ਵਿੱਢੇ ਸੰਘਰਸ਼ ਨੂੰ ਤਾਰਪੀਡੋ ਕਰਕੇ ਗੁਨਾਹਗਾਰਾਂ ਨੂੰ ਬਚਾਉਣ ਲਈ ਅਕਾਲੀ ਆਗੂਆਂ ਨੇ ਬਹੁਤ ਹੀ ਚਲਾਕੀ ਅਤੇ ਮਕਾਰੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਨੂੰ ਵੀ ਵਰਤਿਆ ਹੋਵੇ, ਤਾਂ ਕਿ ਕੇਂਦਰੀ ਤਾਕਤਾਂ ਵਿੱਚ ਅਪਣੀ ਹੋਂਦ ਨੂੰ ਕਾਇਮ ਰੱਖਿਆ ਜਾ ਸਕੇ। ਹੁਣ ਜੇਕਰ ਗੱਲ ਜਗਦੀਸ ਟਾਈਟਲਰ ਦੀ ਕੀਤੀ ਜਾਵੇ, ਤਾਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਘੱਟ ਗਿਣਤੀਆਂ ਦਾ ਸ਼ਿਕਾਰ ਕਰਕੇ ਦਿੱਲੀ ਦੇ ਤਖਤ ਤੱਕ ਪਹੁੰਚਣ ਵਾਲੇ ਕਾਤਲਾਂ ਨੂੰ ਕੰਨੂਨ ਦਾ ਕੋਈ ਡਰ ਭੈਅ ਕਿਧਰੇ ਵੀ ਦਿਖਾਈ ਨਹੀ ਦਿੰਦਾ। ਇਸਤਰਾਂ ਸੈਕੜੇ ਹਤਿਆਵਾਂ ਕਰਨ ਦੇ ਸ਼ਰੇਆਮ ਮਾਰੇ ਗਏ ਦਮਗੱਜੇ ਇਹ ਵੀ ਸਪੱਸਟ ਕਰਦੇ ਹਨ ਕਿ ਇਹਨਾਂ ਨੇਤਾਵਾਂ ਲਈ ਕਨੂੰਨ ਸਿਰਫ ਸੁਰਖਿਆ ਛਤਰੀ ਹੀ ਪਰਦਾਨ ਨਹੀ ਕਰਦਾ ਬਲਕਿ ਇਨਸਾਫ ਲੈਣ ਲਈ ਦੁਹਾਈਆਂ ਪਾਉਣ ਵਾਲੇ ਲੋਕਾਂ ਨੂੰ ਅਦਾਲਤਾਂ ਦੇ ਚੱਕਰ ਲਗਵਾ ਲਗਵਾ ਕੇ ਬਲਹੀਣ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਜਿਸ ਮੁਲਕ ਦੇ ਕਨੂਨ ਘਾੜੇ ਖੁਦ ਕਾਤਲਾਂ ਦੀ ਸ੍ਰੇਣੀ ਚੋ ਆਏ ਹੋਣ ਓਥੋਂ ਦਾ ਕਨੂੰਨ ਕਦੇ ਵੀ ਤਕੜਾ ਤੇ ਨਿਰਪੱਖ ਨਹੀ ਹੋ ਸਕਦਾ। ਜਿਸਤਰਾਂ ਜਗਦੀਸ ਟਾਈਟਲਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਖਬਾਰਾਂ ਅਤੇ ਟੀ ਵੀ ਚੈਨਲਾਂ ਨੂੰ ਦਿੱਤੇ ਗਏ ਬਿਆਨਾਂ ਵਿੱਚ ਬੜੀ ਦਰਿੜਤਾ ਨਾਲ ਕਹਿ ਰਿਹਾ ਹੈ ਕਿ ਇਹ ਵੀਡੀਓ ਮੇਰੀ ਨਹੀ ਹੈ, ਤੇ ਵੀਡੀਓ ਵਾਇਰਲ ਕਰਨ ਵਾਲੇ ਅਕਾਲੀ ਆਗੂਆਂ ਤੇ ਕਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦਿੰਦਾ ਹੈ ਅਤੇ ਨਾਲ ਹੀ ਇਹ ਵੀ ਕਹਿ ਰਿਹਾ ਹੈ ਕਿ ਮੈਨੂੰ ਕਨੂੰਨ ਤੇ ਪੂਰਾ ਭਰੋਸ਼ਾ ਹੈ, ਤਾਂ ਜਰੂਰ ਉਸ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਵਾਚਣ ਦੀ ਲੋੜ ਹੈ, ਕਿ ਸੱਚਮੁੱਚ ਹੀ ਟਾਈਟਲਰ ਵਰਗੇ ਮਨੁਖਤਾ ਦੇ ਕਾਤਲ ਭਾਰਤੀ ਨਿਆਂ ਪਰਨਾਲ਼ੀ ਨੂੰ ਅਪਣੀ ਸੁਰਖਿਆ ਪਰਨਾਲੀ ਤੋ ਵੱਧ ਕੁੱਝ ਵੀ ਨਹੀ ਸਮਝਦੇ। ਸਚਾਈ ਤਾਂ ਇਹ ਹੈ ਕਿ ਜਿਹੜੇ  ਕਨੂੰਨ ਤੋ ਸਿੱਖ ਇਹ ਵੀਡੀਓ ਦੇ ਜ਼ਰੀਏ ਕਾਤਲਾਂ ਨੂੰ ਸਜਾਵਾਂ ਦਿਵਾਉਣ ਦੀ ਆਸ ਰੱਖਦੇ ਹਨ, ਉਸੇ ਕਨੂੰਨ ਤੋ  ਕਾਤਲ ਅਪਣੀਆਂ ਅਜਿਹੀਆਂ ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਹੀ ਸਜ਼ਾ ਦਿਵਾਉਣ ਦੀਆਂ ਧਮਕੀਆਂ ਹੀ ਨਹੀ ਦਿੰਦੇ ਬਲਕਿ ਅਜਿਹਾ ਕਰਨ ਦੀ ਹਿੰਮਤ ਤੇ ਤਾਕਤ ਵੀ ਰੱਖਦੇ ਹਨ। ਜੇ ਗੱਲ ਵੀਡੀਓ ਦੇ ਸਬੂਤਾਂ ਦੀ ਕਰੀਏ ਤਾਂ ਇਹ ਵੀ ਕੋਈ ਜਿਆਦਾ ਤਸੱਲੀ ਤੇ ਪਰਪੱਕ ਭਰੋਸੇ ਨਾਲ ਕਹਿਣਾ ਸਿਆਣਪ ਨਹੀ ਹੋਵੇਗੀ ਕਿ ਸਾਡੇ ਕੋਲ ਕਤਲੇਆਮ ਦੇ ਪੁਖਤਾ ਸਬੂਤ ਵਜੋ ਕਾਤਲ ਦੇ ਇਕਬਾਲੀਆ ਬਿਆਨ ਦੀ ਵੀਡੀਓ  ਹਰ ਹਾਲਤ ਵਿੱਚ ਕਾਤਲ ਨੂੰ ਸਜ਼ਾ ਦਿਵਾ ਸਕੇਗੀ। ਜੇ ਅਦਾਲਤ ਸਬੂਤ ਮੰਗਦੀ ਹੈ ਤਾਂ ਕੀ ਉਹ ਹਜਾਰਾਂ ਦੀ ਗਿਣਤੀ ਵਿੱਚ ਸ਼ਰੇਆਮ ਗਲੀਆਂ ਬਜਾਰਾਂ ਵਿੱਚ ਟਾਇਰ ਤੇਲ ਪਾ ਪਾ ਕੇ ਜਿਉਂਦੇ ਸਾੜੇ ਗਏ ਸਿੱਖਾਂ ਦੀਆਂ ਚੀਕਾਂ ਤੇ ਕਾਤਲਾਂ ਦੀਆਂ ਭੀੜਾਂ ਵੱਲੋਂ ਵਰਤਾਏ ਦਿਨ ਦੀਵੀ ਕਹਿਰ ਨਾਲ ਬਜਾਰਾਂ ਵਿੱਚ ਰੁਲਦੀਆਂ ਸਿੱਖਾਂ ਦੀਆਂ ਲਾਸ਼ਾਂ ਨੂੰ ਕਨੂੰਨ ਸਬੂਤ ਨਹੀ ਮੰਨਦਾ ? ਜੇਕਰ ਭਾਰਤ ਦੀ ਸਰਬ ਉੱਚ ਅਦਾਲਤ ਦੇ ਸਾਹਮਣੇ ਹੋਏ ਕਤਲੇਆਮ ਲਈ ਵੀ ਸਬੂਤਾਂ ਦੀ ਲੋੜ ਹੈ ਤਾਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਇਹ ਵੀਡੀਓ ਤੁਹਾਨੂੰ ਇਨਸਾਫ ਦਿਵਾਉਣ ਲਈ ਕਾਫੀ ਹੈ ? ਜਿਸ ਮੁਲਕ ਦੀ ਰਾਜਧਾਨੀ ਵਿੱਚ ਸ਼ਰੇਆਮ ਹੋਏ ਕਤਲੇਆਮ ਦੇ ਸਬੂਤ ਲੱਭਣ ਵਿੱਚ 34 ਸਾਲ ਬੀਤ ਗਏ ਹੋਣ, ਓਥੇ ਇੱਕ ਵੀਡੀਓ ਦਾ ਸਬੂਤ ਕੀ ਇਨਸਾਫ ਦਵਾ ਸਕਦਾ ਹੈ? ਇਹ ਵੀਡੀਓ ਵਕਤੀ ਤੌਰ ਤੇ ਤਸੱਲੀ ਤਾਂ ਦਿਵਾ ਸਕਦੀ ਹੈ ਇਨਸਾਫ ਕਦੇ ਵੀ ਨਹੀ।
ਬਘੇਲ ਸਿੰਘ ਧਾਲੀਵਾਲ

Have something to say? Post your comment