ਮੈਂ ਤੇ ਭਾਈਆ, ਟਾਂਗੇ ਤੇ
ਬੇਬੇ ਆਈ ਆ, ਟਾਂਗੇ ਤੇ
ਉਹਦੇ ਗੋਡੇ ਦੁਖਦੇ ਸੀ
ਤਾਂ ਬਿਠਾਈ ਆ,ਟਾਂਗੇ ਤੇ
ਬੇਬੇ ਦੀਆਂ ਦੋ ਕੁੜੀਆਂ
ਦੋ ਜਵਾਈ ਆ, ਟਾਂਗੇ ਤੇ
ਮੀਦ੍ਹੇ,ਪੀਰੂ,ਬਿੱਲੇ ਵੀ
ਰੌਲੀ ਪਾਈ ਆ,ਟਾਂਗੇ ਤੇ
ਕੁਝ ਪਹਿਲਾਂ ਹੀ ਬੈਠੇ ਸੀ
ਬੰਦੇ ਬਾਈ ਆ, ਟਾਂਗੇ ਤੇ
ਮਾਲਕ ਆਖੇ ਝੋਟਾ ਨਹੀਂ
ਘੋੜੀ ਲਾਈ ਆ, ਟਾਂਗੇ ਤੇ
ਘੋੜੀ ਹੀ ਜੇ ਮਾਰ ਲਈ
ਕੀ ਕਮਾਈ ਆ, ਟਾਂਗੇ ਤੇ
ਦੂਜੇ ਗੇੜੇ ਲੈਜੂੰਗਾ
ਅੱਧੇ ਰਾਈ ਆ , ਟਾਂਗੇ ਤੇ
ਮੈਂ ਜਾਣਾ ਬਈ ਮੈਂ ਜਾਣਾ
ਹਥੋਪਾਈ ਆ , ਟਾਂਗੇ ਤੇ
ਬੇਬੇ ਪੂਰੀ ਤੱਤੀ ਸੀ
ਮੈਂ ਮਨਾਈ ਆ, ਟਾਂਗੇ ਤੇ
ਜਾਣ ਦੇ ਬੇਬੇ ਇਹਨਾ ਨੂੰ
ਸੌ ਸ਼ੁਦਾਈ ਆ, ਟਾਂਗੇ ਤੇ
ਐਵੇਂ ਮੱਛਰੇ ਫਿਰਦੇ ਨੇ
ਹੋ ਹੋ ਲਾਈ ਆ, ਟਾਂਗੇ ਤੇ
ਜਿੰਦਗੀ ਵੀ ਇਕ ਟਾਂਗਾ ਏ
ਦਿਨ ਤੇ ਢਾਈ ਆ, ਟਾਂਗੇ ਤੇ
ਸਾਰੇ ਖੁੱਲੀ ਥਾਂ ਚਾਹਵਣ
ਤਾਂ ਲੜਾਈ ਆ , ਟਾਂਗੇ ਤੇ
ਲੋਕਾਂ ਬੱਚੇ ਜੰਮ ਜੰਮ ਕੇ
ਪਲਟਣ ਪਾਈ ਆ, ਟਾਂਗੇ ਤੇ
ਖਿਚਣ ਦੇ ਲਈ ਘੋੜੀ ਵੀ
ਇੱਕੋ ਲਾਈ ਆ , ਟਾਂਗੇ ਤੇ
ਜਾਂ ਸਵਾਰੀਆਂ ਘਟ ਕਰੋ
ਜਾਂ ਭਕਾਈ ਆ, ਟਾਂਗੇ ਤੇ
ਰਹਿਣਾ ਨਹੀਂ ਗੁਸਤਾਖ਼ ਸਦਾ
ਅਾਵਾਜਾਈ ਅਾ ਟਾਂਗੇ ਤੇ
ਗੁਸਤਾਖ਼ ਜ਼ਿਹਨ
98770-11790