20

October 2018
Article

ਅਦੁੱਤੀ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ ਜੀ//ਗੁਰਜੀਵਨ ਸਿੰਘ ਸਿੱਧੂ ਨਥਾਣਾ

February 14, 2018 07:35 PM
ਗੁਰਜੀਵਨ ਸਿੰਘ ਸਿੱਧੂ ਨਥਾਣਾ

ਅਦੁੱਤੀ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ ਜੀ


ਸਿੱਖ ਗੁਰੂ ਪਰਿਵਾਰ ਦੀ ਮਨੁੱਖਤਾ ਦੇ ਸਵੈਮਾਣ,ਧਾਰਮਿਕ ਅਜ਼ਾਦੀ ਦੀ ਬਹਾਲੀ ਅਤੇ ਮਨੁੱਖੀ ਹੱਕਾਂ ਦੀ ਅਜ਼ਾਦੀ ਲਈ ਸ਼ੁਰੂ ਕੀਤੀ ਸ਼ਹੀਦੀਆਂ ਦੀ ਲੜੀ ਵਿੱਚ ਸ਼ਹੀਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਪਰ ਅੰਕਤ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਸੁੰਦਰੀ ਜੀ ਦੀ ਕੁੱਖੋ 11 ਫਰਵਰੀ 1687 ਈ: ਨੂੰ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਇਆ। ਕੁਝ ਸਮੇਂ ਬਾਅਦ ਗੁਰੂ ਜੀ ਦਾ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਗਿਆ। ਇੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵਿਦਿਆ,ਧਾਰਮਿਕ ਗ੍ਰੰਥਾ,ਕਥਨਾ ਅਤੇ ਇਤਿਹਾਸ ਆਦਿ ਬਾਰੇ ਜਾਣੂ ਕਰਵਾਇਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਬਚਪਨ ਤੋਂ ਹੀ ਬਹੁਤ ਤੀਖਣ ਬੁੱਧੀ, ਸਰੀਰਕ ਤੌਰ ਤੇ ਚੁਸਤ ਅਤੇ ਆਪਣੀ ਜ਼ੋਸੀਲੀ ਦਿੱਖ ਵਾਲੇ ਸਨ।


ਉਨਾਂ ਖਾਲਸਾ ਫੌਜਾਂ ਦੇ ਜੰਗੀ ਕਰਤੱਵਾਂ ਤੋਂ ਪ੍ਰਭਾਵਿਤ ਹੋ ਕੇ ਘੋੜ ਸਵਾਰੀ,ਤਲਵਾਰਬਾਜੀ,ਤੀਰ ਅੰਦਾਜ਼ੀ,ਗੱਤਕੇ ਦੀ ਸਿਖਲਾਈ ਲਈ। ਇਤਿਹਾਸ ਅਨੁਸਾਰ ਸਿੱਖ ਸੰਗਤਾਂ ਦਾ ਇੱਕ ਜਥਾ ਦੱਖਣੀ ਪੰਜਾਬ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਆ ਰਿਹਾ ਸੀ ਤਾਂ ਰਸਤੇ ਵਿੱਚ ਇਸ ਜਥੇ ਉੱਪਰ ਲੁੱਟਮਾਰ ਦੀ ਨੀਅਤ ਨਾਲ ਲੱਠਮਾਰਾਂ ਦੇ ਇੱਕ ਟੋਲੇ ਨੇ ਹਮਲਾ ਕਰਕੇ ਸਾਰਾ ਸਮਾਨ ਲੁੱਟ ਲਿਆ। ਜਦੋਂ ਅਜਿਹੇ ਹਮਲੇ ਦੀ ਸੂਚਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਤਾਂ ਉਨਾਂ ਨੇ ਸਿੱਖ ਸੰਗਤ ਤੋਂ ਲੁੱਟੇ ਗਏ ਸਮਾਨ ਦੀ ਵਾਪਸੀ ਲਈ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਿਆਰ ਕੀਤਾ। ਉਸ ਸਮੇਂ ਬਾਬਾ ਅਜੀਤ ਸਿੰਘ ਦੀ ਉੱਮਰ 12 ਸਾਲ ਦੀ ਸੀ। ਆਪ ਜੀ ਨੇ 100 ਸਿੰਘਾਂ ਦਾ ਜਥਾ ਲੈ ਕੇ ਬੜੀ ਨਿਡਰਤਾ ਅਤੇ ਬਹਾਦਰੀ ਨਾਲ ਹਮਲਾਵਾਰਾਂ ਤੋਂ ਉਸ ਸਿੱਖ ਸੰਗਤ ਦੇ ਜਥੇ ਦੀ ਰਾਖੀ ਕਰਦਿਆਂ ਲੁੱਟੇ ਗਏ ਸਮਾਨ ਦੀ ਵਾਪਸੀ ਵੀ ਕਰਵਾਈ। ਸਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ ਕਿਲੇ ਦੀ ਰੱਖਿਆ ਦੀ ਜਿਮੇਵਾਰੀ ਸੋਂਪੀ ਗਈ ਤਾਂ ਉਨਾਂ ਨੇ ਇਸ ਉਪਦੇਸ਼ ਨੂੰ ਵੀ ਪੂਰੀ ਜਿਮੇਵਾਰੀ ਅਤੇ ਤਨਦੇਹੀ ਨਾਲ ਨਿਭਾਇਆ।


ਇਸ ਪਿਛੋਂ ਅਗਸਤ 1700 ਈ: ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਇੱਕ ਹੋਰ ਵਿਰੋਧੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਅਤੇ ਉਹ ਨਿਰਮੋਹ ਗੜ ਵਿੱਚ ਵੀ ਅਕਤੂਬਰ 1700 ਨੂੰ ਲੜਾਈ ਵਿੱਚ ਬਹਾਦਰੀ ਨਾਲ ਲੜੇ। ਇਸ ਪਿਛੋਂ ਮਾਰਚ 1701 ਵਿੱਚ ਸਿੱਖ ਸੰਗਤ ਦਰਪਦ ਖੇਤਰ ਜੋ ਹੁਣ ਸਿਆਲ ਕੋਟ ਤੋਂ ਆ ਰਹੀ ਸੀ। ਉਸ ਨੂੰ ਲੁਟੇਰਿਆਂ ਦੇ ਇੱਕ ਵੱਡੇ ਟੋਲੇ ਨੇ ਰਸਤੇ ਵਿੱਚ ਰੋਕ ਲਿਆ ਤਾਂ ਗੁਰੂ ਜੀ ਦੇ ਉਪਦੇਸ਼ ਅਨੁਸਾਰ ਸਹਿਬਜ਼ਾਦਾ ਅਜੀਤ ਸਿੰਘ ਨੇ ਆਪਣੇ ਘੋੜ ਸਵਾਰ ਜੰਗਜੂਆਂ ਨੂੰ ਨਾਲ ਲੈ ਕੇ ਅਜਿਹਾ ਕਰਨ ਵਾਲਿਆਂ ਨੂੰ ਚੰਗਾ ਸਬਕ ਸਿਖਾਇਆ ਅਤੇ ਸਿੱਖ ਸੰਗਤ ਨੂੰ ਸੁਰੱਖਿਅਤ ਲੈ ਕੇ ਆਏ। ਇਸ ਤਰਾਂ ਹੀ ਇੱਕ ਵਾਰ ਇੱਕ ਬ੍ਰਾਹਮਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਇਆ ਤੇ ਅਰਜ ਕੀਤੀ ਕਿ ਕੁਝ ਬਾਸੀ ਦੇ ਪਠਾਣਾਂ ਨੇ ਹੁਸ਼ਿਆਰਪੁਰ ਨੇੜੇ ਉਸ ਦੀ ਨਵ-ਵਿਆਹੀ ਪਤਨੀ ਨੂੰ ਜਬਰੀ ਚੁੱਕ ਲਿਆ ਹੈ। ਇਹ ਸੁਣਕੇ ਗੁਰੂ ਜੀ ਨੇ ਉਸ ਗਰੀਬ ਅਤੇ ਨਿਹੱਥੇ ਬ੍ਰਾਹਮਣ ਨੂੰ ਵਿਸਵਾਸ ਦਿਵਾਇਆ ਕਿ ਉਸਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਖਾਲਸਾ ਫੌਜਾਂ ਉਸਦੀ ਪਤਨੀ ਨੂੰ ਬਾਇੱਜਤ ਵਾਪਸ ਲੈ ਆਉਣਗੀਆਂ। ਇਸ ਸੰਕਟ ਦੀ ਘੜੀ ਵਿੱਚ ਵੀ ਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਇਹ ਜਿਮੇਵਾਰੀ ਸੋਂਪੀ। ਗੁਰੂ ਜੀ ਦੀ ਆਗਿਆ ਨਾਲ ਬਾਬਾ ਜੀ 100 ਘੋੜ ਸਵਾਰ ਸੈਨਿਕ ਨਾਲ ਲੈ ਕੈ ਬਾਸੀ ਪਹੁੰਚੇ। ਉਨਾਂ ਆਪਣੇ ਬਹਾਦਰ ਸਿੱਖਾਂ ਨਾਲ ਬਾਸੀ ਦੇ ਪਠਾਣਾਂ ਉੱਪਰ ਰਾਤ ਦੇ ਹਨੇਰੇ ਵਿੱਚ ਹੀ ਹਮਲਾ ਕਰ ਦਿੱਤਾ। ਖਾਲਸਾ ਫੌਜ ਨੇ ਇਸ ਘਿਨਾਉਣੀ ਅਤੇ ਗੈਰਸਮਾਜੀ ਹਰਕਤ ਲਈ ਜਿਮੇਵਾਰ ਪਠਾਣਾਂ ਨੂੰ ਕਾਬੂ ਕਰ ਲਿਆ ਅਤੇ ਬ੍ਰਹਾਮਣ ਦੀ ਪਤਨੀ ਨੂੰ ਉਨਾਂ ਦੀ ਕੈਦ ਤੋਂ ਛੁਡਵਾ ਲਿਆ। ਖਾਲਸਾ ਫੌਜ ਵੱਲੋਂ ਸਵੇਰ ਹੁੰਦਿਆਂ ਹੀ ਕਾਬੂ ਕੀਤੇ ਗਏ ਪਠਾਣਾਂ ਨੂੰ ਆਨੰਦਪੁਰ ਲਿਆਦਾ ਗਿਆ। ਜਿੱਥੇ ਪਹੁੰਚ ਕੇ ਬ੍ਰਹਾਮਣ ਦੀ ਪਤਨੀ ਉਸ ਨੂੰ ਸੋਂਪ ਦਿੱਤੀ ਗਈ। ਪਠਾਣਾਂ ਨੂੰ ਅਜਿਹੀਆਂ ਸਜਾਵਾਂ ਦਿੱਤੀਆਂ ਕਿ ਉਨਾਂ ਮੁੜ ਅਜਿਹਾ ਕਰਨ ਤੋਂ ਤੋਬਾ ਕੀਤੀ। ਆਨੰਦਪੁਰ ਵਿਖੇ ਇੱਕ ਵਾਰ ਫਿਰ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਬਾਹੂਬਲ,ਸਾਹਸ ਅਤੇ ਬਹਾਦਰੀ ਦੀ ਪਰਖ ਹੋਈ। ਇਸ ਪਿਛੋਂ 1705 ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਦੁਸਮਣਾਂ ਨੇ ਘੇਰਾ ਪਾ ਲਿਆ। ਗੁਰੂ ਜੀ ਵੱਲੋਂ ਅਚਾਨਕ ਬਣੀ ਅਜਿਹੀ ਹਾਲਤ ਤੇ ਵਿਚਾਰ ਕਰਦਿਆਂ ਇਸ ਸਥਿਤੀ 'ਚੋਂ ਨਿਕਲਣ ਲਈ ਬਾਬਾ ਅਜੀਤ ਸਿੰਘ ਜੀ ਨੂੰ ਜਿਮੇਵਾਰੀ ਦਿੱਤੀ ਗਈ। ਇਸ ਮੌਕੇ ਹੋਈ ਘਮਸਾਨ ਦੀ ਲੜਾਈ ਲੜਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਕੁਝ ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰਕੇ ਚਮਕੌਰ ਦੀ ਗੜੀ ਵਿੱਚ ਚਲੇ ਗਏ। ਫਿਰ 1708 'ਚ ਚਮਕੌਰ ਦੀ ਗੜੀ ਨੂੰ ਦੁਸਮਣ ਫੌਜਾਂ ਨੇ ਘੇਰਾ ਪਾ ਲਿਆ। ਮੁਗਲ ਦੁਸਮਣ ਫੌਜਾਂ ਦੀ ਗਿਣਤੀ ਬੇਸ਼ੁਮਾਰ ਦੇ ਮੁਕਬਾਲੇ ਭਾਵੇਂ ਸਿੰਘਾਂ ਦੀ ਗਿਣਤੀ ਨਾ ਦੇ ਬਰਾਬਰ ਹੀ ਸੀ,ਪ੍ਰੰਤੂ ਗੁਰੂ ਪਿਆਰ ਵਿੱਚ ਕੁਰਬਾਨ ਹੋਣ ਵਾਲੇ ਮਰਜੀਵੜੇ ਸਿੱਖਾਂ ਨੇ ਦੁਸਮਣਾਂ ਦਾ ਬੜੀ ਬਹਾਦਰੀ ਅਤੇ ਸਾਹਸ ਨਾਲ ਡਟ ਕੇ ਮੁਕਾਬਲਾ ਕੀਤਾ। ਇਸ ਯੁੱਧ ਵਿੱਚ ਭਾਵੇਂ ਪੰਜ-ਪੰਜ ਸਿੰਘਾਂ ਦੇ ਜਥੇ ਬੜੀ ਬਹਾਦਰੀ ਨਾਲ ਲੜਦੇ ਹੋਏ ਸੈਂਕੜੇ ਵੈਰੀਆਂ ਨੂੰ ਮਾਰਦੇ ਹੋਏ ਸ਼ਹੀਦੀਆਂ ਪਾ ਰਹੇ ਸਨ। ਇਸ ਸਾਰੇ ਦ੍ਰਿਸ਼ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਅੱਖੀ ਤੱਕ ਰਹੇ ਸਨ ਤੇ ਤੀਰਾਂ ਦਾ ਮੀਂਹ ਵਰਾਦੇ ਹੋਏ ਮੁਗਲਾਂ ਨੂੰ ਭੱਬਲਭੁਸੇ ਚ ਪਾਈ ਰੱਖਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਹਿਬਜ਼ਾਦਾ ਅਜੀਤ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਗਿਆ ਮੰਗੀ ਤੇ ਗੁਰੂ ਜੀ ਦੀ ਆਗਿਆ ਅਨੁਸਾਰ ਪੰਜ ਯੋਧਿਆਂ ਦਾ ਜਥਾ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਵੈਰੀਆਂ ਨੂੰ ਲਲਕਾਰਦੇ ਹੋਏ ਮੈਦਾਨੇ ਜੰਗ ਵਿੱਚ ਦੁਸਮਣਾਂ ਤੇ ਜਾ ਵਰਿਆਂ ਤੇ ਬੜੀ ਸੂਰਬੀਰਤਾ ਨਾਲ ਜਥਾ ਆਖਰੀ ਸਾਹ ਤੱਕ ਦੁਸਮਣਾਂ ਦੇ ਆਹੂ ਲਾਹੁੰਦਾ ਹੋਇਆ ਸ਼ਹਾਦਤ ਪ੍ਰਾਪਤ ਕਰ ਗਿਆ।
                       ਗੁਰਜੀਵਨ ਸਿੰਘ ਸਿੱਧੂ ਨਥਾਣਾ
                        ਪਿੰਡ ਨਥਾਣਾ, ਜਿਲਾ ਬਠਿੰਡਾ
                        ਪੰਜਾਬ: 151102
                        ਮੋਬਾਇਲ: 9417079435

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech