Poem

ਆਖਣ ਵੈਰੀ ਤੇਰੇ ਜਿਹਾ ਕੋਈ ਪਿਆਰ ਨਹੀਂ//ਜਿੰਦਰ ਸੰਘਾ ,ਮਜਾਰਾ

February 14, 2018 07:44 PM
General

ਆਖਣ ਵੈਰੀ ਤੇਰੇ ਜਿਹਾ ਕੋਈ ਪਿਆਰ ਨਹੀਂ
ਆਖਣ ਯਾਰ ਤੇਰੇ ਜਿਹਾ ਕੋਈ ਗਦਾਰ ਨਹੀਂ।
ਪੂਜਾ ਪਾਠ ਵਾਲੇ ,ਆਖਣ ਸਿਰੇ ਦਾ ਸ਼ਰਾਬੀ,
ਸ਼ਰਾਬੀ ਆਖਣ ਤੇਰੇ ਜਿਹਾ ਕੋਈ ਯਾਰ ਨਹੀਂ।

ਸਿਖ ਲੈ ਪਹਿਲਾਂ ਲਿਖਣਾ, ਸ਼ਾਇਰ ਆਖਣ ਨਿਤ,
ਸਰੋਤੇ ਆਖਣ ਤੇਰੇ ਜਿਹਾ,ਕੋਈ ਲਿਖਣਹਾਰ ਨਹੀਂ
ਕਿਧਰ ਜਾਵਾਂ ਬਚਕੇ ,ਦੋ ਧਾਰੀਆਂ ਤਲਵਾਰਾਂ ਤੋਂ,
ਦੇਖਾਂਗੇ ਜੋਰ ਸੱਜਣਾਂ  ਦਾ,ਮੰਨਣੀ ਅਜੇ ਹਾਰ ਨਹੀਂ।

ਡਰਾਮੇ ਮੈਨੂੰ ਆਂਦੇ ਨਾ,ਸੱਚ ਦੇ ਰਾਹੀਂ ਤੁਰਦਾ ਹਾਂ,
ਘਰਵਾਲੀ ਆਖੇ ਤੇਰੇ ਜਿਹਾ ਕੋਈ ਕਲਾਕਾਰ ਨਹੀਂ।
ਚੜਿਆ ਰਹੇਂ ਦਿਨ ਰਾਤ ਟਰੱਕ ਤੇ ਡਰਾਈਵਰਾ,
ਘਰ ਬਾਰ ਪ੍ਰਵਾਰ ,ਬੱਚਿਆਂ ਦੀ ਤੈਨੂੰ  ਸਾਰ ਨਹੀਂ।

ਦਿਨੇ ਅਰਾਮ ਚੈਨ ਨਾਂ ,ਨੀਂਦ ਰਾਤਾਂ ਨੂੰ ਆਵੇ ਨਾਂ,
ਡਾਕਟਰ ਆਖੇ ,ਤੂੰ ਸੱਜਣਾ ਕੋਈ ਬਿਮਾਰ ਨਹੀਂ।
ਯਾਦਾਂ ਸੱਜਣਾਂ ਦੀਆਂ, ਪਿਛਾ ਨਾਂ ਕਦੇ ਛੱਡਦੀਆਂ,
ਸੱਜਣ ਆਖੇ  ਪ੍ਰਦੇਸੀਆ,ਸਾਡੇ ਨਾਲ ਪਿਆਰ ਨਹੀਂ

ਜੰਮਣ ਭੋਂਏ ਦਾ ਕਰਜ ,ਜਿੰਦ ਵਾਰ ਕੇ ਚੁਕਾਵਾਂਗੇ,
ਪੰਜਾਬੀਏ ਜਬਾਨ ਮਾਤਾ,ਆਖੀਂ ਨਾ ਸਤਿਕਾਰ ਨਹੀਂ।
ਕੰਡੇ ਜਿਨ੍ਹਾਂ ਨੇ ਖਿਲਾਰੇ,ਰਾਹ ਉਹ ਪਿਆਰੇ ਲਗਦੇ,
ਚੈਲੰਜ ਹੈ ਤੁਰਾਂਗਾ ਹੱਸਕੇ,ਕੋਈ ਇਹ ਹੰਕਾਰ ਨਹੀਂ।

ਪਿੰਡ ਦੀਆਂ ਫਿਰਨੀਆਂ,ਯਾਦ ਆਵਣ ਦਿਨ ਰਾਤ,
ਬਚਪਨ ਵਰਗਾ ਲੱਭਣਾ ਕਿਤੇ ,ਪਰਿਵਾਰ ਨਹੀਂ।
ਵੈਰੀਆਂ ਤੋਂ ਕੀ ਲੈਣਾ,ਯਾਰ ਕੋਈ ਪਿਛੇ ਰਵੇ ਨਾਂ,
ਯਾਰਾਂ ਤੋਂ ਹਰਨ ਵਰਗੀ, ਹੁੰਦੀ ਕੋਈ ਹਾਰ ਨਹੀ।

ਮਾਹਿਲਪੁਰ ਕੋਲ ਪੈਂਦਾ,ਪਿੰਡ ਸ਼ਾਇਰ ਦਾ ਮਜਾਰਾ,
ਫਿਰਨੀ ਤੇ ਘਰ ਸੁੰਨਾ,ਮਨਾਉਂਦਾ ਕੋਈ ਤਿਉਹਾਰ ਨਹੀਂ।
ਸਾਲ ਸਤੰਨਵੇਂ ,ਮਹੀਨਾ ਨਵੰਬਰ, ਜਦ ਪ੍ਰਦੇਸੀ ਹੋਇਆਂ,
ਕਰਦੇ ਹਾਂ ਤੈਨੂੰ ਯਾਦ ਜਿੰਦਰਾ,ਕਦੇ ਆਈ ਤਾਰ ਨਹੀਂ।।।।

Have something to say? Post your comment