FOLLOW US ON

Article

ਮੋਬਾਇਲ ਫੋਨ ਦਾ ਸਾਡੇ ਜੀਵਨ ਤੇ ਪ੍ਰਭਾਵ//ਜਗਤਾਰ ਸਿੰਘ

February 19, 2018 11:19 PM
General


ਮੋਬਾਇਲ ਫੋਨ ਦਾ ਸਾਡੇ ਜੀਵਨ ਤੇ ਪ੍ਰਭਾਵ

ਜਿਵੇਂ-ਜਿਵੇਂ ਅਸੀਂ ਵੱਡੇ ਹੋ ਰਹੇ ਹਾਂ, ਉਵੇਂ-ਉਵੇਂ ਹੀ ਸਾਨੂੰ ਸਾਡੀਆਂ ਅਨਮੋਲ ਕਦਰਾਂ-ਕੀਮਤਾਂ ਤੋਂ ਦੂਰ ਹੋਣਾ ਪੈ ਰਿਹਾ ਹੈ। ਕੋਈ ਸਮਾਂ ਸੀ ਜਦੋਂ ਰਿਸ਼ਤਿਆਂ ਨੂੰ ਇਕ ਅਨਮੋਲ ਖ਼ਜ਼ਾਨਾ ਮੰਨਿਆ ਜਾਂਦਾ ਸੀ ਪਰ ਅੱਜ ਦੀ ਪੈਸੇ ਦੀ ਦੌੜ ਨੇ ਸਾਡੇ ਰਿਸ਼ਤਿਆਂ ਨੂੰ ਫਿੱਕਾ ਕਰ ਦਿੱਤਾ ਹੈ। ਅੱਜ ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਹੈ ਕਿ ਆਪਣੇ ਘਰ ਰਹਿੰਦਿਆਂ ਮੈਂਬਰਾਂ ਨੂੰ ਹੀ ਸਵੇਰੇ ਉੱਠ ਕੇ ਸਤਿ ਸ੍ਰੀ ਅਕਾਲ ਬੁਲਾ ਦੇਈਏ। ਅੱਜ ਦਾ ਯੁੱਗ ਮੀਡੀਆ ਦਾ ਯੁੱਗ ਬੇਸ਼ੱਕ ਹੈ ਪਰ ਸਾਨੂੰ ਸਾਡੀਆਂ ਕਦਰਾਂ-ਕੀਮਤਾਂ ਤੋਂ ਦੂਰ ਕਰਨ ਵਿਚ ਇਸ ਦਾ ਬਹੁਤ ਵੱਡਾ ਹੱਥ ਹੈ।


ਅਸੀਂ ਕਿਸੇ ਵੀ ਰਿਸ਼ਤੇਦਾਰੀ ਚਲੇ ਜਾਈਏ, ਦੋ ਗੱਲਾਂ ਕਰਨ ਤੋਂ ਬਾਅਦ ਰਿਸ਼ਤੇਦਾਰ ਆਪਣਾ ਮੋਬਾਇਲ ਕੱਢ ਕੇ ਬੈਠ ਜਾਂਦਾ ਹੈ, ਤੇ ਉਹ ਮੋਬਾਇਲ ਵਿਚ ਇੰਨਾ ਜ਼ਿਆਦਾ ਰੁੱਝ ਜਾਂਦਾ ਹੈ ਕਿ ਉਸ ਨੂੰ ਇਹ ਵੀ ਖਿਆਲ ਨਹੀਂ ਰਹਿੰਦਾ ਕਿ ਸਾਡੇ ਘਰ ਕੋਈ ਪ੍ਰਾਹੁਣਾ ਆਇਆ ਹੋਇਆ ਹੈ, ਬੱਸ ਫੇਰ ਕੀ ਸਾਨੂੰ ਆਪ ਹੀ ਵਿਦਾ ਹੋਣ ਲਈ ਕਹਿਣਾ ਪੈਂਦਾ ਹੈ।  ਰਿਸ਼ਤਿਆਂ ਵਿਚ ਖਟਾਸ ਪੈਦਾ ਹੋਣ ਦਾ ਮੁੱਖ ਕਾਰਨ ਆਪਸੀ ਗੱਲਬਾਤ, ਵਿਚਾਰ-ਵਟਾਂਦਰੇ ਦਾ ਘਟਣਾ ਹੈ। ਪੁੱਤਰ ਆਪਣੇ ਪਿਓ ਨਾਲ ਬੈਠ ਕੇ ਖੁਸ਼ ਨਹੀਂ, ਗੱਲਬਾਤ ਕਰਕੇ ਖੁਸ਼ ਨਹੀਂ, ਜਿਸ ਕਰਕੇ ਹੀ ਘਰ ਟੁੱਟਣੇ, ਬਰਬਾਦ ਹੋਣੇ ਸ਼ੁਰੂ ਹੋ ਜਾਂਦੇ ਹਨ। ਸਿਆਣਿਆਂ ਦੀ ਗੱਲਬਾਤ ਕੋਈ ਨਹੀਂ ਸੁਣਦਾ, ਉਹਨਾਂ ਕੋਲ ਬੱਚਾ ਕੋਈ ਬੈਠ ਕੇ ਖੁਸ਼ ਨਹੀਂ। ਬਸ ਸਭ ਕੁੱਝ ਇਸ ਮੋਬਾਇਲ ਫੋਨ ਨੇ ਸਮੇਟ ਲਿਆ ਹੈ।


  ਅੱਜ ਆਮ ਦੇਖਿਆ ਹੈ ਕਿ ਰਸਤੇ ਵਿਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਮਿਲੇਗਾ ਜਿਸ ਦੇ ਕੰਨ ਨੂੰ ਮੋਬਾਇਲ ਫੋਨ ਜਾਂ ਈਅਰ ਫੋਨ ਨਾ ਲੱਗੇ ਹੋਣ। ਕਈ ਹਾਦਸੇ ਤੇ ਅਣਸੁਖਾਵੀਆਂ ਘਟਨਾਵਾਂ ਵੀ ਈਅਰ ਫੋਨ ਕਾਰਨ ਆਮ ਹੁੰਦੇ ਵੇਖੇ ਜਾਂਦੇ ਹਨ। ਸਾਡੀ ਸਹੂਲਤ ਲਈ ਬਣਿਆ ਮੋਬਾਇਲ ਫੋਨ ਅੱਜ ਸਾਡੀ ਜਾਨ ਲੈਣ ਤੇ ਉਤਾਰੂ ਹੋ ਗਿਆ ਹੈ।  ਮੋਬਾਇਲ ਫੋਨ ਨੇ ਬੇਸ਼ੱਕ ਇੰਨੀ ਵਿਸ਼ਾਲ ਦੁਨੀਆਂ ਨੂੰ ਇਕ ਬਕਸੇ ਵਿਚ ਸਮੇਟ ਲਿਆ ਹੈ। ਪਰ ਜੋ ਸੱਚਾਈ ਹੈ ਉਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅੱਜ ਹਰ ਵਿਅਕਤੀ ਮੋਬਾਇਲ ਨਾਲ ਬੰਨ੍ਹਿਆ ਹੋਇਆ ਮਹਿਸੂਸ ਹੁੰਦਾ ਹੈ, ਉਹ ਆਪਣੀ ਅਸਲੀ ਜ਼ਿੰਦਗੀ ਜਿਉਣਾ ਹੀ ਜਿਵੇਂ ਭੁੱਲ ਗਿਆ ਹੋਵੇ। ਪੁਰਾਣੇ ਸਮਿਆਂ ਵਿਚ ਲੋਕ ਇੱਕ ਦੂਜੇ ਨਾਲ ਵੱਧ ਤੋਂ ਵੱਧ ਵਿਚਾਰ-ਵਟਾਂਦਰਾ ਕਰਦੇ ਸਨ ਅਤੇ ਘਰੇਲੂ ਮੁਸ਼ਕਿਲਾਂ ਜਾਂ ਹੋਰ ਮੁਸ਼ਕਿਲਾਂ ਪਲਾਂ ਵਿਚ ਨਿਪਟਾ ਲੈਂਦੇ ਸਨ। ਪਰ ਅੱਜ ਇਸ ਮੋਬਾਇਲ ਨੇ ਮੁਸ਼ਕਿਲਾਂ ਨੂੰ ਘਟਾਉਣ ਦੀ ਬਜਾਏ ਹੋਰ ਵਧਾ ਦਿੱਤਾ ਹੈ।  ਪੁੱਤਰ ਇਸ ਮੋਬਾਇਲ ਫੋਨ ਨੂੰ ਲੈਣ ਵਾਸਤੇ ਆਪਣੇ ਪਿਓ ਤੱਕ ਦਾ ਕਤਲ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਕੀ ਮੋਬਾਇਲ ਫੋਨ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤਾ ਦਿਖਾਇਆ ਹੈ, ਪਰ ਮੈਂ ਤਾਂ ਕਦੇ ਨਹੀਂ ਕਹਾਂਗਾ। ਸਾਡੀ ਨੌਜਵਾਨ ਪੀੜ੍ਹੀ ਇਸ ਮੋਬਾਇਲ ਕਾਰਨ ਕਰਾਇਮ ਦੇ ਰਸਤੇ ਤੇ ਤੁਰ ਪਈ ਹੈ।  ਸਾਡੇ 100 ਵਿਚੋਂ 20 ਪ੍ਰਤੀਸ਼ਤ ਲੋਕ ਹੀ ਮੋਬਾਇਲ ਫੋਨ ਦੀ ਸਹੀ ਵਰਤੋਂ ਕਰ ਰਹੇ ਹਨ ਬਾਕੀ ਤਾਂ ਇਸ ਦੀ ਦੁਰਵਰਤੋਂ ਕਰਨ ਦੇ ਅਨੋਖੇ ਅਨੋਖੇ ਢੰਗ ਲੱਭ ਰਹੇ ਹਨ। ਜ਼ੁਲਮ ਦੀ ਦੁਨੀਆਂ ਦਾ ਘੇਰਾ ਇਸ ਮੋਬਾਇਲ ਫੋਨ ਕਾਰਨ ਹੀ ਵਿਸ਼ਾਲ ਹੁੰਦਾ ਜਾ ਰਿਹਾ ਹੈ। ਚੋਰੀਆਂ, ਡਾਕੇ ਤੇ ਲੁੱਟਾਂ ਇਸ ਮੋਬਾਇਲ ਫੋਨ ਕਾਰਨ ਹੀ ਦਿਨ ਪ੍ਰਤੀ ਦਿਨ ਵੱਧ ਰਹੇ ਹਨ। ਜੇਕਰ ਇਸ ਮੋਬਾਇਲ ਫੋਨ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਵਰਗਾ ਦੋਸਤ ਵੀ ਕੋਈ ਨਹੀਂ ਹੈ। ਪਰੰਤੂ ਜ਼ਿਆਦਾਤਰ ਲੋਕ ਦੁਰਵਰਤੋਂ ਹੀ ਕਰ ਰਹੇ ਹਨ। ਤੇ ਜੇਕਰ ਇਸੇ ਤਰ੍ਹਾਂ ਹੀ ਇਸ ਮੋਬਾਇਲ ਫੋਨ ਦੀ ਵਰਤੋਂ ਹੁੰਦੀ ਰਹੀ ਤਾਂ ਸਾਨੂੰ ਚਿੱਟੇ ਦਿਨ ਵਿਚ ਆਪਣੇ ਘਰ ਦੀ ਰਾਖੀ ਕਰਨੀ ਔਖੀ ਹੋ ਜਾਵੇਗੀ ਤੇ ਜ਼ੁਲਮ ਇਕ ਨਾ ਇਕ ਦਿਨ ਸਾਡੇ ਸਿਰ ਚੜ੍ਹ ਕੇ ਬੋਲੇਗਾ। ਮੇਰਾ ਮੰਨਣਾ ਹੈ ਕਿ ਇਸ ਮੋਬਾਇਲ ਫੋਨ ਦੀ ਵਰਤੋਂ ਸੀਮਤ ਦਾਇਰੇ ਵਿਚ ਰੱਖ ਕੇ ਹੀ ਕਰਨੀ ਚਾਹੀਦੀ ਹੈ।


ਅੱਜ ਤੱਕ ਤਾਂ ਟੈਲੀਕਾਮ ਕੰਪਨੀਆਂ ਨੇ ਰਿਚਾਰਜ ਸਸਤੇ ਜਾਂ ਫਰੀ ਕਰਕੇ ਸਾਨੂੰ ਹੋਰ ਵੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਹੈ, ਸਾਡੇ ਆਲੇ ਦੁਆਲੇ ਵਿਚ ਚਿੜੀਆਂ, ਤੋਤੇ ਤੇ ਘੁੱਗੀਆਂ ਕਿਤੇ ਦਿਖਾਈ ਨਹੀਂ ਦਿੰਦੇ, ਇਸ ਦਾ ਵੱਡਾ ਕਾਰਨ ਵੀ ਮੋਬਾਇਲ ਟਾਵਰ ਹਨ, ਇਨ੍ਹਾਂ ਤੋਂ ਖਤਰਨਾਕ ਕਿਰਨਾਂ ਨਿਕਲਣ ਕਾਰਨ ਹੀ ਉਹਨਾਂ ਦੀ ਪਰਜਾਤੀ ਘੱਟ ਗਈ ਹੈ, ਤੇ ਮਨੁੱਖ ਨੂੰ ਵੀ ਖਤਰਨਾਕ ਸਰੀਰਕ ਬਿਮਾਰੀਆਂ ਲੱਗਣ ਲੱਗੀਆਂ ਹਨ। ਦਿਮਾਗ ਤੇ ਅਸਰ ਇਸ ਦਾ ਬਹੁਤ ਬੁਰਾ ਪੈਂਦਾ ਹੈ। ਇਹ ਸਾਡੀ ਸੋਚਣ ਸ਼ਕਤੀ ਨੂੰ ਖਤਮ ਕਰਦਾ ਜਾ ਰਿਹਾ ਹੈ। ਜੇਕਰ ਇਸ ਸੰਬੰਧੀ ਕੋਈ ਠੋਸ ਕਦਮ ਨਾ ਚੁੱਕੇ ਗਏ, ਤਾਂ ਮੈਂ ਸਮਝਦਾ ਹਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਮਾਂ-ਪਿਓ ਦੀ ਹੀ ਪਛਾਣ ਨਹੀਂ ਰਹੇਗੀ।

 


ਜਗਤਾਰ ਸਿੰਘ
ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ
ਪਿੰਡ ਰਾਏਪੁਰ, ਡਾ. ਉਂਟਸਰ, ਤਹਿ: ਰਾਜਪੁਰਾ
ਜ਼ਿਲ੍ਹਾ : ਪਟਿਆਲਾ
ਪੰਜਾਬ-140417
ਮੋਬਾ: 84377-36240

Have something to say? Post your comment