Article

''ਤੁਸੀ ਚਿੱਠੀਆਂ ਪਾਉਣੀਆਂ ਭੁੱਲਗੇ, ਜਦੋਂ ਦਾ ਟੈਲੀਫ਼ੂਨ ਲੱਗਿਆ।'',,,,,,ਰਾਜਵਿੰਦਰ ਸਿੰਘ ਰਾਜਾ

March 08, 2018 10:50 AM
General

ਵਧ ਰਹੀ ਮੋਬਾਈਲ ਦੀ ਵਰਤੋਂ


''ਤੁਸੀ ਚਿੱਠੀਆਂ ਪਾਉਣੀਆਂ ਭੁੱਲਗੇ, ਜਦੋਂ ਦਾ ਟੈਲੀਫ਼ੂਨ ਲੱਗਿਆ।''


ਕਿਸੇ ਸਮੇਂ ਇਹ ਗੀਤ ਬੜਾ ਮਸ਼ਹੂਰ ਹੋਇਆ ਸੀ ਕਿਉਂਕਿ ਉਸ ਸਮੇਂ ਚਿੱਠੀਆਂ ਦਾ ਰਿਵਾਜ਼ ਸੀ। ਇਹ ਗੱਲ ਪੁਰਾਤਨ ਸਮੇਂ ਦੀ ਜਦੋਂ ਲੋਕ ਇੱਕ ਦੂਜੇ ਨੂੰ ਚਿੱਠੀਆਂ ਭੇਜਦੇ ਸਨ। ਉਹਨਾਂ ਨੂੰ ਪਹੁੰਚਣ ਲਈ ਕਈ ਕਈ ਦਿਨ ਲੱਗ ਜਾਂਦੇ ਸਨ। ਚਿੱਠੀਆਂ ਦੀ ਬੜੀ ਬੇ-ਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ ਤੇ ਡਾਕੀਏ ਨੂੰ ਦੂਰੋਂ ਰੋਕ ਕੇ ਆਪਣੇ ਚਿੱਠੀ ਪੱਤਰ ਬਾਰੇ ਪੁੱਛਿਆ ਜਾਂਦਾ ਸੀ। ਉਸ ਤੋਂ ਬਾਅਦ ਇਹ ਕੰਮ ਟੈਲੀਫ਼ੂਨ ਰਾਹੀਂ ਹੋਣ ਲੱਗੇ। ਹੌਲੀ ਹੌਲੀ ਜਿਸ ਤਰਾਂ ਸਾਇੰਸ ਨੇ ਤਰੱਕੀ ਕੀਤੀ ਇਹਨਾਂ ਮੋਬਾਈਲ ਫ਼ੋਨਾਂ ਦੀ ਵਰਤੋਂ ਹੋਣ ਲੱਗੀ। ਇਹਨਾਂ ਮੋਬਾਈਲ ਫ਼ੋਨਾਂ ਨੇ ਹਰੇਕ ਵਿਅਕਤੀ ਦਾ ਇੱਕ ਦੂਜੇ ਪ੍ਰਤੀ ਪਿਆਰ ਘੱਟ ਕਰ ਦਿੱਤਾ। ਜੇਕਰ ਲੋੜ ਪਵੇ ਤਾਂ ਆਪਣੇ ਸਵਾਰਥ ਲਈ ਹੀ ਫ਼ੋਨ ਦੀ ਵਰਤੋਂ ਕਰਦੇ ਹਨ। ਜਿਸ ਤਰਾਂ ਚਿੱਠੀਆਂ ਪਹੁੰਚਣ ਤੇ ਕਈ ਕਈ ਦਿਨ ਲਗਦੇ ਸਨ ਪਰ ਇਹ ਕੰਮ ਮਿੰਟਾਂ ਸਕਿੰਟਾਂ ਦਾ ਹੋ ਗਿਆ ਹੈ। 
ਅੱਜ ਦਾ ਮਨੁੱਖ ਰੋਟੀ ਖਾਣੀ ਭੁੱਲ ਸਕਦਾ ਹੈ ਪਰ ਮੋਬਾਈਲ ਨਾਲ ਲਿਜਾਣਾ ਨਹੀਂ ਭੁੱਲਦਾ ਕਿਉਂਕਿ ਅੱਜ ਮੋਬਾਈਲ ਹਰੇਕ ਵਿਅਕਤੀ ਦਾ ਜਰੂਰੀ ਅੰਗ ਬਣ ਚੁੱਕਾ ਹੈ, ਚਾਹੇ ਉਹ ਦਿਹਾੜੀ ਕਰਨ ਵਾਲਾ ਹੈ ਜਾਂ ਰਿਕਸ਼ੇ ਵਾਲਾ। ਹਰੇਕ ਦੀ ਜੇਬ ਵਿੱਚ ਮੋਬਾਈਲ ਫ਼ੋਨ ਮਿਲੇਗਾ ਕਿਉਂਕਿ ਅੱਜ ਦਾ ਮਨੁੱਖ ਮੋਬਾਈਲ ਤੋਂ ਬਿਨਾਂ ਅਧੂਰਾ ਹੈ। ਇਸ ਮੋਬਾਈਲ ਤੋਂ ਬਿਨਾਂ ਸਾਰੀ ਦਿਹਾੜੀ ਵਕਤ ਲੰਘਾਉਣਾ ਔਖਾ ਹੈ। ਜੇਕਰ ਪੁਰਾਣੇ ਸਮੇਂ ਦੀਆਂ ਖੇਡਾਂ ਵੱਲ ਧਿਆਨ ਮਾਰਿਆ ਜਾਵੇ ਤਾਂ ਇਹ ਖੇਡਾਂ ਸਾਰੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਸਨ। ਪਰ ਜੇਕਰ ਅਜੋਕੇ ਸਮੇਂ ਤੇ ਧਿਆਨ ਮਾਰਿਆ ਜਾਵੇ ਇਹਨਾਂ ਮੋਬਾਈਲਾਂ ਨੇ ਬੱਚਿਆਂ ਨੂੰ ਆਲਸੀ ਬਣਾ ਦਿੱਤਾ ਹੈ। ਉਹ ਬਾਹਰ ਖੇਡਣ ਦੀ ਬਜਾਏ ਘਰ ਵਿੱਚ ਮੋਬਾਈਲ ਤੇ ਗੇਮਾਂ ਖੇਡਣਾ ਪਸੰਦ ਕਰਦੇ ਹਨ। ਜਿਆਦਾ ਮੋਬਾਈਲ ਦੀ ਵਰਤੋਂ ਨੇ ਬੱਚਿਆਂ ਦੀ ਖੇਡ ਦੇ ਮੈਦਾਨਾਂ ਤੋਂ ਦੂਰੀ ਵਧਾ ਦਿੱਤੀ ਹੈ।
ਭਾਂਵੇ ਕਿ ਮਨੁੱਖ ਨੇ ਤਰੱਕੀ ਕਰਕੇ ਆਪਣੇ ਲਈ ਹਰ ਕੰਮ ਸੌਖਾ ਕਰ ਲਿਆ ਹੈ ਪਰ ਇਸ ਮੋਬਾਈਲ ਨੇ ਬੱਚਿਆਂ ਅਤੇ ਵੱਡਿਆਂ ਨੂੰ ਝੂਠ ਬੋਲਣ ਦੀ ਆਦਤ ਵਧਾ ਦਿੱਤੀ ਹੈ। ਇਸ ਮੋਬਾਈਲ ਨੇ ਬੱਚਿਆਂ ਅਤੇ ਵੱਡਿਆਂ ਵਿਚਕਾਰ ਦੂਰੀ ਵਧਾਈ ਹੈ। ਪਿਛਲੇ ਕੁਝ ਸਮੇਂ ਦੌਰਾਨ ਇਸ ਮੋਬਾਈਲ ਵਿੱਚ ਚੱਲਣ ਵਾਲੀ 'ਬਲਿਊ ਵੇਲ' ਜਿਹੀਆਂ ਖ਼ਤਰਨਾਕ ਗੇਮਾਂ ਨੇ ਕਈ ਬੱਚਿਆਂ ਦੀ ਜਾਨ ਖ਼ਤਰੇ ਵਿੱਚ ਪਾਈ ਹੈ। ਪਰ ਜਿਸ ਤਰਾਂ ਅੱਜਕੱਲ ਦਾ ਮਨੁੱਖ ਕਿਸੇ ਸਮਾਗਮ ਤੇ ਜਾ ਕੇ ਵੀ ਕਿਸੇ ਨਾਲ ਗੱਲ ਕਰਨ ਦੀ ਬਜਾਏ ਮੋਬਾਈਲ ਨਾਲ ਜੁੜਿਆ ਰਹਿੰਦਾ ਹੈ ਜਿਸ ਨਾਲ ਇੱਕ ਦੂਸਰੇ ਪ੍ਰਤੀ ਪਿਆਰ ਘਟਦਾ ਹੈ। ਅਖ਼ਬਾਰ ਦੀ ਸੁਰਖੀ ਤੋਂ ਪਤਾ ਲੱਗਾ ਹੈ ਕਿ ਇਹ ਸਮਾਰਟ ਫ਼ੋਨ ਤੇ ਵਧਦੀ ਨਿਰਭਰਤਾ ਕਾਰਨ ਸਿਹਤ ਲਈ ਘਾਤਕ ਸਿੱਧ ਹੋ ਰਹੀ ਹੈ। ਲੋੜ ਤੋਂ ਵੱਧ ਕਿਸੇ ਚੀਜ਼ ਦੀ ਵਰਤੋਂ ਕਰਨੀ ਸਾਡੇ ਲਈ ਹਾਨੀਕਾਰਕ ਹੈ। ਇਸ ਮੋਬਾਈਲ ਦੀ ਵਰਤੋਂ ਕਰਨ ਨਾਲ ਕਈ ਵਾਰ ਭਿਆਨਕ ਦੁਰਘਟਨਾ ਵੀ ਵਾਪਰ ਜਾਂਦੀ ਹੈ। 
ਸੋ, ਸਾਨੂੰ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਮੋਬਾਈਲ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਕਿਸੇ ਸਿਆਣੇ ਨੇ ਠੀਕ ਕਿਹਾ ਹੈ ''ਜਿੱਥੇ ਫੁੱਲ ਹੁੰਦੇ ਹਨ, ਉਥੇ ਕੰਡੇ ਵੀ ਹੁੰਦੇ ਹਨ।''

ਰਾਜਵਿੰਦਰ ਸਿੰਘ ਰਾਜਾ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ 95691-04777

Have something to say? Post your comment