FOLLOW US ON

Article

ਭਾਈ ਜੋਗਾ ਸਿੰਘ ਜੀ ........ਸੁਰਜੀਤ ਸਿੰਘ

March 08, 2018 11:08 AM
General

ਜਿਹੜਾ ਮਨੁੱਖ ਗੁਰੂ ਦਾ ਬਣ ਜਾਵੇ ਤਾਂ ਗੁਰੂ ਵੀ ਉਸਨੂੰ ਆਪਣਾ ਬਣਾ ਲੈਂਦੇ ਹਨ 'ਤੇ ਜਿਸਨੂੰ ਆਪਣਾ ਬਣਾ ਲੈਣ ਉਸਨੂੰ ਗ਼ਲਤ ਪਾਸੇ ਨਹੀਂ ਜਾਣ ਦਿੰਦੇ ਅਤੇ ਹਰ ਥਾਂ ਪੈਜ ਸਵਾਰਦੇ ਹਨ। ਅਜਿਹੀ ਹੀ ਇਕ ਉਦਹਾਰਣ ਸਿੱਖ ਇਤਿਹਾਸ ਵਿੱਚੋਂ ਭਾਈ ਜੋਗਾ ਸਿੰਘ ਜੀ ਦੀ ਮਿਲਦੀ ਹੈ। ਭਾਈ ਜੋਗਾ ਸਿੰਘ ਦੀ ਲਾਜ ਸਤਿਗੁਰੂ ਨੇ ਆਪ ਸਿੰਘ ਦੇ ਰੂਪ ਵਿੱਚ ਪਹਿਰਾ ਦੇ ਕੇ ਰੱਖੀ ਸੀ।


ਇਕ ਸਮੇਂ ਪਿਸ਼ੌਰ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈਆਂ। ਉਨਾਂ ਸੰਗਤਾਂ ਵਿੱਚ ਇੱਕ ਤੇਰਾਂ-ਚੌਦਾਂ ਸਾਲਾਂ ਦਾ ਨੌਜਵਾਨ ਸੀ। ਉਹ ਨੌਜਵਾਨ ਆਪਣੀ ਉਮਰ ਨਾਲੋਂ ਵੱਧ ਚੁਸਤ ਨਜ਼ਰ ਆਉਂਦਾ ਸੀ। ਜਦੋਂ ਉਹ ਗੁਰੂ ਜੀ ਦੇ ਚਰਨੀਂ ਸੀਸ ਨਿਵਾ ਰਿਹਾ ਸੀ ਤਾਂ ਗੁਰੂ ਜੀ ਨੇ ਉਸਨੂੰ ਸਵਾਲ ਕੀਤਾ, ''ਭਾਈ ਸਿੱਖਾ। ਤੇਰਾ ਨਾਂਅ ਕੀ ਏ?'' ਉਸਨੇ ਉੱਤਰ ਦਿੱਤਾ, ''ਸੱਚੇ ਪਾਤਸ਼ਾਹ, ਮੇਰਾ ਨਾਂਅ ਜੋਗਾ ਹੈ।'' ਗੁਰੂ ਜੀ ਨੇ ਫਿਰ ਸਵਾਲ ਕੀਤਾ, ''ਭਾਈ ਕਿਸ ਜੋਗਾ?'' ਉਸ ਨੌਜਵਾਨ ਨੇ ਬੜੀ ਫੁਰਤੀ ਨਾਲ ਜਵਾਬ ਦਿੱਤਾ, ''ਸੱਚੇ ਪਾਤਸ਼ਾਹ, ਆਪ ਜੋਗਾ।'' ਸਤਿਗੁਰਾਂ ਨੇ ਕਿਹਾ, ''ਅੱਛਾ ਭਾਈ ਜੋਗੇ, ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀ ਤੇਰੇ ਜੋਗੇ।''
ਜੋਗੇ ਨੇ ਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਮਾਤਾ-ਪਿਤਾ ਪਾਸੋਂ ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈ। ਜੋਗੇ ਦੇ ਮਾਤਾ-ਪਿਤਾ ਉਸ ਨੂੰ ਗੁਰੂ ਪਾਸ ਛੱਡ ਕੇ ਵਾਪਸ ਪਿਸ਼ੌਰ ਚਲੇ ਗਏ। ਜੋਗੇ ਨੇ ਉਸ ਦਿਨ ਤੋਂ ਹੀ ਸੰਗਤ ਦੀ ਸੇਵਾ ਤਨ-ਮਨ ਨਾਲ ਕਰਨੀ ਸ਼ੂਰੂ ਕਰ ਦਿੱਤੀ। ਉਸ ਨੇ ਅੰਮ੍ਰਿਤ ਛਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ।  
ਵਿਆਹ ਦੇ ਯੋਗ ਹੋਣ ਉਪਰੰਤ ਜੋਗਾ ਸਿੰਘ ਦੇ ਮਾਤਾ-ਪਿਤਾ ਨੇ ਉਸਦੀ ਮੰਗਣੀ ਕਰ ਦਿੱਤੀ। ਵਿਆਹ ਦੀ ਤਰੀਕ ਪੱਕੀ ਕਰਕੇ, ਉਸਦੇ ਮਾਤਾ-ਪਿਤਾ ਉਸਨੂੰ ਅਨੰਦਪੁਰ ਤੋਂ ਲੈਣ ਆ ਗਏ। ਪਿਤਾ ਦੇ ਕਹਿਣ ਉੱਪਰ ਭਾਈ ਜੋਗਾ ਸਿੰਘ ਨੇ ਗੁਰੂ ਪਾਸੋਂ ਨਾਲ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਉਸ ਨੂੰ ਕਿਹਾ, ''ਭਾਈ ਜੋਗਾ ਸਿੰਘ, ਤੂੰ ਬੜੀ ਖੁਸ਼ੀ ਨਾਲ ਵਿਆਹ ਕਰਵਾਉਣ ਲਈ ਪਿਸ਼ੌਰ ਆਪਣੇ ਮਾਤਾ-ਪਿਤਾ ਨਾਲ ਜਾ ਸਕਦਾ ਹੈਂ ਪਰ ਇਕ ਸ਼ਰਤ ਹੈ, ਜਦੋਂ ਅਸੀ ਯਾਦ ਕਰੀਏ ਤਾਂ ਤੂੰ ਸਾਰੇ ਕੰਮ ਛੱਡ ਕੇ ਤੁਰੰਤ ਸਾਡੇ ਪਾਸ ਹਾਜ਼ਰ ਹੋਵੀਂ।''
ਭਾਈ ਜੋਗਾ ਸਿੰਘ ਨੇ ਹਾਂ ਵਿੱਚ ਉੱਤਰ ਦਿੰਦਿਆਂ ਕਿਹਾ ਕਿ, 'ਏਸੇ ਤਰਾਂ ਹੀ ਹੋਵੇਗਾ ਜੀ।'' ਇਹ ਕਹਿ ਕੇ ਉਸ ਨੇ ਗੁਰੂ ਜੀ ਦੇ ਚਰਨੀਂ ਹੱਥ ਲਗਾਏ ਤੇ ਆਪਣੇ ਮਾਤਾ-ਪਿਤਾ ਦੇ ਨਾਲ ਚੱਲ ਪਿਆ। ਵਿਆਹ ਦਾ ਸ਼ੁੱਭ ਦਿਨ ਆਉਣ ਉਪਰ ਉਸਦੇ ਵਿਆਹ ਦੀ ਰਸਮ ਸ਼ੁਰੂ ਹੋ ਗਈ। ਉਸ ਸਮੇਂ ਦੌਰਾਨ ਹੀ ਇਕ ਸਿੰਘ ਨੇ ਭਾਈ ਜੋਗਾ ਸਿੰਘ ਨੂੰ ਇਕ ਪੱਤਰ ਹੱਥ ਫੜਾ ਦਿੱਤਾ, ਜਿਸ ਵਿੱਚ ਗੁਰੂ ਜੀ ਦਾ ਹੁਕਮ ਲਿਖਿਆ ਸੀ। ਭਾਈ ਜੋਗਾ ਸਿੰਘ ਨੇ ਪੱਤਰ ਖੋਲ ਕੇ ਪੜਿਆ ਤਾਂ ਉਸ ਵਿੱਚ ਲਿਖਿਆ ਸੀ, ''ਇਸ ਨੂੰ ਪੜਦੇ ਸਾਰ ਸਾਡੇ ਪਾਸ ਅਨੰਦਪੁਰ ਹਾਜ਼ਰ ਹੋ।''
ਭਾਈ ਜੋਗਾ ਸਿੰਘ ਨੇ ਚਿੱਠੀ ਪੜਦੇ ਸਾਰ ਹੀ ਘਰਦਿਆਂ ਨੂੰ ਕਿਹਾ ਕਿ, ''ਮੇਰੇ ਗੁਰੂ ਨੇ ਮੈਨੂੰ ਸਾਰਾ ਕੰਮ ਕਾਰ ਛੱਡ ਕੇ ਆਉਣ ਲਈ ਲਿਖਿਆ ਹੈ, ਸੋ ਮੇਰਾ ਜਾਣਾ ਹੀ ਬਣਦਾ ਹੈ।'' ਉਸਨੇ ਘੋੜੇ ਉੱਪਰ ਛਾਲ ਮਾਰੀ ਤੇ ਅਨੰਦਪੁਰ ਵੱਲ ਚੱਲ ਪਿਆ।
ਭਾਈ ਜੋਗਾ ਸਿੰਘ ਨੂੰ ਹੁਸ਼ਿਆਰਪੁਰ ਪੁੱਜਣ ਤੱਕ ਸ਼ਾਮਾਂ ਪੈ ਗਈਆਂ। ਉਸ ਦੇ ਮਨ ਵਿੱਚ ਆਇਆ, ਕੀ ਉਸ ਵਰਗਾ ਕੋਈ ਗੁਰੂ ਦਾ ਸਿੱਖ ਹੋ ਸਕਦਾ ਹੈ ਜਿਹੜਾ ਆਪਣਾ ਵਿਆਹ ਵਿਚਾਲੇ ਛੱਡ ਕੇ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦਾ ਹੋਵੇ? ਉਸਨੂੰ ਆਪਣੇ ਆਪ ਉਪਰ ਮਾਣ ਹੋ ਗਿਆ। ਹੁਸ਼ਿਆਰਪੁਰ ਸ਼ਹਿਰ ਵਿੱਚ ਰਾਤ ਪੈਣ ਕਰਕੇ ਜੋਗਾ ਸਿੰਘ ਨੇ ਉਥੇ ਹੀ ਰੁਕਣ ਦਾ ਫੈਂਸਲਾ ਕੀਤਾ। ਇਸ ਸ਼ਹਿਰ ਦੇ ਬਜ਼ਾਰ ਵਿੱਚ ਇਕ ਵੇਸਵਾ ਦਾ ਕੋਠਾ ਸੀ, ਜਿੱਥੇ ਨਾਚ ਗਾਣਾ ਹੋ ਰਿਹਾ ਸੀ। ਮਨ ਵਿੱਚ ਹੰਕਾਰ ਹੋਣ ਕਰਕੇ ਜੋਗਾ ਸਿੰਘ ਦੀ ਬੁੱਧੀ ਤੇ ਪਰਦਾ ਪੈ ਗਿਆ ਅਤੇ ਮਨ 'ਚ ਗਲਤ ਫੁਰਨੇ ਬਣਨੇ ਸ਼ੁਰੂ ਹੋ ਗਏ। ਬੁੱਧੀ ਤੇ ਪਰਦਾ ਪੈਣ ਕਰਕੇ ਉਸਦੇ ਕਦਮ ਵੇਸਵਾ ਦੇ ਦਰਵਾਜੇ ਵੱਲ ਨੂੰ ਵਧਣ ਲੱਗੇ। ਕਣ-ਕਣ ਵਿੱਚ ਵਸਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਸਿੰਘ ਦਾ ਭੇਸ ਬਣਾ ਕੇ ਰਸਤੇ ਵਿੱਚ ਪੌੜੀ ਦੇ ਦਰਵਾਜੇ ਤੇ ਆਣ ਖਲੋਤੇ। ਭਾਈ ਜੋਗਾ ਸਿੰਘ ਨੇ ਦੇਖਿਆ ਕਿ ਇੱਕ ਸਿੰਘ ਉਸ ਵੇਸਵਾ ਦੇ ਦਰਵਾਜੇ ਅੱਗਾ ਖੜਾ ਹੈ, ਜਦੋਂ ਉਹ ਪਾਸੇ ਚਲਿਆ ਜਾਵੇਗਾ ਤਾਂ ਮੈਂ ਅੰਦਰ ਜਾਵਾਂਗਾ। ਇਹ ਸੋਚ ਕੇ ਉਹ ਪਿੱਛੇ ਮੁੜ ਗਿਆ।
ਕੁਝ ਦੇਰ ਪਿੱਛੋਂ ਉਹ ਵੇਸਵਾ ਦੇ ਦਰਵਾਜੇ ਵੱਲ ਫ਼ਿਰ ਆਇਆ ਤਾਂ ਕੀ ਦੇਖਦਾ ਹੈ ਕਿ ਸਿੰਘ ਅਜੇ ਵੀ ਉਥੇ ਖੜਾ ਹੈ। ਉਸ ਨੂੰ ਦੇਖ ਕੇ ਜੋਗਾ ਸਿੰਘ ਫ਼ਿਰ ਵਾਪਿਸ ਮੁੜ ਗਿਆ। ਇਸ ਤਰਾਂ ਭਾਈ ਜੋਗਾ ਸਿੰਘ ਸਾਰੀ ਰਾਤ ਉਸ ਵੇਸਵਾ ਦੇ ਦਰਵਾਜੇ ਵੱਲ ਚੱਕਰ ਮਾਰਦਾ ਰਿਹਾ ਪਰ ਹਰ ਵਾਰੀ ਉਹ ਸਿੰਘ ਨੂੰ ਦਰਵਾਜੇ ਅੱਗੇ ਖੜਾ ਦੇਖ ਕੇ ਮੁੜ ਜਾਂਦਾ ਰਿਹਾ। ਇਸ ਤਰਾਂ ਸਾਰੀ ਰਾਤ ਉਸ ਨੇ ਚੱਕਰਾਂ ਵਿੱਚ ਗੁਜਾਰ ਦਿੱਤੀ।
ਅੰਮ੍ਰਿਤ ਵੇਲੇ ਜਦੋਂ ਜੋਗਾ ਸਿੰਘ ਫਿਰ ਦੇਖਣ ਆਇਆ ਤਾਂ ਅੱਗੋਂ ਸਿੰਘ ਨੇ ਉਸ ਨੂੰ ਕਿਹਾ, 'ਭਾਈ ਜੋਗਾ ਸਿੰਘ, ਅੰਮ੍ਰਿਤ ਵੇਲਾ ਹੋ ਗਿਆ ਹੈ। ਜਾਹ ਇਸ਼ਨਾਨ ਕਰ ਤੇ ਉਸ ਮਾਲਕ ਦਾ ਨਾਮ ਜਪ।' ਇਹ ਸੁਣ ਕੇ ਭਾਈ ਜੋਗਾ ਸਿੰਘ ਨੂੰ ਗਿਆਨ ਹੋਇਆ ਕਿ ਉਹ ਸਾਰੀ ਰਾਤ ਕਿਹੜੇ ਭੈੜੇ ਕੰਮ ਦੀ ਦਲੀਲ ਕਰਦਾ ਰਿਹਾ ਸੀ। ਫਿਰ ਜੋਗਾ ਸਿੰਘ ਨੇ ਉਸ ਖੜੇ ਸਿੰਘ ਨੂੰ ਪੁੱਛਿਆ ਕਿ, 'ਮੈਨੂੰ ਤਾਂ ਵੇਸਵਾ ਵੱਲ ਜਾਣ ਤੋਂ ਰੋਕਦਾਂ ਹੈਂ, ਪਰ ਤੂੰ ਸਿੰਘਾ ਏਥੇ ਕਿਉਂ ਖੜਾ ਹੈਂ? ਤਾਂ ਉਸ ਸਿੰਘ ਨੇ ਆਖਿਆ, 'ਮੈਂ ਤਾਂ ਕਿਸੇ ਦਾ ਖਲਾਰਿਆ ਖੜਾਂ ਬਚਨ ਪੂਰਾ ਕਰਦਾ ਹੋਇਆ ਡਿਊਟੀ ਦੇ ਰਿਹਾ ਹਾਂ।' ਇਹ ਸੁਣ ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਸਮਝ ਗਿਆ ਕਿ ਉਸ ਨੂੰ ਗੁਰੂ ਨੇ ਆਪ ਆ ਕੇ ਬਚਾ ਲਿਆ, ਨਹੀਂ ਗੁਰੂ ਜੀ ਨੂੰ ਮੂੰਹ ਦਿਖਾਉਣ ਜੋਗਾ ਨਾ ਰਹਿੰਦਾ। ਉਸ ਨੂੰ ਗੁਰੂ ਪਾਸ ਜਾਣ ਤੋਂ ਸ਼ਰਮ ਆਉਣ ਲੱਗੀ। ਗੁਰੂ ਤੋਂ ਬਿਨਾਂ ਉਸ ਪਾਸ ਹੋਰ ਕੋਈ ਠੌਹਰ ਵੀ ਨਹੀਂ ਸੀ ਜਿਥੇ ਉਹ ਜਾ ਸਕਦਾ। ਟੁੱਟੇ-ਭੱਜੇ ਦਿਲ ਨਾਲ ਉਹ ਅਨੰਦਪੁਰ ਦੀਵਾਨ ਵਿੱਚ ਹਾਜ਼ਰ ਹੋ ਗਿਆ।
ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪਿਛੋਂ ਉਸਨੂੰ ਆਪਣੇ ਪਾਸ ਬੁਲਾਇਆ। ਪਿਸ਼ੌਰ ਦੀ ਕੁਰਬਾਨੀ ਦੀ ਸ਼ਾਬਾਸ਼ ਦਿੱਤੀ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜੋਗਾ ਸਿੰਘ ਪੁੱਛਦਾ ਹੈ, 'ਸਤਿਗੁਰੂ ਜੀ ਲਗਦਾ ਹੈ ਕਿ ਰਾਤ ਆਪ ਠੀਕ ਤਰਾਂ ਅਰਾਮ ਨਹੀਂ ਕਰ ਸਕੇ।' ਤਾਂ ਸਤਿਗੁਰੂ ਜੀ ਕਹਿੰਦੇ, 'ਜੋਗਾ ਸਿੰਘ ਜਗਾਵੇ ਵੀ ਆਪ 'ਤੇ ਪੁੱਛੇਂ ਵੀ ਆਪ।' ਜੋਗਾ ਸਿੰਘ ਨੇ ਕਿਹਾ, 'ਸਤਿਗੁਰੂ ਜੀ ਮੈਂ ਸਮਝਿਆ ਨਹੀਂ।' ਸਤਿਗੁਰੂ ਜੀ ਕਹਿੰਦੇ, 'ਜੋਗਿਆ ਪੰਜਵੇਂ ਜਾਮੇ ਤੱਤੀ ਤਵੀ ਤੇ ਬੈਠੇ ਕੋਈ ਗੱਲ ਨਹੀਂ, ਨੌਵੇਂ ਜਾਮੇ ਸੀਸ ਦਿੱਤਾ ਕੋਈ ਗੱਲ ਨਹੀਂ ਪਰ ਇਹ ਪਤਾ ਨਹੀਂ ਸੀ ਕਿ ਸਿੱਖੀ ਖ਼ਾਤਰ ਦਸਵੇਂ ਜਾਮੇ ਵੇਸਵਾ ਦੇ ਦਰਵਾਜੇ ਤੇ ਪਹਿਰਾ ਦੇਣਾ ਪੈਣਾ ਹੈ।' ਇਹ ਸੁਣ ਕੇ ਜੋਗਾ ਸਿੰਘ ਦੇ ਕਪਾਟ ਖੁੱਲ ਗਏ ਕਿ ਜੋ ਅਸੀ ਪੜਦੇ ਹਾਂ 'ਸੋ ਸਤਿਗੁਰੂ ਪਿਆਰਾ ਮੇਰੇ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ' ਇਹ ਪਰਤੱਖ਼ ਹੋ ਗਿਆ। ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਗੁਰੂ ਜੀ ਦੇ ਚਰਨੀਂ ਢਹਿ ਪਿਆ ਤੇ ਮੁਆਫ਼ੀ ਮੰਗਣ ਲੱਗਾ। ਭਾਈ ਜੋਗਾ ਸਿੰਘ ਨੇ ਗੁਰੂ ਜੀ ਦੇ ਚਰਨਾਂ ਉੱਪਰ ਸੀਸ ਰੱਖ ਕਿ ਕਿਹਾ, 'ਦਾਤਾ ਜੀ ਆਪ ਬਖਸ਼ਣਹਾਰ ਹੋਂ, ਆਪਣੇ ਬੱਚੇ ਦੀਆਂ ਭੁੱਲਾਂ ਬਖ਼ਸ਼ ਦੇਣਾ ਜੀ, ਮੈਂ ਭੁੱਲ ਗਿਆ ਸੀ। ਜਿਸ ਵੇਲੇ ਮੈਨੂੰ ਪੰਜ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤਾਂ ਚਾਰ ਕੁਰਹਿਤਾਂ ਵਿੱਚੋਂ ਤਾਕੀਦ ਕੀਤੀ ਸੀ ਕਿ ਪਰਾਇਆ ਸੰਗ ਨਹੀਂ ਕਰਨਾ, ਮੇਰਾ ਮੱਤ ਤੇ ਪੜਦਾ ਪੈ ਗਿਆ ਸੀ ਜੋ ਮੈਂ ਵੇਸਵਾ ਵੱਲ ਜਾਣਾ ਕੀਤਾ। ਸ਼ੁਕਰ ਹੈ ! ਆਪ ਜੀ ਨੇ ਕਿਰਪਾ ਕਰਕੇ ਮੇਰੀ ਲਾਜ ਰੱਖੀ। ਮੈਨੂੰ ਬਖ਼ਸ਼ ਦਿਓ ਜੀ।' ਸਤਿਗੁਰੂ ਜੀ ਨੇ ਜੋਗਾ ਸਿੰਘ ਨੂੰ ਅਸੀਸਾਂ ਦਿੰਦੇ ਹੋਏ ਬਖਸ਼ ਦਿੱਤਾ ਤੇ ਉਸ ਤੋਂ ਪਿੱਛੋਂ ਭਾਈ ਜੋਗਾ ਸਿੰਘ ਪੂਰਨ ਸਿੱਖ ਦੀ ਨਿਆਈਂ ਗੁਰੂ ਘਰ ਦੀ ਸੇਵਾ ਕਰਦੇ ਹੋਏ ਆਪਣੀ ਜ਼ਿੰਦਗੀ ਗੁਜਾਰੀ।

ਸੁਰਜੀਤ ਸਿੰਘ
ਸਰਕਾਰੀ ਬਰਜਿੰਦਰਾ ਕਾਲਜ (ਫ਼ਰੀਦਕੋਟ)
ਮੋਬਾਈਲ : 99147-22933
ਪਿੰਡ ਦਿਲਾ ਰਾਮ (ਫਿਰੋਜ਼ਪੁਰ)

Have something to say? Post your comment