Article

ਸ੍ਰੀ ਸ੍ਰੀ ਰਵੀ ਸ਼ੰਕਰ ਦੇ ਬਿਆਨ ਅਤੇ ਤ੍ਰਿਪੁਰਾ ਦੀਆਂ ਘਟਨਾਵਾਂ ਦੇ ਸੰਦਰਭ ਵਿੱਚ///////ਬਘੇਲ ਸਿੰਘ ਧਾਲੀਵਾਲ

March 08, 2018 11:15 AM
General

ਸ੍ਰੀ ਸ੍ਰੀ ਰਵੀ ਸ਼ੰਕਰ ਦੇ ਬਿਆਨ ਅਤੇ ਤ੍ਰਿਪੁਰਾ ਦੀਆਂ ਘਟਨਾਵਾਂ ਦੇ ਸੰਦਰਭ ਵਿੱਚ
 ਸਿਵੇ ਦੀ ਲਾਟ ਬਲ਼ਦੀ ਦਾ ਜੇ ਤੈਨੂੰ ਸ਼ੇਕ ਨਹੀ ਆਉਂਦਾ,ਤਾਂ ਇਹ ਭਰਮ ਨਾ ਪਾਲ਼ੀਂ ਕਿ ਘਰ ਤੋਂ ਦੂਰ ਬਲ਼ਦੀ ਏ
 ਜਦੋਂ ਕਦੇ ਵੀ ਕੇਂਦਰ ਨੇ ਪੰਜਾਬ ਨਾਲ ਧੱਕਾ ਕੀਤਾ ਖਾਸ ਕਰਕੇ ਸਿੱਖ ਮਸਲਿਆਂ ਦੇ ਮਾਮਲਿਆਂ ਚ ਭਾਂਵੇਂ ਉਹ ਜੂਨ 84 ਹੋਵੇ, ਨਵੰਬਰ 84 ਹੋਵੇ ਜਾਂ ਫਿਰ ਇਸ ਤੋਂ ਬਾਅਦ ਪੈਦਾ ਹੋਏ ਰੋਸ ਚੋੰ ਉਪਜੀ ਸਿੱਖ ਖਾੜਕੂ ਲਹਿਰ ਹੋਵੇ, ਤੇ ਹਕੂਮਤਾਂ ਨੇ ਹੱਕਾਂ ਹਕੂਕਾਂ ਦਾ ਰੱਜ ਕੇ ਘਾਣ ਕੀਤਾ ਹੋਵੇ ਤਾਂ ਕਦੇ ਵੀ ਕਾਮਰੇਡਾਂ ਨੇ ਹਕੂਮਤ ਦੀ ਧੱਕੇਸ਼ਾਹੀ ਦਾ ਵਿਰੋਧ ਨਹੀ ਕੀਤਾ ਬਲਕਿ ਹਮੇਸਾਂ ਪੁਲਿਸ ਅਤੇ ਸਰਕਾਰਾਂ ਨੂੰ ਹੋਰ ਜੁਲਮ ਕਰਨ ਲਈ ਉਤਸਾਹਿਤ ਜਰੂਰ ਕਰਦੇ ਰਹੇ ਹਨ। ਜਿੰਨੀ ਅੱਗ ਸਿੱਖ ਖਾੜਕੂ ਲਹਿਰ ਖਿਲਾਫ ਕਾਮਰੇਡ ਉਗਲਦੇ ਰਹੇ ਹਨ ਉਹਨਾਂ ਦਾ ਦਰਦ ਸਿੱਖਾਂ ਨੂੰ ਸਰਕਾਰੀ ਬਦੂਕਾਂ ਦੀਆਂ ਗੋਲੀਆਂ ਤੋ ਵੀ ਵੱਧ ਤਕਲੀਫ ਦੇਣ ਵਾਲਾ ਰਿਹਾ ਹੈ। ਭਾਵੇਂ ਪੰਜਾਬ ਦੇ ਸਿੱਖਾਂ ਜਾਂ ਗੁਜਰਾਤ ਦੇ ਮੁਸਲਮਾਨਾਂ ਦੇ ਘਰਾਂ ਦੀ ਅੱਗ ਦਾ ਸੇਕ ਪਹਿਲਾਂ ਇਹਨਾਂ ਖੱਬੇ ਪੱਖੀਆਂ ਨੇ ਮਹਿਸੂਸ ਨਹੀ ਕੀਤਾ ਪਰੰਤੂ ਜਦੋਂ ਹੁਣ ਤੀਲੀ ਇਹਨਾਂ ਦੇ ਘਰ ਨੂੰ ਆਣ ਲੱਗੀ ਹੈ ਤਾਂ ਭਗਵਾਂਸ਼ਾਹੀ ਖਿਲਾਫ ਬੋਲਣਾ ਸੁਰੂ ਕੀਤਾ ਹੈ। ਹੁਣ ਜਦੋ ਤਿਰਪੁਰਾ ਵਿੱਚ ਭਗਵੇ ਅੱਤਵਾਦ ਨੇ ਅਪਣਾ ਰੰਗ ਦਿਖਾਉਣਾ ਸੁਰੂ ਕਰ ਦਿੱਤਾ,ਤਾਂ ਹੁਣ ਜਾਕੇ ਕਾਮਰੇਡਾਂ ਨੂੰ ਚੇਤਾ ਆਇਆ ਹੈ ਕਿ ਆਰ ਐਸ ਐਸ ਦੇਸ਼ ਲਈ ਬੇਹੱਦ ਘਾਤਕ ਹੈ। ਤਿਰਪੁਰਾ ਦੇ ਵਿੱਚ ਜਿਸਤਰਾਂ ਭਾਜਪਾ ਨੇ ਸਹੁੰ ਚੁੱਕਣ ਤੋ ਪਹਿਲਾਂ ਹੀ ਅਪਣੇ ਬੁਰਸ਼ਾ ਗਰਦਾਂ ਦੀਆਂ ਡੋਰਾਂ ਢਿੱਲੀਆਂ ਕਰ ਦਿੱਤੀਆਂ ਹਨ,ਤਾ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ 2019 ਦੀ ਲੋਕ ਸਭਾ ਚੋਣ ਤੋ ਪਹਿਲਾਂ ਦੇਸ਼ ਅੰਦਰ ਕੀ ਕੁੱਝ  ਵਾਪਰ ਸਕਦਾ ਹੈ। ਰੱਬ ਨਾਂ ਕਰੇ ਜੇ ਕਿਤੇ ਭਗਵਾਸ਼ਾਹੀ ਦਾ ਫਿਰਕੂ ਪੱਤਾ ਕਾਮਯਾਬ ਰਿਹਾ ਤੇ ਮੁੜ 2019 ਦੀਆਂ ਚੋਣਾਂ ਵਿੱਚ ਵਾਜੀ ਮਾਰ ਗਏ ਤਾਂ ਦੇਸ਼ ਵਿੱਚ ਕਿਹੋ ਜਿਹੇ ਹਾਲਾਤ ਪੈਦਾ ਹੋਣਗੇ, ਇਹ ਸੋਚਦਿਆਂ ਕਲੇਜਾ ਕੰਬ ਉਠਦਾ ਹੈ। ਜਦੋ 2014 ਤੋ ਭਾਰਤ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਤਕਰੀਬਨ ਉਸ ਸਮੇ ਤੋ ਹੀ ਵੱਖ ਵੱਖ ਕੱਟੜਵਾਦੀ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਅਜਿਹੇ ਧਮਕੀ ਭਰੇ ਬਿਆਨ ਸੁਨਣ ਨੂੰ ਆਮ ਹੀ ਮਿਲਦੇ ਰਹੇ ਹਨ,ਜਿਹੜੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਫਿਕਰਮੰਦ ਕਰਦੇ ਹਨ।  ਭਾਰਤੀ ਕੱਟੜਪੰਥੀ ਲੋਕਾਂ ਵੱਲੋਂ ਅਜਿਹੇ ਬਿਆਨਾਂ ਵਿੱਚ ਅਚਨਚੇਤ ਵਾਧੇ ਪਿੱਛੇ ਨਾਗਪੁਰ ਦੀ ਸੋਚ ਕੰਮ ਕਰਦੀ ਹੈ। ਨਾਗਪੁਰੀ ਸੰਸਥਾ ਆਰ ਐਸ ਐਸ ਵਾਰੇ ਬਹੁਤ ਵਾਰ ਲਿਖਿਆ ਜਾ ਚੁੱਕਾ ਹੈ ਕਿ ਇਹ ਫਿਰਕਾਪ੍ਰਸਤੀ ਨੂੰ ਪਰਨਾਈ ਸੰਸਥਾ ਕੋਈ ਮਮੂਲੀ ਜਾਂ ਛੋਟੇ ਪੱਧਰ ਦੀ ਸੰਸਥਾ ਨਹੀ ਬਲਕਿ ਇੱਕ ਬਹੁਤ ਹੀ ਅਨੁਸਾਸ਼ਨਿਕ ਅਤੇ ਸ਼ਕਤੀਸ਼ਾਲੀ ਅਜੰਸੀ ਵਜੋਂ ਕੰਮ ਕਰਨ ਵਾਲੇ ਇਹ ਕੱਟੜ ਸੰਗਠਨ ਕੋਲ ਅਸੀਮ ਤਾਕਤਾਂ ਵੀ ਹਨ। ਇੱਥੋਂ ਤੱਕ ਕਿ ਭਾਰਤ ਵਿੱਚ ਬਨਣ ਵਾਲੀ ਕੋਈ ਵੀ ਸਰਕਾਰ ਦਾ ਪ੍ਰਧਾਨ ਮੰਤਰੀ ਆਰ ਐਸ ਐਸ ਦੀ ਮਰਜੀ ਤੋ ਬਗੈਰ ਬਨਣਾ ਅਸੰਭਵ ਹੈ। ਜਾਂ ਸਮੁੱਚੇ ਤਾਣੇ ਬਾਣੇ ਵਾਰੇ ਕਹਿ ਸਕਦੇ ਹਾਂ ਕਿ ਭਾਰਤ ਦੇਸ਼ ਦੀ ਕੋਈ ਵੀ ਪਰਨਾਲੀ ਆਰ ਐਸ ਐਸ ਤੋ ਵੱਡੀ ਨਹੀ। ਸੋ ਜਿਸ ਸੰਸਥਾ ਦੀ ਸੋਚ 12 ਤੋਂ 15 ਸਾਲ ਅੱਗੇ ਦੇ ਟੀਚੇ ਲੈ ਕੇ ਕੰਮ ਕਰ ਰਹੀ ਹੋਵੇ, ਤਾਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਹ ਸੰਸਥਾ ਨੂੰ ਚਲਾਉਣ ਵਾਲੇ ਲੋਕ ਕਿੰਨੇ ਕੁ ਸਾਤਰ ਬੁੱਧੀ ਵਾਲੇ ਅਤੇ ਸ਼ਕਤੀਸ਼ਾਲੀ ਹੋਣਗੇ। ਜੇ ਗੱਲ ਜੂਨ 1984 ਦੀ ਕੀਤੀ ਜਾਵੇ ਤਾ ਉਸ ਸਮੇ ਅਪਣੇ ਆਪ ਨੂੰ ਧਰਮ ਨਿਰਪੱਖ ਕਹਿਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸੀ, ਪਰ ਅਸਲੀਅਤ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕਰਨ ਵਾਲੇ ਸੁਨੇਹੇ ਨਾਗਪੁਰ ਤੋ ਹੀ ਮਿਲਦੇ ਤੇ ਮੰਨੇ ਗਏ। ਇਸ ਗੱਲ ਦੀ ਤਸਦੀਕ ਤਤਕਾਲੀ ਕੱਟੜਵਾਦੀ ਨੇਤਾ ਲਾਲ ਕ੍ਰਿਸਨ ਅਡਵਾਨੀ ਵੱਲੋਂ ਅਪਣੀਆਂ ਲਿਖਤ ਵਿੱਚ ਕੀਤੀ ਜਾ ਚੁੱਕੀ ਹੈ। ਏਥੇ ਹੀ ਬੱਸ ਨਹੀ ਹਰਿਮੰਦਰ ਸਾਹਿਬ ਤੇ ਹਮਲੇ ਦੀ ਕਮਾਨ ਸੰਭਾਲ ਰਹੇ ਭਾਰਤੀ ਫੌਜਾਂ ਦੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਇਸ ਸੰਸਥਾ ਦੀ ਦਖਲਅੰਦਾਜੀ ਸਬੰਧੀ ਬੜਾ ਸਪੱਸਟ ਲਿਖਿਆ ਹੈ। ਜੇ ਹੋਰ ਪਿੱਛੇ ਜਾ ਕੇ ਸੋਚਿਆ ਵਿਚਾਰਿਆ ਜਾਵੇ ਤਾਂ ਸਨ 1947 ਦੀ ਦੇਸ਼ ਵੰਡ ਵੇਲੇ ਵੀ ਭਾਰਤੀ ਨੇਤਾਵਾਂ ਦੀ ਨਾਗਪੁਰੀ ਸੋਚ ਨੂੰ ਬਹੁਤ ਸੌਖਿਆਂ ਪੜ੍ਹਿਆ ਜਾ ਸਕਦਾ ਹੈ, ਜਦੋ ਹਕੂਮਤ ਸੰਭਾਲਦਿਆਂ ਹੀ ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਪਰਮੁੱਖ ਭੂਮਿਕਾ ਨਿਭਾਉਣ ਵਾਲੇ ਸਿੱਖ ਭਾਈਚਾਰੇ ਨੂੰ ਖਾਨਾ-ਬੇਦੋਸ ਐਲਾਨ ਕੇ, ਸਾਰੇ ਮੁਢਲੇ ਹੱਕ ਹਕੂਕਾਂ ਤੋਂ ਵਾਂਝੇ ਕਰਕੇ ਅਪਣੀ ਕੱਟੜ ਸੋਚ ਦਾ ਪਰਗਟਾਵਾ ਕਰ ਦਿੱਤਾ ਸੀ। ਸੋ ਹੁਣ ਜਦੋ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਹਾਂ ਤਾਂ ਉਹ ਸਾਰਾ ਅਗਲਾ ਪਿਛਲਾ ਵਰਤਾਰਾ ਸਾਡੀਆਂ ਅੱਖਾਂ ਸਾਂਹਮਣੇ ਆ ਜਾਂਦਾ ਹੈ ਜਿਹੜਾ ਕਿਤੇ ਨਾ ਕਿਤੇ ਆਰ ਐਸ ਐਸ ਦੀ ਸੋਚ ਨੂੰ ਅੱਗੇ ਤੋਰ ਰਿਹਾ ਪਰਤੀਤ ਿਦੰਦਾ ਹੈ। 2014 ਦੀ ਲੋਕ ਸਭਾ ਚੋਣ ਜਿੱਤਣਾ ਕੋਈ ਇਤਫਾਕੀਆ ਨਹੀ, ਬਲਕਿ ਆਰ ਐਸ ਐਸ ਦੇ ਅਜੰਡੇ ਦਾ ਹਿੱਸਾ ਹੈ, ਜਿਸ ਵਿੱਚ ਨਾਗਪੁਰ ਹੈਡ ਕੁਆਰਟਰ ਵੱਲੋਂ ਬਹੁਤ ਚਿਰ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਨਿਰੇਂਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣਾ ਤਹਿ ਕੀਤਾ ਜਾ ਚੁੱਕਾ ਸੀ, ਤਾਂ ਕਿ ਹਿੰਦੂ ਰਾਸ਼ਟਰ ਦੀ ਪਰਕਿਰਿਆ ਨੂੰ ਅੰਤਮ ਰੂਪ ਦਿੱਤਾ ਜਾ ਸਕੇ। ਆਰ ਐਸ ਐਸ ਵੱਲੋਂ ਬਹੁ ਸੰਮਤੀ ਨਾਲ ਦੇਸ਼ ਦੀ ਵਾਂਗਡੋਰ ਮੋਦੀ ਵਰਗੇ ਅਪਣੇ ਕੱਟੜ ਭਗਤ ਦੇ ਹੱਥ ਦੇਣ ਦਾ ਮਤਲਬ ਹੀ ਹਿੰਦੂ ਅਜੰਡੇ ਨੂੰ ਪਰਮੁਖਤਾ ਦੇਣਾ ਸੀ। ਦੇਸ਼ ਵਿੱਚ ਭਾਜਪਾ ਸਰਕਾਰ ਬਨਣ ਤੋ ਬਾਅਦ ਸੂਬਿਆਂ ਵਿੱਚ ਬਨਣ ਵਾਲੀਆਂ ਸਰਕਾਰਾਂ ਦੇ ਮੁਖੀ ਵੀ ਤਕਰੀਬਨ ਸਾਰੇ ਆਰ ਐਸ ਐਸ ਦੇ ਭਗਤ ਹੀ ਬਣਾਏ ਜਾ ੲਹੇ ਹਨ। ਦੇਸ਼ ਦੀਆਂ ਲੋਕ ਸਭਾ ਚੋਣਾਂ ਤੋ ਬਾਅਦ ਇਹ ਆਮ ਦੇਖਿਆ ਗਿਆ ਕਿ ਸਰਕਾਰ ਬਣਦਿਆਂ ਹੀ ਭਾਜਪਾ ਦੇ ਕਿੰਨੇ ਹੀ ਫਿਰਕੂ ਨੇਤਾਵਾਂ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਂਣ ਵਿੱਚ ਕਾਹਲ ਦਿਖਾਉਣ ਵਾਲੇ ਬਿਆਨ ਅਖਵਾਰਾਂ ਵਿੱਚ ਮੁੱਖ ਸੁਰਖੀਆਂ ਬਣਦੇ ਰਹੇ ਹਨ। ਤਿਰਪੁਰਾ ਦੀ ਘਟਨਾ ਭਾਜਪਾ ਦੇ ਅਸਲੀ ਰੂਪ ਦੀ ਪੇਸ਼ਕਾਰੀ ਕਰਦੀ ਹੈ। ਨਿਰੇਂਦਰ ਮੋਦੀ ਦੇ ਸਤਾ ਸੰਭਾਂਲਣ ਤੋ ਬਾਅਦ ਦੇਸ਼ ਦੀ ਅਰਥ ਵਿਵਸਥਾ ਨੂੰ ਨੁੱਕਰੇ ਲਾਉਣ ਵਾਲੇ ਨੋਟ ਬੰਦੀ ਤੋ ਲੈ ਕੇ ਜੀ ਐਸ ਟੀ ਤੱਕ ਦੇ ਫੈਸਲਿਆਂ ਨੇ ਕਿਸਤਰਾਂ ਆਮ ਆਦਮੀ ਦੀ ਸੰਘੀ ਨੂੰ ਨੱਪ ਕੇ ਰੱਖਿਆ । ਦੇਸ਼ ਦੀ 80 ਫੀਸਦੀ ਤੋਂ ਵੱਧ ਵਸੋਂ ਵੱਲੋਂ ਨੋਟਬੰਦੀ ਦੇ ਫੈਸਲੇ ਤੇ ਨਾ ਖੁਸ਼ੀ ਦਾ ਇਜਹਾਰ ਕਰਨ ਦੇ ਬਾਵਜੂਦ ਵੀ ਉਸ ਫੈਸਲੇ ਤੋਂ ਉਪਰੰਤ ਹੋਈਆਂ ਗੁਜਰਾਤ ਸਮੇਤ ਵੱਖ ਵੱਖ ਸੂਬਿਆਂ ਵਿੱਚ ਚੋਣਾਂ ਮੌਕੇ ਭਾਜਪਾ ਦਾ ਮੁੜ ਸਤਾ ਵਿੱਚ ਆਉਣਾ ਤੇ ਗੈਰ ਭਾਜਪਾ ਵਾਲੇ ਸੂਬਿਆਂ ਵਿੱਚ ਵੀ ਰਾਜ ਸੱਤਾ ਤੇ ਕਾਬਜ ਹੋਣ ਪਿੱਛੇ ਆਰ ਐਸ ਐਸ ਦੀ ਫਿਰਕੂ ਸੋਚ ਕਾਮਯਾਬ ਰਹੀ ਹੈ। ਭਾਰਤੀ ਜਨਤਾ ਪਾਰਟੀ ਲਈ ਦੇਸ਼ ਅੰਦਰ ਫਿਰਕੂ ਪੱਤਾ ਸਾਰੇ ਦਾਅਪੇਚਾਂ ਤੋਂ ਕਾਰਗਰ ਹਥਿਆਰ ਸਾਬਤ ਹੋ ਰਿਹਾ ਹੈ,ਜਿਹੜਾ ਘੱਟ ਗਿਣਤੀਆਂ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਜਦੋਂ ਕਾਮਰੇਡ ਲੈਨਿਨ ਦੇ ਟੁੱਟੇ ਬੁੱਤਾਂ ਦਾ ਦਰਦ ਕਾਮਰੇਡਾਂ ਦੇ ਸੀਨਿਆਂ ਨੂੰ ਵੀ  ਛੱਲਣੀ ਕਰ ਗਿਆ ਹੈ ਤਾਂ ਇਹ ਭੁਲੇਖਾ ਹੁਣ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਨਹੀ ਰੱਖਣਾ ਚਾਹੀਦਾ ਕਿ ਉਹਨਾਂ ਦੀ ਹੋਂਦ ਸੁਰਖਿਅਤ ਰਹਿ ਜਾਵੇਗੀ। ਹੁੱਣ ਦੇਸ਼ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਕੋਈ ਵੀ ਵਿਅਕਤੀ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ,ਉਹ ਦੇਸ਼ ਧਰੋਹੀ ਮੰਨਿਆ ਜਾਂਦਾ ਹੈ,ਤੇ ਆਰ ਐਸ ਐਸ ਵੱਲੋਂ ਦੇਸ ਦੀ ਸੈਨਾ ਤੋ ਸ਼ਕਤੀਸ਼ਾਲੀ ਸੈਨਾ ਤਿੰਨ ਦਿਨ ਵਿੱਚ ਤਿਆਰ ਕਰਕੇ ਦੇਣ ਦੇ ਬਾਵਜੂਦ ਵੀ ਦੇਸ਼ ਭਗਤ ਹੋਣਾ ਉਹਦੀ ਅਸੀਮ ਤਾਕਤ ਵੱਲ ਇਸਾਰਾ ਕਰਦਾ ਹੈ। ਉਪਰੋਕਤ ਵਰਤਾਰੇ ਨੂੰ ਬਹੁਤ ਗਹੁ ਨਾਲ ਵਾਚਣ ਦੀ ਜਰੂਰਤ ਹੈ ਕਿ ਕਿਉ ਆਏ ਦਿਨ ਭਾਰਤੀ ਨੇਤਾਵਾਂ ਦੇ ਅਜਿਹੇ ਬਿਆਨ ਆਉਦੇ ਹਨ ਜਿਹੜੇ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਬਣਦੇ ਜਾਪਦੇ ਹਨ। ਦੇਸ਼ ਵਿੱਚ ਇਸ ਵੇਲੇ ਭਗਵਾਂਸ਼ਾਹੀ ਦਾ ਰਾਜ ਹੈ, ਇਸ ਲਈ ਆਏ ਦਿਨ ਕਿਸੇ ਨਾ ਕਿਸੇ ਸਾਧ ਜਾਂ ਡੇਰੇਦਾਰ ਦਾ ਦਿਲ ਕੰਬਾਊ ਬਿਆਨ ਚਰਚਾ ਵਿੱਚ ਹੁੰਦਾ ਹੈ। ਬੀਤੇ ਕੱਲ੍ਹ ਹੀ ਸ੍ਰੀ ਸ੍ਰੀ ਰਵੀ ਸ਼ੰਕਰ ਵੱਲੋ ਇਹ ਕਿਹਾ ਜਾਣਾ ਕਿ ਜੇ ਅਜੁੱਧਿਆ ਵਿੱਚ ਰਾਮ ਮੰਦਰ ਨਾ ਬਣਾਇਆ ਗਿਆ ਤਾਂ ਭਾਰਤ ਦੇਸ਼ ਸੀਰੀਆ ਬਣ ਜਾਵੇਗਾ, ਇਹ ਅਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਚਿਤਾਵਨੀ ਹੈ, ਜਿਹੜੀ ਘੱਟ ਗਿਣਤੀਆਂ ਸਮੇਤ ਉਹਨਾਂ ਸਭ ਲਈ ਭਵਿੱਖ ਵਿੱਚ ਆਉਣ ਵਾਲੇ ਬੁਰੇ ਵਖਤ ਪ੍ਰਤੀ ਸੁਚੇਤ ਕਰਨ ਵਾਲੀ ਗੱਲ ਵੀ ਹੈ, ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਭਗਵਾਂਸ਼ਾਹੀ ਦੇ ਵਿਚਾਰਧਾਰਕ ਵਿਰੋਧੀ ਹਨ।ਅਜਿਹੇ ਬਿਆਨ ਹਿੰਦੂ ਫਿਰਕਾਪ੍ਰਸਤੀ ਦੀ ਸਿਖ਼ਰ ਮੰਨੇ ਜਾਣੇ ਚਾਹੀਦੇ ਹਨ ਜਿੰਨਾਂ ਤੋਂ ਸਬਕ ਲੈ ਕੇ ਸਮੁੱਚੇ ਦੇਸ਼ ਦੇ ਇਨਸਾਫ ਪਸੰਦ ਤੇ ਅਮਨ ਪਸੰਦ ਲੋਕਾਂ ਨੂੰ ਇੱਕ ਜੁੱਟ ਹੋ ਕੇ ਆਉਣ ਵਾਲੀਆਂ 2019  ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵਰਗੀ ਫਿਰਕ੍ਰਸਤ ਜਮਾਤ ਨੂੰ ਲਾਂਭੇ ਕਰ ਦੇਣ ਲਈ ਬੜਾ ਸੁਚੇਤ ਹੋਣ ਦੀ ਲੋੜ ਹੈ। ਇੱਥੇ ਇਸ ਗੱਲ ਤੇ ਵੀ ਵਿਚਾਰ ਕਰਨੀ ਬਣਦੀ ਹੈ ਕਿ ਜਿੰਨੀ ਦੇਰ ਨਾਗਪੁਰ ਦੀ ਸੰਸਥਾ ਆਾਂਰ ਐਸ ਐਸ ਦੇ ਮਾੜੇ ਮਨਸੂਬਿਆਂ ਨੂੰ ਦੇਸ਼ ਦੇ ਲੋਕ ਨਹੀ ਸਮਝਦੇ ਓਨੀ ਦੇਰ ਨਾ ਹੀ ਕੋਈ ਭਵਿੱਖ ਦੇ ਸ਼ੁਭ ਸੁਨੇਹੇ ਦੀ ਆਸ ਹੀ ਰੱਖੀ ਜਾਣੀ ਚਾਹੀਦੀ ਹੈ ਅਤੇ ਨਾ ਹੀ ਦੇਸ਼ ਦੀਆਂ ਘੱਟ ਗਿਣਤੀਆਂ ਅਪਣੇ ਆਪ ਨੂੰ ਇਸ ਦੇਸ਼ ਅੰਦਰ ਸੁਰਖਿਅਤ ਹੀ ਸਮਝ ਸਕਦੀਆਂ ਹਨ, ਤੇ ਨਾ ਹੀ ਹੋਰ ਕੋਈ ਵੀ ਇਨਸਾਫ ਪਸੰਦ ਧਿਰਾਂ ਦੀ ਹੋਂਦ ਜੀਵਤ ਰਹਿ ਸਕੇਗੀ।ਕਾਮਰੇਡਾਂ ਨਾਲ ਵਾਪਰੀ ਬੇਹੱਦ ਹੀ ਮੰਦਭਾਗੀ ਘਟਨਾਂ ਦੀ ਜਿੱਥੇ ਜੋਰਦਾਰ ਨਿੰਦਿਆ ਕੀਤੀ ਜਾਣੀ ਬਣਦੀ ਹੈ ਤੇ ਅਜਿਹੇ ਹਾਲਾਤਾਂ ਖਿਲਾਂਫ ਲਾਮਬੰਦੀ ਦਾ ਸੱਦਾ ਜ਼ਰੂਰੀ ਹੋ ਜਾਂਦਾ  ਹੈ,ਓਥੇ ਮੈ ਅਪਣੀ ਕਵਿਤਾ ਦੀਆਂ ਇਹ ਸਤਰਾਂ ਜਰੂਰ ਸਾਂਝੀਆਂ ਕਰਨੀਆਂ ਚਾਹਾਂਗਾ ਜਿਹੜੀਆਂ ਅੱਜ ਦੇ ਸੰਦਰਭ ਵਿੱਚ ਕਾਮਰੇਡਾਂ ਤੇ ਢੁਕਦੀਆਂ ਹਨ।
 ਸਿਵੇ ਦੀ ਲਾਟ ਬਲ਼ਦੀ ਦਾ ਜੇ ਤੈਨੂੰ ਸ਼ੇਕ ਨਹੀ ਆਉਂਦਾ,
 ਤਾਂ ਇਹ ਭਰਮ ਨਾ ਪਾਲ਼ੀਂ ਕਿ ਘਰ ਤੋਂ ਦੂਰ ਬਲ਼ਦੀ ਏ
 ਇਹ ਤਾੰ ਜਗਤ ਤਮਾਸ਼ਾ ਏ ਦੇਖ ਕੇ ਸਭ ਨੇ ਤੁਰ ਜਾਣਾ ,
 ਕਿਸੇ ਦੀ ਅੱਜ  ਹੈ ਵਾਰੀ ਕਿਸੇ ਨੂੰ ਉਡੀਕ ਕੱਲ੍ਹ ਦੀ ਏ।
 ਇੱਕ ਗੱਲ ਯਾਦ ਰੱਖੀ ਤੂੰ ਕਿ ਬਹੁਤੀ ਦੂਰ ਨਹੀਂ ਤੈਥੋਂ,
 ਇਹ ਤਾੰ ਹਰ ਪਲ ਤੇਰੇ ਸਾਹਾੰ ਸੰਗ ਹਜ਼ੂਰ ਚਲਦੀ ਏ।
 ਖੁਦੀ ਮਿਟ ਜਾਣ ਦੀ ਤੂੰ ਵੀ ਰੱਖ ਉਡੀਕ ਬਘੇਲ ਸਿੰਆਂ
ਇਹ ਜੋ ਅੱਗ ਸਿਵਿਆੰ ਦੀ ਇਹ ਤਾੰ ਜ਼ਰੂਰ ਬਲ਼ਦੀ ਏ....
 ਬਘੇਲ ਸਿੰਘ ਧਾਲੀਵਾਲ
99142-58142

Have something to say? Post your comment