Article

ਸੋਚ// ਕਰਮਜੀਤ ਕੌਰ(ਅੰਜੂ)

March 12, 2018 02:23 PM
General

'' ਓਏ ਬਿੱਲੂ ਓਏ, ਆ ਛੇਤੀ-ਛੇਤੀ ਆਪਣਾ ਡੰਗਰਾਂ ਨੂੰ ਹਰਾ ਚਾਰਾ ਪਾਉਣ ਦਾ ਕੰਮ ਖਤਮ ਕਰ ਤੇ ਅਰਾਮ ਨਾਲ ਬਹਿ ਕੇ ਪ੍ਰਸ਼ਾਦੇ ਛੱਕ ਲੈ, ਭੁੱਖਾ ਹੋਵੇਂਗਾ।'' ਇੱਕ ਹੱਥ ਨਾਲ ਚਾਦਰੇ ਦਾ ਲੜ ਠੀਕ ਜਿਹਾ ਕਰਦਿਆਂ ਬਚਿੱਤਰ ਸਿਉਂ ਨੇ ਮੰਜੀ ਤੇ ਬੈਠਦਿਆਂ ਕਿਹਾ ਨਾਲ ਹੀ ਆਪਣੀ ਘਰਵਾਲੀ ਨਸੀਬ ਕੌਰ ਨੂੰ ਵੀ ਹੁਕਮ ਲਗਾ ਦਿੱਤਾ, '' ਲੈ ਬਈ ਨਸੀਬ ਕੁਰੇ ਗਰਮ ਜਿਹੀ ਰੋਟੀ ਲਾਹ ਦੇ ਕੇਰਾਂ ਬਿੱਲੂ ਨੂੰ ਤੇ ਮੈਨੂੰ ਵੀ ਪ੍ਰਸ਼ਾਦੇ ਛਕਾ ਦੇ ਅਸੀਂ ਫਿਰ ਆਪਣੇ ਕੰਮਾਂ ਨੂੰ ਟੁਰ ਜਾਣਾ ।'' ... .. ਬਿੱਲੂ ਉਂਝ ਤਾਂ ਬਚਿੱਤਰ ਸਿਉਂ ਦੇ ਘਰ ਨੌਕਰ ਸੀ। ਬਿੱਲੂ ਦਾ ਪਿਓ ਕਿਸਾਨ ਸੀ ਪਰ ਕਰਜੇ ਦਾ ਬੋਝ ਨਾ ਸਹਾਰਦਾ ਹੋਇਆ ਇੱਕ ਦਿਨ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਬੈਠਿਆ। ਬਿੱਲੂ ਦੀ ਮਾਂ ਵੀ ਇਸੇ ਹਿਜਰ ਵਿੱਚ ਚਲ ਵਸੀ। ਤਰਸ ਖਾ ਕੇ ਬਚਿੱਤਰ ਸਿਉਂ ਨੇ ਉਸਨੂੰ ਆਪਣੇ ਘਰ ਰੱਖ ਲਿਆ ਸੀ। ਉਦੋਂ ਉਹ ਮਸਾਂ ਹੀ ਦਸ ਕੁ ਸਾਲ ਦਾ ਸੀ। ਬਚਿੱਤਰ ਸਿਉਂ ਨੇ ਫੱਟੀ ਦਵਾਤ ਦੇ ਕੇ ਉਸ ਨੂੰ ਸਕੂਲ ਵੀ ਤੋਰਿਆ ਪਰ ਉਸ ਦਾ ਮਨ ਨਾ ਲੱਗਿਆ। ਫਿਰ ਬਚਿੱਤਰ ਸਿਉਂ ਨੇ ਉਸ ਨੂੰ ਘਰ ਦੇ ਕੰਮਾਂ ਵਿੱਚ ਹੀ ਲਗਾ ਲਿਆ। ਉਹ ਉਸ ਨੂੰ ਆਪਣੇ ਪਰਿਵਾਰ ਦਾ ਹੀ ਇੱਕ ਮੈਂਬਰ ਸਮਝਦਾ ਸੀ। ਪਰ ਇਹ ਗੱਲ ਉਸਦੇ ਆਪਣੇ ਇੱਕਲੌਤੇ ਪੁੱਤਰ ਇਕਬਾਲ ਨੂੰ ਪਸੰਦ ਨਹੀਂ ਸੀ ਕਿ ਉਸਦਾ ਪਿਓ ਸਾਰਾ ਦਿਨ ਉਸ ਬਿੱਲੂ ਦੀਆਂ ਹੀ ਤਰੀਫਾਂ ਕਰਦੇ ਰਹੇ। ਬਚਿੱਤਰ ਸਿਉਂ ਹਰ ਕੰਮ ਵਿੱਚ ਬਿੱਲੂ ਦੀ ਸਲਾਹ ਲੈਂਦਾ ਤੇ ਬਿੱਲੂ ਦਾ ਵੀ ਸਾਰਾ ਦਿਨ ਹਾਂਜੀ-ਹਾਂਜੀ ਕਰਦੇ ਦਾ ਮੂੰਹ ਨਾ ਥੱਕਦਾ। ਪਰ ਬਚਿੱਤਰ ਦਾ ਆਪਣਾ ਪੁੱਤਰ ਇਕਬਾਲ, ਉਂਝ ਤਾਂ ਬਚਿੱਤਰ ਸਿਉਂ ਨੇ ਉਸਨੂੰ ਇੱਕ ਸੰਸਕਾਰੀ ਪੁੱਤਰ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਬਚਪਨ ਤੋਂ ਹੀ ਉਸਦੇ ਦਿਲ ਦੀ ਕੋਰੀ ਸਲੇਟ ਤੇ ਪਵਿੱਤਰ ਸੰਸਕਾਰੀ ਹਰਫ਼ ਉਲੀਕਦਾ ਰਿਹਾ। ਪਰ ਕਾਲਜ ਵਿੱਚ ਪੈਰ ਪਾਉਂਦਿਆਂ ਹੀ ਜਵਾਨੀ ਦੀਆਂ ਪੈੜਾਂ, ਦੋਸਤਾਂ ਮਿੱਤਰਾਂ ਦੇ ਮੂੰਹੋਂ ਨਿੱਕਲੇ ਹਰਫ਼ਾਂ ਨੇ ਕੁੱਝ ਸਮੇਂ ਲਈ ਬਚਿੱਤਰ ਸਿਉਂ ਦੇ ਉਲੀਕੇ ਹਰਫ਼ਾਂ ਨੂੰ ਧੂੜ ਨਾਲ ਢੱਕ ਦਿੱਤਾ। ਲੰਮਾ-ਸਲੰਮਾ ਸਿਰ ਕੱਢਵਾਂ ਜਵਾਨ ਗੁੱਸੇ ਵਿੱਚ ਕਈ ਵਾਰ ਆਪਣੀ ਮਾਂ ਨੂੰ ਵੀ ਦੋ ਚਾਰ ਖਰੀਆਂ ਜਿਹੀਆਂ ਸੁਣਾ ਹੀ ਜਾਂਦਾ ਸੀ। ਬਿੱਲੂ ਨੂੰ ਤਾਂ ਉਹ ਰੰਗ ਪੱਕਾ ਹੋਣ ਕਰਕੇ ਕਾਲਾ ਬਿੱਲਾ ਕਹਿ ਕੇ ਹੀ ਬੁਲਾਉਂਦਾ ਸੀ।
                                                   ਬਿੱਲੂ ਬਚਿੱਤਰ ਦੀ ਸੱਜੀ ਬਾਂਹ ਸੀ। ਉਹ ਰਾਤ ਨੂੰ ਖੇਤ ਵਿੱਚ ਬਣੇ ਕਮਰੇ ਵਿੱਚ ਹੀ ਸੌਂ ਜਾਂਦਾ ਤੇ ਸਵੇਰੇ ਆ ਕੇ ਨਹਾ ਧੋ ਸ਼ਾਹ ਵੇਲਾ ਖਾ ਫਿਰ ਤੋਂ ਖੇਤ ਵੱਲ ਰਵਾਨਾ ਹੋ ਜਾਂਦਾ। ਅੱਜ ਸ਼ਾਹ ਵੇਲਾ ਵੀ ਲੰਘ ਗਿਆ ਪਰ ਬਿੱਲੂ ਨਾ ਆਇਆ ਕਾਫ਼ੀ ਸਮੇਂ ਉਡੀਕ ਤੋਂ ਬਾਅਦ ਬਚਿੱਤਰ ਸਿਉਂ ਉਸ ਨੂੰ ਖੇਤ ਵਿੱਚ ਲੱਭਣ ਲਈ ਗਿਆ ਪਰ ਬਿੱਲੂ ਕਿਤੇ ਵੀ ਨਾ ਮਿਲਿਆ। ਬਚਿੱਤਰ ਸਿਉਂ ਨੇ ਥਾਣੇ ਵਿੱਚ ਰਿਪੋਰਟ ਵੀ ਲਿਖਾਈ। ਕਈ ਦਿਨਾਂ ਦੀ ਜੱਦੋ-ਜਹਿਦ ਦੇ ਬਾਅਦ ਪੁਰਾਣੀ ਬੰਦ ਪਈ ਇੱਕ ਛੋਟੀ ਜਿਹੀ ਇਮਾਰਤ ਵਿੱਚੋਂ ਪੁਲਸ ਨੇ ਉਸ ਨੂੰ ਬਰਾਮਦ ਕਰ ਲਿਆ। ਇਹ ਉਹ ਜਗ•ਾ ਸੀ ਜਿੱਥੇ ਕਦੀ ਬਚਿੱਤਰ ਸਿਉਂ ਨੇ ਆਟਾ ਚੱਕੀ ਲਗਾਉਣ ਦੀ ਯੋਜਨਾ ਬਣਾਈ ਸੀ। ਪਰ ਬਿੱਲੂ ਦੀ ਖੇਤਾਂ ਵਿੱਚ ਵੱਧ ਰੁਚੀ ਹੋਣ ਕਰਕੇ ਉਸਨੇ ਇਸ ਨੂੰ ਵਿੱਚੇ ਹੀ ਛੱਡ ਦਿੱਤਾ ਸੀ। ਪੁਲਸ ਨੇ ਬਚਿੱਤਰ ਸਿਉਂ ਨੂੰ ਬੁਲਾ ਬਿੱਲੂ ਨੂੰ ਐਫ.ਆਈ.ਆਰ. ਦਰਜ ਕਰਾਉਣ ਲਈ ਜੋਰ ਪਾਇਆ ਤਾਂ ਕਿ ਅਪਰਾਧੀਆਂ ਨੂੰ ਸਜਾ ਦਿੱਤੀ ਜਾ ਸਕੇ ਪਰ ਬਿੱਲੂ ਨੇ ਅਪਰਾਧੀਆਂ ਦਾ ਨਾਮ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਉਹਨਾਂ ਨੇ ਆਪਣੇ ਮੂੰਹ ਬੰਨ• ਰੱਖੇ ਸੀ। ਉਹ ਉਹਨਾਂ ਦੀ ਪਛਾਣ ਨਹੀਂ ਕਰ ਸਕਿਆ ਕਿ ਉਹ ਕੌਣ ਸਨ। ਥਾਣੇਦਾਰ ਦੇ ਰਿਪੋਰਟ ਦਰਜ਼ ਕਰਨ ਤੋਂ ਬਾਅਦ ਬਚਿੱਤਰ ਸਿਉਂ ਬਿੱਲੂ ਨੂੰ ਲੈ ਕੇ ਘਰ ਆ ਗਿਆ। ਉਹ ਸਾਰੀ ਗੱਲ ਸਮਝ ਚੁੱਕਾ ਸੀ ਕਿ ਇਹ ਸਾਰਾ ਕਾਰਾ ਇਕਬਾਲ ਤੇ ਉਸ ਦੇ ਸਾਥੀਆਂ ਦਾ ਸੀ। ਉਹ ਆਉਂਦਿਆਂ ਹੀ ਇਕਬਾਲ ਨੂੰ ਹੜਬੜੀ ਜਿਹੀ  ਵਿੱਚ ਅਵਾਜ ਮਾਰਦਾ ਹੈ।  ਇਕਬਾਲ ਬਚਿੱਤਰ ਸਿਉਂ ਦੇ ਸਾਹਮਣੇ ਆ ਕੇ ਖਲੋ ਜਾਂਦਾ ਹੈ। ਅੱਜ ਬਚਿੱਤਰ ਸਿਉਂ ਦੀ ਅਵਾਜ ਵਿੱਚ ਮਾਂ ਵਰਗਾ ਲਾਡਪਣ ਤੇ ਮਮਤਾ ਨਹੀਂ ਸੀ। ਉਸਨੇ ਇੱਕ ਦੋ ਵਾਰ ਬੜੇ ਰੋਅਬ ਨਾਲ ਇਕਬਾਲ ਤੋਂ ਇਸ ਸਾਰੇ ਮਾਮਲੇ ਵਾਰੇ ਪੁੱਛਗਿੱਛ ਕੀਤੀ। ਇਕਬਾਲ ਨੇ ਡਰਦੇ ਹੋਏ ਆਪਣਾ ਜੁਰਮ ਕਬੂਲ ਕਰ ਲਿਆ। ਮਾਂ ਨੂੰ ਆਪਣੀ ਮਮਤਾ ਸੁੰਗੜਦੀ ਜਿਹੀ ਮਹਿਸੂਸ ਹੋਈ। ਆਪਣੇ ਖੁਦ ਦੇ ਸਰੀਰ ਦਾ ਭਾਰ ਵੀ ਉਸਨੂੰ ਜਿਆਦਾ ਲੱਗਿਆ। ਮੱਥਾ ਫੜ• ਬੈਠ ਗਈ। ਬਚਿੱਤਰ ਸਿਉਂ ਨੇ ਇਕਬਾਲ ਨੂੰ ਸਮਝਾਉਂਦਿਆਂ ਕਿਹਾ ਪੁੱਤਰਾ ਤੂੰ ਇਸ ਨੂੰ ਕਾਲਾ ਬਿੱਲਾ ਕਹਿ ਕੇ ਬੁਲਾਉਂਦਾ ਸੀ ਤੇ ਇਸ ਦੇ ਨਾਲ ਇਹਨਾਂ ਬੁਰਾ ਸਲੂਕ ਕੀਤਾ ਪਰ ਇਸ ਨੇ ਇਸ ਘਰ ਦਾ ਖਾ ਕੇ ਵਫਾ ਹੀ ਨਿਭਾਈ ਹੈ। ਰਹੀ ਗੱਲ ਰੰਗ ਤੇ ਜਾਤ ਦੀ ਤਾਂ ਸੁਣ…..... ਬੰਦਾ ਦੇਖਣ ਵਿੱਚ ਕਿਹੋ ਜਿਹਾ ਹੈ ਗੋਰਾ ਜਾਂ ਕਾਲਾ, ਉੱਚੀ ਜਾਤੀ ਦਾ ਜਾਂ ਨੀਂਵੀ ਜਾਤੀ ਦਾ ਇਹ ਗੱਲ ਮਾਇਨੇ ਨਹੀਂ ਰੱਖਦੀ। ਬੰਦੇ ਦੀ ਅੰਦਰਲੀ ਸੋਚ ਹੀ ਉਸ ਨੂੰ ਅਰਸ਼ ਤੋਂ ਫਰਸ਼,ਫਰਸ਼ ਤੋਂ ਅਰਸ਼ਾਂ ਤੇ ਬਿਠਾਉਣ ਲਈ ਜ਼ਿੰਮੇਵਾਰ ਹੁੰਦੀ ਹੈ। ਜਦੋਂ ਤੱਕ ਅਸੀਂ ਪੁੱਤਰਾ ਆਪਣੀ ਸੋਚ ਨਹੀਂ ਨਾ ਬਦਲਦੇ,ਉਦੋਂ ਤੱਕ ਕਦੇ ਵੀ ਮਿਲਜੁਲ ਕੇ ਕੰਮ ਕਰਨਾ ਨਹੀਂ ਸਿੱਖ ਸਕਦੇ। ਇਸ ਮਾਡਰਨ ਜਮਾਨੇ ਵਿੱਚ ਟੁੱਟ ਰਹੇ ਪਰਿਵਾਰ ਇਸੇ ਸੋਚ ਦਾ ਨਤੀਜਾ ਨੇ। ਹੈਰਾਨੀ ਹੁੰਦੀ ਹੈ ਜਦੋਂ ਅਸੀਂ ਮਸ਼ੀਨਾਂ, ਰਾਕੇਟ, ਹਵਾਈ ਜਹਾਜ਼ ਤੇ ਬਿਨਾਂ ਤਾਰ ਵਾਲੇ ਮੋਬਾਇਲ ਫੋਨ ਜਿਹੇ ਉਪਕਰਨਾਂ ਨੂੰ ਦੇਖਦੇ ਹਾਂ……...ਪਰ ਇਹ ਸਿਰਜੇ ਤਾਂ ਬੰਦੇ ਦੇ ਦਿਮਾਗ ਨੇ ਹੀ ਨੇ। ਸਾਡੀ ਸੋਚ ਹੀ ਸਾਡੀ ਤਾਕਤ ਐ ਪੁੱਤਰਾ, ਜਦੋਂ ਸਾਡੀ ਸੋਚ ਨੂੰ ਗ੍ਰਹਿਣ ਲੱਗ ਜਾਂਦਾ ਹੈ ਉਦੋਂ ਜ਼ਿੰਦਗੀ ਨਰਕ ਬਣ ਜਾਂਦੀ ਹੈ।

                                                                  
                                                               ਕਰਮਜੀਤ ਕੌਰ(ਅੰਜੂ)
                                                                     ਮਾਨਸਾ

Have something to say? Post your comment