Article

ਭਾਈ ਗੁਰਬਖਸ਼ ਸਿੰਘ ਦੀ ਮੌਤ ਨੂੰ ਕਿਸ ਨਜ਼ਰੀਏ ਨਾਲ ਦੇਖ ਕੇ ਭਵਿੱਖ ਦੀ ਰਣਨੀਤੀ ਤਹਿ ਕਰੇਗੀ ਸਿੱਖ ਕੌਂਮ ? ਬਘੇਲ ਸਿੰਘ ਧਾਲੀਵਾਲ

March 22, 2018 02:42 PM
General

ਭਾਈ ਗੁਰਬਖਸ਼ ਸਿੰਘ ਦੀ ਮੌਤ ਨੂੰ ਕਿਸ ਨਜ਼ਰੀਏ ਨਾਲ ਦੇਖ ਕੇ ਭਵਿੱਖ ਦੀ ਰਣਨੀਤੀ ਤਹਿ ਕਰੇਗੀ ਸਿੱਖ ਕੌਂਮ ?


14 ਨਬੰਵਰ 2013 ਨੂੰ ਪਹਿਲੀ ਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਬਰਤ ਰੱਖ ਕੇ ਲਹਿਰ ਨੂੰ ਸ਼ਿਖਰ ਤੇ ਪਹੁੰਚ ਜਾਣ ਤੋ ਬਾਅਦ ਥਿੜਕ ਜਾਣ ਵਾਲਾ ਭਾਈ ਗੁਰਬਖਸ਼ ਸਿੰਘ ਅੱਜ ਤੀਜੀ ਤੇ ਅੰਤਲੀ ਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਪਣੇ ਪਿੰਡ ਠਸਕਾ (ਕਰੁਕਸੇਤਰ)  ਦੀ ਪਾਣੀ ਵਾਲੀ ਟੈਂਕੀ ਤੋ ਛਾਲ ਮਾਰ ਕੇ ਅਪਣੇ ਤੇ ਲੱਗੇ ਸਾਰੇ ਦਾਗ ਧੋ ਕੇ ਕੌਮ ਨੂੰ ਆਖਰੀ ਫਤਹਿ ਬੁਲਾ ਗਿਆ। ਇਹ ਤੀਸਰੀ ਤੇ ਅੰਤਲੀ ਲੜਾਈ ਵਿੱਚ ਭਾਵੇ ਉਹ ਕੋਈ ਹੋਰ ਪਰਾਪਤੀ ਤਾਂ ਨਹੀ ਕਰ ਸਕਿਆ,ਪਰ ਇੱਕ ਗੱਲ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਉਹ ਕੌਂਮੀ ਕਾਰਜ ਲਈ ਜਾਨ ਨਿਛਾਵਰ ਕਰਕੇ ਸੁਰਖੁਰੂ ਜਰੂਰ ਹੋ ਕੇ ਗਿਆ ਹੈ।ਬੇਸ਼ੱਕ ਬਹੁਤ ਸਾਰੇ ਇਲਜਾਮ ਉਹਨਾਂ ਤੇ ਅੱਜ ਵੀ ਲਾਏ ਜਾ ਰਹੇ ਹਨ, ਪਰ ਸਭ ਤੋਂ ਮਹੱਤਵਪੂਰਨ ਤਾਂ ਇਹ ਹੈ ਕਿ ਬੇਸ਼ੱਕ ਉਹ ਦੋ ਵਾਰ ਸੰਘਰਸ਼ ਵਿੱਢ ਕੇ ਅਪਣੀ ਕੌਮ ਨਾਲ ਕੀਤੇ ਇਕਰਾਰ ਪੂਰੇ ਨਹੀ ਕਰ ਸਕਿਆ ਪਰ ਤੀਸਰੀ ਵਾਰ ਤਾਂ ਉਹਨਾਂ ਦੀ ਲੜਾਈ ਆਰ ਪਾਰ ਦੀ ਹੀ ਹੋ ਨਿੱਬੜੀ ਹੈ।ਉਸ ਵੱਲੋਂ ਪਹਿਲਾਂ ਤੋ ਹੀ ਇਹ ਕਿਹਾ ਜਾਂਦਾ ਰਿਹਾ ਸੀ ਕਿ ਉਹ ਜਾ ਤਾ ਬੰਦੀ ਸਿੰਘਾਂ ਨੂੰ ਰਿਹਾ ਕਰਵਾਏਗਾ ਜਾਂ ਸ਼ਹਾਦਤ ਪਰਾਪਤ ਕਰੇਗਾ, ਸੋ ਉਸ ਨੇ ਅਖਿਰ ਨੂੰ ਅਪਣੀ ਕੌਂਮ ਨਾਲ ਕੀਤਾ ਇਕਰਾਰ ਪੁਗਾ ਦਿੱਤਾ ਹੈ, ਜਿਸ ਨੂੰ ਪਿਛਾਂਹ ਖਿੱਚੂ ਨਜ਼ਰੀਏ ਨਾਲ ਦੇਖਿਆ ਜਾਣਾ ਬਿਲਕੁਲ ਵੀ ਜਾਇਜ ਨਹੀ ਹੋਵੇਗਾ। ਜਿਕਰਯੋਗ ਹੈ ਕਿ ਭਾਈ ਗੁਰਬਖਸ਼ ਸਿੰਘ ਨੇ 14 ਨਵੰਬਰ 2013 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ (ਮੁਹਾਲੀ) ਤੋ ਮਰਨ ਬਰਤ ਰੱਖ ਕੇ ਤਕਰੀਬਨ ਡੇਢ ਮਹੀਨੇ ਤੱਕ ਸਰਕਾਰ ਦੇ ਨੱਕ ਵਿੱਚ ਦੱਮ ਕਰਕੇ ਰੱਖਿਆ ਸੀ, (ਜਿਸ ਦੀ ਕਬਰੇਜ ਪੱਤਰਕਾਰ ਮੇਜਰ ਸਿੰਘ ਮੋਹਾਲੀ ਨੇ ਸਰਕਾਰ ਦੇ ਭਾਰੀ ਦਵਾਅ ਦੇ ਬਾਵਜੂਦ ਵੀ ਬੜੀ ਨਿੱਡਰਤਾ ਨਾਲ ਕੀਤੀ ਸੀ ਤੇ ਦੁਨੀਆਂ ਵਿੱਚ ਉਸ ਸੰਘਰਸ਼ ਨੂੰ ਤਿੱਖਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਿਨਭਾਈ ਸੀ, ਕਿਉਕਿ ਪੱਖਪਾਤੀ ਭਾਰਤੀ ਮੀਡੀਆ ਸਿਖਾਂ ਦੇ ਹਰ ਜਾਇਜ ਸੰਘਰਸ਼ ਤੋ ਦੂਰੀ ਬਣਾ ਕੇ ਰੱਖਦਾ ਹੈ) ਫਿਰ 25 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸ੍ਰੀ ਅਖੰਡਪਾਠ ਸਾਹਬ ਕਰਵਾਏ ਤੇ 27 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋ ਬਾਅਦ ਸੰਘਰਸ਼ ਨੂੰ ਅੱਧ ਵਿਚਕਾਰ ਛੱਡ ਦਿੱਤਾ ਸੀ। ਭਾਵੇਂ ਸਿੱਖ ਕੌਂਮ ਨੂੰ ਭਾਈ ਗੁਰਬਖਸ਼ ਸਿੰਘ ਦਾ ਤਤਕਾਲੀ ਅਕਾਲੀ ਭਾਜਪਾ ਸਰਕਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਹਿਕਾਵੇ ਵਿੱਚ ਆ ਕੇ ਮਰਨ ਬਰਤ ਛੱਡਣਾ ਚੰਗਾ ਨਹੀ ਸੀ ਲੱਗਾ, ਕਿਉਕਿ ਸਿੱਖ ਕੌੰਮ ਉਸ ਮੌਕੇ ਬੰਦੀ ਸਿੱੰਘਾਂ ਦੀ ਰਿਹਾਈ ਲਈ ਕੇਂਦਰ ਨਾਲ ਫੈਸਲਾਕੁਨ ਲੜਾਈ ਦੇ ਰੌਅ ਵਿੱਚ ਸੀ, ਫਿਰ ਵੀ ਇਸ ਗੱਲ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਉਹਨਾਂ ਦੇ ਪਹਿਲੇ ਮਰਨ ਬਰਤ ਦੌਰਾਨ ਹੀ ਬੇਅੰਤ ਕਤਲ ਕੇਸ ਵਿੱਚ ਬੰਦ ਤਿੰਨ ਸਿੰਘਾਂ ਭਾਈ ਸ਼ਮਸੇਰ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਨੂੰ ਉਹਨਾਂ ਦੀ ਗਿਰਫਤਾਰੀ ਦੇ  ਤਕਰੀਬਨ ਦੋ ਦਹਾਕਿਆਂ ਦੇ ਲੰਮੇ ਵਕਫੇ ਬਾਅਦ ਪਹਿਲੀ ਬਾਰ 28-28 ਦਿਨ ਦੀ ਪੈਰੋਲ ਮਿਲੀ ਸੀ। ਉਸ ਤੋਂ ਬਾਅਦ 19 ਜਨਬਰੀ 2014 ਨੂੰ ਭਾਵੇਂ ਅਪਣੇ ਸੰਘਰਸ਼ ਦੀ ਸਮਾਪਤੀ ਦਾ ਸੁਕਰਾਨਾ ਕਰ ਦਿੱਤਾ ਸੀ, ਪ੍ਰੰਤੂ ਫਿਰ 14 ਨਬੰਵਰ 2014 ਨੂੰ ਗੁਰਦੁਆਰਾ ਲਖਨੌਰ ਸਾਹਿਬ (ਹਰਿਆਣਾ) ਵਿਖੇ ਦੁਵਾਰਾ ਭੁੱਖ ਹੜਤਾਲ ਸੁਰੂ ਕਰਕੇ ਸੰਘਰਸ਼ ਵਿੱਢ ਦਿੱਤਾ, ਜਿਹੜਾ ਲੱਗਭੱਗ ਦੋ ਮਹੀਨੇ ਚੱਲਣ ਤੋਂ ਬਾਅਦ ਸ੍ਰੀ ਅਮ੍ਰਿਤਸਰ ਸਹਿਬ ਤੱਕ ਮਾਰਚ ਕਰਨ ਦੇ ਐਲਾਨ ਨਾਲ ਖਤਮ ਹੋ ਗਿਆ ਸੀ, ਕਿਉਕਿ ਗੁਰਦੁਆਰਾ ਸਾਹਿਬ ਤੋ ਕੁੱਝ ਕੁ ਵਕਫੇ ਤੇ ਹੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ।ਉਹਨਾਂ ਦੀ ਗਿਰਫਤਾਰੀ ਨੂੰ ਸਿੱਖ ਕੌਮ ਚਲਾਕੀ ਸਮਝਦੀ ਸੀ।ਇਸਤਰਾਂ ਦੂਸਰੇ ਸੰਘਰਸ਼ ਵਿੱਚ ਵੀ ਭਾਈ ਗੁਰਬਖਸ਼ ਸਿੰਘ ਤੇ ਇੱਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਕੀਤੀ ਅਪਣੀ ਅਰਦਾਸ ਤੋ ਤਿਲਕ ਜਾਣ ਦੇ ਇਲਜਾਮ ਲੱਗੇ  ਸਨ।ਉਹਨਾਂ ਦੀ ਇਸ ਅਸਫਲਤਾ ਨੂੰ ਸਿੱਖ ਵਿਰੋਧੀ ਤਾਕਤਾਂ ਨੇ ਜੋਰ ਸ਼ੋਰ ਨਾਲ ਉਛਾਲਿਆ,ਜਿਸ ਦੀ ਬਜਾਹ ਕਾਰਨ ਸਿੱਖ ਕੌਮ ਦੀ ਦੁਨੀਆਂ ਪੱਧਰ ਤੇ ਬਦਨਾਮੀ ਵੀ ਹੋਈ ਸੀ।ਸੋ ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਭਾਈ ਗੁਰਬਖਸ ਸਿੰਘ ਅਪਣੀਆਂ ਅਸਫਲਤਾਵਾਂ ਕਾਰਨ ਕੌਮ ਦੇ ਟੁੱਟ ਚੁੱਕੇ ਭਰੋਸੇ ਨੂੰ ਮੁੜ ਬਹਾਲ ਕਰਨ ਲਈ ਕਾਫੀ ਸਮੇ ਤੋ ਯਤਨਸ਼ੀਲ ਸੀ, ਜਿਸ ਲਈ ਉਹ ਸਮੇ ਸਮੇ ਵੱਖ ਵੱਖ ਪੰਥਕ ਆਗੂਆਂ ਨੂੰ ਮਿਲਦਾ ਵੀ ਰਿਹਾ, ਪਰੰਤੂ ਕਿਸੇ ਪਾਸੇ ਤੋ ਵੀ ਹੁੰਗਾਰਾ ਨਹੀ ਸੀ ਮਿਲਿਆ, ਜਿਸ ਦਾ ਉਹਨਾਂ ਦੇ ਮਨ ਤੇ ਬੋਝ ਸੀ,ਇਸ ਲਈ ਹੁਣ ਉਹਨਾਂ ਨੇ ਅਪਣੇ ਤੇ ਲੱਗੇ ਅਰਦਾਸ ਤੋਂ ਭੱਜ ਜਾਣ ਅਤੇ ਕੌਂਮ ਨਾਲ ਧੋਖਾ ਕਰਨ ਵਰਗੇ ਇਲਜਾਮਾਂ ਵਾਲੇ ਧੱਬੇ ਨੂੰ ਲਾਹ ਦੇਣ ਲਈ ਇੱਕ ਵਾਰ ਫਿਰ ਆਰ ਪਾਰ ਦੀ ਲੜਾਈ ਅਪਣੇ ਪਿੰਡ ਠਸਕਾ ਅਲੀ ਦੀ ਪਾਣੀ ਵਾਲੀ ਟੈਕੀ ਤੋ ਸ਼ੁਰੂ ਕਰ ਦਿੱਤੀ ਤੇ ਉਸੇ ਹੀ ਦਿਨ ਪੁਲਿਸ ਦੇ ਵਧ ਰਹੇ ਦਵਾਅ ਕਾਰਨ ਉੱਪਰੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਗਿਆ। ਹੁਣ ਭਾਈ ਗੁਰਬਖਸ਼ ਸਿੰਘ ਦੀ ਮੌਤ ਦੇ ਕਾਰਨਾਂ ਵੱਲ ਝਾਤੀ ਮਾਰੀਏ ਤਾਂ ਇੱਕ ਵਾਰ ਫਿਰ ਸਿੱਖਾਂ ਨਾਲ ਧੱਕੇ ਦੀ ਮੂੰਹ ਬੋਲਦੀ ਤਸਵੀਰ ਹਰਿਆਣਾ ਪੁਲਿਸ ਦੀ ਇਸ ਧੱਕੇਸ਼ਾਹੀ ਤੋ ਦੇਖੀ ਜਾ ਸਕਦੀ ਹੈ।ਭਾਈ ਸਾਹਬ ਦੀ ਮੌਤ ਤੋ ਬਾਅਦ ਸਿੱਖਾਂ ਅੰਦਰ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪੈਦਾ ਹੋ ਗਿਆ ਕਿ ਉਹਨਾਂ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਜਿੰਨਾਂ ਨੇ ਗੁਰਬਖਸ਼ ਸਿੰਘ ਨੂੰ ਛਾਲ ਮਾਰਨ ਲਈ ਮਜਬੂਰ ਕੀਤਾ। ਪੁਲਿਸ ਨੇ ਬੜੀ ਚਲਾਕੀ ਨਾਲ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਸਿੱਖਾਂ ਦੀ ਮੰਗ ਤੇ ਇੱਕ ਕਮੇਟੀ ਗਠਤ ਕਰ ਦਿੱਤੀ,ਜਿਸ ਨੇ ਦੋਸੀਆਂ ਦੀ ਸਨਾਖਤ ਕਰਨੀ ਸੀ। ਪਰ ਸਵੇਰ ਨੂੰ ਹਰਿਆਣਾ ਪੁਲਿਸ ਵੱਲੋਂ ਸਾਰੇ ਕਾਇਦੇ ਕਨੂੰਨ ਛਿੱਕੇ ਟੰਗਦਿਆਂ ਬਗੈਰ ਪਰਿਵਾਰ ਦੀ ਸਹਿਮਤੀ ਦੇ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਅਪਣੇ ਕਬਜੇ ਵਿੱਚ ਹੀ ਲੈ ਕੇ ਰੱਖਿਆ ਗਿਆ ਤੇ ਇੱਕ ਟਰੱਕ ਲੱਕੜਾਂ ਦਾ ਵੀ ਲਿਆਦਾਂ ਗਿਆ ਦੱਸਿਆ ਜਾ ਰਿਹਾ ਹੈ ਤਾਂ ਕਿ ਆਪਣੇ ਤੌਰ ਤੇ ਹੀ ਧੱਕੇਸ਼ਾਹੀ ਨਾਲ ਸਸਕਾਰ ਕਰਕੇ ਕੰਮ ਨਬੇੜ ਦਿੱਤਾ ਜਾਵੇ। ਗੁਰਬਖਸ ਸਿੰਘ ਦੇ ਪਿੰਡ ਇਕੱਤਰ ਹੋਣ ਵਾਲੀਆਂ  ਸਿੱਖ ਸੰਗਤਾਂ ਨੂੰ ਥਾਂ ਥਾਂ ਰੋਕਾਂ ਲਾਕੇ ਪੁਲਿਸ ਵੱਲੋਂ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ।ਹਰਿਆਣਾ ਸਰਕਾਰ ਅਤੇ ਪੁਲਿਸ ਦੀ ਇਸ ਧੱਕੇਸ਼ਾਹੀ ਖਿਲਾਫ ਹੁਣ ਇੱਕ ਵਾਰ ਫਿਰ ਸਿੱਖ ਕੌਮ ਨੂੰ ਸੋਚਣਾ ਬਣਦਾ ਹੈ ਤੇ ਇੱਕ ਹੋ ਜਾਣ ਦੀ ਜਰੂਰਤ ਹੈ।ਭਾਵੇਂ ਭਾਈ ਗੁਰਬਖਸ਼ ਸਿੰਘ ਦਾ ਟੈਂਕੀ ਤੋ ਛਾਲ ਮਾਰ ਕੇ ਜਾਨ ਦੇਣ ਵਾਲਾ ਫੈਸਲਾ ਸਿੱਖੀ ਸਿਧਾਤਾਂ ਦੇ ਅਨੁਸਾਰ ਨਹੀ ਹੈ ਫਿਰ ਵੀ ਉਹਨਾਂ ਦੀ ਮੌਤ ਨੂੰ ਅਜਾਈ ਨਹੀ ਜਾਣ ਦੇਣਾ ਚਾਹੀਦਾ।ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਕੇਂਦਰ ਤੇ ਦਵਾਅ ਬਣਾਇਆ ਜਾ ਸਕਦਾ ਹੈ।ਕੌਮ ਨੂੰ ਅਜਿਹੇ ਮੁੱਦਿਆਂ ਤੇ ਵੀ ਗੰਭੀਰਤਾ ਨਾਲ ਇੱਕਮੱਤ ਹੋਣ ਦੀ ਲੋੜ ਹੈ ।ਹੁਣ ਇਹ ਦੋਚਿੱਤੀ ਅਤੇ ਦੁਬਿਧਾ ਪੈਦਾ ਕਰਨਾ ਵੀ ਵਾਜਬ ਨਹੀ ਹੋਵੇਗਾ ਕਿ ਭਾਈ ਗੁਰਬਖਸ਼ ਸਿੰਘ ਨੇ ਟੈਕੀ ਤੋਂ ਛਾਲ ਮਾਰ ਕੇ ਠੀਕ ਕੀਤਾ ਹੈ ਜਾਂ ਗਲਤ।ਉਹਨਾਂ ਨੇ ਬਿਨਾ ਸ਼ੱਕ ਅਪਣੇ ਮਨ ਦਾ ਬੋਝ ਅਪਣੀ ਜਾਨ ਨਿਛਾਵਰ ਕਰਕੇ ਉਤਾਰ ਦਿੱਤਾ ਹੈ,ਹੁਣ ਫੈਸਲਾ ਕੌਂਮ ਦੇ ਹੱਥ ਹੈ ਕਿ ਉਹ ਭਾਈ ਗੁਰਬਖਸ਼ ਸਿੰਘ ਦੀ ਮੌਤ ਨੂੰ ਕਿਸ ਨਜ਼ਰੀਏ ਨਾਲ ਦੇਖ ਕੇ ਭਵਿੱਖ ਦੀ ਰਣਨੀਤੀ ਤਿਆਰ ਕਰਦੀ ਹੈ।


ਬਘੇਲ ਸਿੰਘ ਧਾਲੀਵਾਲ
99142-58142

Have something to say? Post your comment