Article

ਕਿਧਰ ਨੂੰ ਜਾ ਰਹੀ ਦੇਸ਼ ਦੀ ਰਾਜਨੀਤੀ? ਅਰੁਣ ਆਹੂਜਾ(ਫ਼ਤਹਿਗੜ ਸਾਹਿਬ)

March 22, 2018 02:54 PM

 ਕਿਧਰ ਨੂੰ ਜਾ ਰਹੀ ਦੇਸ਼ ਦੀ ਰਾਜਨੀਤੀ?   ਅਰੁਣ ਆਹੂਜਾ(ਫ਼ਤਹਿਗੜ ਸਾਹਿਬ)


ਦੇਸ਼-ਪ੍ਰਦੇਸ਼ ਨੂੰ ਚਲਾਉਣ ਵਾਲੇ ਨੇਤਾਵਾਂ ਨੂੰ ਹੋ ਰਹੀਆਂ ਹਨ ਸਜ਼ਾਵਾਂ
ਅੰਧਵਿਸ਼ਵਾਸ ਤੇ ਧਾਰਮਿਕ ਸਿਆਸਤ ਤੋਂ ਕਿਵੇਂ ਬਚਿਆ ਜਾਵੇ?
                    


    ਇਕ ਉਹ ਵੀ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਕਿਸੇ ਨੇਤਾ ਨੂੰ ਸਜ਼ਾ ਨਹੀਂ ਹੁੰਦੀ, ਪਰੰਤੂ ਅੱਜ ਦੇਸ਼ ਦੇ ਵੱਡੇ ਨੇਤਾ, ਜਿਨਾਂ ਵਿਚ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਰਹਿ ਚੁੱਕੇ ਵੱਡੇ ਸਿਆਸਤਦਾਨ ਸ਼ਾਮਲ ਹਨ, ਨੂੰ ਭ੍ਰਿਸ਼ਟਾਚਾਰ ਵਰਗੇ ਸੰਗੀਨ ਮਾਮਲਿਆਂ ਵਿਚ ਸਜ਼ਾਵਾਂ ਹੋਣੀਆਂ ਦੇਸ਼ ਵਾਸੀਆਂ ਲਈ ਗੂੜੀ ਚਿੰਤਾ ਦਾ ਵਿਸ਼ਾ ਹੈ। ਇਕ ਪਾਸੇ ਇਸ ਨੂੰ ਸਾਰਥਕ ਵੀ ਮੰਨਿਆ ਜਾ ਰਿਹਾ ਹੈ ਕਿ ਦੇਸ਼ ਦਾ ਕਾਨੂੰਨ ਵੱਡੇ ਨੇਤਾਵਾਂ ਲਈ ਵੀ ਉਨਾਂ ਹੀ ਸਖਤ ਹੈ ਜਿਨਾਂ ਆਮ ਲੋਕਾਂ ਲਈ। ਮੰਨਿਆਂ ਜਾਂਦਾ ਹੈ ਕਿ ਜੇਕਰ ਇਮਾਰਤ ਦੀ ਨੀਂਹ ਹੀ ਮਜ਼ਬੂਤ ਨਾ ਹੋਵੇ ਤਾਂ ਇਮਾਰਤ ਜ਼ਿਆਦਾ ਦੇਰ ਤੱਕ ਟਿਕੀ ਨਹੀਂ ਰਹਿ ਸਕਦੀ, ਜਿਵੇਂ ਮਨੁੱਖੀ ਸ਼ਰੀਰ ਨੂੰ ਰੀਡ ਦੀ ਹੱਡੀ ਸਿੱਧਾ ਰੱਖਦੀ ਹੈ ਉਸੇ ਤਰਾਂ ਸਿਆਸਤਦਾਨ ਵੀ ਦੇਸ਼ ਦੀ ਰੀਡ ਦੀ ਹੱਡੀ ਹਨ। ਜੇਕਰ ਦੇਸ਼ ਚਲਾਉਣ ਵਾਲੇ ਇਹ ਸਿਆਸਤਦਾਨ ਹੀ ਦੇਸ਼ ਨੂੰ ਖਾਣ ਲੱਗ ਗਏ ਤਾਂ ਦੇਸ਼ ਦੇ ਉਨਾਂ ਅਰਬਾਂ ਨਾਗਰਿਕਾਂ ਦਾ ਕੀ ਬਣੂ, ਜਿਨਾਂ ਦਾ ਇਹ ਲੀਡਰ ਹੁਣ ਤੱਕ ਪ੍ਰੇਰਣਾ ਸ੍ਰੋਤ ਬਣਦੇ ਆਏ ਸਨ। ਪਹਿਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੋਟਾਲਾ ਨੂੰ ਅਦਾਲਤ ਵੱਲੋਂ ਸਜ਼ਾ ਹੋਈ ਤੇ ਹੁਣ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਦਿਨ ਕੱਟਣੇ ਪੈ ਰਹੇ ਹਨ। ਘੁਟਾਲਾ ਵੀ ਪਸ਼ੂਆਂ ਦੇ ਚਾਰੇ ਦਾ ਉਹ ਵੀ ਕਰੋੜਾਂ ਵਿਚ। ਇਥੇ ਹੀ ਬੱਸ ਨਹੀਂ ਇਸੇ ਮਾਮਲੇ ਵਿਚ ਬਿਹਾਰ ਦੇ ਇਕ ਹੋਰ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਤੇ ਹੋਰ ਸਾਥੀਆਂ ਦਾ ਨਾਂਅ ਵੀ ਆਇਆ ਸੀ, ਜਿਨਾਂ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਫਿਲਹਾਲ ਲਾਲੂ ਪ੍ਰਸ਼ਾਦ ਯਾਦਵ ਦੀ ਸੰਪਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਉਨਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਜੇਕਰ ਗੱਲ ਕਰੀਏ ਰਾਜ ਪੱਧਰੀ ਲੀਡਰਾਂ ਦੀ ਤਾਂ ਪਤਾ ਨਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਅਜਿਹੇ ਕਿਨੇ ਕੁ ਸਿਆਸੀ ਲੀਡਰ ਹਨ ਜਿਨਾਂ ਨੂੰ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਸਜ਼ਾਵਾਂ ਹੋ ਚੁੱਕੀਆਂ ਹਨ ਤੇ ਕਈਆਂ ਦੇ ਕੇਸ ਅਦਾਲਤਾਂ ਵਿਚ ਸੁਣਵਾਈ ਅਧੀਨ ਹਨ। ਜੇਕਰ ਹੁਣ ਵੀ ਦੇਸ਼ ਦੇ ਲੀਡਰਾਂ ਨੇ ਆਪਣੇ ਨਿੱਜ਼ੀ ਹਿੱਤਾਂ ਤੋਂ ਉਪਰ ਉਠ ਕੇ ਆਪਣੇ ਆਪ ਨੂੰ ਨਾ ਬਦਲਿਆ ਤਾਂ ਆਉਣ ਵਾਲਾ ਸਮਾਂ ਦੇਸ਼ ਨੂੰ ਭ੍ਰਿਸ਼ਟਾਚਾਰ, ਨਸ਼ਾਖੋਰੀ ਤੇ ਗਰੀਬੀ ਦੇ ਘੋਰ ਹਨੇਰੇ ਵਿਚ ਡੁਬੋਣ ਵਾਲਾ ਹੀ ਆਵੇਗਾ। ਦੇਸ਼ ਅਤੇ ਪ੍ਰਦੇਸ਼ਾਂ ਦੀ ਸਿਆਸਤ ਤੇ ਵਿਰਾਜਮਾਨ ਜ਼ਿਆਦਾਤਰ ਨੇਤਾਵਾਂ ਨੇ ਆਪਣੀ ਆਮਦਨੀ ਤੋਂ ਵੱਧ ਜਾਇਦਾਦਾਂ ਬਣਾ ਕੇ ਆਪਣੇ ਆਪ ਨੂੰ ਨਹੀਂ ਬਲਕਿ ਦੇਸ਼ ਦੇ ਸਮੁੱਚੇ ਨਾਗਰਿੱਕਾਂ ਨੂੰ ਗਰੀਬੀ ਤੇ ਭ੍ਰਿਸ਼ਟਾਚਾਰ ਦੇ ਚੱਕਰ ਵਿਚ ਕੀਲ ਕੇ ਰੱਖ ਦਿੱਤਾ ਹੈ। ਇਕ ਤਾਂ ਦੇਸ਼ ਉਤੇ ਅਜਿਹੀਆਂ ਅਲਾਹਮਤਾਂ ਦਾ ਸਾਇਆ ਮੰਡਰਾ ਰਿਹਾ ਹੈ ਉਪਰੋਂ ਇਸ ਦੇਸ਼ ਦੇ ਲੀਡਰ ਲੋਕਾਂ ਨੂੰ ਧਾਰਮਿਕ ਸਿਆਸਤ ਦਾ ਸ਼ਿਕਾਰ ਬਣਾਉਂਦੇ ਆ ਰਹੇ ਹਨ। ਇਥੇ ਬੀਤੇ ਸਮੇਂ ਦੌਰਾਨ ਜਦੋਂ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਆਏ ਸੀ ਤਾਂ ਉਨਾਂ ਨੇ ਵੀ ਆਪਣੇ ਭਾਸ਼ਣ ਵਿਚ ਭਾਰਤ ਦੇ ਲੋਕਾਂ ਅਤੇ ਨੇਤਾਵਾਂ ਨੂੰ ਦੇਸ਼ ਦੀ ਅਸਲ ਤਰੱਕੀ ਲਈ ਧਾਰਮਿਕ ਰਾਜਨੀਤੀ ਅਤੇ ਜਾਤ-ਪਾਤ ਦੇ ਪੱਖਪਾਤ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਸੀ। ਬਾਕੀ ਦੇ ਮੁਲਕ ਚੰਗੀ ਤਰਾਂ ਜਾਣਦੇ ਹਨ ਕਿ ਭਾਰਤ ਵਿਚ ਅੰਧਵਿਸ਼ਵਾਸ ਦਾ ਬੋਲਬਾਲਾ ਹੈ, ਜਿਸ ਕਾਰਨ ਵਿਦੇਸ਼ੀ ਮੁਲਕ ਤਾਂ ਇਸ ਦੇਸ਼ ਦੀ ਇਸ ਕਮਜ਼ੋਰੀ ਦਾ ਲਾਭ ਉਟਾਉਂਦੇ ਹੀ ਰਹੇ ਹਨ, ਸਗੋਂ ਆਪਣੇ ਦੇਸ਼ ਦੀ ਨੇਤਾ ਵੀ ਇਸ ਕਮਜ਼ੋਰੀ ਦਾ ਲਾਭ ਉਠਾਉਣ ਤੋਂ ਪਿੱਛੇ ਨਹੀਂ ਰਹਿ ਰਹੇ। ਅੱਜ ਦੀ ਅਫਸਰਸ਼ਾਹੀ ਵੀ ਸਿਆਸੀ ਪ੍ਰਭਾਵ ਹੇਠ ਕੰਮ ਕਰਨ ਲਈ ਮਜਬੂਰ ਹੈ। ਚੰਗੇ-ਚੰਗੇ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਵੀ ਸਿਆਸੀ ਪ੍ਰਭਾਵ ਨੂੰ ਨਜ਼ਰਅੰਦਾਜ ਨਹੀਂ ਕਰ ਪਾ ਰਹੇ, ਅਜਿਹੇ ਵਿਚ ਆਮ ਇਨਸਾਨ ਨੂੰ ਇਨਸਾਫ ਮਿਲਣ ਦੀ ਆਸ ਘਟਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਤਰੱਕੀ ਨੂੰ ਲੈ ਕੇ ਵਿਦੇਸ਼ੀ ਮੁਲਕਾਂ ਦੀ ਰੀਸ ਤਾਂ ਜ਼ਰੂਰ ਕਰ ਰਿਹਾ ਹੈ ਪਰੰਤੂ ਇਸ ਗੱਲ ਦੀ ਰੀਸ ਕਿਉਂ ਨਹੀਂ ਕਰਦਾ ਕਿ ਉਨਾਂ ਮੁਲਕਾਂ ਦੀ ਤਰਾਂ ਭ੍ਰਿਸ਼ਟਾਚਾਰ, ਗਰੀਬੀ, ਨਸ਼ਾਖੋਰੀ ਤੇ ਬੇਰੁਜ਼ਗਾਰੀ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇਂ ਲਈ ਇਕਜੁੱਟ ਹੋਇਆ ਜਾਵੇ ਤੇ ਦੇਸ਼ ਦੇ ਹਰਇਕ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ।
      


ਵੱਲੋਂ- ਅਰੁਣ ਆਹੂਜਾ(ਫ਼ਤਹਿਗੜ ਸਾਹਿਬ)
        ਮੋਬਾ-80543-07793

Have something to say? Post your comment