Poem

23 ਮਾਰਚ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਸੁਨੇਹਾ // ਗੁਰਾਂਦਿੱਤਾ ਸਿੰਘ ਸੰਧੂ

March 22, 2018 05:45 PM
General

ਭਗਤ ਸਿੰਘ ਦਾ ਬੁੱਤ ਵੇਖਕੇ,
ਉਹਦੀ ਸੋਚ ਨੂੰ ਅਪਣਾਇਓ।
ਕਿਤੇ ਪੱਥਰ ਦਾ ਬੁੱਤ ਵੇਖ ਕੇ,
ਤੁਸੀ ਪੱਥਰ ਨਾ ਹੋ ਜਾਇਓ।


ਅੰਗਰੇਜ਼ਾਂ ਤੋਂ ਤਾਂ ਲਈ ਅਜ਼ਾਦੀ,
ਧਨੀਆਂ ਦੇ ਵੱਸ ਪਈ ਅਜ਼ਾਦੀ।
ਕਿਰਤੀ ਕੋਲ ਨਾਂ ਰਹੀ ਅਜ਼ਾਦੀ,
ਲੋਟੂ ਟੋਲੇ ਤੋਂ ਅਜ਼ਾਦ ਹੋਣ ਲਈ, ਲੜਨਾਂ ਪਊ ਇਕ ਵੇਰ,
ਭਗਤ ਸਿੰਘ ਬਣਨਾਂ ਪਊ, ਬਣਨਾਂ ਪਊ ਹੁਣ ਫੇਰ...


ਅਰਬਾਂ ਪਤੀ ਕਲੋਲਾਂ ਕਰਦਾ,
ਗ਼ਰੀਬਾਂ ਦਾ ਹੁਣ ਢਿੱਡ ਨੀ ਭਰਦਾ।
ਹੋ ਗਿਆ ਹਾਲ ਗੁਲਾਮਾਂ ਵਰਗਾ,
ਅੰਨਦਾਤਾ ਖੁਦਕੁਸ਼ੀਆਂ ਨਾਲ ਮਰਦਾ।
ਆਓ ਭ੍ਰਿਸ਼ਟ ਲੋਕਾਂ ਨੂੰ ਕਾਬੂ ਕਰੀਏ, ਬਣਕੇ ਅਸੀ ਦਲੇਰ,
ਭਗਤ ਸਿੰਘ ਬਣਨਾਂ ਪਊ, ਬਣਨਾਂ ਪਊ ਹੁਣ ਫੇਰ...


ਪੈਸੇ ਨਾਲ ਬਣਨ ਸਰਕਾਰਾਂ,
ਬੰਦਾ ਵਿਕ ਗਿਆ ਵਿੱਚ ਬਜ਼ਾਰਾਂ।
ਮੌਜਾਂ ਲੁੱਟੀਆਂ ਚੋਰਾਂ ਯਾਰਾਂ,
ਰਾਜ ਸਾਂਭ ਲਿਆ ਹੁਣ ਠੇਕੇਦਾਰਾਂ।
ਗਿੱਦੜਾਂ ਹੱਥ ਸ਼ਿਕਾਰ ਆ ਗਿਆ, ਮਾਰ ਗਏ ਬੱਬਰ ਸ਼ੇਰ।
ਭਗਤ ਸਿੰਘ ਬਣਨਾਂ ਪਊ, ਬਣਨਾਂ ਪਊ ਹੁਣ ਫੇਰ...


ਪਿੰਡ-ਪਿੰਡ ਮਜ਼ਮੇ ਲਾਉਂਦੇ ਬਾਬੇ,
ਅੱਖੀਂ ਘੱਟਾ ਪਾਉਂਦੇ ਬਾਬੇ।
ਗੱਲੀਂ ਸਵਰਗ ਵਿਖਾਉਂਦੇ ਬਾਬੇ,
ਸਰਕਾਰਾਂ ਦੇ ਗੁਣ ਗਾਉਂਦੇ ਬਾਬੇ।
'ਗੁਰਾਂਦਿੱਤਾ ਸਿੰਘ ਲੋਕ ਮਨਾਂ ਵਿੱਚ, ਪਾਈ ਜਾਣ ਹਨੇਰ।
ਭਗਤ ਸਿੰਘ ਬਣਨਾਂ ਪਊ, ਬਣਨਾਂ ਪਊ ਹੁਣ ਫੇਰ...


ਗੁਰਾਂਦਿੱਤਾ ਸਿੰਘ ਸੰਧੂ
ਪਿੰਡ ਸੁੱਖਣਵਾਲਾ, ਜਿਲ੍ਹਾ ਫ਼ਰੀਦਕੋਟ
ਮੋਬਾਈਲ : 98760-47435
------------------------------

Have something to say? Post your comment