Thursday, April 25, 2019
FOLLOW US ON

Article

ਸੰਤੁਸ਼ਟੀ , ਅਰਸ਼ ਸਿੱਧੂ

April 16, 2018 02:13 PM


ਸੰਤੁਸ਼ਟੀ ,   ਅਰਸ਼ ਸਿੱਧੂ

ਇੱਕ ਸ਼ਹਿਰ ਵਿੱਚ ਵੱਡਾ ਸ਼ਾਹੂਕਾਰ ਰਹਿੰਦਾ ਸੀ।ਬਹੁਤ ਵੱਡਾ ਕਾਰੋਬਾਰ ਹੋਣ ਦੇ ਬਾਵਜੂਦ ਵੀ ਉਹ ਸੰਤੁਸ਼ਟ ਨਹੀ ਸੀ। ਉਹ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹਮੇਸ਼ਾ ਚਿੰਤਤ ਰਹਿੰਦਾ ਸੀ, ਇਸੇ ਚਿੰਤਾ ਦੇ ਕਾਰਨ ਉਸ ਨੇ ਆਪਣਾ ਸੁੱਖ ਚੈਨ ਗਵਾ ਲਿਆ। ਇੱਕ ਵਾਰੀ ਉਸ ਨੇ ਨਾਲ ਵਾਲੇ ਸ਼ਹਿਰ ਵਿੱਚ ਵਪਾਰ ਕਰਨ ਦਾ ਫੈਸਲਾ ਕੀਤਾ। ਆਪਣੇ ਨਾਲ ਕੁਝ ਰੁਪਏ ਤੇ ਇੱਕ ਸਹਾਇਕ ਨੂੰ ਨਾਲ ਲੈ ਕੇ ਉਹ ਦੂਜੇ ਸ਼ਹਿਰ ਲਈ ਰਵਾਨਾ ਹੋ ਗਿਆ।
                    ਹਨੇਰਾ ਹੋਣ ਕਰਕੇ ਉਹ ਗਲਤੀ ਨਾਲ ਆਪਣਾ ਰਸਤਾ ਭਟਕ ਗਏ। ਸੁੰਨਸਾਨ ਤੇ ਅਣਜਾਣ ਇਲਾਕੇ ਵਿੱਚ ਉਹ ਰਾਤ ਕੱਟਣ ਲਈ ਟਿਕਾਣਾ ਲੱਭਣ ਲੱਗੇ। ਅਚਾਨਕ ਉਹਨਾਂ ਨੂੰ ਇੱਕ ਝੌਂਪੜੀ ਵਿੱਚ ਬੱਤੀ ਜੱਗਦੀ ਦਿਸੀ, ਉਹਨਾਂ ਨੇ ਉਧਰ ਨੂੰ ਚਾਲੇ ਪਾ ਦਿੱਤੇ ਅਤੇ ਜਾ ਕੇ ਬੂਹਾ ਖੜਕਾਇਆ। ਕੁਝ ਸਮੇਂ ਬਾਅਦ ਇੱਕ ਬੁੱਢੇ ਆਦਮੀ ਅਤੇ ਉਸ ਦੀ ਪਤਨੀ ਨੇ ਦਰਵਾਜਾ ਖੋਲਿਆ। ਕਾਰਨ ਦੱਸਣ ਦੇ ਬਾਅਦ ਉਹਨਾਂ ਨੇ ਬੜੇ ਅਦਬ ਸਤਿਕਾਰ ਨਾਲ ਸ਼ਾਹੂਕਾਰ ਤੇ ਉਸ ਦੇ ਸਹਾਇਕ ਨੂੰ ਅੰਦਰ ਬਿਠਾਇਆ। ਬੁੱਢੇ ਜੋੜੇ ਨੇ ਹੱਸਦੇ ਹੋਏ ਮਹਿਮਾਨ ਨਿਵਾਜ਼ੀ ਕੀਤੀ ਅਤੇ ਖਾਣਾ ਹਾਜ਼ਿਰ ਕੀਤਾ।
               ਸ਼ਾਹੂਕਾਰ ਹੈਰਾਨ ਸੀ ਕਿ ਮੇਰੀ ਕੋਠੀ ਵਿੱਚ ਮਹਿੰਗੀਆਂ ਸਹੂਲਤਾਂ ਦੇ ਬਾਵਜੂਦ ਵੀ ਮਾਹੌਲ ਇੰਨਾਂ ਸ਼ਾਂਤ ਅਤੇ ਖੁਸ਼ਹਾਲ ਨਹੀਂ ਹੈ ਜਿੰਨਾਂ ਕਿ ਇਸ ਨਿੱਕੀ ਜਹੀ ਕੁਟੀਆ ਵਿੱਚ ਹੈ। ਉਸ ਨੇ ਆਖਰ ਬਜ਼ੁਰਗ ਨੂੰ ਪੁੱਛਿਆ "ਬਾਬਾ, ਮੈਂ ਲੱਖਪਤੀ ਹੋਣ ਦੇ ਬਾਅਦ ਵੀ ਇੰਨਾਂ ਸੰਤੁਸ਼ਟ ਨਹੀਂ ਹਾਂ ਜਿੰਨਾਂ ਕਿ ਤੁਸੀ ਬਿਨਾਂ ਐਸ਼ੋ ਆਰਾਮ ਦੇ ਇਸ ਨਿੱਕੇ ਜਹੇ ਘਰ ਵਿੱਚ ਹੋ, ਕਿਰਪਾ ਕਰਕੇ ਕਾਰਨ ਜਰੂਰ ਦੱਸੋ"।
           ਬਜ਼ੁਰਗ ਨੇ ਬਿਨਾਂ ਜਵਾਬ ਦਿੱਤੇ ਹੱਸਦੇ ਹੋਏ ਆਪਣੀ ਪਤਨੀ ਨੂੰ ਅਵਾਜ਼ ਮਾਰੀ ਤੇ ਕਿਹਾ "ਭਾਗਵਾਨੇ, ਆਪਣੇ ਕੋਲ ਖਾਣ ਲਈ ਕਿੰਨਾਂ ਆਟਾ ਬਚਿਆ ਹੈ ? "ਬਸ ਜੀ, ਮਸਾਂ ਇੱਕ ਡੰਗ ਦਾ ਹੋਰ ਹੋਵੇਗਾ" ਬੁੱਢੀ ਔਰਤ ਨੇਂ ਠਰੰਮੇ ਨਾਲ ਜਵਾਬ ਦਿੱਤਾ। ਬਜ਼ੁਰਗ ਆਦਮੀ ਨੇ ਚਿੰਤਾ ਜਤਾਉਦੇ ਹੋਏ ਕਿਹਾ " ਹੁਣ ਫਿਰ ਕੀ ਬਣੂਗਾ, ਆਪਾਂ ਨੂੰ ਭੁੱਖੇ ਰਹਿਣਾ ਪਵੇਗਾ ? "ਤੁਸੀ ਚਿੰਤਾ ਨਾ ਕਰੋ, ਜਿਸ ਨੇ ਇਸ ਡੰਗ ਦਾ ਦਿੱਤਾ ਏ ਉਹ ਆਪੇ ਅਗਲੇ ਡੰਗ ਦਾ ਵੀ ਇੰਤਜ਼ਾਮ ਕਰੇਗਾ" ਹੱਸਦੇ ਹੋਏ ਬੁੱਢੀ ਔਰਤ ਅੰਦਰ ਚਲੇ ਗਈ।
                              ਉਸ ਬਜ਼ੁਰਗ ਨੇ ਕਿਹਾ " ਸ੍ਰੀਮਾਨ, ਸ਼ਾਇਦ ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ, ਜਿੰਨੀ ਜਿਆਦਾ ਬੰਦੇ ਦੀ ਲਾਲਸਾ ਵਧੇਗੀ, ਉਹ ਓਨਾਂ ਹੀ ਬੇਚੈੱਨ ਹੁੰਦਾ ਜਾਵੇਗਾ, ਉਸ ਦੀ ਸਾਂਤੀ ਕੋਹਾਂ ਦੂਰ ਚਲੀ ਜਾਵੇਗੀ। ਬਲਕਿ ਸਾਨੂੰ ਜਿਹੜੀ ਘੜੀ ਵਧੀਆ ਗੁਜ਼ਰ ਰਹੀ ਹੈ ਉਸ ਲਈ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ"।
ਸ਼ਾਹੂਕਾਰ ਜਵਾਬ ਸੁਣ ਕੇ ਸੰਤੁਸ਼ਟ ਹੋ ਗਿਆ।

                           :- ਅਰਸ਼ ਸਿੱਧੂ
                              ਅਲਫੂ ਕੇ (ਫਿਰੋਜ਼ਪੁਰ)
                              94642 15070

Have something to say? Post your comment