Thursday, April 25, 2019
FOLLOW US ON

Article

ਪੰਜਾਬੀ ਬੋਲੀ ਦੇ ਸਤਿਕਾਰ ਵਿੱਚ ,,, ਕਰਮਜੀਤ ਕੌਰ ( ਅੰਜੂ )

April 16, 2018 02:18 PM

ਪੰਜਾਬੀ ਬੋਲੀ ਦੇ ਸਤਿਕਾਰ ਵਿੱਚ  ,,,     ਕਰਮਜੀਤ ਕੌਰ ( ਅੰਜੂ )

                   '' ਚੰਗਾ ਭਾਈ ਰੱਬ ਖੈਰ ਕਰੇ ''


'' ਜਿਸਨੂੰ ਦੇਖੋ ਮੈਨੇ,ਤੈਨੇ ਕਰਦੇ ਫਿਰਦੇ ਨੇ,ਇਉਂ ਲੱਗਦਾ ਜਿਵੇਂ ਕਿਸੇ ਭਈਆਂ ਦੇ ਸਕੂਲ ਵਿੱਚ ਪੜ੍ਹਾ ਰਹੀ ਹੋਵਾਂ, ਜਾਓ ਪਰੇ ਮੈਂ ਨਹੀਂ ਬੋਲਣੀ ਹਿੰਦੀ ਹੁੰਦੀ ਚਾਹੇ ਜਿੰਨਾ ਮਰਜੀ ਜੋਰ ਲਗਾ ਲਵੋ।'' ਖਿਝਦੀ ਹੋਈ ਨਿੰਮੀ ਆਪਣੇ ਆਪ ਨਾਲ ਲੜਦੀ ਰਹੀ। ਬਲੈਕ ਬੋਰਡ ਤੇ ਹਿੰਦੀ ਵਿੱਚ ਲਿਖੇ ਵਿਚਾਰ ਨੂੰ ਮਿਟਾ ਕੇ ਪੰਜਾਬੀ ਵਿੱਚ ਲਿਖਦਿਆਂ ਉਸ ਨੂੰ ਇੰਝ ਲੱਗਿਆ ਜਿਵੇਂ ਉਸਨੇ ਘਰੋਂ ਕੱਢੀ ਮਾਂ ਨੂੰ ਵਾਪਸ ਘਰ ਲਿਆਂਦਾ ਹੋਵੇ। ਅਰਮਾਨਾਂ ਨੂੰ ਅੰਦਰ ਦਬਾ ਕੇ ਰੱਖਣ ਵਾਲੀ ਨਿੰਮੀ ਸਭ ਵੱਲ ਟੇਢੀ ਜਿਹੀ ਨਿਗ੍ਹਾ ਨਾਲ ਦੇਖ ਰਹੀ ਸੀ। ਅੱਜ ਉਹ ਲੜਨ ਦੇ ਮੂਡ ਵਿੱਚ ਸੀ। ਜਦੋਂ ਪੰਜਾਬੀ ਦੀ ਜੁਬਾਨ ਉੱਤੇ ਪੰਜਾਬੀ ਬੋਲੀ ਹੋਵੇ, ਭਾਵ ਮਾਂ ਕੋਲ ਹੋਵੇ ਉਦੋਂ ਤਾਂ ਬਈ ਫਿਰ.. ..  ਆਪਣੇ  ਘਰ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ ਵਾਲੀ ਗੱਲ ਹੋ ਜਾਂਦੀ ਹੈ ਫਿਰ ਇਹ ਕਦੋਂ ਕਿਸੇ ਤੋਂ ਡਰਦੇ ਨੇ। ਹਾਂ ਕਦੇ ਕਦੇ ਜਦੋਂ ਸੇਕ ਢਿੱਡ ਨੂੰ ਲੱਗਦਾ, ਕੋਈ ਮਜ਼ਬੂਰੀ ਹੋਵੇ  ਉਦੋਂ ਜਰੂਰ ਆਪਣੇ ਆਪ ਨੂੰ ਦੱਬਿਆ ਜਿਹਾ ਮਹਿਸੂਸ ਕਰਦੇ ਨੇ ਜਿਵੇਂ ਮੈਡਮ ਪਰਦੀਪ ਕਰਦੀ ਸੀ। ਵੱਡੇ ਸਾਹਿਬ ਨੂੰ ਦੇਖਦਿਆਂ ਹੀ ਉਸਦੇ ਮੱਥੇ ਤੇ ਪਸੀਨਾ ਆ ਗਿਆ ਅਖੇ, '' ਸਰ ਮੈਂ ਤੋ ਅਭੀ ਗਈ ਸੀ ਜੀ ਕੁੱਝ ਕੰਮ ਥਾ ਪੀਛੇ ਸੇ ਇਹ ਸਾਰੇ ਰੌਲਾ ਪਾਣੇ ਲੱਗ ਗਏ ਜੀ।'' ਇਵੇਂ ਲੱਗ ਰਿਹਾ ਸੀ ਜਿਵੇਂ ਮੈਡਮ ਪਰਦੀਪ ਹਿੰਦੀ ਤੇ ਪੰਜਾਬੀ ਸ਼ਬਦਾਂ ਨੂੰ ਮਿਕਸ ਕਰ ਕੇ ਅਨੇਕਤਾ ਵਿੱਚ ਏਕਤਾ ਦਾ ਪ੍ਰਚਾਰ ਕਰ ਰਹੀ ਹੋਵੇ। ਵੱਡੇ ਸਾਹਿਬ ਬਿਨਾਂ ਕੁੱਝ ਬੋਲੇ ਘੂਰੀ ਜਿਹੀ ਵੱਟ ਅੱਗੇ ਲੰਘ ਗਏ। ਥੋੜਾ ਜਿਹਾ ਗਰਾਉਂਡ ਦਾ ਗੇੜਾ ਕੱਢ ਫਿਰ ਵਾਪਿਸ ਆ ਗਏ। ਸ਼ਾਇਦ ਆਪਣੇ ਮਨ ਨੂੰ ਪੱਕਾ ਕਰ ਰਹੇ ਸੀ ਕਿ ਦੂਸਰਿਆਂ ਦੇ ਸਾਹਮਣੇ ਕਿਸੇ ਹੋਰ ਦੀ ਮਾਂ ਨੂੰ ਆਪਣੀ  ਮਾਂ ਕਿਵੇਂ ਕਹਿਣਾ ਹੈ ? ਚਲੋ ਖੈਰ ਕੁਝ ਨਾ ਕੁਝ ਸ਼ਬਦ ਤਾਂ ਉਧਾਰੇ ਮੰਗ ਹੀ ਲਏ ਉਸਨੇ ਬਿਗਾਨੀ ਮਾਂ ਤੋਂ। ਵਾਪਿਸ ਆ ਕੇ ਨਿੰਮੀ ਨੂੰ ਕਹਿਣ ਲੱਗੇ, '' ਦੇਖੋ ਮੈਡਮ ਇਨਕੋ ਖਿੱਚ ਦੋ। ਤੁਸੀਂ ਅੱਜ ਕੱਲ ਦੇ ਬੱਚਿਆਂ ਕੋ ਨਹੀਂ ਜਾਣਤੇ। ਏਕ ਤੋਂ ਇਨਕੋ ਮੂਰ੍ਹੇ ਨਾ ਬੋਲਣ ਦੋ ਜੇ ਕੋਈ ਨਹੀਂ ਪੜ੍ਹਤਾ ਤੋ ਸਿੱਧਾ ਮੇਰੇ ਪਾਸ ਰਿਪੋਰਟ ਦੋ। ਵੱਡੇ ਸਰ ਦੀ ਟੁੱਟੀ ਜਿਹੀ ਹਿੰਦੀ ਸੁਣ ਕੁਝ ਬੱਚੇ ਖਚਰੀ ਜਿਹੀ ਹਾਸੀ ਹੱਸੇ। ਵੱਡੇ ਸਰ ਨੇ ਭਾਂਪਦਿਆਂ ਹੀ ਦੋ ਤਿੰਨ ਬੱਚੇ ਖੜ੍ਹੇ ਕਰ ਲਏ, '' ਓਏ ਹਾਸ ਕਿਉਂ ਰਹੇ ਸੀ , ਤੁਮ੍ਹੇ ਨਹੀਂ ਪਤਾ ਕਲਾਸ ਮੇਂ ਕਿਵੇਂ ਬੈਠਦੇ ਨੇ? '' ਵੱਡੇ ਸਰ ਦਾ ਧਿਆਨ ਵਟਦਿਆਂ ਹੀ ਉਹਨਾਂ ਨੇ ਫਿਰ ਮੁਸਕਰਾਉਣਾ ਸ਼ੁਰੂ ਕਰ ਦਿੱਤਾ। ਇਸ ਵਾਰ ਤਾਂ ਵੱਡੇ ਸਾਹਿਬ ਸਾਰੀ ਹਿੰਦੀ ਭੁੱਲ ਗਏ,'' ਓਏ ਕੀ ਹੋਇਆ, ਨਾ ਥੋਡੇ ਤੋਂ ਪੜ੍ਹ ਨਹੀਂ ਜੇ ਹੁੰਦਾ ? ਦੇਖ ਗਾ ਕਿਵੇਂ ਦੰਦ ਕੱਢਦੇ ਨੇ ਓਏ ਕੁੱਝ ਤਾਂ ਸ਼ਰਮ ਮੰਨ ਲਿਆ ਕਰੋ ਪਤੰਦਰੋ।''  ਕਹਿੰਦਿਆਂ ਹੀ ਵੱਡੇ ਸਾਹਿਬ ਨੇ ਉਹਨਾਂ ਦੇ ਦੋ ਤਿੰਨ ਥੱਪੜ ਦੇ ਮਾਰੇ। ਥੱਪੜ ਦਾ ਖੜਾਕ ਸੁਣ ਦੂਜੇ ਵੀ ਥੋੜਾ ਲੋਟ ਜਿਹਾ ਹੋ ਕੇ ਬੈਠ ਗਏ। ਵੱਡੇ ਸਾਹਿਬ ਦੇ ਜਾਂਦਿਆਂ ਹੀ ਨਿੰਮੀ ਨੇ ਜਬਰਦਸਤੀ ਦੇ ਗਲ ਵਿੱਚ ਪਏ ਹਿੰਦੀ ਦੇ ਫਾਹੇ ਨੂੰ ਲਾਹ ਪਰੇ ਸੁੱਟ ਦਿੱਤਾ ਤੇ ਗੁਰਦਾਸ ਮਾਨ ਦੇ ਗੀਤ ਦੀਆਂ ਤੁਕਾਂ  ਮੂੰਹ ਚ ਗੁਣਗੁਣਾਉਂਦੀ ਇੱਧਰ ਉੱਧਰ ਘੁੰਮਣ ਲੱਗੀ.. .. '' ਪੰਜਾਬੀਏ ਜੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ ਨੀ……….. ..।     
      


         ਓਹੋ, ਮੈਡਮ ਜੀ ਤਾਂ ਲੱਗਦਾ ਸ਼ੁਰੂ ਹੋ ਗਈ ਭਗਤੀ ਦਾ ਡੰਡਾ ਚੁੱਕ ਬਗਾਵਤ ਤੇ ਤੁੱਲ ਆਈ, '' ਹੁਣ ਤੁਸੀਂ ਕਹੋਗੇ ਕਿ ਲੈ ਉਹਨੇ ਤਾਂ ਭਾਈ ਪੰਜਾਬੀ ਹੀ ਬੋਲੀ ਹੈ ਇਹਦੇ ਵਿੱਚ ਬਗਾਵਤ ਵਾਲੀ ਕਿਹੜੀ ਗੱਲ ਹੈ ?'' ਉਹ ਤਾਂ ਰੌਲਾ ਪਾ ਪਾ ਕਮਲੀ ਹੋ ਗਈ। ਭੀੜ ਵਿੱਚ ਖੜ੍ਹੀ ਆਪਣੇ ਭਰਾਵਾਂ ਨੂੰ ਪੁੱਛੀ ਜਾਂਦੀ ਸੀ, '' ਮਾਂ ਕਿੱਥੇ ਐ, ਮਾਂ ਕਿੱਥੇ ਐ? ਉਹ ਕਿਤੇ ਰੇਸ਼ਮੀ ਕੱਪੜੇ ਵਿੱਚ ਲਿਪਟੀ ਤ੍ਰੀਮਤੀ ਨੂੰ ਅੱਗੇ ਕਰ ਦਿੰਦੇ ਤੇ ਕਦੇ ਭੂਰੇ ਵਾਲਾਂ ਵਾਲੀ ਚਿੱਟੀ ਔਰਤ ਨੂੰ। ਉਹ ਫਿਰ ਰੌਲਾ ਪਾਉਣ ਲੱਗ ਜਾਂਦੀ। '' ਓਏ ਕਮਲਿਓ, ਇਹ ਆਪਣੀ ਮਾਂ ਕਦੋਂ ਐ, ਆਪਣੀ ਮਾਂ ਤਾਂ ਬੜੀ ਸਿੱਧੀ ਸਾਦੀ ਐ ਪੰਜਾਬੀ ਪਹਿਰਾਵੇ ਵਿੱਚ ਸਜੀ ਜਿਹੀ। ਓਦਣ ਦੀ ਉਹ ਥਾਂ ਥਾਂ ਤੇ ਜਾਂਦੀ ਐ ਕੋਈ  ਵਿੱਦਿਅਕ ਸੰਸਥਾ ਉਸਨੇ ਨਹੀਂ ਛੱਡੀ ਸਭ ਗਾਹ ਦਿੱਤੀਆਂ, '' ਭਾਈ ਇੱਥੇ ਮਾਂ ਤਾਂ ਨਹੀਂ ਆਈ ।'' ਸਭ ਨੇ ਅੱਧ ਵਾਟੇ ਹੀ ਮੋੜ ਦਿੱਤੀ।


             '' ਇਹ ਤਾਂ ਭਾਈ ਜੱਗੋਂ ਤ੍ਹੇਰਵੀਂ ਹੋ ਗਈ, ਅਖੇ ਅੱਜ ਕੱਲ ਬੱਚੇ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਦਿੰਦੇ ਨੇ.. .. ਭਾਈ ਇਹ ਤਾਂ ਹੋਣਾ ਈ ਸੀ, ਜਦੋਂ ਉਹਨਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਸੰਭਾਲ ਕੇ ਰੱਖਣ ਦਾ ਚੱਜ ਨਹੀਂ ਆਇਆ ਫਿਰ ਆਪਣੇ ਜਣਿਆਂ ਨੂੰ ਸੰਭਾਲ ਕੇ ਰੱਖਣ ਦਾ ਚੱਜ ਕਿੱਥੋਂ ਆਉਂਦਾ। ਜਦੋਂ ਘਰ ਦੇ ਹੀ ਇੰਗਲਿਸ਼ ਨੂੰ ਮੂੰਹ ਮਾਰਦੇ ਹੋਣ ਫਿਰ ਪੰਜਾਬੀ ਬੋਲੀ ਕਿਵੇਂ ਆਵੇ। ''  ਓ ਤਾਇਆ ਬਿਸ਼ਨਾ ਸਵੇਰੇ ਸਵੇਰੇ ਧੂੰਈ ਦੇ ਆਲੇ ਦੁਆਲੇ ਨਿੱਕੇ ਨਿਆਣਿਆਂ ਦੀ ਕਲਾਸ ਲਾਈ ਬੈਠਾ,'' ਅਖੇ ਚਲੋ ਬੱਚਿਓ, ਅੰਗਰੇਜੀ ਬੋਲ ਕੇ ਦਿਖਾਓ।'' ਅੰਗਰੇਜੀ ਵਿੱਚ ਹੱਥ ਟਾਈਟ ਜਿਹਾ ਹੋਣ ਕਰਕੇ ਸਾਰੇ ਬੱਚੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਤੇ ਤਾਏ ਬਿਸ਼ਨੇ ਦਾ ਛੋਟਾ ਪੋਤਾ ਸ਼ਰਮਾ ਕੇ ਜਿਹੇ ਕਹਿਣ ਲੱਗਾ,'' ਥਾਨੂੰ ਤਾਂ ਇੰਦਲਿਸ਼ ਬੋਲਣੀ ਨੀ ਆਉਂਦੀ। ਬਾਪੂ ਏ ਐਪਲ ਲਿਖ ਕੇ ਦਿਖਾਵਾਂ।'' ਉਸਦੀ ਤੋਤਲੀ ਜਿਹੀ ਗੱਲ ਸੁਣ ਤਾਏ ਬਿਸ਼ਨੇ ਦਾ ਹਾਸਾ ਨਿੱਕਲ ਗਿਆ ਤੇ ਫਿਰ ਕਹਿਣ ਲੱਗਿਆ,'' ਅੱਛਾ ਚਲ ਤੇਰੀ ਮੈਡਮ ਨੂੰ ਕਹਿ ਕੇ ਆਈਏ, ਭਾਈ ਮਹਿੰਗੇ ਸਕੂਲ ਚ ਪੜ੍ਹਾਉਣ ਦਾ ਕੀ ਫਾਇਦਾ ਜੇ ਜਵਾਕ ਨੂੰ ਅੰਗਰੇਜੀ ਹੀ ਨਾ ਬੋਲਣੀ ਆਵੇ।''
ਹੁਣ ਤਾਂ ਬਈ ਸੱਚੀਂ ਮਾਂ ਵੀ ਰੋ ਪਈ ਹੋਊ ਸੋਚਦੀ ਹੋਊ ਮਾਂ ਤਾਂ ਹਮੇਸ਼ਾ ਬੱਚਿਆਂ ਦੀ ਸੁੱਖ ਭਾਲਦੀ ਐ ਅੱਜ ਮੈਂ ਲੋਰੀਆਂ ਦੇ ਬੱਚਿਆਂ ਨੂੰ ਪਾਲ ਕੇ ਵਿਆਹਾਂ ਸ਼ਾਦੀਆਂ ਚ ਘੋੜੀਆਂ ਗਾ ਤੇ ਗਮੀ ਸਦੀ ਤੇ ਹਮਦਰਦੀ ਪ੍ਰਗਟਾਉਂਦੀਆਂ ਫਿਰ ਵੀ ਕੁਮਾਪੇ ਸ਼ਬਦ ਵਰਗਾ ਸੰਤਾਪ ਕਿਉਂ ਹੰਢਾ ਰਹੀ ਹਾਂ ਜਿਵੇਂ ਤਾਏ ਬਿਸ਼ਨੇ ਦਾ ਪੁੱਤਰ ਹੰਢਾ ਰਿਹਾ ਸੀ। ਹੁਸ਼ਿਆਰ ਤਾਂ ਉਹ ਬਹੁਤ ਸੀ ਪਰ ਅੰਗਰੇਜ਼ੀ ਬਹੁਤੀ ਨਾ ਆਉਣ ਕਾਰਨ ਨੌਕਰੀ ਲਈ ਵਿੱਦਿਅਕ ਸੰਸਥਾਵਾਂ ਦੇ ਚੱਕਰ ਕੱਢਦਾ ਰਿਹਾ, ਅੱਗੋਂ ਅਫ਼ਸਰਾਂ ਦੀ ਅੰਗਰੇਜੀ ਵਿੱਚ ਕੀਤੀ ਗਿੱਟ-ਪਿੱਟ ਦਾ ਜਵਾਬ ਨਾ ਦੇਣ ਕਾਰਨ ਆਪਣੇ ਅੰਦਰ ਕੁੱਝ ਟੁੱਟਦਾ ਜਿਹਾ ਮਹਿਸੂਸ ਕਰਦਾ ਜੇ ਤਰਲਾ ਮਾਰ ਕੇ ਉਸਨੂੰ ਨੌਕਰੀ ਮਿਲ ਵੀ ਗਈ ਤਾਂ ਹਿੰਦੀ ਨਾਲ ਉਸਦੀ ਬਹੁਤੀ ਨਾ ਬਣੀ ਆਖਿਰ ਸਾਰੀ ਕੀਤੀ ਪੜ੍ਹਾਈ ਖੂਹ ਖਾਤੇ ਪਾ ਵਾਪਿਸ ਆ ਕੇ ਪਿੰਡ ਵਾਲੇ ਖੇਤ ਵਿੱਚ ਬਾਪੂ ਨਾਲ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਖੇਤਾਂ ਦੀ ਖੁੱਲੀ ਹਵਾ ਉਸਨੂੰ ਅੰਗਰੇਜ਼ੀ ਹਿੰਦੀ ਦੇ ਕੈਦਖਾਨੇ ਨਾਲੋਂ ਕਿਤੇ ਵਧੀਆ ਲੱਗਦੀ।


         ਮਾਂ ਬੋਲੀ ਪੰਜਾਬੀ ਗਮੀ-ਸਦੀ ਤੇ ਵਿਆਹ ਸ਼ਾਦੀ ਵਰਗੇ ਖੁਸ਼ੀ ਭਰੇ ਮੌਕੇ ਤੇ ਆਪਣੀ ਹਾਜ਼ਰੀ ਲਵਾਉਂਦੀ ਹੈ।  ਹਾਂ ਸੱਚ ਬਈ  ਵਿਆਹ-ਸ਼ਾਦੀਆਂ ਤੋਂ ਗੱਲ ਯਾਦ ਆ ਗਈ, ਬੇਬੇ ਤੇਜ ਕੁਰ ਅੱਜ ਸਵੇਰੇ-ਸਵੇਰੇ ਵਿਆਹ ਦੇ ਦੋ ਤਿੰਨ ਕਾਰਡ ਚੱਕੀ ਆਵੇ ਮੈਨੂੰ ਕਹਿੰਦੀ,'' ਲੈ ਨੀ ਕੁੜੀਏ ਪੜ੍ਹੀਂ ਕੇਰਾਂ ਏ ਅੰਗਰੇਜੀ ਕਿਹੜਾ ਅੱਗ ਲੱਗਣੀ ਸਮਝ ਆਉਂਦੀ ਐ।'' '' ਜਣਾ-ਖਣਾ ਅੰਗਰੇਜੀ ਵਿੱਚ ਕਾਰਡ ਛਪਵਾ ਕੇ ਭੇਜ ਦਿੰਦੈ, ਏ ਤਾਂ ਉਹ ਗੱਲ ਹੋਈ ਬਈ ਮਾਂ ਲੋਰੀਆਂ ਦੇਕੇ ਪੁੱਤ ਧੀਆਂ ਨੂੰ ਵੱਡੇ ਕਰੇ ਤੇ ਫਿਰ  ਵਿਆਹ-ਸ਼ਾਦੀਆਂ ਦੇ ਸ਼ੁਭ ਮੌਕਿਆਂ ਤੇ ਇਹੀ ਬੱਚੇ ਮਾਂ ਨੂੰ ਪਿੱਠ ਦਿਖਾ ਦੇਣ ਅਖੇ ਮਾਂ ਤੂੰ ਸਾਹਮਣੇ ਨਾ ਆਈਂ ਸਾਡੀ-ਹਾਈ ਫਾਈ ਸੁਸਾਇਟੀ ਵਾਲੇ ਲੋਕ ਕੀ ਕਹਿਣਗੇ।''
'' ਓ ਇੰਗਲਿਸ਼ ਬੋਲਣ ਵਾਲਿਓ ਗੁੱਸਾ ਕਰਨ ਦੀ ਲੋੜ ਨਹੀਂ ਐ ਜੇ ਸਾਡਾ ਬੱਚਾ ਸਾਰਾ ਦਿਨ ਅੰਗਰੇਜੀ ਹਿੰਦੀ ਬੋਲਣ ਵਾਲੇ ਬੱਚਿਆਂ ਨਾਲ ਗਿਟਰ-ਪਿਟਰ ਕਰਦਾ ਰਹਿੰਦਾ, ਸਾਰਾ ਦਿਨ ਖੇਡਦਾ ਰਹਿੰਦਾ.. .. ਫਿਰ ਇਸਦਾ ਮਤਲਬ ਇਹ ਤਾਂ ਨਹੀਂ ਕਿ ਉਹ ਘਰ ਦਾ ਰਾਹ ਭੁੱਲ ਜੇ.. ..।''


          '' ਇਹ ਤਾਂ ਭਾਈ ਸਾਡੇ ਪੰਘੂੜੇ ਦੀ ਭਾਸ਼ਾ ਐ ਪਾਣੀ ਤਾਂ ਅਸੀਂ ਮਾਂ ਤੋਂ ਇਸੇ ਜ਼ੁਬਾਣ ਚ ਈ ਮੰਗਦੇ ਆਂ, ਚਾਹੇ ਕੋਈ ਕਿੰਨੀ ਵੀ ਵਾਹ ਲਾ ਲਵੇ ਸਾਰਾ ਦਿਨ ਕੰਮ ਧੰਦੇ ਤੋਂ ਥੱਕਿਆ ਟੁੱਟਿਆ ਬੰਦਾ ਸੌਂਦਾ ਤਾਂ ਘਰ ਆ ਕੇ ਮਾਂ ਦੀ ਗੋਦ ਚ ਈ ਐ .. .., ਤੇ ਨਾਲੇ ਜਦੋਂ ਗਿਆਰਵੇਂ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸਾਡੇ ਨਾਲ ਨੇ ਤਾਂ ਪੰਜਾਬੀਆਂ ਦੀ ਪੰਜਾਬੀ ਨੂੰ ਕੋਈ ਢਾਹ ਨਹੀਂ ਲਾ ਸਕਦਾ.. .. .. ਚੰਗਾ ਫਿਰ ਪੰਜਾਬੀ ਚ ਰੱਬ ਖੈਰ ਕਰੇ ਤੇ ਸਭ ਦੀ ਕਾਟੋ ਫੁੱਲਾਂ ਤੇ ਖੇਡਦੀ ਰਹੇ.. .. ..।''
                                       ਅਲਵਿਦਾ
                                                                  
                                                               ਕਰਮਜੀਤ ਕੌਰ ( ਅੰਜੂ )
                                                                      ਮਾਨਸਾ
                                                                 7009923030

Have something to say? Post your comment