Poem

..ਚਿੜੀਆਂ........ ਖੁਸ਼ੀ ਮੁਹੰਮਦ "ਚੱਠਾ"

April 17, 2018 01:30 PM
General

ਚੀਂ-ਚੀਂ-ਚੀਂ ਸੀ, ਗਾਉਂਦੀਆਂ ਚਿੜੀਆਂ
ਸੁੱਤਿਆਂ ਸੁਬਹ ਜਗਾਉਂਦੀਆਂ ਚਿੜੀਆਂ
ਮਨ ਨੂੰ ਖੁਸ਼ੀ ਦਿਵਾਉਂਦੀਆਂ ਚਿੜੀਆਂ
ਸੱਭ ਦੇ ਮਨ ਸੀ ਭਾਉਂਦੀਆਂ ਚਿੜੀਆਂ
ਉੱਜੜ ਗਈਆਂ, ਕੁੱਝ ਮਰ ਮੁੱਕ ਗਈਆਂ
ਕੁੱਝ ਪਈਆਂ ਨੇ ਸਹਿਕਦੀਆਂ......
ਤਾਹੀਓਂ ਸਾਡੇ ਵਿਹੜੇ ਦੇ ਵਿੱਚ
ਹੁਣ ਨਹੀਂ ਚਿੜੀਆਂ ਚਹਿਕਦੀਆਂ......

ਕੱਚੇ ਘਰ ਦੇ ਬਾਲਿਆਂ ਵਿੱਚ ਸੀ
ਆਲ੍ਹਣੇ ਪਾ-ਪਾ ਰਹਿੰਦੀਆਂ ਚਿੜੀਆਂ
ਕਦੀ ਵਿਹੜੇ ਵਿੱਚ, ਕਦੀ ਬਨੇਰੇ
ਉੱਤੇ ਉੱਡ-ਉੱਡ, ਬਹਿੰਦੀਆਂ ਚਿੜੀਆਂ
ਪੱਕਿਆਂ ਘਰਾਂ ਨੇ ਖੋਹ ਲਿਆ ਇਹ ਸੱਭ
ਬਸ ਯਾਦਾਂ ਹੀ ਮਹਿਕਦੀਆਂ......
ਤਾਹੀਓਂ ਸਾਡੇ ਵਿਹੜੇ ਦੇ ਵਿੱਚ
ਹੁਣ ਨਹੀਂ ਚਿੜੀਆਂ ਚਹਿਕਦੀਆਂ......

ਯਾਦ ਆਉਂਦਾ ਉਹ ਸਮਾਂ ਪੁਰਾਣਾ
ਵਿਹੜੇ ਵਿੱਚ ਬਹਿ, ਰੋਟੀ ਖਾਣਾਂ
ਚਿੜੀਆਂ ਚੀਂ-ਚੀਂ, ਚੀਂ-ਚੀਂ ਲਾਉਣਾ
ਤੋੜ ਬੁਰਕੀਆਂ, ਚਿੜੀਆਂ ਪਾਉਣਾ
ਰੋਟੀ ਚੁਗ ਚੁਗ, ਉੱਡ-ਉੱਡ ਜਾਵਣ
ਵਿੱਚ ਖੁਸ਼ੀ ਦੇ ਚਹਿਕਦੀਆਂ......
ਲੇਕਿਨ ਸਾਡੇ ਵਿਹੜੇ ਦੇ ਵਿੱਚ
ਹੁਣ ਨਹੀਂ ਚਿੜੀਆਂ ਚਹਿਕਦੀਆਂ......

ਕੈਸਾ ਵਿਗਿਆਨੀ ਯੁਗ ਆਇਆ
ਜਲਵਾਯੂ ਵਿੱਚ ਜ਼ਹਿਰ ਫੈਲਾਇਆ
ਉੱਨਤੀ ਦੇ ਨਾਂਅ ਤੇ ਮਾਨਵ ਨੇ
ਬਹੁਤਾ ਖੋਇਆ, ਥੋੜ੍ਹਾ ਪਾਇਆ
ਜੀਵ ਪਰਿੰਦਿਆਂ ਲਈ ਸਰਕਾਰਾਂ,
ਵੀ ਨਹੀਂ ਕੁੱਝ ਵੀ ਸੋਚਦੀਆਂ......
ਤਾਹੀਓਂ ਸਾਡੇ ਵਿਹੜੇ ਦੇ ਵਿੱਚ
ਹੁਣ ਨਹੀਂ ਚਿੜੀਆਂ ਚਹਿਕਦੀਆਂ......

ਸੋਚਣ ਵਾਲੀ ਗੱਲ ਇਹ ਲੋਕੋ
ਲੱਭੀਏ ਕੋਈ ਹੱਲ ਓਹ ਲੋਕੋ
ਇਹ ਮਾਰੂ ਵਿਗਿਆਨੀ ਖੋਜਾਂ,
ਨੂੰ ਕੁੱਝ ਪਾਈਏ ਠੱਲ੍ਹ ਓਹ ਲੋਕੋ
"ਦੂਹੜਿਆਂ ਵਾਲਿਆ" ਜੀਵ ਪਰਿੰਦਿਆਂ
ਨਾਲ ਹੀ ਕੁਦਰਤਾਂ ਮਹਿਕਦੀਆਂ......
ਤਾਹੀਓਂ ਸਾਡੇ ਵਿਹੜੇ ਦੇ ਵਿੱਚ
ਹੁਣ ਨਹੀਂ ਚਿੜੀਆਂ ਚਹਿਕਦੀਆਂ......


ਖੁਸ਼ੀ ਮੁਹੰਮਦ "ਚੱਠਾ"
ਮੋਬਾ./(ਵਟਸਐਪ): 97790-25356

Have something to say? Post your comment