Poem

ਜੀਵਨ ਚੱਕਰ ,,ਖੁਸ਼ੀ ਮੁਹੰਮਦ "ਚੱਠਾ"

April 20, 2018 04:13 PM

ਦੀਵੇ ਦੀ ਲੋਅ ਹੌਲੀ ਹੌਲੀ, ਘਟਦੀ ਮੱਧਮ ਪੈ ਗਈ ਏ
ਮੁੱਕਦਾ ਜਾਂਦਾ ਤੇਲ ਦੀਵੇ ਦਾ, ਪਤਾ ਨਹੀਂ ਕਦ ਬੁਝ ਜਾਣਾਂ


ਬਸ ਦੋ ਦਿਨ ਦਾ ਰੋਣਾ ਧੋਣਾ, ਲੋਕ ਦਿਖਾਵਾ ਕਰ ਲੈਣਾ
ਸੱਭਨਾਂ ਨੇ ਫਿਰ ਆਪੋ ਆਪਣੇ, ਕੰਮਾਂ ਦੇ ਵਿੱਚ ਰੁੱਝ ਜਾਣਾਂ


ਨਾਲ ਦਮਾਂ ਦੇ ਕਾਹਦੀ ਯਾਰੀ, ਦਮ ਦਾ ਕੋਈ ਭਰੋਸਾ ਨਹੀਂ
ਜਪ ਲੈ ਨਾਮ ਸਾਈਂ ਦਾ ਉਸ ਬਿਨ, ਨਾਲ ਤੇਰੇ ਨਹੀਂ ਕੁੱਝ ਜਾਣਾਂ


ਜ਼ਿੰਦਗੀ ਤੇਰੀ, ਤੇਰੀ ਹੀ ਹੈ, ਜੀਉ ਲੈ ਜਿੱਦਾਂ ਚਾਹੁੰਨੈ ਤੂੰ
ਦੁਨੀਆ ਕਹਿੰਦੀ ਰਹਿਣੀ ਪਰ, ਨਹੀਂ ਹੋਰ ਕਿਸੇ ਦਾ ਕੁੱਝ ਜਾਣਾਂ


ਅੰਦਰੋਂ ਭਾਵੇਂ ਲੱਖ ਹੈਂ ਟੁੱਟਿਆ, ਪਰ ਉੱਪਰੋਂ ਤੂੰ ਰਹੀਂ ਹੱਸਦਾ
ਨਹੀਂ ਤਾਂ ਤੇਰੀ ਕਮਜ਼ੋਰੀ 'ਤੇ, ਲੋਕਾਂ ਕੁੱਝ ਨਾ ਕੁੱਝ ਕਹਿਣਾ


ਵੇਖ ਮੁਸ਼ਕਿਲਾਂ ਰੁਕ ਨਾ ਜਾਵੀਂ, ਮੰਜ਼ਿਲ ਤੇਰੀ ਦੂਰ "ਖੁਸ਼ੀ"
ਕਦਮ-ਕਦਮ ਤੂੰ ਵਧਦਾ ਜਾਵੀਂ, ਇੱਕ ਨਾ ਇੱਕ ਦਿਨ ਪੁੱਜ ਜਾਣਾਂ...

 


ਖੁਸ਼ੀ ਮੁਹੰਮਦ "ਚੱਠਾ"
ਪਿੰਡ ਤੇ ਡਾ.  - ਦੂਹੜੇ (ਜਲੰਧਰ)
ਮੋਬਾ/ਵਟਸਐਪ: 97790-25356

Have something to say? Post your comment