Poem

ਤੂੰ ਨੇਤਾ ਬਣਨਾ ਚਾਹੁੰਦੀ ਏ/ ਪੰਜਾਬੀ ਡਿਊਟ ਗੀਤ ,, ਪਰਸ਼ੋਤਮ ਲਾਲ ਸਰੋਏ

April 20, 2018 04:36 PM

ਮੁੰਡਾ :-ਗੱਲ ਸੁਣ ਬਿੱਟੂ ਦੀ ਮੰਮੀ ਨੀ, ਕਿਉਂ ਕਰਦੀ ਗੱਲ ਨਿਕੰਮੀ ਨੀ,
ਨਾ ਸਕਾ ਇਹਨਾਂ ਦਾ ਬਾਪ ਕੋਈ, ਪਿਓ ਨਾਲ ਵੀ ਖੇਡਣ ਡੰਮੀ ਨੀ,
ਲੋਕੀ ਵੀ ਮੂੰਹ 'ਤੇ ਥੁੱਕਦੇ ਨੇ, ਇਹ ਕੰਮ ਕਰਦੇ ਨੇ ਮਾੜੇ..
ਤੂੰ ਨੇਤਾ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ..
ਤੂੰ ਲੀਡਰ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ--ਅ।


ਪਤਨੀ :-ਤੂੰ ਕਰਦਾ ਗੱਲ ਅਵੱਲੀ ਵੇ, ਹੋਈ ਸਾਰੀ ਦੁਨੀਆਂ ਝੱਲੀ ਵੇ,
ਫਾਰਮ ਜੇਠਾਣੀ ਭਰ ਆਈ, ਨਾ ਆਖਾਂ ਮੈਂ ਗੱਲ ਕੱਲੀ ਵੇ,
ਵਾਂਗ ਭੇਡਾਂ-ਬੱਕਰੀਆਂ ਦੇ ਲੋਕੀ, ਪਿੱਛੇ ਲੱਗ ਤੁਰਦੇ ਸਾਰੇ..
ਆ ਜਾਂਦੀ ਕੁਰਸੀ ਥੱਲੇ ਵੇ, ਫਿਰ ਆਉਂਦੇ ਖ਼ੂਬ ਨਜ਼ਾਰੇ।
ਜਦ ਆਉਂਦੀ ਕੁਰਸੀ ਥੱਲੇ ਵੇ, ਆਉਂਦੇ ਨੇ ਬੜੇ ਨਜ਼ਾਰੇ--ਅ।


ਪਤੀ:-   ਚਾਰ ਕੁ ਨਾਲ ਇਹ ਚਮਚੇ ਲੈਂਦੇ, ਸੇਵਕ ਹਾਂ ਹੱਥ ਜੋੜ ਕੇ ਕਹਿੰਦੇ,
ਭਿਖ ਮੰਗਿਆਂ ਦੀ ਜਾਤ ਕਮੀਨੀ, ਲੋਕਾਂ ਨਾਲ ਈ ਪੰਗੇ ਲੈਂਦੇ,
ਇਨਾਂ ਕਰਕੇ ਹੀ ਕਈ ਲੋਕਾਂ ਦੇ, ਜਾਂਦੇ ਘਰ ਉਜਾੜੇ..
ਤੂੰ ਨੇਤਾ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ..
ਤੂੰ ਲੀਡਰ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ--ਅ।


ਪਤਨੀ:-ਸਾਹਬ ਜੀ-ਸਾਹਬ ਜੀ ਲੋਕੀ ਕਹਿੰਦੇ, ਚਰਨਾਂ ਦੇ ਵਿੱਚ ਜੁੜਕੇ ਬਹਿੰਦੇ,
ਫ਼ੋਕਾ ਜਿਹਾ ਜੇ ਦਬਕਾ ਮਾਰੋ, ਮੁਹਰੇ ਰਤਾ ਨਾ ਸ਼ੂੰ ਵੀ ਕਹਿੰਦੇ,
ਨੇਤਾ ਕੇਵਲ ਮਾਲਕ ਹੁੰਦੇ, ਬਾਕੀ ਸਭ ਬੇਚਾਰੇ..
ਆ ਜਾਂਦੀ ਕੁਰਸੀ ਥੱਲੇ ਵੇ, ਫਿਰ ਆਉਂਦੇ ਖ਼ੂਬ ਨਜ਼ਾਰੇ।
ਜਦ ਆਉਂਦੀ ਕੁਰਸੀ ਥੱਲੇ ਵੇ, ਆਉਂਦੇ ਨੇ ਬੜੇ ਨਜ਼ਾਰੇ--ਅ।


ਪਤੀ:-   ਮੂੰਹ 'ਤੇ ਭਾਵੇਂ ਸਾਹਬ ਕਹਿੰਦੇ, ਇੱਜ਼ਤ ਭੋਰਾ ਨਾ ਕਰਦੇ,
ਅਣਖ ਪਿਆਰੀ ਵਾਲੇ ਕੇਵਲ, ਸੱਚ ਦਾ ਪਾਣੀ ਭਰਦੇ,
ਪਰਸ਼ੋਤਮ ਨੇ ਬੜੇ ਇਨਾਂ ਦੇ, ਭਿਉਂ-ਭਿਉਂ ਛਿੱਤਰ ਮਾਰੇ..
ਤੂੰ ਨੇਤਾ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ..
ਤੂੰ ਲੀਡਰ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ--ਅ।


ਪਤਨੀ:-ਬਿਨਾਂ ਪੀਤਿਆਂ ਲੋਰ ਆ ਜਾਂਦੀ, ਹੱਥ ਕਾਨੂੰਨ ਦੀ ਡੋਰ ਆ ਜਾਂਦੀ,
ਚੜਦਾ ਚੰਨ ਜਦ ਚੌਧਰ ਵਾਲਾ, ਆਪੇ ਨਾਲ ਚਕੋਰ ਆ ਜਾਂਦੀ,
ਕੇਸ ਰਫ਼ਾ-ਦਫ਼ਾ ਹੁੰਦੇ ਨੇ, ਚਾਹੇ ਹੋਣ ਮੁਕੱਦਮੇਂ ਭਾਰੇ..
ਆ ਜਾਂਦੀ ਕੁਰਸੀ ਥੱਲੇ ਵੇ, ਫਿਰ ਆਉਂਦੇ ਖ਼ੂਬ ਨਜ਼ਾਰੇ।
ਜਦ ਆਉਂਦੀ ਕੁਰਸੀ ਥੱਲੇ ਵੇ, ਆਉਂਦੇ ਨੇ ਬੜੇ ਨਜ਼ਾਰੇ--ਅ।


ਪਰਸ਼ੋਤਮ ਲਾਲ ਸਰੋਏ, ਮੋਬਾ: 91-92175-44348

Have something to say? Post your comment