Article

'ਵਿਰਸੇ ਦਾ ਵਾਰਿਸ' ਖਿਤਾਬ ਨਾਲ ਨਿਵਾਜਿਆ - ਜਸਵੀਰ ਸ਼ਰਮਾਂ ਦੱਦਾਹੂਰ

April 23, 2018 12:14 AM

ਬਠਿੰਡਾ (ਗੁਰਬਾਜ ਗਿੱਲ) –ਪੁਰਾਤਨ ਵਿਰਸੇ ਸਬੰਧੀ ਤਿੰਨ ਕਿਤਾਬਾਂ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਪਾਠਕਾਂ ਦੀ ਝੋਲੀ ਪਾਉਣ ਤੋਂ ਬਾਅਦ ਹੁਣ ਉਹਨਾਂ ਦੀ ਚੌਥੀ ਕਿਤਾਬ 'ਵਿਰਸੇ ਦੀਆਂ ਅਣਮੁੱਲੀਆਂ ਯਾਦਾਂ' ਜਲਦੀ ਹੀ ਪਾਠਕਾਂ ਦੀ ਝੋਲੀ ਪੈਣ ਵਾਲੀ ਹੈ। ਇਨ੍ਹਾਂ ਕਿਤਾਬਾਂ ਨੂੰ ਲਿਖ ਕੇ ਸੀਮਿਤ ਸਮੇਂ ਵਿੱਚ ਹੀ ਜਸਵੀਰ ਸਰਮਾਂ ਦੱਦਾਹੂਰ ਨੇ ਪੰਜਾਬੀ ਸਾਹਿਤ ਵਿੱਚ ਨਵੇਂ ਦਿਸਹੱਦੇ ਕਾਇਮ ਕਰ ਲਏ ਹਨ। ਉਹਨਾਂ ਦੀ ਲਿਖਣੀ ਤੋਂ ਪ੍ਰਭਾਵਿਤ ਹੋ ਕੇ ਸਾਹਿਤ ਸਭਾ ਚੀਮਾ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਆਪਣੀ ਸੰਸਥਾ ਵਲੋਂ ਜਸਵੀਰ ਸ਼ਰਮਾਂ ਦੱਦਾਹੂਰ ਨੂੰ ਵਿਰਸੇ ਦੇ ਵਾਰਿਸ ਖਿਤਾਬ ਨਾਲ ਨਿਵਾਜਿਆ ਹੈ। ਉਹਨਾਂ ਨੇ ਇਹ ਖਿਤਾਬ ਬੀਤੀ 15 ਅਪ੍ਰੈਲ ਨੂੰ ਬਾਬਾ ਸੋਨੀ ਸੇਵਾ ਆਸ਼ਰਮ ਵਲੋਂ ਕਰਾਈਆਂ ਜਾਣ ਵਾਲੀਆਂ ਸਮੂਹਿਕ ਸ਼ਾਦੀਆਂ ਵਾਲੇ ਦਿਨ ਉਸੇ ਪੰਡਾਲ ਵਿੱਚ ਹੀ ਜਸਵੀਰ ਸ਼ਰਮਾਂ ਜੀ ਦੀ ਝੋਲੀ ਪਾਇਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਤਕਾਰ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਸ਼ਰਮਾਂ ਜੀ ਦੀਆਂ ਲਿਖਤਾਂ ਜਿਥੇ ਨਾਮੀ ਗਰਾਮੀ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ, ਉਥੇ ਸ਼ੋਸਲ ਮੀਡੀਏ ਤੇ ਵੀ ਇਨ੍ਹਾਂ ਦੀਆਂ ਰਚਨਾਵਾਂ ਛਾਈਆਂ ਹੋਈਆਂ ਹਨ। ਸਾਡੀ ਸਾਹਿਤ ਸਭਾ ਵਲੋਂ ਇਨ੍ਰਾਂ ਦੀਆਂ ਰਚਨਾਵਾਂ ਨੂੰ ਪੜ੍ਹਕੇ ਹੀ ਇਨ੍ਹਾਂ ਨੂੰ ਉਕਤ ਖਿਤਾਬ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਜ ਨੂੰ ਸਿਰੇ ਲਾਉਣ ਵਿੱਚ ਭਗਤ ਪੂਰਨ ਸਿੰਘ ਸਮਾਜ ਸੇਵੀ ਸੰਸਥਾ ਕੋਟ ਈਸੇ ਖਾਂ ਦਾ ਵੀ ਭਰਪੂਰ ਸਹਿਯੋਗ ਅਤੇ ਸਮਰਥਨ ਰਿਹਾ ਹੈ। ਖਿਤਾਬ ਮਿਲਣ ਤੋਂ ਬਾਅਦ ਉਹਨਾਂ ਨੂੰ ਬਾਬਾ ਬਲਵਿੰਦਰ ਸਿੰਘ ਚਾਹਲ ਅੰਮ੍ਰਿਤਸਰ ਵਾਲਿਆਂ ਨੇ ਵੀ ਵਧਾਈਆਂ ਦਿਤੀਆਂ ਅਤੇ ਕਿਹਾ ਕਿ ਅਜਿਹੇ ਖਿਤਾਬ ਵਿਰਲੇ ਲੇਖਕਾਂ ਦੇ ਹਿੱਸੇ ਹੀ ਆਉਂਦੇ ਹਨ। ਬਾਬਾ ਸੋਨੀ ਨੇ ਕਿਹਾ ਕਿ ਜਿਥੇ ਸ਼ਰਮਾਂ ਜੀ ਬਹੁਤ ਵਧੀਆ ਇਨਸਾਨ ਹਨ, ਉਥੇ ਵਿਰਸੇ ਵਰਗੇ ਪੁਰਾਤਨ ਅਤੇ ਔਖੇ ਵਿਸੇ ਤੇ ਲਿਖਣ ਵਾਲੇ ਮਹਾਨ ਲੇਖਕ ਵੀ ਬਣ ਚੁੱਕੇ ਹਨ। ਪੱਤਰਕਾਰਾਂ ਵਲੋਂ ਇਸ ਸਬੰਧ ਵਿੱਚ ਜਦੋਂ ਜਸਵੀਰ ਸ਼ਰਮਾਂ ਦੇ ਵਿਚਾਰ ਜਾਨਣੇ ਚਾਹੇ ਤਾਂ ਉਹਨਾਂ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ ਸਗੋਂ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਸਮੁੱਚੇ ਸਾਹਿਤਕਾਰਾਂ ਦਾ ਸਨਮਾਨ ਹੈ, ਜਿਨ੍ਹਾਂ ਨੇ ਮੈਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਵਿਰਸਾ ਲੇਖਣੀ ਨੂੰ ਸਮਰਪਿਤ ਰਹਾਂਗਾ। ਉਹਨਾਂ ਨੇ ਸਾਹਿਤ ਸਭਾ ਚੀਮਾ ਅਤੇ ਭਗਤ ਪੂਰਨ ਸਿੰਘ ਸਮਾਜ ਸੇਵੀ ਸੰਸਥਾ ਤੋਂ ਇਲਾਵਾ ਸੋਨੀ ਸੇਵਾ ਆਸ਼ਰਮ ਅਤੇ ਇਲਾਕੇ ਭਰ ਦੇ ਸਾਹਿਤਕਾਰਾਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਮਸਹੂਰ ਲੇਖਕ ਪ੍ਰਗਟ ਸਿੰਘ ਜੰਬਰ, ਰਾਜਵਿੰਦਰ ਸਿੰਘ ਰਾਜਾ, ਹਰਬੰਸ ਸਿੰਘ ਗਰੀਬ, ਲਾਲ ਚੰਦ ਰੁਪਾਣਾ ਅਤੇ ਜਗਤਾਰ ਸਿੰਘ ਰੁਪਾਣਾ ਆਦਿ ਵੀ ਹਾਜ਼ਰ ਸਨ।

Have something to say? Post your comment