Poem

ਇਹ ਕੇਹਾ ਹਾਕਮ ਹੈ /ਮਹਿੰਦਰ ਸਿੰਘ ਮਾਨ

May 06, 2018 06:34 PM
General

ਇਹ ਕੇਹਾ ਹਾਕਮ ਹੈ
ਇਹ ਕੇਹਾ ਹਾਕਮ ਹੈ ਯਾਰੋ
ਜੋ ਆਪਣੀ ਗੱਲ ਦੱਸਣ ਲਈ
ਕਦੇ ਬਦੇਸ਼ਾਂ ਨੂੰ ਜਾਵੇ
ਕਦੇ ਦੇਸ਼ ਦੇ ਵੱਖ ਵੱਖ
ਸ਼ਹਿਰਾਂ ਨੂੰ ਜਾਵੇ
ਜਿਸ ਨੂੰ ਆਪਣਾ
ਹਰ ਗਲਤ ਫੈਸਲਾ ਵੀ ਸਹੀ ਲੱਗੇ
ਤੇ ਜਿਸ ਨੂੰ ਜਦ ਲੋਕ
ਇਹ ਦੱਸਣ ਲੱਗਦੇ ਨੇ
ਕਿ ਮਹਿੰਗਾਈ ਨੇ
ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ
ਇਕ ਜ਼ਾਤ ਦੇ ਲੋਕ
ਦੂਜੀ ਜ਼ਾਤ ਦੇ ਲੋਕਾਂ ਦੀ ਜਾਨ ਦੇ
 ਦੁਸ਼ਮਣ ਬਣ ਗਏ ਨੇ
ਛੋਟੀਆਂ ਛੋਟੀਆਂ ਬੱਚੀਆਂ ਨਾਲ
ਦਿਨ ਦਿਹਾੜੇ
ਬਲਾਤਕਾਰ ਹੋ ਰਹੇ ਨੇ
ਸਮਾਜ ਨੂੰ ਸੇਧ ਦੇਣ ਵਾਲੇ
ਪੁਰਸ਼ਾਂ ਦੇ ਬੁੱਤ ਤੋੜੇ ਜਾ ਰਹੇ ਨੇ
ਧਾਰਮਿਕ ਗ੍ਰੰਥਾਂ ਦੀ
ਬੇਅਦਬੀ ਹੋ ਰਹੀ ਹੈ
ਗੁਆਂਢੀ ਦੇਸ਼ ਦੇ ਸੈਨਿਕ
ਹਰ ਰੋਜ਼
ਆਪਣੇ ਦੇਸ਼ ਦੇ ਸੈਨਿਕਾਂ ਨੂੰ
ਸ਼ਹੀਦ ਕਰ ਰਹੇ ਨੇ
ਤਾਂ ਉਹ ਆਪਣੇ ਕੰਨ
ਬੰਦ ਕਰ ਲੈਂਦਾ ਹੈ
ਤੇ ਕੁਝ ਵੀ ਨਾ ਸੁਣਨ ਦਾ
ਬਹਾਨਾ ਕਰਦਾ ਹੈ
ਫਿਰ ਤੁਸੀਂ ਹੀ ਦੱਸੋ ਯਾਰੋ
ਕਿ ਇਹੋ ਜਿਹੇ ਹਾਕਮ ਦਾ
ਕੀ ਕੀਤਾ ਜਾਵੇ
ਕੀ ਕੀਤਾ ਜਾਵੇ ?
ਮਹਿੰਦਰ ਸਿੰਘ ਮਾਨ 

Have something to say? Post your comment