ਸਿੱਖ ਧਰਮ ਦਾ ਮੁੱਢ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਤੋਂ ਵੱਝਾ ਮੰਨਿਆ ਜਾਂਦਾ ਹੈ।
ਉਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਨਾਂ ਨੇ ਇਸ ਧਰਮ ਨੂੰ ਪ੍ਰਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਇਆ।ਹਰ ਗੁਰੂ ਸਾਹਿਬ ਨੇ ਇਸ ਧਰਮ ਦੇ ਜ਼ਰੀਏ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਮਾਨਵਵਾਦੀ ਅਤੇ ਬਰਾਬਰੀ ਦੇ ਸੰਦੇਸ਼ ਤੇ ਪਹਿਰਾ ਦਿੱਤਾ।ਜਾਤੀਵਾਦ,ਊਚ ਨੀਚ,ਛੂਆ ਛਾਤ,ਗਰੀਬ ਅਮੀਰ,ਵਿਤਕਰੇ ਬਾਜੀ, ਭੇਦਭਾਵ ਆਦਿ ਦਾ ਖੰਡਨ ਕਰਕੇ "ਸਭ ਬਰਾਬਰ ਹਨ" ਦੀ ਲੋੜ ਤੇ ਪਹਿਰਾ ਦੇਣ ਤੇ ਜ਼ੋਰ ਦਿੱਤਾ।ਇਸ ਸਭ ਕਾਸੇ ਲਈ ਗੁਰੂ ਸਾਹਿਬਾਨਾਂ ਨੇ "ਪੰਗਤ ਚ ਸੰਗਤ" ਲੰਗਰ ਦੀ ਪ੍ਰਥਾ ਚਲਾ ਕੇ ਇਨਸਾਨੀਅਤ ਬਰਾਬਰੀ ਦੀ ਸਿਖਿਆ ਦਿੱਤੀ ਹੈ।ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਨਾਂ ਭੇਦਭਾਵ ਦੇ ਸਭ ਧਰਮਾਂ ਪਾਣੀ ਸ਼ਾਮਿਲ ਕਰਕੇ ਪ੍ਰਤੱਖ ਪ੍ਰਮਾਣ ਦਿੱਤਾ ਹੈ।
ਗੁਰੂ ਕਾ ਲੰਗਰ ਅਤੇ ਕੜਾਹ ਪ੍ਰਸ਼ਾਦ ਦੀ ਵੰਡ ਸਮੇਂ ਛੂਤ-ਛਾਤ, ਜਾਤ-ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਨੂੰ ਗੁਰੂ ਸਾਹਿਬ ਮੁਤਾਬਿਕ ਕੋਈ ਥਾਂ ਨਹੀਂ ਹੈ।ਇੱਕ ਸਿੱਖ ਲਈ ਇਹ ਸਭ ਭੇਦ ਭਾਵ ਭੁੱਲ ਕੇ ਏਕਤਾ, ਸਾਂਝੀਵਾਲਤਾ, ਪਿਆਰ,ਇਕਸਾਰਤਾ, ਬਰਾਬਰਤਾ ਆਦਿ ਦਾ ਧਾਰਨੀ ਹੋਣਾ ਵੀ ਇਸੇ ਕੜੀ ਦਾ ਪ੍ਰਤੀਕ ਹੈ। ਸਿੱਖ ਧਰਮ ਰਹਿਤ ਮਰਿਯਾਦਾ ਵਿੱਚ ਇਸ ਸਬੰਧੀ ਕਰੜ੍ਹੀ ਹਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਹੀਂ ਹੋਣਾ ਚਾਹੀਦਾ।ਦੇਗ ਵਰਤਾਉਣ ਸਮੇਂ ਹਿੰਦੂ, ਸਿੱੱਖ,ਈਸਾਈ, ਮੁਸਲਿਮ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਇਆ ਜਾਵੇ।ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ-ਪਾਤ, ਛੂਤ-ਛਾਤ ਦਾ ਖ਼ਿਆਲ ਕਰਕੇ ਗਿਲਾਣ ਨਹੀਂ ਕੀਤਾ ਜਾਵੇਗਾ।ਕੜਾਹ ਪ੍ਰਸ਼ਾਦ ਵਰਤਾਉਣ ਦੀ ਸ਼ੁਰੂਆਤ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਕੀਤੀ ਸੀ।ਵਿਸ਼ੇਸ਼ ਪੁਰਬ ਅਤੇ ਤਿਉਹਾਰਾਂ ਮੌਕੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਚ ਵਰਤਾਇਆ ਜਾਂਦਾ ਸੀ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਗੁਰਦੁਆਰਾ ਸਾਹਿਬ ਜਾਂ ਮੰਦਰਾਂ ਵਿੱਚ ਵਰਤਾਈ ਜਾਂਦੀ ਦੇਗ ਜਾਂ ਪ੍ਰਸ਼ਾਦਿ ਸਾਡੇ ਸਰੀਰ ਲਈ ਕਿੰਨੀ ਲਾਭਦਾਇਕ ਚੀਜ਼ ਬਣਾਈ ਗਈ ਹੈ? ਆਓ ਜਾਣੀਏ।
ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਪ੍ਰਚਾਰ ਸਮੇਂ ਜਾਂ ਭੋਗ ਤੋਂ ਬਾਅਦ ਜੋ ਦੇਗ ਵਰਤਾਈ ਜਾਂਦੀ ਹੈ ਉਹ ਉਸਦੇ ਮਨੁੱਖੀ ਸਰੀਰ ਲਈ ਕ੍ਰਿਸ਼ਮਈ ਫਾਇਦੇ ਹਨ। ਕਣਕ ਦੇ ਆਟੇ ਜਾਂ ਸੂਜੀ ਨੂੰ ਦੇਸੀ ਘਿਉ ਚ ਭੁੰਨ ਕੇ ਗੁਰਸਿੱਖ ਰਹਿਤ ਮਰਿਆਦਾ ਅਨੁਸਾਰ ਤਿਆਰ ਪ੍ਰਸ਼ਾਦ ਗੁਰੂ ਘਰ ਵਿੱਚ ਸੰਗਤ ਨੂੰ ਵਰਤਾੲੀ ਜਾਣ ਵਾਲੀ ਦੇਗ ਅਖਵਾਉਂਦੀ ਹੈ।ਇਸ ਨੂੰ ਤਿਆਰ ਕਰਨ ਦਾ ਉਲੇਖ ਧਾਰਮਿਕ ਗ੍ਰੰਥਾਂ ਵਿੱਚ ਵੀ ਮਿਲਦਾ ਹੈ।ਤਨਖਾਹਨਾਮਾ ਵਿੱਚ ਲਿਖਿਆ ਹੈ,
"ਕੜਾਹ ਕਰਨ ਕੀ ਬਿਧਿ ਸੁਨ ਲੀਜੈ।।
ਤੀਨ ਭਾਗ ਕੋ ਸਮਸਰ ਕੀਜੈ।।
ਲੇਪਨ ਆਗੈ ਬਹੁਕਰ ਦੀਜੈ।।
ਮਾਂਜਨ ਕਰ ਭਾਂਜਨ ਧੋਵੀਜੈ।।
ਕਰ ਸਨਾਨ ਪਵਿੱਤ੍ਰ ਹ੍ਵੈ ਹੈ।।
ਵਾਹਿਗੁਰੂ ਬਿਨ ਆਵਰਿ ਨ ਕਹੈ।।
ਕਰ ਤਿਆਰ ਚੌਕੀ ਪਰ ਧਰੈ।।
ਚਾਰ ਓਰ ਕੀਰਤਨ ਬਹਿ ਕਰੈ।।
ਇਸ ਦੇਗ ਨੂੰ ਬਣਾਉਣ ਦਾ ਇੱਕ ਬਹੁਤ ਹੀ ਨਿਰੋਲ ਅਤੇ ਸਾਧਾਰਨ ਤਰੀਕਾ ਹੈ। ਕਣਕ ਦਾ ਆਟਾ ਜਾਂ ਸੂਜੀ, ਪਾਣੀ, ਮਿੱਠਾ ਤੇ ਦੇਸੀ ਘਿਉ ਮਿਲਾ ਕੇ ਬਾਕਮਾਲ ਯੋਗ ਬਣਦਾ ਹੈ। ਦੇਗ ਛਕ ਕੇ ਜਿੱਥੇ ਮਨੁੱਖ ਨੂੰ ਰੂਹਾਨੀਅਤ ਸਕੂਨ ਮਿਲਦਾ ਹੈ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਲੋੜ੍ਹੀਂਦੇ ਤੱਤਾਂ ਨਾਲ ਭਰਪੂਰ ਇਨਸਾਨੀ ਦਿਮਾਗ, ਸਰੀਰਕ ਵਾਲਾਂ, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪ੍ਰਣਾਲੀ ਲਈ ਲਾਭਦਾਇਕ ਹੁੰਦੀ ਹੈ।
ਇਸ ਧਾਰਮਿਕ ਦੀ ਪ੍ਰਤੀਕ ਦੇਗ ‘ਚ ਕੈਲਸ਼ੀਅਮ, ਫਾਸਫੋਰਸ, ਡਾਇਟਰੀ ਫਾਇਬਰ, ਕਾਰਬੋਹਾਈਡਰੇਟ, ਵਿਟਾਮਿਨ ਕੇ, ਬੀ-ਸਿਕਸ, ਬੀ-੧੨, ਫੋਲੇਟ, ਪੈਂਟੋਥੈਨਿਕ ਐਸਿਡ, ਕੋਲੀਨ, ਬੀਟੇਨ ਤੇ ਥਾਇਆਮਿਨ, ਆੲਿਰਨ, ਕਾਪਰ, ਜ਼ਿੰਕ, ਸਿਲੇਨੀਅਮ, ਮੈਂਗਨੀਜ਼, ਸੋਡੀਅਮ, ਪੋਟਾਸ਼ੀਅਮ ਤੇ ਮੈਗਨੇਸ਼ੀਅਮ ਆਦਿ ਤੱਤਾਂ ਤੋਂ ਇਲਾਵਾ ਅਨੇਕ ਫੈਟੀ ਐਸਿਡ ਆਦਿ ਦੀ ਭਰਪੂਰ ਮਾਤਰਾ ਚ ਮੌਜੂਦਗੀ ਇਸਨੂੰ ਬਹੁਤ ਹੀ ਪੌਸ਼ਟਿਕ ਬਣਾਉਂਦੀ ਹਨ।
ੲਿਹ ਤੱਤ ਇਨਸਾਨ ਨੂੰ ਰੋਜ਼ਾਨਾ ਖਾਲੀ ਪੇਟ ਮਿਲਣ ਤੇ ਸਰੀਰ ਦੇ ਕੂਨੈਕਟਿਵ ਟਿਸ਼ੂਜ਼, ਨਰਵਸ ਟਿਸ਼ੂਜ਼, ਮਸਲ ਟਿਸ਼ੂਜ਼ ਅਤੇ ਐਪੀਥੀਲੀਅਲ ਟਿਸ਼ੂਜ਼ ਬਹੁਤ ਵਧੀਆ ਬਣੇ ਰਹਿੰਦੇ ਅਤੇ ਚੰਗੀ ਤਰਾਂ ਕੰਮ ਵੀ ਕਰਦੇ ਹਨ। ਕਿਸੇ ਵਿਅਕਤੀ ਦੇ ਲੰਬੀ, ਤੰਦਰੁਸਤ ਉਮਰ ਭੋਗਣ ਲਈ ਇਹਨਾਂ ਟਿਸ਼ੂਜ਼ ਦਾ ਤੰਦਰੁਸਤ ਹੋਣਾ ਜ਼ਰੂਰੀ ਹੁੰਦਾ ਹੈ। ਇਹ ਤੱਤ ਉਮਰ ਲੰਬੀ ਕਰਦੇ ਹਨ, ਯਾਦਾਸ਼ਤ, ਤੰਦਰੁਸਤੀ, ਬੁੱੱਧੀ, ਸੁੰਦਰਤਾ ਨੂੰ ਵੀ ਵਧਾਉ਼ਦੇ ਹਨ, ਬੱਚਿਆਂ ਦਾ ਕੱਦ ਵਧਾਉਂਦੇ ਹਨ ।
ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰਾਂ ਕੰਮ ਕਰਨ ਲਈ ਵੀ ਇਸ ‘ਚ ਲੋੜੀਂਦੇ ਤੱਤ ਹੁੰਦੇ ਹਨ। ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਕੇ ਦੇਗ ਚੱਕਦਾ ਹੈ ਉਸ ਵਿਅਕਤੀ ਦੇ ਹਾਰਮੋਨ ਤੇ ਐਂਜ਼ਾਇਮ ਬਹੁਤ ਸਹੀ ਤਰਾਂ ਕੰਮ ਕਰਨ ਲਗਦੇ ਹਨ। ਉਹਦੇ ਚਿਹਰੇ ਤੇ ਜਾਹੋ ਜਲਾਲ ਵਧਣ ਲੱਗਦਾ ਹੈ। ਅੱਖਾਂ ‘ਚ ਚਮਕ ਵਧਦੀ ਹੈ। ਚਿਹਰੇ ਤੇ ਸ਼ਾਂਤੀ, ਖੁਸ਼ੀ ਦੀ ਲਹਿਰ, ਮਾਨਸਿਕ ਸੰਤੁਸ਼ਟੀ ਵੀ ਵਧਣ ਲੱਗਦੀ ਹੈ। ਵਿਅਕਤੀ ਨੂੰ ਹਰ ਤਰ੍ਹਾਂ ਦੀ ਤੰਦਰੁਸਤੀ ਮਿਲਦੀ ਹੈ।
"ਗੁਰਪ੍ਰਤਾਪ ਸੂਰਜ" ਵਿੱਚ ਭਾਈ ਸੰਤੋਖ ਸਿੰਘ ਨੇ ਇਸਦੀ ਮਹਾਨਤਾ ਨੂੰ ਬਿਆਨਦਿਆਂ ਲਿਖਿਆ ਹੈ,
"ਪਾਵਨ ਤਨ ਪਾਵਣ ਕਰ ਥਾਨ,
ਘ੍ਰਿਤ ਮੈਦਾ ਲੇ ਖੰਡ ਸਮਾਨ।
ਕਰ ਕੜਾਹ ਜਪੁ ਪਾਠ ਸੁ ਠਾਨੈ,
ਗੁਰਪ੍ਰਸਾਦਿ ਅਰਦਾਸ ਬਖਾਨੈ।।"
ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਨੂੰ "ਮਹਾਪ੍ਰਸਾਦ" ਦਾ ਨਾਮ ਦਿੱਤਾ ਹੈ,ਜਿਸਦਾ ਅਰਥ ਹੈ,"ਵੱਡਾ ਜਾਂ ਸ੍ਰੇਸ਼ਠ ਪ੍ਰਸਾਦਿ।"ਉਹਨਾਂ ਆਪਣੇ ਕਬਿੱਤ ਚ ਇਸਦੀ ਮਹਾਨਤਾ ਦਾ ਵਰਣਨ ਕਰਦਿਆਂ ਲਿਖਿਆ ਹੈ,
"ਏਕ ਮਿਸਟਾਨ ਪਾਨ ਲਾਵਤ ਮਹਾਪ੍ਰਸਾਦ,
ਏਕ ਗੁਰੁਪੁਰਬ ਕੈ ਸਿਖਨ ਬੁਲਾਹਵੀ।"
ਧਾਰਮਿਕ ਆਸਥਾ ਮੁਤਾਬਿਕ ਕੜਾਹ ਪ੍ਰਸਾਦ ਦਾ ਅਰਥ ਹੈ," ਕਿਸੇ ਦੇਵ -ਇਸ਼ਟ ਨੂੰ ਭੇਂਟ ਕੀਤਾ ਗਿਆ ਖਾਧ ਪਦਾਰਥ, ਜੋ ਬਾਅਦ ਚ ਸ਼ਰਧਾਲੂਆਂ ਚ ਵੰਡਿਆ ਜਾਵੇ।"
ਭਾਈ ਕਾਹਨ ਸਿੰਘ ਨਾਭਾ ਦੇ "ਮਹਾਨਕੋਸ਼" ਅਨੁਸਾਰ
"ਉਹ ਕੜਾਹ ਪ੍ਰਸਾਦ ਜੋ ਮਰਿਯਾਦਾ ਅਨੁਸਾਰ ਤਿਆਰ ਕਰਕੇ,ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚ ਰੱਖਕੇ,ਅਰਦਾਸ ਉਪਰੰਤ ਕ੍ਰਿਪਾਨ ਭੇਂਟ ਕਰਕੇ ਵਰਤਾਈਦਾ ਹੈ,ਉਸਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਂਦਾ ਹੈ।" ਪ੍ਰਸਾਦ ਦਾ ਅਰਥ ਹੈ;ਖ਼ੁਸ਼ੀ, ਪ੍ਰਸੰਨਤਾ, ਸਵੱਛਤਾ,ਨਿਰਮਲਤਾ, ਅਰੋਗਤਾ,ਦੇਵਤਿਆਂ ਨੂੰ ਅਰਪਿਆ ਹੋਇਆ ਖਾਣ ਯੋਗਯ ਪਦਾਰਥ,ਕਾਵਯ ਦਾ ਗੁਣ, ਕ੍ਰਿਪਯ ,ਅਨੁਗ੍ਰਹ।ਅਤੇ ਕੜਾਹ ਦਾ ਅਰਥ ਹੈ; "ਕੜਾਹਾ- ਲੋਹੇ ਦਾ ਖੁੱਲ੍ਹੇ ਮੂੰਹ ਵਾਲਾ ਕੁੰਡੇਦਾਰ ਬਰਤਨ।ਕੜਾਹੇ ਚ ਤਿਆਰ ਕੀਤਾ ਅੰਨ -ਹਲੂਆ ਜਾਂ ਕੜਾਹ।"
ਵੱਖ ਵੱਖ ਖੋਜਾਂ ਅਤੇ ਡਾਕਟਰੀ ਰਿਪੋਰਟਾਂ ਵੀ ਇਸਦੀ ਪੌਸ਼ਟਿਕਤਾ ਪ੍ਰਤੀ ਸਬੂਤ ਦੇ ਚੁੱਕੀਆਂ ਹਨ। ਇਹ ਗੂਰੂ ਸਾਹਿਬਾਨਾਂ ਦੀ ਬਖਸ਼ਿਸ਼ ਦੇਗ ਬਹੁਤ ਹੀ ਸਿਹਤ ਵਰਧਕ ਨਿਆਮਤ ਹੈ । ਡਾਕਟਰ ਬੈਂਸ ਦਾ ਕਹਿਣਾ ਹੈ ਕਿ ਮੈਂ ਤਾਂ ਬਹੁਤ ਹੀ ਹੈਰਾਨ ਰਹਿ ਗਿਆ ਜਦੋਂ ਇਸਦੀ ਬਰੀਕੀ ਨਾਲ ਪੜਤਾਲ ਕੀਤੀ ਅਤੇ ਕਿਹਾ,"ਜੇ ਸਾਰੇ ਗੁਣ ਲਿਖਣ ਬੈਠਾ ਤਾਂ ਪਤਾ ਨਹੀਂ ਕਿੰਨੇ ਕੁ ਵਰਕੇ ਭਰੇ ਜਾਣਗੇ।" ਡਾਕਟਰ ਬਲਰਾਜ ਬੈਂਸ ਨੇ ਇਸਦੇ ਗੁਣ ਸਾਂਝੇ ਕਰਦਿਆਂ ਲਿਖਿਆ ਹੈ,
" ਕੜਾਹ ਪ੍ਰਸ਼ਾਦ ਦੀ ਸਿਹਤ ਲਈ ਬੇਹੱਦ ਲਾਭਦਾਇਕ ਅਤੇ ਫ਼ਾਇਦੇਮੰਦ ਹੈ।"ਉਹਨਾਂ ਹਰ ਵਿਆਕਤੀ ਨੂੰ ਦਿਨ ਚ ਇੱਕ ਵਾਰ ਜਰੂਰ ਦੇਗ ਛਕਣ ਦੀ ਸਲਾਹ ਦਿੱਤੀ ਹੈ।
ਗੁਰੂ ਸਾਹਿਬਾਨਾਂ ਨੇ ਆਪਣੇ ਸਿੱਖਾਂ ਨੂੰ ਸਵੇਰ ਸਮੇਂ ਗੁਰਦੁਆਰਾ ਸਾਹਿਬ ਜਾਣ ਅਤੇ ਗੁਰਬਾਣੀ ਸੁਣਨ ਦੀ ਤਾਕੀਦ ਸ਼ਾਇਦ ਇਸੇ ਕਰਕੇ ਹੀ ਕੀਤੀ ਸੀ ਕਿ ਗੁਰੂ ਦਾ ਸਿੱਖ ਹਮੇਸ਼ਾ ਸਰੀਰਕ ਅਤੇ ਰੂਹਾਨੀਅਤ ਪੱਖੋਂ ਤਾਕਤਵਰ ਅਤੇ ਮਜਬੂਤ ਰਹੇ।ਕੜਾਹ ਪ੍ਰਸ਼ਾਦ ਵੰਡਣ ਦੀ ਰਵਾਇਤ ਹੋਰ ਧਰਮਾਂ ਅਤੇ ਸੰਪ੍ਰਦਾਵਾਂ ਵਿੱਚ ਵਿਚ ਪ੍ਰਚਲਿਤ ਹੋ ਰਹੀ ਹੈ, ਪਰ ਸਿੱਖ ਧਰਮ ਚ ਇਹ ਰੂੜ ਹੋ ਗਈ ਹੈ।
ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।