News

ਪੰਜਾਬ ਰਾਜ ਸੇਵਾ ਅਧਿਕਾਰ ਕਮਿਸ਼ਨ ਵਲੋਂ ਬਟਾਲਾ ਵਿਖੇ ਮੋਬਾਇਲ ਕੋਰਟ ਲਗਾਈ ਗਈ

May 15, 2018 04:50 PM
General

ਪੰਜਾਬ ਰਾਜ ਸੇਵਾ ਅਧਿਕਾਰ ਕਮਿਸ਼ਨ ਵਲੋਂ ਬਟਾਲਾ ਵਿਖੇ ਮੋਬਾਇਲ ਕੋਰਟ ਲਗਾਈ ਗਈ

ਬਟਾਲਾ ਦੀ ਮੋਬਾਇਲ ਕੋਰਟ ਵਿੱਚ 12 ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ

ਸੂਬੇ ਭਰ ਵਿੱਚ 13 ਕਰੋੜ ਤੋਂ ਵੱਧ ਲੋਕਾਂ ਨੇ ਆਰ.ਟੀ.ਐੱਸ. ਐਕਟ ਤਹਿਤ ਸੇਵਾਵਾਂ ਲਈਆਂ - ਮੁੱਖ ਕਮਿਸ਼ਨਰ ਸ. ਚੀਮਾ

ਬਟਾਲਾ, 15 ਮਈ (       ਕੁਲਜੀਤ ਸਿੰਘ       ) - ਸੇਵਾ ਅਧਿਕਾਰ ਕਾਨੂੰਨ ਨੇ ਸਰਕਾਰੀ ਬਾਬੂਆਂ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਇਆ ਹੈ ਅਤੇ ਇਸ ਕਾਨੂੰਨ ਤਹਿਤ ਲੋਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ 351 ਸੇਵਾਵਾਂ ਤਹਿ ਸਮੇਂ ਵਿੱਚ ਮਿਲ ਰਹੀਆਂ ਹਨ। ਸੂਬੇ ਭਰ ਵਿੱਚ 13 ਕਰੋੜ ਤੋਂ ਵੱਧ ਲੋਕ ਸੇਵਾ ਅਧਿਕਾਰ ਕਾਨੂੰਨ ਤਹਿਤ ਸੇਵਾਵਾਂ ਲੈ ਚੁੱਕੇ ਹਨ। ਇਹ ਜਾਣਕਾਰੀ ਸ. ਜਗਦੀਪ ਸਿੰਘ ਚੀਮਾ, ਮੁੱਖ ਕਮਿਸ਼ਨਰ, ਪੰਜਾਬ ਰਾਜ ਸੇਵਾ ਅਧਿਕਾਰ ਕਮਿਸ਼ਨ ਨੇ ਅੱਜ ਬਟਾਲਾ ਵਿਖੇ ਲਗਾਈ ਮੋਬਾਇਲ ਕੋਰਟ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਪੰਕਜ ਮਹਾਜਨ, ਕਮਿਸ਼ਨਰ, ਸੇਵਾ ਅਧਿਕਾਰ ਕਮਿਸ਼ਨ, ਸ. ਲਖਵਿੰਦਰ ਸਿੰਘ ਲੱਖੀ, ਕਮਿਸ਼ਨਰ, ਸੇਵਾ ਅਧਿਕਾਰ ਕਮਿਸ਼ਨ ਅਤੇ ਐੱਸ.ਡੀ.ਐੱਮ. ਬਟਾਲਾ ਸ੍ਰੀ ਰੋਹਿਤ ਗੁਪਤਾ ਵੀ ਹਾਜ਼ਰ ਸਨ।
 ਮੁੱਖ ਕਮਿਸ਼ਨਰ ਸ. ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੀਆਂ ਆਰ.ਟੀ.ਐੱਸ. ਤਹਿਤ ਦਿੱਤੀਆਂ ਜਾਂਦੀਆਂ 32 ਹਜ਼ਾਰ ਸੇਵਾਵਾਂ ਪੈਂਡਿੰਗ ਹਨ ਅਤੇ ਕਮਿਸ਼ਨ ਵਲੋਂ ਇਨ੍ਹਾਂ ਪੈਂਡਿੰਗ ਸੇਵਾਵਾਂ ਦੇ ਤੁਰੰਤ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਰ.ਟੀ.ਐੱਸ. ਤਹਿਤ ਨਿਸ਼ਚਿਤ ਸਮੇਂ ਵਿੱਚ ਸਰਕਾਰੀ ਸੇਵਾ ਲੈਣਾ ਲੋਕਾਂ ਦਾ ਕਾਨੂੰਨਨ ਅਧਿਕਾਰ ਹੈ ਅਤੇ ਇਸ ਕਾਨੂੰਨ ਦੇ ਦਾਇਰੇ ਵਿੱਚ ਆਉਂਦਾ ਕੋਈ ਵੀ ਵਿਭਾਗ ਨਿਰਧਾਰਤ ਸਮੇਂ ਵਿੱਚ ਸੇਵਾ ਦੇਣ ਤੋਂ ਨਾਂਹ ਨਹੀਂ ਕਰ ਸਕਦਾ। ਮੁੱਖ ਕਮਿਸ਼ਨਰ ਸ. ਚੀਮਾ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਮਿਸ਼ਨ ਵੱਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੋਬਾਇਲ ਕੋਰਟ ਲਗਾਈਆਂ ਜਾ ਰਹੀਆਂ ਤਾਂ ਜੋ ਮੌਕੇ 'ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬਟਾਲਾ ਦੀ ਮੋਬਾਇਲ ਕੋਰਟ ਵਿੱਚ ਸੀਵਰੇਜ ਬੋਰਡ ਅਤੇ ਹੋਰ ਵਿਭਾਗਾਂ ਨਾਲ ਸਬੰਧਤ 12 ਸ਼ਿਕਾਇਤਾਂ ਦਾ ਮੌਕੇ 'ਤੇ ਨਿਬੇੜਾ ਕੀਤਾ ਗਿਆ। ਸ. ਚੀਮਾ ਨੇ ਕਿਹਾ ਕਿ ਕਮਿਸ਼ਨ ਵੱਲੋਂ ਲੋਕਾਂ ਵਿੱਚ ਆਰ.ਟੀ.ਐਸ. ਬਾਰੇ ਹੋਰ ਜਾਗਰੂਕਤਾ ਲਿਆਉਣ ਲਈ ਵੀ ਯਤਨ ਕੀਤੇ ਜਾਣਗੇ।
 ਮੋਬਾਇਲ ਕੋਰਟ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਮੁੱਖ ਕਮਿਸ਼ਨਰ ਸ. ਜਗਦੀਪ ਸਿੰਘ ਚੀਮਾ ਅਤੇ ਕਮਿਸ਼ਨਰ ਸ੍ਰੀ ਪੰਕਜ ਮਹਾਜਨ ਨੇ ਕਿਹਾ ਕਿ ਜੋ ਵਿਭਾਗ ਸੇਵਾ ਅਧਿਕਾਰ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਹਨ ਉਹ ਇਸ ਕਾਨੂੰਨ ਨੂੰ ਆਪਣੇ ਵਿਭਾਗਾਂ ਵਿੱਚ ਸਖਤੀ ਨਾਲ ਲਾਗੂ ਕਰਨ। ਉਨ੍ਹਾਂ ਕਿਹਾ ਕਿ 25 ਮਈ ਤੱਕ ਹਰ ਵਿਭਾਗ ਆਪਣੇ ਦਫ਼ਤਰ ਦੇ ਬਾਹਰ ਆਪਣੇ ਨਾਲ ਸਬੰਧਤ ਆਰ.ਟੀ.ਐੱਸ. ਸੇਵਾਵਾਂ ਦੇ ਵੱਡ ਅਕਾਰੀ ਬੋਰਡ ਲਗਾਵੇ ਤਾਂ ਜੋ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਪਤਾ ਲੱਗ ਸਕੇ। ਇਸ ਦੇ ਨਾਲ ਹੀ ਦਫ਼ਤਰਾਂ ਵਿੱਚ ਆਰ.ਟੀ.ਐੱਸ ਦੇ ਵੱਖਰੇ ਰਜਿਸਟਰ ਲਗਾਏ ਜਾਣ। ਉਨ੍ਹਾਂ ਕਿਹਾ ਲੋਕਾਂ ਨੂੰ ਆਰ.ਟੀ.ਐੱਸ. ਤਹਿਤ ਸੇਵਾਵਾਂ ਨਿਸ਼ਚਿਤ ਸਮੇਂ ਵਿੱਚ ਦਿੱਤੀਆਂ ਜਾਣ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਪ੍ਰਤੀ ਅਣਗਿਹਲੀ ਵਰਤਦਾ ਹੈ ਤਾਂ ਕਮਿਸ਼ਨ ਵੱਲੋਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
 ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ, ਨਾਇਬ ਤਹਿਸੀਲਦਾਰ ਬਟਾਲਾ ਵਰਿਆਮ ਸਿੰਘ, ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਰਛਪਾਲ ਕੌਰ ਸੀ.ਡੀ.ਪੀ.ਓ. ਬਟਾਲਾ, ਸੀਵਰੇਜ ਬੋਰਡ ਦੇ ਐਕਸੀਅਨ ਐੱਸ.ਐੱਸ. ਢਿਲੋਂ, ਰਵਿੰਦਰ ਸਿੰਘ ਕਲਸੀ, ਹਰਪ੍ਰੀਤ ਸਿੰਘ ਢਿਲੋਂ, ਬਾਊ ਸੁੰਦਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Have something to say? Post your comment