Poem

ਗ਼ਜ਼ਲ............ਬਿਸ਼ੰਬਰ ਅਵਾਂਖੀਆ...

May 21, 2018 06:07 PM
General

ਜਬਰਨ ਤਾਂ ਕਿਸੇ ਦਿਲ ਤੇ ਅਧਿਕਾਰ ਨਹੀਂ ਹੁੰਦਾ।
ਜੋ ਵਾਰ ਕਰੇ ਪਿੱਠ ਤੇ ਦਿਲਦਾਰ ਨਹੀਂ ਹੁੰਦਾ।

ਰਾਹ ਵੇਖ ਲੰਮੇਰਾ ਜੋ  ਝੱਟ ਟੇਕ ਦਵੇ ਗੋਡੇ,
ਮੰਜਿਲ ਦਾ ਕਦੀ ਉਸਨੂੰ ਦੀਦਾਰ ਨਹੀਂ ਹੁੰਦਾ।

ਹਰ ਚੀਜ਼ ਜਮਾਨੇ ਵਿਚ ਕੁਝ ਖਾਸ ਜਗ੍ਹਾ ਰੱਖਦੀ,
ਪੱਥਰ ਵੀ ਕੋਈ ਰਾਹ ਦਾ ਬੇਕਾਰ ਨਹੀਂ ਹੁੰਦਾ।

ਉਹ ਮੁਲਕ ਤਰੱਕੀ ਤੇ ਮੁਸ਼ਕਿਲ ਹੈ ਕਿ ਹੋ ਜਾਵੇ,
ਜਿਸ ਮੁਲਕ ਚ ਮਿਹਨਤ ਦਾ ਸਤਿਕਾਰ ਨਹੀਂ ਹੁੰਦਾ।

ਜੋ ਦੂਰ ਰਹੇ ਸੱਚ ਤੋਂ ਨਿੱਤ ਝੂਠ ਰਹੇ ਘੜਦਾ,
ਸੱਚ ਬੋਲ ਦਵੇ ਜੇ  ਉਹ ਇਤਬਾਰ ਨਹੀਂ ਹੁੰਦਾ।

ਜੀਵਨ ਚ ਸਦਾ ਖੁਸ਼ੀਆਂ ਹੀ ਰਹਿਣ ਜ਼ਰੂਰੀ ਨ੍ਹੀਂ,
ਮੌਸਮ ਵੀ ਸਦਾ ਯਾਰੋ ਇਕਸਾਰ ਨਹੀਂ ਹੁੰਦਾ।

ਬਿਸ਼ੰਬਰ ਅਵਾਂਖੀਆ

Have something to say? Post your comment