Article

ਮਜਬੂਰ , ਮਨਿੰਦਰ ਕੌਰ

May 26, 2018 09:23 PM

    ਦਸ ਵੱਜਣ ਨੂੰ ਹੋ ਗਏ ਸੀ।ਹਲੇ ਮਿਡ ਡੇ ਮੀਲ ਕੁੱਕਾਂ ਪਹੁੰਚੀਆਂ ਨਹੀਂ ਸੀ।ਰੋਜ਼ ਦਾ ਹੀ ਨਵਾਂ ਬਹਾਨਾ ਸੀ ਕਦੇ ਇੱਕ ਨਾ ਆਉਂਦੀ, ਕਦੇ ਦੋਨੋਂ ਹੀ ਨਾ ਆਉਂਦੀਆ, ਖਾਣਾ ਲੇਟ ਬਣਦਾ , ਅਫ਼ਸਰ ਬੋਲ ਕੇ ਚਲੇ ਜਾਂਦੇ। ਮੈਂ ਬੋਲਦੀ ਟਾਈਮ ਨਾਲ ਆਇਆ ਕਰੋ, ਮੈਂ ਮਜਬੂਰ ਹਾਂ। ਫੋਨ ਚੁੱਕਿਆ ਹੀ ਸੀ ਕਿ ਉਹ ਡਿੱਗਦੀ ਢਹਿੰਦੀ ਆਉਂਦੀ ਦਿਸੀ। ਮੈਡਮ ਜੀ ਵੱਡੀ ਨੇ ਤਾਂ ਆਉਣਾ ਨਹੀਂ, ਜਵਾਈ ਦਾ ਐਕਸੀਡੈਂਟ ਹੋ ਗਿਆ, ਮੇਰੇ ਭਰਾ ਨੂੰ ਪੁਲਸ ਫੜ ਕੇ ਲੈ ਗਈ, ਭਰਜਾਈ ਕਹਿੰਦੀ ਸੱਸ ਸਹੁਰੇ ਨਾਲ ਰਲ ਕੇ ਮੈਨੂੰ ਦਵਾਈ ਪਿਆ ਤੀ ,ਕੇਸ ਪਾ ਤਾਂ ਪੰਤਾਲੀ ਹਜ਼ਾਰ ਰੁਪਏ ਮੰਗਦੇ।   ਇੰਨੇ ਚੰਗੇ ਮੇਰੇ ਮਾਂ ਪਿਓ , ਕੋਈ ਕਮੀ ਨਹੀਂ,ਕੋਈ ਗੱਲ ਨਹੀਂ ,ਪਰਸੋਂ ਪੇਕਿਆਂ ਤੋਂ ਆਈ ਚੰਗੀ ਭਲੀ ,ਆਉਂਦੀ ਨੇ ਹੀ ਆਹ ਕੰਮ ਕਰਤਾ। ਕੰਬਦੀ ਕੰਬਦੀ ਸਭ ਕੁਝ ਕਾਹਲੀ ਚ ਦੱਸ ਗਈ। ਇੰਨੇ ਨੂੰ ਉਹਦੀ ਦਾਦੀ ਆਈ। ਦਾਦੀ, ਪੋਤੀ 'ਚ ਪੈਸਿਆਂ ਦਾ ਲੈਣ ਦੇਣ ਹੋਇਆ ਤੇ ਬੋਲਦੀ ਸੁਣੀ, "ਤੈਨੂੰ  ਦੀਂਹਦਾ ਭਾਲ਼ਦਾ ਤਾਂ ਹੈ ਨਹੀਂ, ਕਿੱਥੇ ਜਾਏਂਗੀ, ਗਵਾਚ ਨਾ ਜਾੲੀਂ ,ਕੁਝ ਰੁਕ ਕੇ ,ਜੇ ਭੀੜ ਹੋਈ ਤਾਂ ਚੈੱਕ ਕਰਵਾ ਕੇ ਈ ਆਈਂ , ਪੁੱਠੀ ਨਾ ਮੁੜ  ਆਵੀਂ  । ਪੁੱਛਣ ਤੇ ਬੋਲੀ ਕਿ ਕਈ ਦਿਨਾਂ ਦੀ ਬੀਮਾਰ ਹੈ ,ਘਰ ਵਾਲਾ ਭਰਾ ਨੂੰ ਛੁਡਾਉਣ ਗਿਆ ,ਕੋਈ ਹੋਰ ਹੈ ਨਹੀਂ, ਮੇਰੇ ਤੋਂ ਸਕੂਲ ਛੱਡਿਆ ਨਹੀਂ ਜਾਂਦਾ ਮੈਡਮ ਜੀ, ਮਜਬੂਰ ਹਾਂ ! ਕਹਿੰਦੀ ਕਹਿੰਦੀ ੳੁਹ ਖਾਣਾ ਬਣਾਉਣ ਵਿੱਚ ਰੁੱਝ ਗਈ। ਪਰ ਮੇਰੇ ਮਨ ਵਿੱਚ ਇਹ ਹੀ ਗੱਲ ਚੱਲਦੀ ਰਹੀ ਕਿ ਸਕੂਲ ਛੱਡਿਆ ਨਹੀਂ ਜਾਂਦਾ ਮੈਡਮ ਜੀ, ਮਜਬੂਰ ਹਾਂ ! ਸੋਚਦੀ ਰਹੀ ਕਿ ਮਜਬੂਰ ਕੌਣ ਹੈ? ਮੈਂ ,ਕੁੱਕ ਜਾਂ ਸਿਸਟਮ ?
             

  ਮਨਿੰਦਰ ਕੌਰ 
  ਸ. ਪ੍ਰਾ. ਸਕੂਲ ਢਾਣੀ                 

  ਚਿਰਾਗ਼(ਫਾਜਿਲਕਾ)

Have something to say? Post your comment