Article

ਸਭ ਧਰਮਾਂ ਦੇ ਲੋਕ ਰਲ ਬੈਠ ਕੇ ਪੜਦੇ ਹਨ ਸੁਖਮਨੀ ਸਾਹਿਬ-ਬੇਅੰਤ ਕੌਰ ਗਿੱਲ

June 07, 2018 03:45 PM
General


ਸਭ ਧਰਮਾਂ ਦੇ ਲੋਕ ਰਲ ਬੈਠ ਕੇ ਪੜਦੇ ਹਨ ਸੁਖਮਨੀ ਸਾਹਿਬ-
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੇ ਸੰਸਾਰ ਲਈ ਮਾਨਸਿਕ, ਸਰੀਰਕ ਅਤੇ ਆਤਮਿਕ ਸ਼ਾਂਤੀ ਪ੍ਰਦਾਨ ਕਰਦੀ ਹੈ ਅਤੇ ਤਕਰੀਬਨ ਸਭ ਧਰਮਾਂ ਜਾਤਾਂ ਦੇ ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਹਨ।ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਚਾਰ ਦਰਵਾਜ਼ੇ ਇਸਦੇ ਮੁੱਖ ਗਵਾਹ ਹਨ।ਦਸ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਊਚ ਨੀਚ,ਜਾਤ ਪਾਤ ਤੋਂ ਉਚਾ ਉਠਣ ਲਈ ਪੰਗਤ ਅਤੇ ਸੰਗਤ ਵਰਗੀਆਂ ਅਮੋਲਕ ਕਹਿਣੀਆਂ ਅਤੇ ਕਰਨੀਆਂ ਦੇ ਧਾਰਨੀ ਬਣਾਇਆ।ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਗਰਮੀ ਦੇ ਇਸ ਮਹੀਨੇ ਵਿੱਚ ਤਕਰੀਬਨ ਸਾਰੇ ਗੁਰੂ ਘਰਾਂ ਵਿੱਚ ਹਿੰਦੂ ਸਿੱਖ ਅਤੇ ਹੋਰ ਧਰਮਾਂ ਵੱਲੋਂ ਰਲ ਕੇ ਪੜਿਆ ਅਤੇ ਗਾਇਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੁੰਦਾ ਹੈ।ਇਸ ਦਿਵਸ ਨੂੰ ਮੁੱਖ ਰੱਖਦਿਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਮਹੀਨਾ ਪਹਿਲਾਂ ਹੀ ਸ਼ੁਰੂ ਕੀਤੇ ਜਾਂਦੇ ਹਨ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਵਾਲੇ ਦਿਨ ਅਰਦਾਸ ਕੀਤੀ ਜਾਂਦੀ ਹੈ।ਸੁਖਮਨੀ ਸੇਵਾ ਸੁਸਾਇਟੀਆਂ ਦੇ ਉਦਮ ਨਾਲ ਇਸ ਮਹੀਨੇ ਸੁਖਮਨੀ ਸਾਹਿਬ ਪਾਠਾਂ ਦੀ ਲੜੀ ਦੇ ਨਾਲ-ਨਾਲ ਠੰਡੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਂਦੀਆਂ ਹਨ।ਬਹੁਤ ਸਾਰੇ ਪਰਿਵਾਰ ਆਪਣੀ ਸ਼ਰਧਾ ਅਨੁਸਾਰ ਚੌਲਾਂ, ਪ੍ਰਸ਼ਾਦ ਜਾਂ ਘੁੰਗਣੀਆਂ ਦੇ ਲੰਗਰ ਲਗਾਉਂਦੇ ਹਨ।ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਦਰਜ ਹੈ ਜਿਸਦੇ ਕੁਲ ਸ਼ਬਦ 2312 ਬਣਦੇ ਹਨ।ਆਪ ਜੀ ਨੇ ਸੁਖਮਨੀ ਸਾਹਿਬ, ਬਾਰਹਮਾਹ, ਬਵਨ ਅੱਖਰੀ, ਫੁਨਹੇ ਮਾਰੂ ਡੱਖਣੇ ਅਤੇ ਵਾਰਾਂ ਦਾ ਉਚਾਰਨ ਕੀਤਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ।ਉਹਨਾਂ ਦਾ ਜਨਮ ਮਈ 1563 ਨੂੰ ਮਾਤਾ ਭਾਨੀ ਜੀ ਦੀ ਕੁਖੋਂ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਤਰਨਤਾਰਨ, ਪੰਜਾਬ ਵਿਖੇ ਹੋਇਆ।
ਬਚਪਨ ਦੇ ਮੁਢਲੇ ਸਾਲ ਆਪ ਜੀ ਨੇ ਨਾਨਾ ਜੀ  ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਹੇਠ ਗੁਜਾਰੇ ਅਤੇ ਗੁਰਮੁਖੀ ਵਿੱਦਿਆ ਹਾਸਲ ਕੀਤੀ।ਆਪ ਜੀ ਦਾ ਵਿਆਹ ਸੰਮਤ 1636 ਨੂੰ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ।ਬਾਬਾ ਬੁੱਢਾ ਸਾਹਿਬ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁਖੋਂ ਸੰਮਤ 1652 ਨੂੰ ਹਰਗੋਬਿੰਦ ਪਾਤਸ਼ਾਹ ਨੇ ਜਨਮ ਲਿਆ।
1 ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ।
ਸੁਖਮਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ ਇਸ ਦੀਆਂ ਕੁਲ 24 ਅਸ਼ਟਪਦੀਆਂ ਹਨ।ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸ਼ਲੋਕ ਅੰਕਿਤ ਹੈ ਜਿਸ ਵਿੱਚ ਉਸ ਅਸ਼ਟਪਦੀ ਦਾ ਸਾਰ ਦਿੱਤਾ ਗਿਆ ਹੈ।ਹਰ ਅਸ਼ਟਪਦੀ ਵਿੱਚ 8 ਪਦੀਆਂ ਅਤੇ ਹਰ ਪਦੀ ਵਿੱਚ ਦਸ ਤੁਕਾਂ ਹਨ। ਆਦਿ ਗ੍ਰੰਥ ਜੀ ਦੇ 35 ਵੱਡੇ ਪੰਨਿਆਂ ਤੇ ਦਰਜ 'ਸੁਖਮਨੀ' ਆਦਿ ਗ੍ਰੰਥ ਵਿੱਚ ਦਰਜ ਸਭ ਬਾਣੀਆਂ ਤੋਂ ਲੰਮੀ ਬਾਣੀ ਹੈ।ਜਿਸ ਦੀਆਂ 1977 ਤੁਕਾਂ ਹਨ।ਇਸ ਰਚਨਾ ਵਿੱਚ ਅਧਿਆਤਮਕ ਸਾਧਨਾ ਨਾਮ ਸਿਮਰਨ ਦੇ ਪ੍ਰਭਾਵ ਕਰਕੇ ਨਿਖਰੀਆਂ ਸ਼ਖਸੀਅਤਾਂ ਅਤੇ ਨਾਮ ਸਿਮਰਨ ਤੋਂ ਵਾਂਝੇ ਵਿਆਕਤੀਆਂ ਦੇ ਦੁੱਖਾਂ  ਦਾ ਲੜੀਵਾਰ ਵੇਰਵਾ ਦੇ ਕੇ ਸਾਨੂੰ ਅਧਿਆਤਮ ਦੀ ਸੋਝੀ ਦਿੰਦੇ ਹਨ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਗਤ ਜਲੰਦੇ ਨੂੰ ਤਾਰਨ ਲਈ ਇਸ ਮਹਾਨ ਬਾਣੀ ਸੁਖਮਨੀ ਸਾਹਿਬ ਦੀ ਰਚਨਾ ਕਰਕੇ ਬਹੁਤ ਵੱਡਾ ਪਰਉਪਕਾਰ ਸਾਡੇ ਉਪਰ ਕੀਤਾ ਹੈ।ਇਸ ਬਾਣੀ ਨੂੰ ਗੁਰੂ ਜੀ ਨੇ ਸੁਖਮਨੀ ਨਾਮ ਵੀ ਤਾਂ ਹੀ ਦਿੱਤਾ ਹੈ ਕਿ ਸ਼ਰਧਾ ਭਾਵਨਾ ਅਤੇ ਵਿਚਾਰ ਕੇ ਪੜੀ ਅਤੇ ਗਾਈ ਬਾਣੀ ਜਿੰਦਗੀ ਵਿੱਚ ਸਾਨੂੰ ਸਭ ਸੁੱਖ ਪ੍ਰਦਾਨ ਕਰਦੀ ਹੈ ਦੁੱਖਾਂ ਅਤੇ ਕਲੇਸ਼ਾਂ ਦਾ ਨਾਸ਼ ਕਰਦੀ ਹੈ ਤੇ ਜਦ ਇਸਨੂੰ ਸਭ ਲੋਕ ਇੱਕਠੇ ਬੈਠ ਕੇ ਪੜਦੇ ਗਾਉਂਦੇ ਅਤੇ ਸ੍ਰਵਨ ਕਰਦੇ ਹਨ ਤਾਂ ਚੌਗਿਰਦੇ ਅਤੇ ਵਾਯੂਮੰਡਲ ਵਿੱਚ ਇੱਕ ਵਖਰੀ ਤਰ੍ਹਾਂ ਦੀ ਲੈਅ ਹੁੰਦੀ ਹੈ,ਜਿਸਨੂੰ ਜੁੜੇ ਹੋਏ ਲੋਕ ਮਹਿਸੂਸ ਕਰਦੇ ਹਨ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੰਗਤ ਵਿੱਚ ਰਲ ਬੈਠ ਕੇ ਬਾਣੀ ਪੜ੍ਹਨ ਗਾਉਣ,ਸ੍ਰਵਨ ਅਤੇ ਵਿਚਾਰਨ ਦੇ ਮੌਕੇ ਦੇਣ ਦੀਆਂ ਬੇਨਤੀਆਂ ਕਰਦੇ ਹਨ।
       ਬੇਅੰਤ ਕੌਰ ਗਿੱਲ ਮੋਗਾ

Have something to say? Post your comment