Poem

ਜਾਵੋ ਨੀ ਕੋਈ ਮੋੜ ਲਿਆਵੋ //ਅਮਰਦੀਪ ਕੌਰ

June 07, 2018 03:52 PM

ਜਦੋਂ ਪਤਾ ਲੱਗਾ ਕਿ ਲੋਕ ਗੀਤ ਛੱਲਾ ਉਂਗਲੀ ਚਂ ਪਾਇਆ ਜਾਣ ਵਾਲਾ ਛੱਲਾ ਨਹੀਂ ਸਗੋਂ ਇੱਕ ਪਿਓ ਤੋਂ ਵਿਛੜਿਆ ਹੋਇਆ ਉਹ ਪੁੱਤ ਹੈ ਜਿਸ ਦੀ ਯਾਦ ਵਿੱਚ ਪਾਗਲ ਹੋਇਆ ਉਸ ਦਾ ਪਿਓ ਉਸ ਨੂੰ ਬਾਰ ਬਾਰ ਯਾਦ ਕਰਦਾ ਹੈ। ਜਦੋਂ ਇਹ ਕਹਾਣੀ ਪੜ੍ਹੀ ਤਾਂ ਇਕਦਮ ਮਾਂ ਯਾਦ ਆ ਗਈ।ਮੈਂ ਵੀ ਉਸ ਨੂੰ ਯਾਦ ਕਰ ਕਰ ਇੰਝ ਹੀ ਅਵਾਜਾਂ ਮਾਰਦੀ ਹਾਂ ਤੇ ਮੈਂ ਬਿਲਕੁਲ ਛੱਲੇ ਦੀ ਤਰਜ਼ ਤੇ ਮਾਂ ਦਾ ਗੀਤ ਲਿਖ ਦਿੱਤਾ, ਪਤਾ ਨਹੀਂ ਕਿਉਂ। ਪਰ ਇਸ ਦੇ ਭਾਵ ਬਿਲਕੁਲ ਅਸਲੀ ਹਨ।

ਜਾਵੋ ਨੀ ਕੋਈ ਮੋੜ ਲਿਆਵੋ
ਜੋ ਜਹਾਨੋਂ ਗਈ ਏ ਤੁਰ ਨੀ
ਅੱਲਾ ਕਰੇ ਆ ਜਾ ਜਾਵੇ ਮਾਂ
ਮੱਥਾ ਲਵਾਂ ਮੈਂ ਚੁੰਮ ਨੀ

ਮਾਂ ਰੱਬ ਦਾ ਰੂਪ ਏ
ਕੋਈ ਅਗੰਮੀ ਨੂਰ ਏ
ਤੁਰ ਗਈ ਮੈਂਥੋਂ ਦੂਰ ਏ
ਗੱਲ ਸੁਣ ਮੇਰੀਏ ਮਾਏ
ਕਿੱਥੇ ਜਾ ਡੇਰੇ ਲਾਏ

ਮਾਂ ਦੀ ਨਿੱਘੀ ਗੋਦ ਏ
ਦੁੱਖ ਹੋ ਜਾਂਦੇ ਅਲੋਪ ਏ
ਕੋਈ ਨਾ ਰਹਿੰਦਾ ਰੋਗ ਏ
ਗੱਲ ਸੁਣ ਮੇਰੀਏ ਮਾਏ
ਕਿਉਂ ਤੁਰ ਗੀ ਦੇਸ਼ ਪਰਾਏ

ਮਾਂ ਦਿਆਂ ਹੱਥਾਂ ਦੀ ਚੂਰੀ
ਪ੍ਰੀਤ ਸੀ ਜਿਸ ਵਿੱਚ ਗੂੜ੍ਹੀ
ਖਾਂਦੇ ਨਾ ਪੈਂਦੀ ਪੂਰੀ
ਗੱਲ ਸੁਣ ਮੇਰੀਏ ਮਾਏ
ਤਰਸਦੇ ਅੱਜ ਤੇਰੇ ਜਾਏ

ਮਾਂ ਦੀਆਂ ਮਿੱਠੀਆਂ ਗਾਲ੍ਹਾਂ
ਹੁੰਦੀਆਂ ਘਿਓ ਦੀਆਂ ਨਾਲਾਂ
ਖਾਂਦਾ ਕੋਈ ਕਰਮਾਂ ਵਾਲਾ
ਨੀ ਗੱਲ ਸੁਣ ਮੇਰੀ ਮਾਈ
ਕਿਉਂ ਦੇ ਗਈ ਲੰਮੀ ਜੁਦਾਈ

ਮਾਂ ਤੇਰੇ ਰੋਂਦੇ ਬੱਚੜੇ
ਯਾਦ ਤੈਨੂੰ ਬਾਹਲਾ ਕਰਦੇ
ਕੋਈ ਨਾ ਪੁੱਛਦਾ ਖੜ ਕੇ
ਨੀ ਗੱਲ ਸੁਣ ਮੇਰੀਏ ਮਾਏ
ਤੈਨੂੰ ਤਰਸ ਕਿਉਂ ਨਾ ਆਏ

ਸੱਚ ਨੇ ਕਹਿੰਦੇ ਸਿਆਣੇ
ਮਾਪੇ ਨੇ ਕੀਮਤੀ ਗਹਿਣੇ
ਜ਼ਿੰਦਗੀ ਭਰ ਨੀ ਰਹਿਣੇ
ਨੀ ਗੱਲ ਸੁਣ ਮੇਰੀਏ ਮਾਏ
ਗੱਲ ਨਾਲ ਲਾ ਲੈ ਹਾਏ...
ਅਮਰਦੀਪ ਕੌਰ

Have something to say? Post your comment