Article

ਮਿੰਨੀ ਕਹਾਣੀ " ਬੀਤਿਆ ਹੋਇਆ ਪਲ " ਹਾਕਮ ਸਿੰਘ ਮੀਤ ਬੌਂਦਲੀ

June 07, 2018 03:57 PM

ਸਾਰਾ ਦਿਨ ਖੇਤੀ ਵਾੜੀ ਦਾ ਕੰਮ ਕਰਨ ਮਗਰੋਂ  , ਉਸ ਨੇ ਆਪਣੇ ਸਰਦਾਰ ਨੂੰ  ਕਿਹਾ ਘਰ ਮੁੰਡਾ ਬਿਮਾਰ ਹੈ ਨਾਲੇ ਪਹਿਲੀ ਦਫਾ ਮੇਰਾ ਜਵਾਈ ਅਤੇ ਕੁੜੀ ਆਏ ਨੇ ਮੈਨੂੰ ਚਾਰ ਸੌ ਰੁਪਏ ਦੇਵੋ ਮੈਂ ਮੁੰਡੇ ਨੂੰ ਦਵਾਈ ਦਵਾਉਂਣੀ ਹੈ  ਨਾਲੇ ਘਰ ਆਏ ਮਹਿਮਾਨਾਂ ਵਾਸਤੇ ਸ਼ਬਜੀ ਅਤੇ ਖਾਣ ਪੀਣ ਦਾ ਸਾਮਾਨ ਲੈ ਕੇ ਜਾਣਾ ਹੈ  ।
                              ਤੁਸੀਂ ਲੋਕ ਪੈਸੇ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ ਤੁਹਾਨੂੰ ਪਤਾ ਹੀ ਨਹੀਂ ਪੈਸਾ ਕੀ ਹੁੰਦਾ ਹੈ  ਇੰਨੀ ਗੱਲ ਕਹਿੰਦਿਆਂ ਸਰਦਾਰ " ਕਰਮ ਸਿੰਘ " ਨੇ ਆਪਣੀ ਜੇਬ ਵਿੱਚੋਂ ਕੱਢ ਕੇ ਸੌ ਦਾ ਨੋਟ ਦੇ ਦਿੱਤਾ ਜਿਆਦਾ ਖਰਚਾ ਨਹੀਂ ਕਰੀਦਾ ਸੌ ਰੁਪਏ ਨਾਲ ਹੀ ਸਾਰ ਲੈ । ਹੁਣ  " ਕਾਕੂ " ਸੌ ਰੁਪਏ ਦਾ ਨੋਟ ਫੜ ਕੇ ਸੋਚ ਰਿਹਾ ਸੀ ਮੈ ਆਪਣੀ ਮਿਹਨਤ ਦੇ ਪੈਸੇ  ਮੰਗੇ ਸੀ ਨਾਲੇ ਮੈ ਵੀਹ ਪੰਚੀ ਸਾਲ ਤੋਂ ਇਹਨਾਂ ਦੇ ਘਰ ਕੰਮ ਕਰ ਰਿਹਾ ਹਾ , ਫਿਰ ਕੀ ਫਾਇਦਾ ਕੰਮ ਕਰਨ ਦਾ ਇਹੋ ਜਿਹੇ ਘਰ ਵਿਚ ਜਿਥੇ  ਆਪਣੇ ਕੰਮ ਦੇ ਪੈਸੇ  ਵੀ ਨਾ ਮਿਲਣ , ਇਨ੍ਹਾਂ ਚਿਰ ਨੂੰ ਉਸ ਦਾ ਪੁੱਤਰ ਪੜ ਕੇ ਆਇਆ ਕਹਿ ਲੱਗਿਆ ਬਾਪੂ ਜੀ ਮੈਨੂੰ  ਪੰਜ ਸੌ ਰੁਪਏ ਚਾਹੀਦੇ ਹਨ ਮੈ ਆਪਣੇ ਦੋਸਤ ਦੇ ਪਿੰਡ ਕੱਲ੍ਹ ਨੂੰ ਮੇਲਾ ਵੇਖਣ ਜਾਣਾ ਹੈ  । ਉਸਨੇ  ਆਪਣੇ ਘਰ ਵਾਲੀ ਅਵਾਜ਼ ਦਿੱਤੀ  " ਜੀਤੋ " ਸੁਣਦੀ ਆ ਆਈ ਜੀ " ਜੱਸੇ " ਨੂੰ ਪੰਜ ਸੌ ਰੁਪਏ ਦੇ ਦੇਵੀਂ  ਉਸ ਨੇ ਆਪਣੇ ਦੋਸਤ ਦੇ ਪਿੰਡ ਕੱਲ੍ਹ ਨੂੰ ਮੇਲਾ ਵੇਖਣ ਜਾਣਾ,  ਮੈ ਹੁਣੇ ਲਿਆਈ ਜੀ " ਜੀਤੋ" ਨੇ ਲਿਆ ਕੇ ਆਪਣੇ ਪੁੱਤਰ ਨੂੰ  ਇਕ ਹਜ਼ਾਰ ਰੁਪਏ ਦੇ ਦਿੱਤੇ ਅਤੇ ਆਖਿਆ ਤੂੰ ਆਪਣੇ ਦੋਸਤ ਦੇ ਪਿੰਡ ਮੇਲਾ ਵੇਖਣ ਜਾਣਾ ਕਿਸੇ ਗੱਲ ਦੀ ਕੋਈ ਕਮੀ ਨਾ ਰਹਿ ਜਾਏ , ਫਿਰ ਹੀ  ਪਤਾ  ਲੱਗੂਗਾ ਕਿ ਸਰਦਾਰਾਂ ਦਾ ਮੁੰਡਾ ਮੇਲਾ ਵੇਖਣ ਆਇਆ ਸੀ ।
                 ਇਹ ਸਭ ਦੇਖਦਿਆਂ " ਕਾਕੂ " ਸਬਰ ਦਾ ਘੁੱਟ ਭਰਕੇ ਆਪਣੇ ਘਰ ਵੱਲ ਨੂੰ ਚਲ ਪਿਆ। ਦੂਸਰੇ ਦਿਨ  ਆਇਆ ਤਾਂ  ਕੰਮ ਤੋਂ  ਨਾਂਹ ਕਰ ਦਿੱਤੀ ਕਿਹਾ ਮੇਰਾ ਹਿਸਾਬ ਕਰ ਦਿਓ ਮੈ ਹੁਣ ਕੰਮ ਨਹੀਂ ਕਰਨਾ,  ਕੀ ਗੱਲ ਹੋ ਗਈ  ਪੈਸੇ ਹੋਰ ਚਾਹੀਦੇ ਨੇ ਲੈ ਲਏ , ਨਹੀਂ ਸਰਦਾਰ ਜੀ ਤੁਸੀਂ ਮੇਰਾ ਹਿਸਾਬ ਕਰ ਦਿਓ , ਸਰਦਾਰ ਨੇ ਹਿਸਾਬ ਕਰਕੇ ਬਣਦੀ ਰਕਮ ਉਸ ਦੇ ਹੱਥ ਫੜਾ ਦਿੱਤੀ । ਹੁਣ "ਕਾਕੂ " ਹੋਰ ਕੰਮ ਤੇ ਜਾਣ ਲੱਗ ਪਿਆ ਸੀ । ਕੁਝ ਚਿਰ ਮਗਰੋਂ ਉਸਨੇ ਆਪਣਾ ਮਕਾਨ ਵੀ ਲਿਆ  ਮੁੰਡਾ ਪੜ ਲਿਖਕੇ ਸਰਕਾਰੀ ਨੌਕਰੀ ਤੇ ਲੱਗ ਗਿਆ ਸੀ , ਹੁਣ " ਕਾਕੂ " ਕੰਮਕਾਜ  ਤੋਂ  ਬਿਲਕੁਲ ਫਰੀ ਸੀ । ਇਕ ਦਿਨ " ਕਾਕੂ " ਸ਼ਹਿਰ ਨੂੰ  ਜਾ ਰਿਹਾ ਸੀ ਤਾਂ ਕੀ ਦੇਖਦਾ ਸੜਕ ਉਪਰ ਲੋਕਾਂ ਦਾ ਇਕੱਠ ਹੋਇਆ ਸੀ । ਜਦ ਇਕੱਠ ਵਿੱਚ " ਕਾਕੂ " ਨੇ ਜਾ ਕੇ ਦੇਖਿਆ ਕਿ ਇੱਕ ਬਜ਼ੁਰਗ ਹਾਲੋਂ ਬੇਹਾਲ ਹੋਇਆ ਬੁਖਾਰ ਨਾਲ ਤੜਫ ਰਿਹਾ ਸੀ , ਉਸ ਨੂੰ ਚੱਕ ਕੇ ਡਾਕਟਰ ਕੋਲ ਲੈ ਕੇ ਗਿਆ , ਡਾਕਟਰ ਨੇ ਦਵਾਈ ਦਿੱਤੀ ਅਤੇ ਪੰਜ ਸੌ ਰੁਪਏ ਦਾ ਬਿਲ ਬਣਾ ਦਿੱਤਾ , ਕੰਬਦੀ ਅਵਾਜ਼ ਵਿੱਚ ਡਾਕਟਰ ਨੂੰ ਕਹਿ ਲੱਗਿਆ ਮੇਰੇ ਕੋਲ ਪੈਸੇ ਹੈ ਨਹੀਂ  ,ਮੈ ਸੋਚਿਆ ਸੀ ਕਿ ਮੁੰਡਾ ਪੜ੍ਹ ਲਿਖ ਜਾਵੇਗਾ ਮੈਨੂੰ ਵੀ ਸਹਾਰਾ ਹੋਵੇਗਾ, ਮੈ ਉਸਨੂੰ ਖੁੱਲ੍ਹਾ ਖਰਚਾ ਦਿੰਦਾ ਸੀ ਪਰ ਉਹ ਮਾੜੀ ਸੰਗਤ ਵਿੱਚ ਪੈ ਗਿਆ, ਜਦੋਂ ਸਾਨੂੰ ਪਤਾ ਲੱਗਿਆ ਉਹ ਪੂਰਾ ਨਸ਼ੇ ਦਾ ਆਦੀ ਬਣ ਚੁਕਿਆ ਸੀ , ਉਸਦੀ ਮਾਂ ਇਹ ਸਭ ਕੁੱਝ ਨਾ ਬਰਦਾਸ਼ਤ ਕਰਦੀ ਹੋਈ ਅਕਾਲ ਚਲਾਣਾ ਕਰ ਗਈ , ਉਸਦੇ ਮਰਨ ਮਗਰੋਂ ਮੁੱਡੇ ਨੇ ਸਾਰੀ ਜ਼ਮੀਨ ਨਸ਼ੇ ਦੇ ਰਾਹ ਵੇਚ ਦਿੱਤੀ ਹੁਣ ਤਾਂ ਰੋਟੀ ਤੋ ਵੀ ਮਤਾਜ਼ ਹਾ । ਡਾਕਟਰ ਨੇ ਸਭ ਸੁਣਦਿਆਂ ਕਿਹਾ ਦਵਾਈ ਪੈਸਿਆਂ ਤੋਂ ਬਿਨਾਂ ਨਹੀਂ ਮਿਲੇਗੀ, ਚੰਗਾ ਭਾਈ ਤੇਰੀ ਮਰਜ਼ੀ ਕਹਿਕੇ ਡਾਕਟਰ ਦੀ ਦੁਕਾਨ ਵਿੱਚੋਂ ਬਾਹਰ ਨਿਕਲਣ ਹੀ ਲੱਗਿਆ ਸੀ " ਨਹੀਂ ਡਾਕਟਰ ਸਾਹਿਬ ਦਵਾਈ ਦੇ ਪੈਸੇ ਮੈ ਦਿਆਂਗਾ " ਕਾਕੂ " ਡਾਕਟਰ ਨੂੰ ਪੈਸੇ ਦੇਣ ਲੱਗਿਆ ਕਹਿ ਰਿਹਾ ਸੀ ,ਇਹ ਲੋਕ  ਦੂਸਰੇ ਨੂੰ  ਮੂੰਹ ਪਾੜ ਕੇ ਕਹਿ ਦਿੰਦੇ ਨੇ ਤੁਹਾਡੇ ਲੋਕਾਂ ਨੂੰ ਪੈਸੇ ਦੀ ਕਦਰ ਕਰਨੀ ਨਹੀਂ ਆਉਂਦੀ , ਪਰ ਗਰੀਬ ਲੋਕ ਫਿਰ ਵੀ ਪੈਸੇ ਦੀ ਕਦਰ ਕਰਦੇ ਆ , ਇਹ ਲੋਕ ਕਹਿ ਹੀ ਸਕਦੇ ਨੇ ਲੈਕਿਨ ਖੁਦ ਆਪ ਪੈਸੇ ਦੀ ਕਦਰ ਨਹੀਂ ਕਰਦੇ, ਇਹ  ਸਾਰੀਆਂ ਗੱਲਾਂ ਬਜ਼ੁਰਗ ਸੁਣ ਰਿਹਾ ਸੀ ਹੁਣ ਉਹ ਆਪਣੇ ਆਪ ਤੇ ਸ਼ਰਮ ਮਹਿਸੂਸ ਕਰ ਰਿਹਾ ਸੀ , ਇਹ ਬਜ਼ੁਰਗ ਪੰਦਰਾਂ ਏਕੜ ਦਾ ਮਾਲਕ ਸੀ ਜਿਹੜਾ ਹੱਥ ਖਾਲੀ ਕਰਕੇ ਬੇਸਹਾਰਾ ਅੱਜ ਸੜਕ ਤੇ  ਬੈਠਾ ਦੁੱਖ ਨਾਲ ਤੜਫ ਰਿਹਾ ਸੀ । ਇਹ  ਕੋਈ ਹੋਰ ਆਦਮੀ ਨਹੀਂ ਸੀ " ਕਾਕੂ " ਇਸ ਦੇ ਘਰ ਸੀਂਰੀ ਦਾ ਕੰਮ ਕਰਦਾ ਸੀ ,  ਹੁਣ " ਕਰਮ ਸਿੰਘ " ਦੀਆਂ ਅੱਖਾਂ ਵਿੱਚੋਂ ਸਾਉਣ ਦੇ ਮਹੀਨੇ ਵਾਂਗ ਅੱਥਰੂ ਵਹਿ ਰਹੇ ਸੀ ਰੁਕਣ ਦਾ ਨਾ ਨਹੀਂ ਲੈ ਰਹੇ ਸੀ , ਉਸ ਦੇ ਅੱਥਰੂ ਤੋਂ ਪਤਾ ਚਲ ਰਿਹਾ ਸੀ ਕਿ ਬੀਤਿਆ ਹੋਇਆ ਪਲ ਉਸ ਨੂੰ ਹੁਣ ਯਾਦ ਆ ਰਿਹਾ ਸੀ।ਸੋਚ ਰਿਹਾ ਸੀ ਜਿਹੜੀ ਗੱਲ ਮੈਂ " ਕਾਕੂ " ਨੂੰ ਆਖੀ ਸੀ , ਜੇ ਉਹੀ ਗੱਲ ਮੈ ਆਪਣੇ ਪੁੱਤਰ " ਜੱਸੇ " ਨੂੰ ਆਖੀ ਹੁੰਦੀ ਸ਼ਾਇਦ ਅੱਜ ਮੈ ਹੱਥ ਖਾਲੀ ਕਰਕੇ ਸੜਕ ਤੇ ਬੈਠਾ ਦੁੱਖ ਨਾਲ ਨਾ ਤੜਫ ਦਾ ਹੁੰਦਾ ।
                           ਹਾਕਮ ਸਿੰਘ ਮੀਤ ਬੌਂਦਲੀ
                              " ਮੰਡੀ ਗੋਬਿੰਦਗੜ੍ਹ "

Have something to say? Post your comment