ਕੱਲਾ ਰੁੱਖ ਉਦਾਸ ਖੜ੍ਹਾ ਹੈ
ਹੋਰ ਨਾ ਰੁੱਖ ਕੋਈ ਪਾਸ ਖੜ੍ਹਾ ਹੈ......
ਕਹੇ ਮਨੁੱਖ ਦੀ ਜਾਤ ਹੈ ਮਾੜੀ
ਵੱਢ 'ਤੇ ਸਾਥੀ ਮਾਰ ਕੁਹਾੜੀ
ਹੁਣ ਆਉਣੀ ਹੈ ਮੇਰੀ ਵਾਰੀ
ਕਰਕੇ ਬੈਠੇ ਫੁੱਲ ਤਿਆਰੀ
ਸੋਚਾਂ ਸੋਚ ਨਿਰਾਸ਼ ਖੜ੍ਹਾ ਹੈ...
ਕੱਲਾ ਰੁੱਖ ਉਦਾਸ ਖੜ੍ਹਾ ਹੈ
ਪੰਛੀ ਬੈਠਾ ਚਹਿਕ ਰਿਹਾ ਹੈ
ਪੱਤਾ ਪੱਤਾ ਸਹਿਕ ਰਿਹਾ ਹੈ
ਕਿੱਥੇ ਬਹਿਕੇ ਚਹਿਕੇਂਗਾ ਤੂੰ
ਸੋਚ ਕੇ ਹੀ ਮਨ ਤ੍ਰਹਿਕ ਰਿਹਾ ਹੈ
ਪਰ ਫਿਰ ਵੀ ਧਰਵਾਸ ਬੜਾ ਹੈ...
ਕੱਲਾ ਰੁੱਖ ਉਦਾਸ ਖੜ੍ਹਾ ਹੈ
ਟਾਹਣੀਆਂ ਵੀ ਨਾ ਕਰਨ ਕਲੋਲ
ਸਹਿਮੀਆਂ ਦਿਲ ਵਿੱਚ ਪੈਂਦੇ ਹੌਲ
ਮੌਤ ਬੂਹੇ ਤੇ ਆਣ ਖੜ੍ਹੀ ਹੈ
ਕੁੱਝ ਵੀ ਨਹੀਂਓਂ ਹੁੰਦਾ ਬੋਲ
ਦੇਖ ਇਹ ਸੱਭ ਬੇ-ਆਸ ਖੜ੍ਹਾ ਹੈ...
ਕੱਲਾ ਰੁੱਖ ਉਦਾਸ ਖੜ੍ਹਾ ਹੈ
ਰੁੱਖ ਕਹੇ ਠੰਡੀਆਂ ਛਾਵਾਂ ਕਰਦਾਂ
ਧੁੱਪਾਂ ਮੀਹਾਂ ਸਿਰ ਤੇ ਜਰਦਾਂ
ਆਉਣ ਬਾਰਿਸ਼ਾਂ ਮੇਰੇ ਕਰਕੇ
ਜੀਵ-ਜੰਤ ਵਿੱਚ ਸਵਾਸ ਮੈਂ ਭਰਦਾਂ
ਕਿਉਂ ਨਹੀਂ ਇਹ ਅਹਿਸਾਸ ਬੜਾ ਹੈ...
ਕੱਲਾ ਰੁੱਖ ਉਦਾਸ ਖੜ੍ਹਾ ਹੈ
ਜੰਗਲ ਬੇਲੇ ਵੱਢ 'ਤੇ ਸਾਰੇ
ਕੁਦਰਤ ਦੇ ਸੱਭ ਖੇਲ ਬਿਗਾੜੇ
ਪੌਣ-ਪਾਣੀ ਦੀ ਦਿਸ਼ਾ ਵਿਗਾੜੀ
ਜਾਨਵਰਾਂ ਦੇ ਖੋਹ ਲਏ ਢਾਰੇ
ਕੀਤਾ ਸੱਤਿਆਨਾਸ਼ ਬੜਾ ਹੈ...
ਕੱਲਾ ਰੁੱਖ ਉਦਾਸ ਖੜ੍ਹਾ ਹੈ
ਹੱਥ ਜੋੜ "ਖੁਸ਼ੀ" ਅਰਜ਼ ਗੁਜ਼ਾਰਾਂ
ਕੁਦਰਤ ਨਾਲ ਨਾ ਕਰ ਖਿਲਵਾੜਾਂ
ਭੁ ਗ ਤ ਣੇ ਪੈਣੇ ਬੁਰੇ ਨਤੀਜੇ
ਐਸੀਆਂ ਇੱਕ ਦਿਨ ਪੈਣੀਆਂ ਮਾਰਾਂ
ਰੁੱਖ ਜੀਵਨ ਲਈ ਖਾਸ ਬੜਾ ਹੈ...
ਕੱਲਾ ਰੁੱਖ ਉਦਾਸ ਖੜ੍ਹਾ ਹੈ
ਖੁਸ਼ੀ ਮੁਹੰਮਦ "ਚੱਠਾ"
ਪਿੰਡ ਤੇ ਡਾ. - ਦੂਹੜੇ (ਜਲੰਧਰ)