18

October 2018
Article

ਬੱਚਿਆਂ ਦੇ ਅਗਵਾ ਹੋਣ ਦੀਆਂ ਘਟਨਾਵਾਂ ਸਮਾਜ ਲਈ ਚਿੰਤਾ ਦਾ ਵਿਸ਼ਾ// ਗੁਰਜੀਵਨ ਸਿੰਘ ਸਿੱਧੂ ਨਥਾਣਾ

June 07, 2018 04:24 PM
ਲੇਖਕ ਗੁਰਜੀਵਨ ਸਿੰਘ ਸਿੱਧੂ ਨਥਾਣਾ

ਬੱਚਿਆਂ ਦੇ ਅਗਵਾ ਹੋਣ ਦੀਆਂ ਘਟਨਾਵਾਂ ਸਮਾਜ ਲਈ ਚਿੰਤਾ ਦਾ ਵਿਸ਼ਾ


ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਬੱਚਿਆਂ ਨੇ ਹੀ ਆਪਣੀ ਪ੍ਰਤਿਭਾ ਨੂੰ ਸੰਵਾਰ ਕੇ ਅਤੇ ਗਿਆਨਵਾਨ ਬਣਕੇ ਸਮਾਜ ਦੀ ਵਾਂਗਡੋਰ ਸੰਭਾਲਣੀ ਹੁੰਦੀ ਹੈ ਅਤੇ ਆਪਣੇ ਮਾਪਿਆਂ ਦੇ ਚਾਅ ਮੱਲਾਰ ਪੂਰੇ ਕਰਨੇ ਹੁੰਦੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ,ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਨੂੰ ਅਗਵਾ ਬਹੁਤੀ ਵਾਰ ਪੈਸ਼ੇ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ ਅਤੇ ਬਹੁਤੀਆਂ ਹਾਲਤਾਂ ਵਿੱਚ ਅਗਵਾਕਾਰਾਂ ਦੀ ਮਨਸ਼ਾ ਪੂਰੀ ਨਾ ਹੋਣ ਕਰਕੇ ਅਗਵਾ ਹੋਏ ਮਾਸ਼ੂਮ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ। ਅਗਲੀ ਕੜੀ ਵਜੋਂ ਅਗਵਾ ਕੀਤੇ ਬੱਚਿਆਂ ਨੂੰ ਦੂਰ-ਦੁਰਾਡੀਆਂ ਥਾਂਵਾ ਤੇ ਲਿਜਾ ਕਿ ਉਨਾਂ ਨੂੰ ਵੇਚ ਦਿੱਤਾ ਜਾਂਦਾ ਹੈ,ਜੋ ਜੀਵਨ ਭਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋ ਜਾਂਦੇ ਹਨ।


ਅਜਿਹੇ ਮਾਮਲਿਆਂ ਵਿੱਚ ਇਹ ਵੀ ਸਾਹਮਣੇ ਆ ਚੁੱਕਿਆ ਹੈ ਕਿ ਅਗਵਾ ਕੀਤੇ ਗਏ ਬੱਚਿਆਂ ਨੂੰ ਬਹੁਤ ਦਰਿੰਦਗੀ ਨਾਲ ਅੰਗਹੀਣ ਬਣਾਕੇ ਉਨਾਂ ਤੋਂ ਭੀਖ ਮੰਗਵਾਉਣ ਦਾ ਘਿਨੌਣਾ ਕੰਮ ਵੀ ਕਰਵਾਇਆ ਜਾਂਦਾ ਹੈ। ਦੇਸ਼ ਵਿੱਚ ਹਰ ਸਾਲ ਅਗਵਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ,ਜਿਸ ਵਿੱਚੋਂ ਬਹੁਤ ਘੱਟ ਬੱਚੇ ਹੀ ਮੁੜ ਮਾਪਿਆਂ ਦੇ ਹੱਥ ਆਉਂਦੇ ਹਨ। ਅਜਿਹੇ ਪਰਿਵਾਰਾਂ ਨੂੰ ਜਿਨਾਂ ਦੁਸਵਾਰੀਆਂ ਅਤੇ ਮਾਨਸਿਕ ਮੁਸ਼ਕਿਲਾਂ ਨਾਲ ਜੂਝਣਾ ਪੈਂਦਾ ਹੈ,ਇਹ ਉਹੀ ਜਾਣ ਸਕਦੇ ਹਨ। ਸਮਾਜ ਵਿਰੋਧੀ ਅਨਸਰਾਂ ਨੇ ਬੱਚਿਆਂ ਨੂੰ ਅਗਵਾ ਕਰਕੇ ਬਹੁਤ ਸਾਰੇ ਘਰਾਂ ਦੇ ਚਿਰਾਗ,ਰੌਸ਼ਨੀ ਦੇਣ ਤੋਂ ਪਹਿਲਾ ਹੀ ਬੁਝਾਅ ਦਿੱਤੇ ਹਨ। ਅੱਜਕੱਲ ਅਗਵਾਕਾਰਾਂ ਵੱਲੋਂ ਅਗਵਾ ਕੀਤੇ ਗਏ ਬੱਚਿਆਂ ਦੇ ਸਰੀਰ ਦੇ ਕੀਮਤੀ ਅੰਗ ਵੇਚਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਂਦਾ,ਜੋ ਪਿਛੇ ਜਿਹੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਇਹੋ ਜਿਹਾ ਕੰਮ ਕਰਨ ਵਾਲੇ ਅਨਸਰ ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਵੇਰ ਦੀ ਸੈਰ ਸਮੇਂ ਸੜਕਾਂ ਦੇ ਕੰਡਿਆ ਤੇ ਦੌੜ ਰਹੇ ਬੱਚਿਆਂ ਨੂੰ ਬੇਹੋਸ਼ ਕਰਕੇ ਗੱਡੀਆਂ ਵਿੱਚ ਸੁੱਟ ਕੇ ਅਤੇ ਪਾਰਕਾਂ ਵਿੱਚ ਖੇਡ ਰਹੇ ਨੰਨੇ-ਮੁੰਨੇ ਤੇ ਮਾਸੂਮ ਬੱਚਿਆਂ ਨੂੰ ਟੋਫੀਆਂ,ਲੇਜ਼ ਆਦਿ ਦਾ ਲਾਲਚ ਦੇ ਕੇ ਸਹਿਜੇ ਹੀ ਆਪਣਾ ਸ਼ਿਕਾਰ ਬਣਾ ਰਹੇ ਹਨ। ਹਰ ਰੋਜ਼ ਅਖਬਾਰਾਂ ਵਿੱਚ ਇਹ ਮਨਹੂਸ ਖਬਰ ਮਿਲਦੀ ਹੈ ਕਿ ਫਲਾਣੀ ਪਾਰਕ ਵਿੱਚ ਖੇਡਦਾ ਜਾਂ ਸਕੂਲ ਗਿਆ ਬੱਚਾ ਅਗਵਾ। ਦੂਜੇ ਪਾਸੇ ਇਹੋ ਜਿਹੇ ਘਿਨੌਣੇ ਅਪਰਾਧਾਂ ਨਾਲ ਮਾਪਿਆ ਤੇ ਢਹਿ ਰਹੇ ਇਸ ਕਹਿਰ ਤੋਂ ਸਾਡੀ ਸਰਕਾਰਾਂ ਤੇ ਪ੍ਰਸ਼ਾਸਨ ਅਨਜਾਣ ਬਣੇ ਰਹਿੰਦੇ ਹਨ। ਇਕੱਲਾ ਇਕਹਿਰਾ ਸਕੂਲ ਜਾ ਰਿਹਾ ਬੱਚਾ ਜਾਂ ਘਰ ਦੇ ਬਾਹਰ ਖੇਡ ਰਿਹਾ ਤਾਂ ਕੀ ਮਹਿਫੂਜ ਹੋਣਾ ਸੀ ਇਥੋਂ ਤੱਕ ਕਿ ਸਕੂਲ ਵੈਨਾਂ ਚੋ ਵੀ ਧੱਕੇ ਨਾਲ ਬੱਚੇ ਅਗਵਾ ਕਰਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਸਮਾਜ ਵਿੱਚ ਹੋ ਰਹੇ ਇਹੋ ਜਿਹੇ ਅਪਰਾਧਾਂ ਕਾਰਨ ਸਕੂਲ ਗਏ ਬੱਚੇ ਦੇ ਘਰ ਵਾਪਸ ਆਉਣ ਤੱਕ ਮਾਪੇ ਚਿੰਤਤ ਰਹਿੰਦੇ ਹਨ।  2013-14 'ਚ ਪੰਜਾਬ ਦੇ ਫਰੀਦਕੋਟ ਜ਼ਿਲੇ ਵਿੱਚ ਲਗਾਤਾਰ ਦਰਜਨਾਂ ਬੱਚਿਆਂ ਨੂੰ ਅਗਵਾ ਕੀਤੇ ਜਾਣ ਦੀਆਂ ਘਟਨਾਵਾਂ ਨੇ ਪੂਰੇ ਸਮਾਜ ਨੂੰ ਝੰਜ਼ੋੜ ਕੇ ਰੱਖ ਦਿੱਤਾ ਸੀ। ਦਸੰਬਰ 2014 ਨੂੰ ਵਿਧਾਨ ਸਭਾ ਸ਼ੈਸ਼ਨ ਵਿੱਚ ਵੀ ਬੱਚਿਆਂ ਦੇ ਅਗਵਾ ਦਾ ਇਹ ਮਾਮਲਾ ਜਦੋਂ ਉਭਰਿਆ ਤਾਂ ਕਿਤੇ ਜਾ ਕਿ ਗ੍ਰਹਿ ਵਿਭਾਗ ਨੇ ਇਸ ਗੰਭੀਰ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਸਨ ਤਾਂ ਇਹ ਸਾਹਮਣੇ ਆਇਆ ਕਿ ਲੋਕਾਂ ਵੱਲੋਂ ਪੇਸ਼ ਕੀਤੇ ਅਗਵਾ ਦੀਆਂ ਘਟਨਾਵਾਂ ਦੇ ਅੰਕੜੇ ਸਹੀ ਸਨ,ਜਦੋਂ ਕਿ ਇਸ ਤੋਂ ਪਹਿਲਾ ਪੁਲਿਸ ਅਜਿਹੇ ਮਾਮਲਿਆਂ ਨੂੰ ਬਹੁਤੀ ਗੰਭੀਰਤਾਂ ਨਾਲ ਨਹੀਂ ਸੀ ਲੈ ਰਹੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਇਹ ਮਾਮਲਾ ਹੌਲੀ ਹੌਲੀ ਠੰਡੇ ਬਸਤੇ ਵਿੱਚ ਪਾ ਦਿੱਤਾ,ਜਿਸ ਨਾਲ ਪੀੜਤ ਮਾਪਿਆਂ ਦਾ ਦਰਦ ਜਿਉਂ ਦਾ ਤਿਉਂ ਬਣਿਆ ਹੋਇਆ ਹੈ ਅਤੇ ਉਨਾਂ ਦੀ ਮਾਨਸਿਕਤਾ ਤੇ ਬਣੇ ਡੂੰਘੇ ਜਖਮ ਅੱਜ ਵੀ ਰਿਸ ਰਹੇ ਹਨ।  2014 ਤੋਂ ਪਿੱਛੋਂ ਵੀ ਅੱਜ ਤੱਕ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਸਗੋਂ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੀ ਦਰਜ ਹੋਇਆ ਹੈ। ਇੱਥੋਂ ਤੱਕ ਕਿ ਪਿਛੇ ਜਿਹੇ ਬਠਿੰਡੇ ਜ਼ਿਲੇ ਵਿੱਚ ਵਾਪਰੀ ਇੱਕ ਘਟਨਾ ਅਖਬਾਰਾਂ ਦੀ ਸੁਰਖੀ ਬਣੀ ਕਿ ਆਪਣੇ ਘਰ ਵਿੱਚ ਹੀ ਰਾਤ ਨੂੰ ਇੱਕ ਗਰੀਬ ਪਰਿਵਾਰ ਵਿੱਚ ਮਾਂ ਨਾਲ ਸੁੱਤੇ ਪਏ ਤਕਰੀਬਨ ਡੇਢ ਸਾਲ ਦੇ ਬੱਚੇ ਨੂੰ ਕੋਈ ਚੁੱਕ ਕਿ ਲੈ ਗਿਆ ਪਰ ਪੁਲਸ ਨੇ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਅਗਵਾਕਾਰਾਂ ਨੂੰ ਬੱਚੇ ਸਮੇਤ ਕਾਬੂ ਕਰ ਲਿਆ। ਕਹਾਣੀ ਇਹ ਸਾਹਮਣੇ ਆਈ ਕਿ ਅਗਵਾਕਾਰਾਂ ਦਾ ਬੱਚੇ ਨੂੰ ਚੁੱਕਣ ਦਾ ਮਨੋਰਥ ਆਪਣੀ ਬੇਔਲਾਦ ਭੈਣ ਦਾ ਘਰ ਵਸਾਉਣ ਲਈ ਇਹ ਬੱਚਾ ਉਸਨੂੰ ਦੇਣਾ ਸੀ ਪਰ ਅਜਿਹਾ ਮਿਸ਼ਨ ਸਿਰੇ ਚੜਨ ਤੋਂ ਪਹਿਲਾ ਹੀ ਫੇਲ ਹੋ ਗਿਆ। ਅਜਿਹੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਸਮਾਜ ਵਿਰੋਧੀ ਲੋਕਾਂ ਨੂੰ ਪੁਲਸ ਜਾਂ ਦੇਸ਼ ਦੀ ਨਿਆਂ ਪ੍ਰਣਾਲੀ ਦਾ ਕੋਈ ਡਰ ਹੀ ਨਹੀਂ ਹੈ ? ਇਸ ਤਰਾਂ ਹੀ ਮੋਗਾ ਜ਼ਿਲੇ ਦੇ ਨਗਰ ਕੋਟ ਈਸੇ ਖਾਂ ਵਿੱਚ ਵਾਪਰੀ ਇੱਕ ਘਟਨਾ 27 ਮਈ 2018 ਨੂੰ ਅਖਬਾਰਾਂ ਦੀ ਸੁਰਖੀ ਬਣੀ ਸੀ ਕਿ ਕੁਝ ਮਹੀਨਿਆਂ ਦਾ ਬੱਚਾ ਅਗਵਾਕਾਰਾਂ ਦੀ ਚੁੰਗਲ ਚੋਂ ਪੁਲਸ ਨੇ 12 ਘੰਟਿਆਂ ਅੰਦਰ ਲੱਭ ਕੇ ਪਰਿਵਾਰ ਨੂੰ ਸੌਂਪਿਆ। ਇਹ ਹੁਣ ਇੱਕ ਆਮ ਜਿਹਾ ਵਰਤਾਰਾ ਬਣ ਗਿਆ ਹੈ ਕਿਸੇ ਦਾ ਬੱਚਾ ਚੁੱਕਣਾ। ਜੇਕਰ ਸਾਡੇ ਬੱਚੇ ਘਰਾਂ ਵਿੱਚ ਹੀ ਅਸੁਰੱਖਿਅਤ ਹਨ,ਜੋ ਸਮੁੱਚੇ ਸਮਾਜ ਅਤੇ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਲਈ ਕਾਨੂੰਨਾਂ ਵਿੱਚ ਵੱਡੀ ਸੋਧ ਕੀਤੇ ਜਾਣ ਦੀ ਲੋੜ ਮਹਿਸ਼ੂਸ ਕੀਤੀ ਜਾਣ ਲੱਗੀ ਹੈ। ਅਜਿਹੀਆਂ ਹਾਲਤਾਂ ਵਿੱਚ ਸਮਾਜ ਅਤੇ ਸਰਕਾਰ ਨੂੰ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਪੂਰੀ ਗੰਭੀਰਤਾ ਨਾਲ ਉਪਰਾਲੇ ਕਰਨ ਦੀ ਲੋੜ ਹੈ।
                                       ਲੇਖਕ
                            ਗੁਰਜੀਵਨ ਸਿੰਘ ਸਿੱਧੂ ਨਥਾਣਾ
                            ਪਿੰਡ ਨਥਾਣਾ, ਜਿਲਾ ਬਠਿੰਡਾ
                           (ਪੰਜਾਬ) 151102

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech