16

October 2018
Article

ਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨ

June 09, 2018 05:20 PM

'ਰੀਝਾਂ ਦਾ ਅੰਬਰ', ਮੁਟਿਆਰ ਕਵਿੱਤਰੀ ਮਨਿੰਦਰ ਕੌਰ ਮਨ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਵਿਚ ਉਸ ਨੇ ਆਪਣੀਆਂ 90 ਚੋਣਵੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਇਸ ਤੋਂ ਪਹਿਲੇ ਉਹ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਅਖਬਾਰਾਂ ਤੇ ਮੈਗਜੀਨਾਂ ਵਿਚ ਛਪਦੀ ਆ ਰਹੀ ਹੈ।

ਕਵਿੱਤਰੀ ਦੀ ਪਹਿਲੀ ਕਵਿਤਾ 'ਹਵਾ ਚ ਧੂਆਂ', ਜਿੱਥੇ ਇਨਸਾਨੀ ਰਿਸ਼ਤਿਆਂ ਦੇ ਘਟਦੇ ਜਾ ਰਹੇ ਨਿੱਘ ਦੀ ਗੱਲ  ਕਰਦੀ ਹੈ ਉਥੇ ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ-ਪ੍ਰਤੀ ਵੀ ਉਹ ਚਿੰਤਤ ਹੈ।
ਤਦੇ ਹੀ ਉਹ ਕਵਿਤਾ ਦੇ ਆਖਰ ਵਿਚ ਤਰਲਾ ਜਿਹਾ ਪਾਉੁਂਦੀ ਆਖਦੀ ਹੈ-

     'ਕੋਈ ਤਾਂ ਕਰੇ ਹੀਲਾ, ਕੋਈ ਤਾਂ ਸੰਭਾਲੇ ਕੁਦਰਤ ਨੂੰ,
     ਕੋਈ ਤਾਂ ਪਾਵੇ ਰੋਕ ਹਾਏ!  ਇਸ ਮਨੁੱਖੀ ਫਿਤਰਤ ਨੂੰ।'


ਰਹਿਮ-ਦਿਲ ਕਵਿੱਤਰੀ ਅਗਲੀ ਕਵਿਤਾ ਵਿਚ ਓਸ ਮਾਲਕ ਨੂੰ ਵਾਸਤਾ ਪਾਉੁਂਦੀ ਅਰਜ ਗੁਜਾਰਦੀ ਹੈ-
     ਜੇ ਤੂੰ ਕਲਮ ਦਿੱਤੀ ਮਾਲਕਾ,
     ਲਿਖਣ ਦਾ ਹੁਨਰ ਵੀ ਬਖਸ਼।
     ਪੀੜ ਪਰਾਈ ਲੱਗੇ ਆਪਣੀ,
     ਐਨੀ ਕੁ ਸਮਝ ਵੀ ਬਖਸ਼।
'ਦੋ ਟੋਟਿਆਂ ਵਿਚ', 'ਬਸ ਚਾਰ ਲਾਵਾਂ' ਅਤੇ 'ਸਿਆਣਿਆਂ ਨੇ ਇਹ' ਨਾਮੀ ਕਵਿਤਾਵਾਂ ਔਰਤ-ਵਰਗ ਦੀ ਤਰਜਮਾਨੀ ਕਰਦੀਆਂ ਬਿਹਤਰੀਨ ਕਵਿਤਾਵਾਂ ਹਨ।
     ਕਵਿੱਤਰੀ ਮਨ ਨੇ ਸੱਜਣ ਦੀ ਜੁਦਾਈ, ਉਸ ਦੀਆਂ ਯਾਦਾਂ, ਗਿਲੇ-ਸ਼ਿਕਵੇ, ਉਸ ਦੇ ਮੋਹ-ਪਿਆਰ ਅਤੇ ਉਸ ਪ੍ਰਤੀ ਦਿਲ ਦੀਆਂ ਰੀਝਾਂ ਨੂੰ ਕਾਫੀ ਖੁੱਲਕੇ ਵਧੀਆ ਢੰਗ ਨਾਲ ਬਿਆਨਿਆ ਹੈ।  ਇਸ ਲੜੀ ਵਿਚ 'ਜਿੰਦਗੀ ਦੀ ਕਿਤਾਬ', 'ਬੜੇ ਚਿਰਾਂ ਤੋਂ', 'ਮੈਨੂੰ ਪਤਾ ਤੂੰ ਰੱਬ ਹੈਂ', 'ਜਦ ਵੀ ਤੇਰੀ ਯਾਦਾਂ ਦੀ ਨਦੀ ਵਹਿੰਦੀ ਹੈ', 'ਤੇਰੇ 'ਚ ਕਾਇਨਾਤ ਸਾਰੀ', 'ਕਸ਼ਮਕਸ਼', 'ਉਦਾਸ ਨਾ ਹੋਵੀਂ','ਦਿਲ ਦੇ ਬੂਹੇ ਤੇ', 'ਹਾਏ ਵੇ ਇਕ ਤੂੰ', 'ਤੂੰ ਰੋਲਿਆ ਸੀ ਕਦੇ', 'ਮਹਿਕਾਵਾਂ ਤੇਰੀ ਦੁਨੀਆਂ', 'ਅਸੀਂ ਨਦੀਓਂ ਵਿਛੜੇ ਨੀਰ', 'ਤੇਰੀ ਬੇਰੁਖੀ ਦਾ', 'ਤੂੰ ਰੱਬ ਵਾਂਗ ਮਿਲਿਆ ਸੀ ਮੈਨੂੰ', 'ਤੇਰੇ ਮਿਲਣ ਤੇ ਵੀ ਸੱਜਣਾਂ', 'ਬਿਰਹਾ ਬਿਰਹਾ ਗਾਉਣਾ ਔਖਾ', 'ਨਦੀਆਂ ਦੀ ਕਲ ਕਲ', 'ਤੇਰੀ ਆਮਦ', 'ਮੇਰੀਆਂ ਰੀਝਾਂ ਦੇ ਅੰਬਰ 'ਚ ਸੱਜਣਾਂ', 'ਮੇਰਾ ਦਿਲ ਕਰਦਾ', 'ਮੇਰਾ ਜੀਅ ਕਰਦਾ', Ñ'ਕਾਸ਼ ਤੂੰ ਹੱਥ ਦੀਆਂ ਲਕੀਰਾਂ ਵਾਂਗ', 'ਚੰਨ ਦੀ ਚਾਨਣੀ 'ਚ', 'ਤੂੰ ਕੀ ਮਿਲਿਆ ਮੈਨੂੰ', 'ਮੈਨੂੰ ਰੱਖ ਅੱਖੀਆਂ ਸਾਹਮਣੇ',  'ਤੇਰਾ ਅਹਿਸਾਸ ਮੇਰੀ ਦੁਨੀਆਂ','ਤਾਰਿਆਂ ਦੀ ਛਾਂ', 'ਦਿਲ ਦੇ ਚਾਅ', 'ਤੇਰਾ ਸੰਪੂਰਨ ਮੇਰਾ ਹੋਣਾ', 'ਮੇਰਾ ਦਿਲ ਤਰਸੇ', 'ਮੇਰੇ ਦਿਲ 'ਚੋਂ ਨਿਕਲੇ ਬੋਲ', 'ਕਿਸ ਮੋੜ ਤੇ ਮਿਲੇ ਹੋ ਮੈਨੂੰ', 'ਕਿੰਨੇ ਦੂਰ ਹੋਕੇ ਵੀ', 'ਇਕ ਅਹਿਸਾਸ ਹੈ ਇਹ ਪਿਆਰ', 'ਕੁਝ ਅਜੀਬ ਜਿਹੀ ਹਾਲਤ', 'ਮੇਰੇ ਸੁਪਨੇ ਵੀ ਮੇਰੇ ਨਹੀ', 'ਬੜੇ ਚਿਰਾਂ ਤੋਂ ਬਾਦ', 'ਕਰਦੇ ਹੋ ਮੰਨੋ ਜਾਂ ਨਾ', 'ਕਿਤ ਵਲ ਜਾਵਾਂ' ਅਤੇ 'ਹਵਾ ਦੇ ਹੱਥ' ਆਦਿ ਅਨੇਕਾਂ ਕਮਾਲ-ਮਈ ਕਵਿਤਾਵਾਂ ਮੱਲੋ-ਮੱਲੀ ਧਿਆਨ ਖਿੱਚਦੀਆਂ ਹਨ।
    ਪਾਠਕਾਂ ਦੇ ਟੇਸਟ ਅਤੇ ਨਮੂਨੇ ਲਈ ਪੇਸ਼ ਕਰ ਰਿਹਾ ਹਾਂ, ਲੇਖਿਕਾ ਮਨ ਦੀ ਕਾਵਿ-ਪਟਾਰੀ 'ਚੋਂ ਕੁਝ ਇਕ ਟੁੱਕੜੀਆਂ:-
    'ਅਸੀਂ ਨਦੀਓਂ ਵਿਛੜੇ  ਨੀਰ ਵੇ ਸੱਜਣਾ,
    ਅਸਾਂ ਕੀ ਸਾਗਰ ਵਿਚ ਰਲਣਾ।
    ਰਸਤੇ ਵਿਚ ਹੀ ਮੁੱਕ ਸੁੱਕ ਜਾਣਾ,
    ਅਸਾਂ ਧੁਰ ਤੱਕ ਨਹੀ ਅੱਪੜਨਾ ।'  (43)
    'ਮੇਰੀਆਂ ਰੀਝਾਂ ਦੇ ਅੰਬਰ 'ਚ ਸੱਜਣਾ,
     ਸੁਪਨਿਆਂ ਦੇ ਚੰਨ ਤਾਰੇ ਚਮਕਦੇ ਨੇ ।
     ਕਈ ਸੁਪਨੇ ਮੱਧਮ ਜਿਹੇ
     ਕਈ ਬਹੁਤ ਦਮਕਦੇ ਨੇ।'  (55)
     'ਕਿੰਨੀ ਸੁਹਣੀ ਰਾਤ,
     ਉਹ ਪਿਆਰ ਵਾਲੀ ਬਾਤ।
     ਭੁੱਲੇ ਨਾ ਭੁਲਾਏ,
     ਉਹ ਸੁਹਣੀ ਮੁਲਾਕਾਤ।' (66)
     'ਇਕ ਤੂੰ ਹੋਵੇਂ,ਇਕ ਮੈਂ ਹੋਵਾਂ,
     ਹੋਵੇ ਤਾਰਿਆਂ ਦੀ ਛਾਂ ਸੱਜਣਾ।
      ਕੁਝ ਤੂੰ ਬੋਲੇਂ, ਕੁਝ ਮੈਂ ਕਹਾਂ,
      ਘੁੰਮੀਏ ਤਾਰਿਆਂ ਦੇ ਗਰਾਂ ਸੱਜਣਾ।'  (78)
      ਪ੍ਰਕਾਸ਼ਨਾ ਖੇਤਰ ਵਿਚ ਮਨਿੰਦਰ ਮਨ ਦਾ ਇਹ ਪਹਿਲਾ ਉਪਰਾਲਾ ਹੈ।  ਜਿਸ ਵਧੀਆ ਢੰਗ ਨਾਲ ਉਸ ਦੀ ਕਲਮੀ-ਸ਼ੁਰੂਆਤ ਹੋਈ ਹੈ, ਆਸ ਕੀਤੀ ਜਾਂਦੀ ਹੈ ਕਿ ਕਵਿੱਤਰੀ ਦਾਜ-ਦਹੇਜ, ਨਸ਼ਿਆਂ ਦੇ ਵਗਦੇ ਦਰਿਆ, ਭ੍ਰਿਸ਼ਟਾਚਾਰ, ਬੇ-ਰੋਜਗਾਰੀ, ਨਾਰੀ-ਵਰਗ ਦਾ ਸੋਸ਼ਣ, ਸਿੱਖਿਆ ਖੇਤਰ 'ਚ ਆ ਰਹੇ ਨਿਘਾਰ, ਪ੍ਰਦੂਸ਼ਣ ਅਤੇ ਇਨਸਾਨੀ ਰਿਸ਼ਤਿਆਂ ਦੀ ਟੁੱਟ-ਭੱਜ ਆਦਿ ਸਮਾਜ ਦੇ ਮਘਦੇ ਵਿਸ਼ਿਆਂ ਵੱਲ ਵੀ ਆਪਣੀ ਕਲਮ ਦਾ ਰੁੱਖ ਮੋੜੇਗੀ।
     ਹੱਥਲੇ ਸਫਲ ਉਪਰਾਲੇ ਲਈ ਉਭਰਦੀ ਹੋਣਹਾਰ ਕਵਿੱਤਰੀ ਮਨਿੰਦਰ ਕੌਰ ਮਨ ਨੂੰ ਦਿਲੀ ਮੁਬਾਰਿਕ!


ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

 (ਕਾਵਿ-ਸੰਗ੍ਰਹਿ)
   ਲੇਖਿਕਾ- ਮਨਿੰਦਰ ਕੌਰ ਮਨ
   ਪੰਨੇ- 96, ਕੀਮਤ- 150/- ਰੁਪਏ
   ਪ੍ਰਕਾਸ਼ਕ- ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ


Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech