Poem

ਗੀਤ (ਮਾਪੇ)//ਜਗਤਾਰ ਰਾਏਪੁਰੀਆ

June 09, 2018 05:22 PM
General

ਸ਼ੇਅਰ
ਦੌਲਤ ਸ਼ੌਹਰਤ ਮੁੜ ਬਣ ਜਾਣੀ
ਪਰ ਮੁੱਲ ਮਿਲਣੇ ਨਾ ਮਾਪੇ
ਜਿਸ ਨੇ ਸਾਂਭੇ ਇਹ ਦੋ ਹੀਰੇ
ਜ਼ਿੰਦਗੀ ਵਾਂਗ ਸਵਰਗ ਦੇ ਜਾਪੇ

ਗੀਤ (ਮਾਪੇ)

ਨਾ ਇੰਨੀ ਕਦੇ ਦੁਖੀ ਹੋਈ
ਜਿੰਨੀ ਮਾਂ ਅੱਜ ਰੋਈ
ਹੰਝੂ ਪੂੰਝੇ ਗਏ ਨਾ ਬਾਪੂ ਦੇ
ਲਾਰ ਤਿਪ ਤਿਪ ਚੋਈ

ਮੰਗ ਕੇ ਮੰਨਤਾਂ ਕਿੰਨੀਆਂ
ਰੱਬ ਨੂੰ ਮਨਾਇਆ ਸੀ
ਤਾਂ ਕਿਤੇ ਜਾ ਕੇ ਪੁਤਰਾ
ਤੂੰ ਘਰ ਵਿਚ ਆਇਆ ਸੀ
ਉਹੀ ਪਲ ਵਿਚ ਕਰਕੇ
ਪਰਾਇਆ ਤੂੰ ਖਲੋਈ
ਨਾ ਇੰਨੀ ਕਦੇ

ਰੀਝਾਂ ਦਿਲ ਵਿਚ ਕਿੰਨੀ
ਸੀਗੀਆਂ ਉਸਾਰੀਆਂ
ਕਿੰਨੀਆਂ ਸੀ ਸੱਧਰਾਂ
ਤੇਰੇ ਉਤੇ ਵਾਰੀਆਂ
ਸੁੱਕੀ ਥਾਂ ਤੇ ਪਾ ਕੇ ਤੈਨੂੰ
ਆਪ ਗਿੱਲੀ ਥਾਂ ਤੇ ਸੋਈ
ਨਾ ਇੰਨੀ ਕਦੇ

ਚਾਅ ਵੀ ਪੂਰੇ ਹੋਏ ਨਾ
ਜੋ ਦਿਲ 'ਚ ਅਧੂਰੇ ਸੀ
ਆਪਣੀ ਹਰ ਖੁਸ਼ੀ ਪਿੱਛੇ
ਤੇਰੀ ਮੰਗ ਹੀ ਮੂਹਰੇ ਸੀ
ਜਿੰਨੀ ਛੇਤੀ ਮਨੋਂ ਲਾਹ ਦਿਤਾ
ਇੰਨੀ ਛੇਤੀ ਤਾਂ ਕੋਈ
ਲਾਹੁੰਦਾ ਵੀ ਨਹੀ ਲੋਈ
ਨਾ ਇੰਨੀ ਕਦੇ

ਸੋਚਿਆ ਸੀ ਨਾਲ ਤੇਰੇ
ਬੁੱਢੇ ਬਾਰੇ ਮੌਜ ਨੂੰ ਹੰਢਾਵਾਂਗੇ
ਕੀ ਪਤਾ ਸੀ ਸਮੇਂ ਦਾ
ਬਿਰਧ ਆਸ਼ਰਮ 'ਚ ਜਾਵਾਂਗੇ
ਤੇਰੇ ਹੁੰਦਿਆਂ ਨਹੀ ਸੀ ਹੋਣੀ
ਪਰਵਾਹ ਸਾਨੂੰ ਕੋਈ
ਨਾ ਇੰਨੀ ਕਦੇ

ਸ਼ਾਇਦ ਅਸੀਂ ਧੁਰੋਂ ਲਿਖਾਏ
ਕਰਮ ਹੀ ਮਾੜੇ ਸੀ
ਤਾਂ ਹੀ ਜਿੰਦਗੀ ਨਾ ਅੱਜ
ਕਿਸੇ ਵੀ ਸਹਾਰੇ ਸੀ
ਲਿਖ ਲਿਖ ਦਰਦ ਮਾਪਿਆਂ ਦੇ
ਕਲਮ 'ਜਗਤਾਰ' ਦੀ ਵੀ ਰੋਈ
ਨਾ ਇੰਨੀ ਕਦੇ ਦੁਖੀ ਹੋਈ
ਜਿੰਨੀ ਮਾਂ ਅੱਜ ਰੋਈ
ਹੰਝੂ ਪੂੰਝੇ ਗਏ ਨਾ ਬਾਪੂ ਦੇ
ਲਾਰ ਤਿਪ ਤਿਪ ਚੋਈ


ਜਗਤਾਰ ਰਾਏਪੁਰੀਆ

Have something to say? Post your comment