Article

ਗੁੱਲਾਨਾਰੀ ਸੂਟ// ਗੁਰਜੀਵਨ ਸਿੰਘ ਸਿੱਧੂ ਨਥਾਣਾ

June 18, 2018 04:29 PM
General

ਤਕਰੀਬਨ ਚਾਰ ਦਹਾਕੇ ਪਹਿਲਾ ਦੀ ਗੱਲ ਹੈ,ਚੰਗੇ ਸਰਦੇ ਵਰਦੇ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਚੰਗੀ ਅਤੇ ਉੱਚ ਵਿਦਿਆ ਦਿਵਾਉਣ ਦੇ ਮਨੋਰਥ ਨਾਲ ਪਿੰਡ ਤੋਂ ਚੰਡੀਗੜ ਜਾ ਕੇ ਰਿਹਾਇਸ ਕਰ ਲਈ ਸੀ। ਇਹ ਪਰਿਵਾਰ ਕੁਝ ਸਾਲਾਂ ਵਿੱਚ ਹੀ ਪੂਰੀ ਤਰਾਂ ਸ਼ਹਿਰੀ ਪਰਿਵਾਰ ਬਣ ਗਿਆ ਸੀ। ਤਕਰੀਬਨ ਡੇਢ ਕੁ ਸਾਲ ਦੀ ਗੱਲ ਹੋਣੀ ਏ ਚੰਡੀਗੜ ਜਾ ਵਸੇ ਇਸ ਪਰਿਵਾਰ ਦਾ ਨੇਪਾਲੀ ਨੌਕਰ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਆਪਣੇ ਨੇਪਾਲ ਵਾਪਸ ਘਰ ਚਲਾ ਗਿਆ। ਇਸ ਪਰਿਵਾਰ ਨੇ ਆਪਣੇ ਪਿੰਡ ਵਾਲੇ ਰਿਸਤੇਦਾਰਾਂ ਨੂੰ ਫੋਨ ਕਰ ਦਿੱਤਾ ਕਿ ਕੰਮ ਲਈ ਕੋਈ ਨੌਕਰ ਲੱਭ ਕੇ ਦਿਓ ਤੇ ਉਸਦੀ ਰਿਹਾਇਸ ਤੇ ਖਾਣ-ਪੀਣ ਦਾ ਪ੍ਰਬੰਧ ਅਸੀਂ ਆਪਣੇ ਕੋਲ ਹੀ ਇੱਕ ਕਮਰੇ ਵਿੱਚ ਕਰ ਦੇਵਾਂਗੇ। ਪਿੰਡ ਵਾਲੇ ਰਿਸਤੇਦਾਰਾਂ ਨੇ ਆਪਣੀ ਜਾਣ-ਪਛਾਣ ਵਾਲੇ ਇੱਕ ਗਰੀਬ ਪਰਿਵਾਰ ਦੀ ਇਕ ਔਰਤ ਨੂੰ ਚੰਡੀਗੜ ਜਾਣ ਲਈ ਤਿਆਰ ਕਰ ਲਿਆ ਤੇ ਉਸਨੂੰ ਸਿੱਧੀ ਚੰਗੀਗੜ ਵਾਲੀ ਬੱਸ ਚੜਾਅ ਕੇ ਚੰਡੀਗੜ ਫੋਨ ਕਰ ਦਿੱਤਾ ਕਿ ਇੱਕ ਕੰਮ ਵਾਲੀ ਔਰਤ ਨੂੰ ਅਸੀਂ ਚੰਡੀਗੜ ਵਾਲੀ ਬੱਸ ਚੜਾ ਦਿੱਤਾ ਹੈ ਤੇ ਬੱਸ ਦਾ ਟਾਇਮ ਵੀ ਦੱਸ ਦਿੱਤਾ ਕਿ ਇੰਨੇ ਵਜੇ ਇਹ ਟ੍ਰਿਬਿਊਨ ਚੌਂਕ ਪਹੁੰਚ ਜਾਵੇਗੀ। ਤੁਸੀ ਇਸ ਔਰਤ ਨੂੰ ਟ੍ਰਿਬਿਊਨ ਚੌਂਕ ਚੋਂ ਲੈ ਜਾਣਾ,ਜਿਸ ਦੇ ਗੁੱਲਾਨਾਰੀ ਰੰਗ ਦਾ ਸੂਟ ਪਾਇਆ ਹੋਇਆ ਹੈ। ਅਸੀਂ ਉਸਨੂੰ ਤੁਹਾਡਾ ਨਾਂਅ ਦੱਸ ਦਿੱਤਾ ਹੈ ਕਿ ਇਸ ਨਾਂਅ ਦੀ ਔਰਤ ਤੈਨੂੰ ਲੈਣ ਆਵੇਗੀ ਚੌਂਕ 'ਚੋਂ। ਤੁਸੀ ਆਪਣਾ ਨਾਂਅ ਦੱਸ ਕੇ ਉਸਨੂੰ ਲਿਜਾ ਸਕੋਂਗੇ। ਪਿੰਡ ਵਾਲਿਆਂ ਨੇ ਇੰਨਾਂ ਕੁਝ ਦੱਸ ਕੇ ਫੋਨ ਕੱਟ ਦਿੱਤਾ ਪਰ ਹੁਣ ਚੰਡੀਗੜ ਵਾਲੀ ਮਾਲਕਣ ਨੂੰ ਇਹ ਨਹੀਂ ਸਮਝ ਆ ਰਿਹਾ ਸੀ ਕਿ ਗੁੱਲਾਨਾਰੀ ਰੰਗ ਕਿਹੋ ਜਿਹਾ ਹੁੰਦਾ ਹੈ ਕਿਉਂਕਿ ਉਹ ਤਾਂ ਹੁਣ ਸਾਰੇ ਰੰਗਾਂ ਨੂੰ ਇੰਗਲਿਸ਼ ਵਿੱਚ ਜਾਣਨ ਲੱਗੀ ਪਈ ਸੀ। ਉਸ ਨੇ ਆਪਣੀਆਂ ਚੰਡੀਗੜ ਵਾਲੀਆਂ ਸਹੇਲੀਆਂ ਨਾਲ ਗੁੱਲਾਨਾਰੀ ਰੰਗ ਬਾਰੇ ਗੱਲਬਾਤ ਕੀਤੀ ਪਰ ਕੁਝ ਪੱਲੇ ਨਾਂਅ ਪਿਆ ਤਾਂ ਉਸਨੇ ਆਪਣੇ ਰਿਸਤੇਦਾਰੀ 'ਚ ਚੰਡੀਗੜ ਰਹਿੰਦੀ ਨਣਦ ਨੂੰ ਫੋਨ ਕੀਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਪੰਜਾਬੀ ਨਾਲ ਕਾਫੀ ਲਗਾਅ ਰੱਖਦੀ ਹੈ ਤੇ ਚੰਡੀਗੜ ਰਹਿੰਦੇ ਸਾਰੇ ਰਿਸਤੇਦਾਰਾਂ ਦੇ ਬੱਚਿਆਂ ਨੂੰ ਪੰਜਾਬੀ ਪੇਪਰ ਦੀ ਤਿਆਰੀ ਵੀ ਉਹ ਹੀ ਕਰਵਾਉਂਦੀ ਹੈ,ਉਸਨੂੰ ਰੰਗ ਤਾਂ ਕੀ ਪੰਜਾਬੀ ਦੇ ਹਰ ਸ਼ਬਦ ਅਤੇ ਉਸਦੇ ਅਰਥਾਂ ਦਾ ਵੀ ਕਾਫੀ ਗਿਆਨ ਹੈ। ਇਸ ਕਰਕੇ ਉਸਨੇ ਇਸ ਮਸਲੇ ਦੇ ਹੱਲ ਲਈ ਆਪਣੀ ਨਣਦ ਦੀ ਚੋਣ ਕੀਤੀ ਤੇ ਕਿਹਾ 'ਪਿੰਡ ਤੋਂ ਸਾਡੇ ਇੱਕ ਨਵੀਂ ਕੰਮ ਵਾਲੀ ਔਰਤ ਆ ਰਹੀ ਹੈ, ਆਪਾਂ ਉਸਨੂੰ ਟ੍ਰਿਬਿਊਨ ਚੌਂਕ ਜਾ ਕੇ ਲਿਆਉਣਾ ਹੈ,ਜਿਸ ਦੇ ਗੁੱਲਾਨਾਰੀ ਰੰਗ ਦਾ ਸੂਟ ਪਾਇਆ ਹੋਵੇਗਾ,ਇਹ ਉਸਦੀ ਪਹਿਚਾਣ ਹੈ,ਆਓ ਆਪਾਂ ਚੱਲੀਏ ਬੱਸ ਦੇ ਆਉਣ ਦਾ ਟਾਇਮ ਹੋ ਚੱਲ਼ਿਆ ਹੈ,ਵਿਚਾਰੀਆਂ ਪਿੰਡ ਤੋਂ ਆਈਆਂ ਔਰਤਾਂ ਤਾਂ ਚੰਡੀਗੜ ਦਾ ਨਾਂਅ ਸੁਣ ਕੇ ਡਰ ਜਾਂਦੀਆਂ ਨੇ ਕਿ ਮੈਨੂੰ ਕੀ ਪਤਾ ਲੱਗਣਾ ਇੰਨੇ ਵੱਡੇ ਸ਼ਹਿਰ ਵਿੱਚ ਕਿੱਥੇ ਜਾਣਾ। ਇਹ ਹਾਸ਼ਾ ਮਜ਼ਾਕ ਕਰਦੀਆਂ ਉਹ ਦੋਨੋਂ ਟ੍ਰਿਬਿਊਨ ਚੌਂਕ ਪਹੁੰਚ ਗਈਆਂ। ਬੱਸ ਆਪਣੇ ਸਹੀ ਟਾਇਮ ਤੇ ਚੌਂਕ ਵਿੱਚ ਪਹੁੰਚ ਗਈ ਤੇ ਕਡੰਕਟਰ ਨੇ ਬੱਸ ਵਿੱਚ ਆਵਾਜ਼ ਦਿੱਤੀ 'ਚਲੋ ਬਈ ਟ੍ਰਿਬਿਊਨ ਚੌਂਕ ਵਾਲੇ ਉੱਤਰੋ,ਕੋਈ ਬੈਠਾ ਨਾ ਰਹਿ ਜਾਵੇ'। ਉਹ ਪਿੰਡ ਤੋਂ ਆਈ ਔਰਤ ਦੇ ਕੰਨ ਵੀ ਕਡੰਕਟਰ ਦੀ ਅਵਾਜ਼ ਦੀ ਉਡੀਕ ਵਿੱਚ ਉਤਾਵਲੇ ਸਨ ਕਿ ਕਦ ਇਹ ਟ੍ਰਿਬਿਊਨ ਚੌਂਕ ਦਾ ਨਾਂਅ ਲੈ ਕੇ ਅਵਾਜ਼ ਦੇਵੇਗਾ। ਉਹ ਕੰਮ ਵਾਲੀ ਔਰਤ ਵੀ ਉੱਤਰ ਆਈ ਤਾਂ ਉਡੀਕ 'ਚ ਖੜੀਆਂ ਦੋਵਾਂ ਚੋਂ ਉਸਦੀ ਨਣਦ ਨੇ ਗੁੱਲਾਨਾਰੀ ਰੰਗ ਦੇ ਸੂਟ ਦੀ ਪਹਿਚਾਨ ਕਰਦਿਆਂ ਝੱਟ ਦੇਣੇ ਕਿਹਾ 'ਭੈਣਜੀ ਉਹ ਆ ਗਈ ਤੁਹਾਡੇ ਕੰਮ ਵਾਲੀ ਔਰਤ'! ਤਾਂ ਉਸ ਕੋਲ ਜਾ ਕਿ ਉਨਾਂ ਆਪਣਾ ਨਾਂਅ ਦੱਸਿਆ ਤੇ ਭੈਣਜੀ ਉਸਨੂੰ ਆਪਣੇ ਘਰ ਲੈ ਆਏ ਤੇ ਨਾਲ ਇਹ ਵੀ ਸੋਚ ਰਹੇ ਸੀ ਕਿ ਅੱਜ ਤਾਂ ਮੇਰੀ ਬੇਇਜਤੀ ਹੋਣ ਤੋਂ ਬਚ ਗਈ ਜੇਕਰ ਮੈਂ ਦੋਬਾਰਾ ਪਿੰਡ ਫੋਨ ਕਰਕੇ ਪੁੱਛਦੀ ਕਿ ਗੁੱਲਾਨਾਰੀ ਰੰਗ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਨੇ ਮੇਰਾ ਤਾਂ ਪਿੰਡ ਵਾਲਿਆਂ ਨੇ ਮਜ਼ਾਕ ਉਡਾ ਦੇਣਾ ਸੀ। 
                                        ਲੇਖਕ
                          ਗੁਰਜੀਵਨ ਸਿੰਘ ਸਿੱਧੂ ਨਥਾਣਾ                           
                          ਪਿੰਡ ਨਥਾਣਾ, ਜਿਲਾ ਬਠਿੰਡਾ
                          ਪੰਜਾਬ: 151102

Have something to say? Post your comment