Poem

ਸਾਡੀ ਪਛਾਣ _WHITE COLOR // ਪ੍ਰਵੀਨ ਸ਼ਰਮਾ (ਰਾਉਕੇ ਕਲਾਂ)

July 07, 2018 06:05 PM
General

ਸਾਡੀ ਪਛਾਣ

ਚਿੱਟਾ ਰੰਗ ਪ੍ਰਤੀਕ ਸੁੱਚਮ-ਸਾਦਗੀ ਦਾ ,
ਅੱਜ  ਚਿੱਟੇ ਤੇ  ਰਿਹਾ  ਨਾ ਮਾਣ  ਲੋਕੋ ।

ਚਿੱਟਾ ਪਹਿਣਕੇ ਚਿੱਟੇ ਦਾ ਵਪਾਰ ਕਰਦੇ ,
ਚਿੱਟੇ ਰੰਗ ਦੀ ਨਵੀਂ ਏ ਪਹਿਚਾਣ ਲੋਕੋ ।

ਚਿੱਟਾ ਰੰਗ  ਗਭਰੂਆਂ  ਦੀ  ਬਲੀ ਮੰਗੇ ,
ਜਵਾਨੀਆਂ ਦਾ ਪਾ ਰਿਹਾ ਏ ਘਾਣ ਲੋਕੋ ।

ਚਿੱਟਾ ਲੈ ਗਿਆ ਮਾਂ ਕੋਲੋਂ ਲਾਲ ਉਹਦਾ ,
ਵੇਖਿਆ ਜਾਂਦਾ ਨੀ ਪੁੱਤਾਂ ਦਾ ਜਾਣ ਲੋਕੋ ।

ਭੈਣ ਤੋ ਭਾਈ  ਤੇ  ਯਾਰ ਤੋ  ਯਾਰ ਖੋਹਦਾਂ ,
ਚਿੱਟਾ ਲੈ ਗਿਆ ਦੂਰ ਹਾਣ ਤੋ ਹਾਣ ਲੋਕੋ ।

ਚਿੱਟਾ ਮਾਰਦਾ ਹੈ ਬੇ - ਆਈ  ਮੌਤ ਭੈੜੀ ,
ਸੌਖੇ  ਨਿਕਲਦੇ  ਨਾ ਦੇਹੀ  ਚੋ ਪ੍ਰਾਣ ਲੋਕੋ ।

ਰੰਗ ਤਾਂ ਦੁੱਧ, ਦਹੀਂ, ਮੱਖਣੀ ਦਾ ਵੀ ਚਿੱਟਾ ,
ਛੱਡ  ਦਿੱਤਾ  ਇਸ  ਚਿੱਟੇ ਦਾ  ਖਾਣ ਲੋਕੋ ।

ਸਾਡੇ  ਰੰਗਲੇ ਪੰਜਾਬ  ਦੇ ਅੱਜ ਰੰਗ ਉੱਡੇ ,
ਕੱਲ੍ਹੇ ਚਿੱਟੇ ਨਾਲ ਹੋ ਰਹੀ ਹੈ ਪਛਾਣ ਲੋਕੋ ।

      ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
       ਏਲਨਾਬਾਦ, ਜਿਲਾ -- ਸਿਰਸਾ

Have something to say? Post your comment