FOLLOW US ON

Poem

ਗੀਤ// ਨਿਰਮਲ ਕੌਰ ਕੋਟਲਾ

July 07, 2018 06:09 PM
General

ਮਾਏਂ ਨੀ ਮਾਏਂ ਇਹ ਕੇਹੀ ਰੁੱਤ ਆਈ ।
ਚਿੱਟਾ ਤਾਂ ਵਿਕਦੈ ਸ਼ਰੇ ਬਜਾਰਾ,
ਜੱਟ ਦੀ ਜਿਣਸ ਨਾ ਵਿਕਦੀ ਕਾਈ।
ਸਰੂਏ ਵਰਗੇ ਅੱਜ ਬਣ ਗਏ ਲਾਸ਼ਾਂ,
ਮੱਚੀ ਪਈ ਸਾਰੇ ਹਾਲ ਦੁਹਾਈ ।
ਜਹਿਰਾਂ ਘੁਲ਼ੀਆ ਹਵਾ 'ਚ ਦਮ ਘੁਟਦੈ,
ਕੋਈ ਅਸਰ ਨਾ ਕਰੇ ਦਵਾਈ।
ਧਰਤੀ ਮਾਂ ਹਾਕਾਂ ਪਈ ਮਾਰੇ,
ਹਿੱਕ ਮੇਰੀ ਤੇ ਕੀਹਨੇ ਅੱਗ ਲਾਈ।
ਮਾਏਂ ਨੀ ਮਾਏਂ ਇਹ ਕੇਹੀ ਰੁੱਤ ਆਈ।
ਚਿੱਟਾ ਤਾਂ ਵਿਕਦੈ ਸ਼ਰੇ ਬਜਾਰਾਂ,
ਜੱਟ ਦੀ ਜਿਣਸ ਨਾ ਵਿੱਕਦੀ ਕਾਈ।
ਰੱਬਾ! ਆਪਣੇ ਘਰ 'ਚ ਹਾਂ ਬੇਗਾਨੇ,
ਡਿੱਗਰੀਆਂ ਰੁੱਲੀਆਂ ਰੁੱਲਗੀ ਜਵਾਨੀ।
ਪੱਗ ਵਿਚਾਰੀ ਖੂੰਜੇ ਬਹਿ ਰੋਵੇ,
ਵਿਰਸੇ ਦੀ ਅੱਜ ਮੁਕਦੀ ਜਾਏ ਕਹਾਣੀ।
ਲੋਕੋ! ਮਾਂ ਬੋਲੀ ਵੀ ਹਟਕੋਰੇ ਲੈਂਦੀ ,
ਤੰਦ ਨਹੀ ਅੱਜ  ਵਿਗੜੀ ਜੇ ਤਾਣੀ।
ਜੇ ਅੱਜ ਨਾ ਸੰਭਲੇ ਗੱਭਰੂ ਦੇਸ਼ ਦੇ,
ਤਾ ਵਿਹੜੇ ਵੱਜਣੀ ਨਹੀ ਸ਼ਹਿਨਾਈ।
ਮਾਏਂ ਨੀ ਮਾਏਂ ਇਹ ਕੇਹੀ ਰੁੱਤ ਆਈ।
ਚਿੱਟਾ ਤਾਂ ਵਿਕਦੈ ਸ਼ਰੇ ਬਜਾਰਾਂ
ਜੱਟ ਦੀ ਜਿਣਸ ਨਾ ਵਿਕਦੀ ਕਾਈ।
ਧੀ ਦਾ ਬਾਬੁਲ ਅੰਦਰ ਵੜ ਰੋਵੇ,
ਦਾਜ ਦੇ ਲੋਭੀਆਂ ਨੇ ਮੂੰਹ  ਅੱਡੇ।
ਫਸਲ ਤੇ ਪੈ ਗਈ ਰੁੱਤ ਵੀ ਭਾਰੂ,
ਉਹਨੂੰ ਫਿਕਰ ਤਾ ਖਾ ਗਏ  ਵੱਡੇ।
ਅੰਨਦਾਤਾ ਢਿੱਡ ਭਰੇ ਸਭਨਾ ਦਾ,
ਉਹਦੇ ਰਾਹਾਂ 'ਚ ਨੇ ਭਾਵੇਂ ਖੱਡੇ।
ਤੁਰਦਾ ਜਾਵੇ ਬੇਫਿਕਰਾ ਜਿਹਾ ਹੋ ਕੇ,
ਹਾਕਮ ਭਾਵੇ ਹੈ ਬਣਿਆ ਹਰਜਾਈ ।
ਮਾਏਂ ਨੀ ਮਾਏਂ ਇਹ ਕੇਹੀ ਰੁੱਤ ਆਈ।
ਚਿੱਟਾ ਤਾਂ ਵਿਕਦੈ ਸ਼ਰੇ ਬਜਾਰਾਂ,
ਜੱਟ ਦੀ ਜਿਣਸ ਨਾ ਵਿਕਦੀ ਕਾਈ।
ਮਰਦਾ ਨਹੀ ਹੁਣ ਅਣਿਆਈ ਮੌਤੇ,
ਬਣ ਗਿਆ ਹੋਣੇ ਉਹ ਮਰਦ ਦਲੇਰ ।
ਰੁੱਖੀ ਸੁੱਖੀ ਖਾ ਕੇ ਸਿੰਘ ਸੂਰਾ ,
ਲੈ ਕੇ ਆਵੇਗਾ  ਸੂਹੀ ਸਵੇਰ।
"ਨਿਰਮਲ" ਨੂੰ ਵੀ ਉਮੀਦ ਹੈ ਜਾਗੀ,
ਸਿਰਜੇਗੀ ਕਵਿਤਾ,ਨਹੀ ਕਰਦੀ ਦੇਰ।
ਰਲ ਮਿਲ ਆਜੋ ਕਰੀਏ ਦੁਆਵਾ,
ਲੈ ਕੇ ਆਸ ਦੀ ਕਿਰਣ ਹਾਂ ਆਈ।
ਮਾਏਂ ਨੀ ਮਾਏਂ ਇਹ ਕੇਹੀ ਰੁੱਤ ਆਈ।
ਚਿੱਟਾ ਤਾਂ ਵਿਕਦੈ ਸ਼ਰੇ ਬਜਾਰਾਂ,
ਜੱਟ ਦੀ ਜਿਣਸ ਨਾ ਵਿਕਦੀ ਕਾਈ।


 ਨਿਰਮਲ ਕੌਰ ਕੋਟਲਾ

Have something to say? Post your comment